ਦਿੱਲੀ ਟ੍ਰੈਫਿਕ ਪੁਲਸ | delhi traffic police

ਦਿੱਲੀ ਚੋੰ ਨਿਕਲਦੇ ਨਿਕਲਦੇ ਹੀ ਦੋ ਘੰਟੇ ਲੱਗ ਗਏ। ਇਧਰ ਮੂਤਰ ਵਿਸਰਜਨ ਲਈ ਜ਼ੋਰ ਪੈ ਗਿਆ । ਬਥੇਰਾ ਘੁੱਟਣ ਦੀ ਕੋਸ਼ਿਸ਼ ਕੀਤੀ। ਜਦੋ ਕੰਮ ਬੇਕਾਬੂ ਜਿਹਾ ਹੁੰਦਾ ਦਿਸਿਆ ਤਾਂ ਮਖਿਆ ਬੇਟਾ ਨੇੜੇ ਤੇੜੇ ਜਗਾਹ ਵੀ ਹੈਣੀ ਤੇ ਹੈ ਵੀ ਬੇਵੱਸੀ। ਜਿਥੇ ਲੋਟ ਜਿਹਾ ਲੱਗੇ ਗੱਡੀ ਰੋਕ ਦੇਵੀ। ਟਰੈਫਿਕ ਵੀ ਬਾਹਲਾ ਸੀ। ਥੋੜੀ ਜਿਹੀ ਸੀੜ ਹੁੰਦਿਆਂ ਹੀ ਉਸਨੇ ਕਿੱਲੀ ਨੱਪ ਦਿੱਤੀ। ਗੱਡੀ ਨੱਬੇ ਕਰਾਸ ਕਰ ਗਈ। ਪਰ ਅੱਗੇ ਮਾਮੇ ਖੜੇ ਸੀ। ਕਹਿੰਦੇ ਓਵਰ ਸਪੀਡ ਹੈ।ਚਲਾਨ ਤੋ ਹੋਗਾ ਹੀ। ਬਥੇਰੀਆਂ ਮਿਨਤਾ ਕੀਤੀਆਂ। ਅਖੀਰ ਮੈਂ ਗੱਡੀ ਤੋਂ ਉਤਰਿਆ। ਗਲ ਕੀਤੀ ਪਰ ਸੂਈ ਚਲਾਨ ਤੇ ਹੀ ਅਟਕੀ ਹੋਈ ਸੀ। ਮੈਂ ਬੇਟੇ ਕੋਲੋ ਇਸ਼ਾਰੇ ਨਾਲ ਪੰਜ ਸੌ ਦਾ ਨੋਟ ਫੜਿਆਂ ਤੇ ਏ ਐਸ ਆਈ ਦੇ ਨੇੜੇ ਹੋ ਗਿਆ। ਮੁਠੀ ਵਿੱਚ ਮਰੋੜ ਕੇ ਫੜਿਆਂ ਨੋਟ ਹੀ ਆਖਰੀ ਹਥਿਆਰ ਸੀ। ਗੱਲਾਂ ਵਿੱਚ ਪਤਾ ਨਾ ਲੱਗਿਆ ਕਿ ਮੈਂ ਉਹਨਾਂ ਨਾਲ ਖੜੇ ਮੈਜਿਸਟ੍ਰੇਟ ਦੇ ਬਰਾਬਰ ਖੜ ਗਿਆ। ਮੈਨੂੰ ਵੀ ਨਹੀਂ ਸੀ ਪਤਾ ਕਿ ਉਹ ਸੂਟਡ ਬੂਟਡ ਆਦਮੀ ਮੈਜਿਸਟ੍ਰੇਟ ਹੈ। ਗੱਲ ਖੁਲਦੀ ਵੇਖ ਕੇ ਏ ਐਸ ਆਈ ਨੇ ਸਾਨੂੰ ਜਾਣ ਦਾ ਇਸ਼ਾਰਾ ਕਰ ਦਿੱਤਾ। ਅਸੀਂ ਗੱਡੀ ਭਜਾ ਲਈ। ਮੂਤਰ ਵਿਸਰਜਨ ਵਾਲੀ ਸਮੱਸਿਆ ਵਿਚੇ ਹੀ ਦੱਬ ਗਈ। ਫਿਰ ਬਹਾਦਰਗੜ੍ਹ ਦੇ ਲਾਗੇ ਹੀ ਕਿਸੇ ਦੀਵਾਰ ਨੂੰ ਗਿੱਲਾ ਕੀਤਾ। ਪੰਜ ਸੌ ਦਾ ਮੁੜਿਆ ਹੋਇਆ ਨੋਟ ਅਜੇ ਵੀ ਮੇਰੇ ਕੋਟ ਦੀ ਜ਼ੇਬ ਵਿਚ ਆਪਣੇ ਆਪ ਨੂੰ ਜਿਓੰਦਾ ਮਹਿਸੂਸ ਕਰ ਰਿਹਾ ਸੀ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ

Leave a Reply

Your email address will not be published. Required fields are marked *