ਅੱਜ ਵੀ ਓਹ ਬਹੁਤ ਉਦਾਸ ਸੀ , ਬੱਸ ਵਿੱਚ ਪੇਕਿਆਂ ਤੋਂ ਆਉਂਦੇ ਹੋਏ ਉਸ ਨੇ ਕਈ ਵਾਰੀ ਆਪਣੀਆਂ ਅੱਖਾਂ ਪੂੰਝੀਆਂ ਤੇ ਲੱਗ ਰਿਹਾ ਸੀ ਕਿਤੇ ਕੋਈ ਪੁੱਛ ਈ ਨਾ ਲਵੇ ਕਿ ਰੋ ਕਿਓਂ ਰਹੀ ਐ। ਪਿਛਲੇ ਮਹੀਨੇ ਜਦ ਪਾਪਾ ਦੇ ਜਨਮ ਦਿਨ ਤੇ ਗਈ ਸੀ ਤਾਂ ਜਾਂਦੇ ਹੋਏ ਕੇਕ ਲੈ ਗਈ ਸੀ। ਸੋਚਿਆ ਅੱਜ ਤੱਕ ਮੰਮੀ ਪਾਪਾ ਨੇ ਸਾਡੇ ਸਾਰੇ ਭੈਣਾਂ ਭਰਾਵਾਂ ਦੇ ਜਨਮ ਦਿਨ ਵਧੀਆ ਤਰੀਕੇ ਨਾਲ ਮਨਾਏ ਸਨ ਤੇ ਹੁਣ ਸਾਡਾ ਵੀ ਫਰਜ਼ ਬਣਦਾ ਐ।
ਪਰ ਇਹ ਚੀਜ਼ ਤਾਂ ਭਰਜਾਈ ਨੂੰ ਜਿਵੇਂ ਹਜ਼ਮ ਨਹੀਂ ਹੋਈ। ਸਟੇਟਸ ਲਾਇਆ ਦੇਖ ਕੇ ਬਥੇਰਾ ਬੁਰਾ ਭਲਾ ਕਿਹਾ। ਵੀਰਾ ਤਾਂ ਏਦਾਂ ਚੁੱਪ ਵੱਟ ਜਾਂਦੈਂ ਜਿਵੇਂ ਗੂੰਗਾ ਤੇ ਬੋਲਾ ਹੋਵੇ। ਉਸਦੇ ਲਈ ਤਾਂ ਮਾਂ ਬਾਪ ਤੇ ਭੈਣਾਂ ਨਾਲ ਕੋਈ ਸਬੰਧ ਨਹੀਂ ਸੀ। ਕਾਸ਼ ਵੀਰੇ ਨੂੰ ਇਹ ਸਭ ਦਿਸਦਾ ਹੋਵੇ। ਪਰ ਇਹ ਸੁਮੱਤ ਤਾਂ ਸ਼ਾਇਦ ਵਾਹਿਗੁਰੂ ਹੀ ਦੇ ਸਕਦਾ। ਕੇਕ ਕੱਟਣ ਦਾ ਦੱਸਿਆ ਨਹੀਂ , ਤਾਂ ਵੀਰੇ ਨੂੰ ਜਾਂ ਭਾਬੋ ਰਾਣੀ ਨੂੰ ਗੁੱਸਾ ਆਇਆ।
ਪਰ ਮਾਂ ਸੱਤਰ ਸਾਲ ਦੀ ਹੋ ਕੇ ਆਪੇ ਰੋਟੀਆਂ ਪਕਾਉਂਦੀ ਐ। ਇਹ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ। ਬੁੱਢਾ ਬਾਪੂ ਚੱਕੀ ਤੋਂ ਆਟੇ ਦੀ ਬੋਰੀ ਕਿਦਾਂ ਲੈ ਕੇ ਘਰ ਆਉਂਦੈ , ਇਹ ਸਭ ਦਿਸਦਾ ਨਹੀਂ। ਮੱਠੀ ਪੈ ਚੁੱਕੀ ਅੱਖਾਂ ਦੀ ਰੌਸ਼ਨੀ ਵਿੱਚ ਮਾਂ ਕਿਦਾਂ ਤੜਕਾ ਲਾਉਂਦੀ ਐ। ਇਹ ਦਿਸਦਾ ਨਹੀਂ ਪਰ ਮਾਪੇ ਪ੍ਰਾਪਰਟੀ ਧੀਆਂ ਨੂੰ ਨਾ ਦੇ ਦੇਣ ਇਹ ਸਭ ਦੀ ਫਿਕਰ ਐ। ਬੱਸ ਵਿੱਚ ਬੈਠੀ ਨੇ ਸਾਰਾ ਸਫ਼ਰ ਪੇਕਿਆਂ ਬਾਰੇ ਸੋਚਦੀ ਨੇ ਪੂਰਾ ਕਰ ਲਿਆ। ਚੌਂਕ ਵਿੱਚ ਬੱਸ ਰੁਕੀ ਤਾਂ ਉਤਰਨ ਲੱਗੀ ਦਾ ਪੈਰ ਤਿਲ੍ਹਕ ਗਿਆ ਡਿੱਗ ਪਈ। ਸਿਰ ਦਾ ਸਾਈਂ ਮੂਹਰੇ ਲੈਣ ਲਈ ਪਹੁੰਚਿਆ ਸੀ। ਭੱਜ ਕੇ ਚੁੱਕਿਆ ਤੇ ਪੁੱਛਣ ਲੱਗਾ ਧਿਆਨ ਕਿਥੇ ਸੀ। ਏਦਾਂ ਕਿਵੇਂ ਉਤਰਦੀ ਸੀ , ਦੇਖ ਸੱਟ ਲੱਗ ਗਈ , ਉੱਠ ਕੇ ਖੜ੍ਹੀ ਹੋ ਗਈ।
ਕੀ ਦੱਸੇ ਕਿ ਮਾਪਿਆਂ ਦਾ ਫ਼ਿਕਰ ਮਾਰਦੈ। ਘਰ ਆ ਕੇ ਉਸਨੂੰ ਸਰੀਰਕ ਪੀੜ ਨਾਲੋਂ ਅੰਦਰੂਨੀ ਪੀੜ ਵੱਧ ਤਕਲੀਫ ਦੇ ਰਹੀ ਸੀ। ਉਸਦਾ ਜੀਅ ਕਰਦਾ ਸੀ ਓਹ ਉੱਚੀ ਉੱਚੀ ਰੋਵੇ ਤੇ ਮਾਪਿਆਂ ਦਾ ਦਰਦ ਹੰਝੂਆਂ ਰਾਹੀਂ ਬਾਹਰ ਕੱਢ ਦੇਵੇ।
K. K. K. K. ✍️✍️✍️