ਬਰਕਤਾਂ | barkatan

ਗੱਲ ਕਾਫ਼ੀ ਪੁਰਾਣੀ ਏ,ਜਦੋਂ ਬਾਪੂ ਨੇ ਨਵਾਂ ਘਰ ਬਣਾਉਣਾ ਸ਼ੁਰੂ ਕੀਤਾ।ਉਸ ਸਮੇਂ ਸ਼ਾਇਦ ਮੈਂ ਚੌਥੀ ਕਲਾਸ ਵਿੱਚ ਪੜ੍ਹਦਾ ਸੀ।ਬਾਪੂ ਨੇ ਮੈਨੂੰ ਸਵੇਰੇ ਹੀ ਕਹਿ ਦਿੱਤਾ ,ਕਿ ਪੁੱਤ ਅੱਜ ਸਕੂਲ ਨਾ ਜਾਵੀਂ,ਕੰਮ ਏ।
ਮੈਂ ਅਕਸਰ ਹੀ ਸੁਵੱਖਤੇ ਬੇਬੇ ਨਾਲ ਗੁਰੂ ਘਰ ਜਾਂਦਾ।ਬੇਬੇ ਨੇ ਜਦ ਵੀ ਸਵੇਰੇ ਪੰਜੀਆਂ ਦਸੀਆਂ ਮੇਰੀ ਜੇਬ ਵਿੱਚ ਪਾ ਦੇਣੀਆਂ ਤਾਂ ਆਖਣਾ ,ਪੁੱਤ ਸੱਚੇ ਮਨ ਨਾਲ ਮੱਥਾ ਟੇਕੀ ਦਾ ਹੁੰਦਾ ਏ,ਵਾਹਿਗੁਰੂ ਆਪੇ ਮਿਹਰ ਕਰੋ।ਪਰ ਅੱਜ ਗੁਰੂ ਘਰ ਵੀ ਨਾ ਜਾਇਆ ਗਿਆ।ਘਰ ਦੀ ਉਸਾਰੀ ਲਈ ਮਿਸਤਰੀ ਵੀ ਘਰ ਆ ਗਿਆ।ਖੈਰ ਸਕੂਲੋਂ ਮੈਨੂੰ ਘਰੇ ਰੱਖਣ ਦਾ ਮਕਸਦ ਇਹ ਸੀ ਕਿ ਘਰ ਦੀ ਨੀਂਹ ਮੇਰੇ ਤੋਂ ਰਖਵਾਉਣੀ ਸੀ।
ਬਾਪੂ ਨੇ ਮੇਰੇ ਸਿਰ ‘ਤੇ ਹੱਥ ਫੇਰ ਕਿਹਾ, ਲੈ ਪੁੱਤ ਕਹੀ, ਮਾਰਦੇ ਪਹਿਲਾ ਟੱਕ ।ਮੈਂ ਜਿਉਂ ਹੀ ਕਹੀ ਧਰਤੀ ‘ਤੇ ਮਾਰੀ ਤਾਂ ਮੇਰੇ ਕੁੜਤੇ ਦੀ ਜੇਬ੍ਹ ਵਿਚ ਪਾਈਆਂ ਉਹ ਪੰਜੀਆਂ ਦਸੀਆਂ ਜੋ ਮੈਂ ਗੁਰੂ ਘਰ ਮੱਥਾ ਟੇਕਣ ਲਈ ਰੱਖੀਆਂ ਸੀ,ਉਹ ਘਰ ਦੀ ਰੱਖੀ ਨੀਂਹ ਵਿੱਚ ਡਿੱਗ ਪਈਆਂ।ਮਿਸਤਰੀ ਬੋਲਿਆ, ਭਾਗ ਸਿਆਂ, ਤੂੰ ਤਾਂ ਕਰਮਾਂ ਵਾਲਾ ਏਂ।
ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ।ਕਿਸੇ ਲਈ ਮਨਾਂ ਵਿੱਚ ਕੋਈ ਪਾਪ ਵਿਰੋਧ ਨਹੀਂ ਹੁੰਦਾ।ਆ ਪੰਜੀਆਂ ਦਸੀਆਂ ਨੀਂਹਾਂ ਵਿੱਚ ਹੀ ਰਹਿਣ ਦੇ, ਘਰ ਵਿੱਚ ਬਰਕਤਾਂ ਆਉਂਦੀਆਂ ਹੀ ਰਹਿਣਗੀਆਂ।
‘ਤੇ ਬਾਪੂ ਨੇ ਵੀ ਖ਼ੁਸ਼ ਹੋ ਮੈਨੂੰ ਘੁੱਟ ਕੇ ਸੀਨੇ ਲਾ ਲਿਆ।
ਦੋ ਕਮਰੇ, ਅੱਗੇ ਸਵਾਤ ‘ਤੇ ਇਸ ਤੋਂ ਅੱਗੇ ਖੁੱਲ੍ਹਾ ‘ਤੇ ਸਾਫ਼ ਸੁਥਰਾ ਵਿਹੜਾ।
ਜਿੱਥੇ ਅਸੀਂ ਆਪਣੀ ਜ਼ਿੰਦਗੀ ਬਤੀਤ ਕੀਤੀ ਪਰ ਕੁਝ ਸਮੇਂ ਬਾਅਦ ਕਿਸੇ ਬਿਮਾਰੀ ਕਾਰਨ ਮਾਂ ਗੁੱਜਰ ਗਈ।ਪਰ ਬਾਪੂ ਨੇ ਫਿਰ ਵੀ ਹੌਸਲਾ ਨਾ ਛੱਡਿਆ।
ਬਾਪੂ ਜੀ ਨੇ ਮੈਨੂੰ ਖ਼ੂਬ ਪੜ੍ਹਾਇਆ ਲਿਖਾਇਆ ,ਅੱਜ ਖ਼ੁਦ ਦੇ ਪੈਰਾਂ ‘ਤੇ ਖਲੋ ਗਿਆ ‘ਤੇ ਅੱਜ ਦੇ ਸਮੇਂ ਮੁਤਾਬਕ ਵਧੀਆ ਆਲੀਸ਼ਾਨ ਕੋਠੀ ਦੀ ਨੀਂਹ ਰੱਖਣ ਲੱਗੇ।
ਪਰ ਪਹਿਲਾਂ ਹੀ ਕਿਸੇ ਨੇ ਤਿੱਨ ਰੁਪਏ ਅਤੇ ਕੁਝ ਚੌਲ ਘਰ ਦੀ ਰੱਖਣ ਵਾਲੀ ਨੀਹ ‘ਤੇ ਰੱਖ ਦਿੱਤੇ।
ਪਰ ਅੱਜ ਇਨ੍ਹਾਂ ਪੈਸਿਆਂ ਦਾ ਮਕਸਦ ਕੁਝ ਹੋਰ ਸੀ।
ਕਿਉਂਕਿ ਇਹ ਘਰ ਦੀਆਂ ਬਰਕਤਾਂ ਲਈ ਨਹੀਂ ਰੱਖੇ ਗਏ।
ਕਿਸੇ ਦੇ ਮਨਾਂ ਵਿੱਚ ਉਪਜੀ ਘਟੀਆ ਮਾਨਸਿਕਤਾ ਨੂੰ ਦੁਹਰਾ ਰਹੀ ਸੀ।
ਖੂੰਡੀ ਦੇ ਸਹਾਰੇ ਆ ਬਾਪੂ ਨੇ ਪਿੱਛੋਂ ਮੇਰਾ ਹੱਥ ਫੜ ਲਿਆ।
‘ਤੇ ਮੇਰੇ ਬਚਪਨ ਦੀਆਂ ਉਹ ਕਿੰਨੀਆਂ ਹੀ ਪੰਜੀਆਂ ਦਸੀਆਂ ਜੋ, ਬਾਪੂ ਨੇ ਸਾਂਭ ਰੱਖੀਆਂ ਸੀ, ਆਣ ਮੇਰੇ ਹੱਥ ‘ਤੇ ਧਰ ਦਿੱਤੀਆਂ।
ਮਹਿਸੂਸ ਹੋਇਆ ਜਿਵੇਂ ਮੇਰਾ ਉਹ ਬਚਪਨ ਫਿਰ ਮੁੜ ਆ ਗਿਆ ਹੋਵੇ,ਤੇ ਆਣ ਕੋਲ ਮਾਂ ਵੀ ਖਲੋ ਗਈ ਹੋਵੇ,
‘ਤੇ ਬੋਲੀ, ਪੁੱਤ ਸੱਚੇ ਮਨ ਨਾਲ ਮੱਥਾ ਟੇਕੀ ਦਾ ਹੁੰਦਾ, ਤਾਂ ਬਰਕਤਾਂ ਆਉਂਦੀਆਂ ਰਹਿਣਗੀਆਂ।
ਪਤਾ ਹੀ ਨਹੀਂ ਲੱਗਿਆ ਕਦ ਆਪ ਮੁਹਾਰੇ ਹੀ ਉਹ ਪੰਜੀਆਂ ਦਸੀਆਂ ਨੀਂਹਾਂ ਵਿੱਚ ਸੁੱਟ ਦਿੱਤੀਆਂ।ਜਿਵੇਂ ਉਹੀ ਬਰਕਤਾਂ ਫਿਰ ਮੁੜ ਆਈਆਂ ਹੋਣ
‘ਤੇ ਅੱਜ ਫੇਰ ਬਾਪੂ ਨੇ ਉਸੇ ਤਰ੍ਹਾਂ ਹੀ ਘੁੱਟ ਸੀਨੇ ਲਾ ਲਿਆ
ਕੁਲਵੰਤ ਘੋਲੀਆ
95172-90006

Leave a Reply

Your email address will not be published. Required fields are marked *