ਜਦ ਰੱਬ ਨੇ ਚਾਹਿਆ | jad rabb ne chahya

ਤੈਨੂੰ ਯਾਦ ਆ ਜਦ ਤੇਰਾ ਬਠਿੰਡੇ ਪੇਪਰ ਸੀ ਤਾਂ ਤੂੰ ਮੈਨੂੰ ਪਹਿਲੀ ਵਾਰ ਮੈਸਜ ਤੇ ਕਾਲ ਕੀਤੀ ਸੀ ਤੇ ਓਸੇ ਦਿਨ ਮੈਂ ਪਹਿਲੀ ਵਾਰ ਤੇਰੀ ਆਵਾਜ਼ ਸੁਣੀ ਸੀ। ਸੱਚ ਦੱਸਾਂ ਤਾਂ ਤੇਰੀ ਆਵਾਜ਼ ਕਿਸੇ ਕੋਇਲ ਦੇ ਮਿੱਠੇ ਗੀਤ ਤੋਂ ਕਿਤੇ ਜਿਆਦਾ ਮਧੁਰ ਹੈ, ਤੂੰ ਕੀਲ ਲਿਆ ਸੀ ਮੈਂਨੂੰ, ਕੁਝ ਇਸ ਤਰ੍ਹਾਂ ਕਿ ਹੁਣ ਜਦ ਵੀ ਤੇਰਾ ਮੈਸਜ ਆਉਂਦਾ ਤਾਂ ਉਹ ਮੈਨੂੰ ਤੇਰੀ ਆਵਾਜ਼ ਵਿੱਚ ਸੁਣਾਈ ਦਿੰਦਾ ਹੈ ਤੇ ਮੈਂ ਫਿਰ ਮਦਹੋਸ਼ ਹੋ ਜਾਂਦਾ ਹਾਂ ਤੇਰੀ ਸਕੂਨ ਭਰੀ ਧੁਨ ਵਿੱਚ। ਖ਼ੈਰ! ਇਹ ਤਾਂ ਰਹੀ ਤੇਰੇ ਮੇਰੇ ਮਿਲਾਪ ਦੀ ਗੱਲ, ਗੱਲਾਂ ਚੋਂ ਗੱਲ ਕੱਢ ਲੈਣਾ ਮੇਰੀ ਆਦਤ ਹੈ ਤੈਨੂੰ ਪਤਾ ਹੀ ਹੈ, ਅੱਜ ਮੈਂ ਬੈਠਾ ਕੁਝ ਸੋਚ ਰਿਹਾ ਸੀ ਅਚਾਨਕ ਤੇਰਾ ਚੇਹਰਾ ਮੇਰੀਆਂ ਅੱਖਾਂ ਸਾਹਵੇਂ ਆ ਗਿਆ ਤੇ ਮੈਂ ਤੈਨੂੰ ਸਾਹਵੇਂ ਬੈਠੀ ਨੂੰ ਛੋਹਣ ਦੀ ਕੋਸ਼ਿਸ਼ ਕਰਦਾ ਤੇ ਤੂੰ ਮੈਨੂੰ ਹੱਸਕੇ ਰੋਕਦੀ ਹੋਈ ਕਹਿੰਨੀ ਏ,
“ਕਮਲਿਆ! ਇਹ ਤਾਂ ਮੇਰੀ ਰੂਹ ਐ ਬੁੱਤ ਤਾਂ ਮੇਰਾ ਮੇਰੇ ਜੀਵਨ ਸਾਥੀ ਕੋਲ ਐ।”
ਮੈਂ ਤੇਰੀ ਇਹ ਗੱਲ ਸੁਣ ਛੋਹਣ ਦੀ ਵਜਾਏ ਤੈਨੂੰ ਨਿਹਾਰਨ ਦਾ ਅਨੰਦ ਲੈ ਰਿਹਾ ਹਾਂ। ਤੂੰ ਅੱਖ ਮਿਲਾ ਕੇ ਮੇਰੇ ਵੱਲ ਇਉਂ ਦੇਖ ਰਹੀ ਐਂ ਜਿਵੇਂ ਕਈ ਸਾਲਾਂ ਤੋਂ ਮੇਰੀ ਦੀਦ ਦੀ ਭੁੱਖੀ ਹੋਵੇਂ, ਹਾਂ ਪਰ ਮੈਨੂੰ ਤੇਰੀ ਦੀਦ ਦੀ ਭੁੱਖ ਨਹੀਂ ਹੈ ਕਿਉਂਕਿ ਤੂੰ ਆਪ ਹੀ ਤਿੰਨ ਪਹਿਰ ਦੇ ਰਿਜ਼ਕ ਵਾਂਗ ਮੇਰੀ ਭੁੱਖ ਮਿਟਾ ਜਾਨੀ ਏ।
ਹਾਂ, ਤੂੰ ਇੱਕ ਦਿਨ ਆਉਣ ਤੋਂ ਪਹਿਲਾਂ ਮੈਨੂੰ ਦੱਸਿਆ ਸੀ ਕਿ ਅਸੀਂ ਤੇਰੇ ਕੋਲ ਰਹਾਂਗੀਆਂ, ਤੇਰੀਆਂ ਚਾਰ ਸਹੇਲੀਆਂ ਨੇ ਵੀ ਆਉਣਾ ਸੀ ਤੇਰੇ ਨਾਲ ਜਿਨ੍ਹਾਂ ਚੋਂ ਇੱਕ ਦਾ ਤੇਰੇ ਨਾਲ ਹੀ ਪੇਪਰ ਸੀ ਤੇ ਬਾਕੀ ਤਿੰਨ ਵੈਸੇ ਆ ਗਈਆਂ ਸੀ ਤੇਰੇ ਨਾਲ ਜਾਂ ਕਹਿ ਸਕਦੇ ਆਂ ਕਿ ਘੁੰਮਣ ਆ ਗਈਆਂ। ਅਗਲੇ ਦਿਨ ਸ਼ਾਮ ਦੇ ਵੇਲੇ ਤੂੰ ਬਠਿੰਡੇ ਆ ਗਈ ਤੇ ਮੈਂ ਸਟੇਸ਼ਨ ਦੇ ਬਾਹਰ ਤੇਰਾ ਇੰਤਜ਼ਾਰ ਕਰ ਰਿਹਾ ਸੀ ਜਿੱਥੇ ਥੋਨੂੰ ਰੂਮ ਲੈਕੇ ਦੇਣਾ ਸੀ। ਤੂੰ ਸਟੇਸ਼ਨ ਤੇ ਆਉਂਦਿਆ ਹੀ ਮੈਨੂੰ ਕਾਲ ਕੀਤੀ ਤੇ ਤੇਰੇ ਖੱਬੇ ਪਾਸੇ ਖੜ੍ਹਾ ਮੈਂ ਤੈਨੂੰ ਇਉਂ ਨਿਹਾਰ ਰਿਹਾ ਸੀ ਜਿਵੇਂ ਤਪਦੇ ਮਾਰੂਥਲ ਵਿੱਚ ਕਿਸੇ ਪਿਆਸੇ ਮੁਸਾਫ਼ਿਰ ਨੂੰ ਝੀਲ ਦੀ ਦਾਤ ਮਿਲ ਗਈ ਹੋਵੇ ਤੇ ਓਹਨੂੰ ਵੇਖ ਕੇ ਹੀ ਉਸਦੀ ਪਿਆਸ ਮਿਟ ਗਈ ਹੋਵੇ। ਤੇਰੀਆਂ ਖੁੱਲ੍ਹੀਆਂ ਛੱਡੀਆਂ ਜ਼ੁਲਫ਼ਾਂ, ਤੇਰੀ ਮੋਟੀ ਅੱਖ ਉੱਤੇ ਪਾਰਦਰਸ਼ੀ ਚਸ਼ਮਾ, ਤਿੱਖਾ ਨੱਕ, ਪਤਲੇ ਬੁੱਲ੍ਹ ਤੇ ਵਿੰਗੇ ਟੇਢੇ ਦੰਦ। ਹਾਏ…………….. ਨਿਰੀ ਕਿਆਮਤ ਹੀ ਸੀ।
ਤੂੰ ਜਦ ਮੇਰੇ ਵੱਲ ਹੱਥ ਵਧਾਇਆ ਤੇ ਤੇਰਾ ਹੱਥ ਆਪਣੇ ਹੱਥਾਂ ਵਿੱਚ ਲੈਕੇ ਛੱਡਣ ਨੂੰ ਦਿਲ ਨਹੀਂ ਸੀ ਕਰ ਰਿਹਾ, ਦਿਲ ਕਹਿ ਰਿਹਾ ਸੀ ਇਸਨੂੰ ਉਮਰ ਭਰ ਲਈ ਹੀ ਫੜ੍ਹ ਕੇ ਆਪਣੇ ਕਬਜੇ ਵਿੱਚ ਕਰਲੈ ਪਰ ਤੇਰੀ ਇੱਕ ਸਹੇਲੀ ਐਨੀ ਗਹੁ ਨਾਲ ਵੇਖ ਰਹੀ ਸੀ ਕਿ ਮੈਨੂੰ ਤੇਰਾ ਹੱਥ ਛੱਡ ਕੇ ਓਹਦੇ ਵੱਲ ਹੱਥ ਵਧਾਉਣਾ ਪਿਆ।
“ਹੋਰ ਕਿਵੇਂ ਓ?
ਠੀਕ ਠਾਕ ਤੁਸੀਂ ਦੱਸੋ? ਆਉਣ ਚ ਕੋਈ ਦਿੱਕਤ ਤਾਂ ਨਹੀਂ ਹੋਈ?
ਨਹੀਂ ਨਹੀਂ ਕੋਈ ਦਿੱਕਤ ਨਹੀਂ ਸਭ ਠੀਕ ਆ।
ਆਪਾਂ ਸਾਡੇ ਘਰ ਵੀ ਰੁਕ ਸਕਦੇ ਸੀ।
ਹਾਂ! ਪਰ ਪ੍ਰਨੀਤ ਤੇ ਸੁਮਨ ਨਹੀਂ ਮੰਨ ਰਹੀਆਂ ਕਹਿੰਦੀਆਂ ਆਂਟੀ ਕਿਉਂ ਤੰਗ ਕਰਨਾ।
ਚਲੋ ਜਿਵੇਂ ਥੋਨੂੰ ਠੀਕ ਲੱਗੇ।”

ਐਨੀ ਕਿ ਗੱਲ ਕਰਨ ਤੋਂ ਬਾਅਦ ਸਟੇਸ਼ਨ ਦੇ ਨਾਲ ਹੀ ਇੱਕ ਹੋਟਲ ਚ ਥੋਨੂੰ ਰੂਮ ਦਵਾਇਆ ਤੇ ਆਪਾਂ ਕਠਿਆਂ ਬੈਠ ਕੇ ਰੋਟੀ ਖਾਧੀ। ਤੇਰਾ ਪੇਪਰ ਅਗਲੇ ਦਿਨ ਸਵੇਰੇ ਅੱਠ ਵਜੇ ਸੀ ਤੇ ਤੇਰੀ ਕਿਸੇ ਦੋਸਤ ਦਾ ਜਨਮ ਦਿਨ ਵੀ ਮਨਾਉਣਾ ਸੀ ਤੇ ਆਪਾਂ ਕੇਕ ਵਗੈਰਾ ਲੈਕੇ ਆਏ ਤੇ ਥੋਡੇ ਰੂਮ ਚ ਹੀ ਸੈਲੀਬ੍ਰੇਟ ਕੀਤਾ। ਮੈਂ ਜਾਣ ਦੀ ਕਾਹਲੀ ਕਰ ਰਿਹਾ ਸੀ ਕਿਉਂਕਿ ਮੈਂਨੂੰ ਨ੍ਹੇਰਾ ਹੋ ਗਿਆ ਸੀ ਤੇ ਮੈਂ ਜਾਣਾ ਵੀ ਦੂਰ ਸੀ ਪਰ ਤੂੰ ਜਿੱਦ ਕਰਕੇ ਮੈਨੂੰ ਰੋਕ ਹੀ ਲਿਆ ਕਰੀਬ ਨੌਂ ਕ ਵਜੇ ਦਾ ਟਾਈਮ ਸੀ ਜਦ ਮੈਂ ਬਠਿੰਡੇ ਬੱਸ ਸਟੈਂਡ ਤੋਂ ਰਾਮਪੁਰੇ ਨੂੰ ਬੱਸ ਲੱਭ ਰਿਹਾ ਸੀ ਪਰ ਬੱਸ ਦਾ ਕੋਈ ਵੀ ਟਾਈਮ ਨਹੀਂ ਸੀ ਰਿਹਾ। ਫਿਰ ਮੈਂ ਆਪਣੇ ਇੱਕ ਦੋਸਤ ਦੇ ਘਰ ਰਾਤ ਰਿਹਾ ਤੇ ਸੱਚ ਦੱਸਾਂ ਤਾਂ ਮੈਨੂੰ ਨੀਂਦ ਨਹੀਂ ਸੀ ਆ ਰਹੀ, ਵਾਰ ਵਾਰ ਤੇਰਾ ਹੱਸਦਾ ਚੇਹਰਾ ਤੇ ਵਿੰਗੇ ਟੇਢੇ ਜੇ ਦੰਦ ਮੈਨੂੰ ਵੀ ਹਸਾ ਹਸਾ ਕੇ ਇੱਕ ਲੋਰ ਜਿਹੀ ਚੜ੍ਹਾ ਰਹੇ ਸੀ, ਜਿਵੇਂ ਕੋਈ ਭੰਗੀ ਭੰਗ ਪੀਣ ਤੋਂ ਬਾਅਦ ਝੂਮਦਾ ਹੈ, ਕੁਝ ਇਸੇ ਤਰ੍ਹਾਂ ਦੇ ਲੱਛਣ ਮੇਰੇ ਚ ਬਲਜੀਤ ਨੇ ਵੇਖੇ ਤਾਂ ਉਹ ਹੱਸਦਾ ਹੋਇਆ ਕਹਿੰਦਾ,
“ਸੌਂਜਾ ਭਰਾਵਾ, ਸੌਜਾ! ਹੁਣ ਇਥੇ ਨਹੀਂ ਆਉਣ ਲੱਗੀ ਓਹ।”
ਇਹ ਗੱਲ ਸੁਣਕੇ ਮੈਂ ਕੰਬਲ ਲੈਕੇ ਪੈ ਤਾਂ ਗਿਆ ਪਰ ਨੀਂਦ ਫਿਰ ਵੀ ਅੱਖਾਂ ਦੇ ਰਾਹ ਤੇ ਨਹੀਂ ਪੁੱਜੀ। ਪਰ ਕਰੀਬ ਇੱਕ ਡੇਢ ਵਜੇ ਮੇਰੀ ਅੱਖ ਲੱਗ ਗਈ।
ਅਗਲੇ ਦਿਨ ਮੈਂ ਸਿੱਧਾ ਆਪਣੇ ਘਰ ਜਾਣਾ ਸੀ ਤੇ ਤੂੰ ਆਪਣਾ ਪੇਪਰ ਦੇਣ। ਮੈਂ ਸਵੇਰੇ ਉਠਿਆ ਤੇ ਨ੍ਹਾ ਕੇ ਤਿਆਰ ਹੋਇਆ ਤੇ ਬੱਸ ਸਟੈਂਡ ਪਹੁੰਚ ਗਿਆ, ਬੱਸ ਵੀ ਫੜ੍ਹ ਲਈ ਤੇ ਅਚਾਨਕ ਇੱਕ ਅਣਪਛਾਤੇ ਨੰਬਰ ਤੋਂ ਕਾਲ ਆਈ ਤੇ ਮੈਂ ਪਹਿਲਾਂ ਤਾਂ ਚੱਕਿਆ ਨਹੀਂ ਤੇ ਫਿਰ ਜਦ ਦੂਜੀ ਵਾਰ ਆਈ ਤਾਂ ਪਤਾ ਲੱਗਿਆ ਓਹ ਤੇਰੀ ਦੋਸਤ ਪ੍ਰਨੀਤ ਸੀ ਜੋ ਕਹਿ ਰਹੀ ਹੈ ਕਿ
“ਹਨੀ ਕਿੱਥੇ ਓ?
ਮੈਂ ਤਾਂ ਘਰ ਜਾ ਰਿਹਾ ਸੀ, ਕੀ ਹੋਇਆ?
ਤਿੰਨ ਘੰਟੇ ਅਸੀਂ ਓਥੇ ਹੀ ਨਹੀਂ ਬਹਿ ਸਕਦੇ ਕੋਈ ਨੇੜੇ ਤੇੜੇ ਪਾਰਕ ਜਾਂ ਘੁੰਮਣ ਫਿਰਨ ਨੂੰ ਜਗ੍ਹਾ ਹੈ?
ਹਮਮ……….. ਏਥੋਂ ਆਟੋ ਲੈਕੇ ਰੋਜ ਗਾਰਡਨ ਚਲੇ ਜਾਓ।
ਤੁਸੀਂ ਵੀ ਆਜੋ ਪਲੀਜ਼…..
ਅੱਛਾ ਚਲੋ ਵੇਟ ਕਰੋ ਆਉਣਾ।”
ਮੈਂ ਹਾਲੇ ਬੱਸ ਸਟੈਂਡ ਤੋਂ ਫੌਜੀ ਚੌਂਕ ਹੀ ਪਹੁੰਚਿਆ ਸੀ ਕਿ ਫਿਰ ਮੈਂਨੂੰ ਓਥੇ ਹੀ ਉੱਤਰਨਾ ਪਿਆ ਤੇ ਪ੍ਰਨੀਤ ਹੋਰਾਂ ਕੋਲ ਜਾਣਾ ਪਿਆ। ਜਾਂਦਾ ਵੀ ਕਿਵੇਂ ਨਾ ਤੂੰ ਮੇਰੇ ਤੇ ਮਾਣ ਕਰਕੇ ਜੋ ਆਈ ਸੀ ਤੇ ਮੈਂ ਇਹ ਕਿਵੇਂ ਤੋੜ ਦਿੰਦਾ? ਖ਼ੈਰ! ਓਹਨਾਂ ਨਾਲ ਘੁੰਮ ਫਿਰ ਹੀ ਰਿਹਾ ਸੀ ਐਨੇ ਨੂੰ ਤੇਰੀ ਕਾਲ ਆਈ ਕਿ ਮੇਰਾ ਪੇਪਰ ਹੋ ਗਿਆ ਮੈਂ ਵੀ ਆ ਰਹੀ ਆਂ, ਅਸੀਂ ਤੈਨੂੰ ਰੋਜ਼ ਗਾਰਡਨ ਆਉਣ ਲਈ ਹੀ ਕਿਹਾ। ਤੂੰ ਜਦ ਆਈ ਤਾਂ…….. ਤੂੰ ਕੱਲ ਵਾਲੀ ਨਹੀਂ ਲੱਗ ਰਹੀ ਸੀ ਬਲਕਿ ਉਸਤੋਂ ਵੀ ਕਿਤੇ ਜਿਆਦਾ ਸੋਹਣੀ, ਪਿਆਰੀ ਲੱਗ ਰਹੀ ਸੀ। ਵਾਲ ਤੇਰੇ ਅੱਜ ਖੁੱਲ੍ਹੇ ਨਹੀਂ ਸੀ ਕਲਿੱਪ ਲਗਾਇਆ ਹੋਇਆ ਤੇ ਤੇ ਚਿਹਰੇ ਤੇ ਆਉਂਦੇ ਵਾਲ ਤੂੰ ਜਦ ਸੰਵਾਰਦੀ ਸੀ ਤਾਂ ਮੈਨੂੰ ਮਹਿਸੂਸ ਹੁੰਦਾ ਕਿ ਜਿਵੇਂ ਤੂੰ ਮੇਰੀ ਨਜ਼ਰ ਉਤਾਰ ਰਹੀ ਹੋਵੇਂ ਕਿਉਂਕਿ ਮੈਨੂੰ ਨਹੀਂ ਲੱਗਦਾ ਤੈਨੂੰ ਐਨਾ ਰੀਝ ਲਾ ਕੇ ਕਿਸੇ ਨੇ ਵੇਖਿਆ ਹੋਣਾ। ਰੋਜ਼ ਗਾਰਡਨ ਘੁੰਮਣ ਤੋਂ ਬਾਅਦ ਆਪਾਂ ਕਿਲ੍ਹਾ ਮੁਬਾਰਕ ਸਾਹਿਬ ਨੂੰ ਚੱਲ ਪਏ। ਕਿਲ੍ਹੇ ਜਾਣ ਤੋਂ ਪਹਿਲਾਂ ਤੂੰ ਮੌਲ ਜਾਣ ਦੀ ਜਿੱਦ ਕੀਤੀ ਮੌਲ ਘੁੰਮਦੇ ਘੁੰਮਦੇ ਮੈਂ ਤੇਰੇ ਨਾਲ ਚੁੱਪੀ ਚ ਜੋ ਗੱਲਾਂ ਕੀਤੀਆਂ ਓਹ ਮੈਂ ਤੇ ਮੇਰਾ ਦਿਲ ਹੀ ਜਾਣਦਾ। ਤੇਰਾ ਧਿਆਨ ਮੌਲ ਦੀਆਂ ਆਕਰਸ਼ਿਤ ਵਸਤਾਂ ਵੱਲ ਸੀ ਤੇ ਮੇਰਾ ਤੇਰੇ ਵੱਲ। ਆਪਾਂ ਹੁਣ ਕਿਲ੍ਹੇ ਵੱਲ ਨੂੰ ਚੱਲ ਪਏ ਆਂ, ਤੁਰੇ ਜਾਂਦੇ ਆਪਾਂ ਕੁਝ ਉਰੇ ਪਰੇ ਦੀਆਂ ਗੱਲਾਂ ਕੀਤੀਆਂ, ਕੁਝ ਤੇਰੇ ਘਰ ਪਰਿਵਾਰ ਦੀਆਂ ਤੇ ਕੁਝ ਤੇਰੀ ਜਿੰਦਗੀ ਨਾਲ ਜੁੜੇ ਮੈਂ ਤੈਨੂੰ ਕੁਝ ਸਵਾਲ ਕੀਤੇ।
“ਤੂੰ ਐਨਾ ਸ਼ਰਮੀਲਾ ਕਿਉਂ ਆ?
ਇਹ ਤਾਂ ਮੈਨੂੰ ਵੀ ਨਹੀਂ ਪਤਾ, ਮੈਂ ਹੱਸਕੇ ਕਿਹਾ ਤੇ ਆਪਣੇ ਹੀ ਖਿਆਲਾਂ ਵਿੱਚ ਖੋ ਜਾਂਦਾ ਹਾਂ। ਤੇਰੇ ਨਾਲ ਨਾਲ ਤੁਰਿਆ ਜਾਂਦਾ ਦੇਖਦਾ ਹਾਂ ਕਿ ਅੱਜ ਬਠਿੰਡਾ ਵੀ ਪਹਿਲਾਂ ਵਾਲਾ ਨਹੀਂ ਹੈ, ਅੱਜ ਇਹ ਐਨਾ ਸ਼ਾਂਤ ਕਿਉਂ ਲੱਗ ਰਿਹਾ ਜਦਕਿ ਐਥੇ ਤਾਂ ਸਾਰਾ ਦਿਨ, ਸਾਰੀ ਰਾਤ ਚੀਕ ਚਿਹਾੜਾ ਪੈਂਦਾ ਰਹਿੰਦਾ ਹੈ, ਹਾੜ੍ਹ ਦੇ ਮਹੀਨੇ ਵਿੱਚ ਐਨੀ ਸੀਤ ਹਵਾ…….? ਇਹ ਕਿਵੇਂ ਹੋ ਸਕਦਾ, ਮੈਨੂੰ ਇਉਂ ਲੱਗਦਾ ਜਿਵੇਂ ਤੇਰੇ ਆਉਣ ਨਾਲ ਸਾਡੇ ਸ਼ਹਿਰ ਤੋਂ ਕੋਈ ਭਿਆਨਕ ਸਾਇਆ ਟਲ ਗਿਆ ਹੋਵੇ। ਕੁਦਰਤ ਵੀ ਅੱਜ ਐਨਾ ਮਿੱਠਾ ਗੀਤ ਗਾ ਰਹੀ ਐ? ਮੇਰੇ ਮੱਥੇ ਤੇ ਆਇਆ ਪਸੀਨਾ ਮੈਨੂੰ ਬਰਫ਼ ਦੀ ਸੀਲੀ ਜਿਹਾ ਆਨੰਦ ਦੇ ਰਿਹਾ, ਕਮਾਲ ਹੋ ਗਿਆ ਅੱਜ ਤਾਂ……. ਲਾਵੇ ਵਾਂਗੂੰ ਤਪਦੇ ਟਿੱਬੇ ਅੱਜ ਕਿਵੇਂ ਪੋਹ ਮਾਘ ਦੀਆਂ ਰਾਤਾਂ ਵਾਂਗ ਸੀਤ ਹੋ ਗਏ ਨੇ? ਤੈਨੂੰ ਪਤਾ ਹੀ ਹੈ ਮੈਂ ਕਿੰਨਾ ਘੱਟ ਬੋਲਦਾ ਹਾਂ ਪਰ ਮੈਂ ਅੱਜ ਬੋਲਣਾ ਚਾਹੁੰਦਾ ਹਾਂ, ਪਰ ਹੌਂਸਲਾ ਨਹੀਂ ਹੋ ਰਿਹਾ। ਮੈਂ ਚੁੱਪ ਚੁੱਪ ਵਿੱਚ ਤੇਰੇ ਨਾਲ ਓਹ ਗੱਲਾਂ ਕੀਤੀਆਂ ਜੋ ਮੈਂ ਕਹਿ ਨਹੀਂ ਸਕਿਆ ਤੇ ਮੈਨੂੰ ਇਉਂ ਜਾਪਦੈ ਜਿਵੇਂ ਓਹ ਤੇਰੇ ਕੰਨਾਂ ਨੇ ਮਹਿਸੂਸ ਕੀਤੀਆਂ ਹੋਣ, ਸੁਣੀਆਂ ਹੋਣ… ਕਿਉਂਕਿ ਤੂੰ ਜਦ ਮੇਰੇ ਵੱਲ ਯੱਕਦਮ ਵੇਖਕੇ ਹੱਸਦੀ ਸੀ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਜੋ ਕਹਿ ਰਿਹਾ ਓਹ ਤੈਨੂੰ ਵੀ ਸੁਣ ਰਿਹਾ, ਇਹ ਸੱਚੀ ਹੋਇਆ ਜਾਂ ਮੇਰੀ ਹੀ ਕਲਪਨਾ ਸੀ ਪਰ ਮੈਨੂੰ ਤੇਰੇ ਨਾਲ ਨਾਲ ਤੁਰੇ ਜਾਣਾ ਇੱਕ ਵੱਖਰਾ ਸਕੂਨ ਦੇ ਰਿਹਾ ਸੀ, ਤੇਰੇ ਨਾਲ….. ਦੋ ਢਾਈ ਮੀਲ ਤੁਰ ਕੇ ਵੀ ਮੇਰੀ ਥਕਾਵਟ ਲੱਥ ਚੁੱਕੀ ਸੀ।
ਕਿਲ੍ਹੇ ਜਦ ਮੇਰੇ ਨਾਲ ਮੱਥਾ ਟੇਕਿਆ ਤਾਂ ਆਪਾਂ ਦੋਵੇਂ ਇੱਕੋ ਸਮੇਂ ਨਤਮਸਤਕ ਹੋਏ ਤੇ ਮੈਂ ਤੇਰੇ ਤੋਂ ਸਿੱਧਾ ਹੋ ਤੈਨੂੰ ਵੇਖ ਰਿਹਾਂ, ਤੇਰੀਆਂ ਬੰਦ ਅੱਖਾਂ ਤੇ ਮੁੱਖ ਤੇ ਐਨੀ ਸ਼ਾਂਤੀ ਵੇਖ ਕੇ ਇਉਂ ਲੱਗਿਆ ਜਿਵੇਂ ਰੱਬ ਆਪ ਮੁਹਾਰੇ ਪ੍ਰਗਟ ਹੋ ਗਿਆ ਹੋਵੇ, ਤੇਰੇ ਚੇਹਰੇ ਦਾ ਇਹ ਵੱਖਰਾ ਹੀ ਨੂਰ ਸੀ, ਜਿਸਨੇ ਸੀਨੇ ਤੇ ਐਸੀ ਛਾਪ ਛੱਡੀ ਕਿ ਅੱਜ ਤੱਕ ਉਸਨੂੰ ਕੋਈ ਮਿਟਾ ਨਹੀਂ ਸਕਿਆ। ਤੂੰ ਜਦ ਅੱਖਾਂ ਖੋਲ੍ਹੀਆਂ ਤਾਂ ਤੂੰ ਮੇਰੇ ਵੱਲ ਯੱਕਦਮ ਇਉਂ ਤੱਕਿਆ ਜਿਵੇਂ ਮੈਂ ਤੇਰਾ ਕੁਝ ਚੋਰੀ ਕਰ ਰਿਹਾ ਹਾਂ, ਐਨੀ ਪਿਆਰੀ ਘੂਰ……. ਹਾਏ.. ਕਿ ਮੇਰੀ ਜਗ੍ਹਾ ਕੋਈ ਹੁੰਦਾ ਤਾਂ ਥਾਏਂ ਢੇਰ ਹੋ ਜਾਂਦਾ।
ਨਤਮਸਤਕ ਹੋ ਆਪਾਂ ਕੁਝ ਦੇਰ ਲਈ ਬੈਠੇ ਤੇ ਫਿਰ ਬਾਹਰ ਆ ਗਏ ਤੇ ਤੁਸੀਂ ਫਿਰ ਜਾਣ ਦੀ ਤਿਆਰੀ ਕਰਨ ਲੱਗੇ, ਮੈਂ ਬੱਸ ਸਟੈਂਡ ਤੱਕ ਥੋਡੇ ਨਾਲ ਹੀ ਆਇਆ ਤੇ ਰਾਮਪੁਰੇ ਤੱਕ ਥੋਡੇ ਨਾਲ ਸਫ਼ਰ ਵੀ ਕੀਤਾ ਪਰ ਇਹ ਸਫ਼ਰ ਤੇਰਾ ਮੇਰਾ ਆਖਰੀ ਸਫ਼ਰ ਹੋ ਨਿੱਬੜਿਆ। ਮੈਂ ਤੇਰੇ ਨਾਲ ਹਾਲੇ ਹੋਰ ਰਹਿਣਾਂ ਚਾਹੁੰਦਾ ਸੀ, ਸ਼ਾਇਦ……. ਤੂੰ ਵੀ……..!!
ਲੈ! ਮੇਰਾ ਸਟੋਪ ਆ ਗਿਆ। ਮੈਂ ਉੱਤਰਨ ਲੱਗਿਆ ਸੀ ਤੇ ਤੂੰ ਆਵਾਜ਼ ਦਿੱਤੀ,
“ਹਨੀ……….!! ਰੁਕ..!!
ਬੱਸ ਨੇ ਹਾਲੇ ਪੰਜ ਕ ਮਿੰਟ ਹੋਰ ਰੁਕਣਾ ਸੀ, ਤੂੰ ਮੇਰੇ ਨਾਲ ਹੀ ਉੱਤਰ ਆਈ,
“ਓਏ ਦਿਲਾ, ਤੂੰ ਮੇਰੇ ਅੰਦਰ ਘਰ ਕਰ ਗਿਐਂ”
ਜਦ ਤੂੰ ਇਹ ਗੱਲ ਕਹੀ ਤਾਂ ਮੇਰੀਆਂ ਨਮ ਹੋਈਆਂ ਅੱਖਾਂ ਦੇ ਅੱਥਰੂ ਖੁਸ਼ੀ ਵਿੱਚ ਢਲ ਗਏ ਤੇ ਇੱਕ ਅਜੀਬ ਜਿਹਾ ਸਕੂਨ ਮਿਲਿਆ ਜੋ ਅੱਜ ਵੀ ਮੇਰੇ ਇਕਲਾਪੇ ਨੂੰ ਸੰਭਾਲ ਲੈਂਦਾ ਹੈ। ਲੈ! ਬੱਸ ਦਾ ਹਾਰਨ ਵੱਜ ਗਿਆ,
“ਚੱਲ ਠੀਕ ਆ ਦਿਲਾ, ਮਿਲਦੇ ਆ ਜਦੋਂ ਰੱਬ ਨੇ ਚਾਹਿਆ।”

ਹਨੀ ਰਾਮਪੁਰਾ
(9463757426)

ਨੋਟ – ਤੁਸੀਂ ਸਾਨੂੰ ਆਪਣੇ ਵਿਚਾਰ ਅਤੇ ਮੇਰੀਆਂ ਹੋਰ ਕਹਾਣੀਆਂ ਪੜ੍ਹਨ ਲਈ ਮੇਰੇ ਵਟਸ ਐਪ ਨੰਬਰ 9463757426 ਜਾਂ ਇੰਸਟਾਗ੍ਰਾਮ honeyrampuraofficial ਤੇ ਮੈਸਜ ਕਰ ਸਕਦੇ ਹੋ। ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ।

ਹੋਰ ਕਹਾਣੀ – ਅਧੂਰੀ ਮੁਹੱਬਤ

Leave a Reply

Your email address will not be published. Required fields are marked *