ਖੁਦਾਈ | khudai

ਗੋਰਾ ਦੋਸਤ..ਲਾਗੇ ਚਾਗੇ ਅੱਗ ਲੱਗਦੀ ਤਾਂ ਜਰੂਰ ਵੇਖਣ ਜਾਂਦਾ..ਵਜਾ ਪਤਾ ਕਰਨ..ਇਹ ਵੇਖਣ ਕੇ ਇਹ ਨਾਲਦੇ ਘਰਾਂ ਨੂੰ ਕਿੰਨਾ ਕੂ ਨੁਕਸਾਨ ਕਰਦੀ..ਫੇਰ ਜੋ ਵੇਖਦਾ ਦੋਸਤਾਂ ਮਿੱਤਰਾਂ ਆਂਢ ਗਵਾਂਢ ਨਾਲ ਸਾਂਝੀ ਜਰੂਰ ਕਰਦਾ..!
ਵਾਰਾਨਸੀ ਦੀ ਗਿਆਨ ਵਾਪੀ ਮਸਜਿਦ..ਅਦਾਲਤ ਨੇ ਬੇਸਮੇਂਟ ਵਿੱਚ ਯਾਚਨਾ ਅਰਪਣ ਦੀ ਆਗਿਆ ਦੇ ਦਿੱਤੀ..ਓਹੋ ਪੈਟਰਨ ਜਿਹੜਾ ਬਾਬਰੀ ਮਸਜਿਦ ਵੇਲੇ ਵਰਤਿਆ..ਤਾਲੇ ਖੁਲਵਾਏ..ਰਾਹ ਪੱਧਰ ਕੀਤਾ..ਤੇ ਅੱਜ ਸਬ ਕੁਝ ਸਾਮਣੇ..!
ਕਿਸੇ ਨੇ ਸਹੇ ਨੂੰ ਸੁਲਾ ਮਾਰੀ..ਆ ਜਾ ਮੀਟ ਖਾ ਲੈ..ਕਹਿੰਦਾ ਆਪਣਾ ਬਚਿਆ ਰਹੇ ਏਨਾ ਹੀ ਬਹੁਤ..ਇਹਨਾਂ ਚੱਕਰਾਂ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ..ਕਿਓੰਕੇ ਘੱਟ ਸਾਡੇ ਨਾਲ ਕਿਸੇ ਧਿਰ ਨੇ ਵੀ ਨਹੀਂ ਕੀਤੀ..ਜਿੰਨਾ ਨੂੰ ਅੱਜ ਚੁਣ ਚੁਣ ਕੇ ਕੁੱਟਿਆ ਮਾਰਿਆ ਜਾ ਰਿਹਾ..ਚੁਰਾਸੀ ਵੇਲੇ ਦਿੱਲੀ ਲਾਗਲੇ ਪਿੰਡਾਂ ਵਿਚੋਂ ਆਏ ਇਨ੍ਹਾਂ ਵੀ ਸਾਨੂੰ ਹੁੱਬ ਹੁੱਬ ਕੇ ਲੁੱਟਿਆ ਕੱਟਿਆ ਵੱਢਿਆ ਸੀ..ਖੈਰ ਵੱਖਰਾ ਵਿਸ਼ਾ ਕਦੇ ਫੇਰ ਸਹੀ ਪਰ ਮੁੱਦੇ ਵੱਲ ਮੁੜਦੇ ਹਾਂ..ਪਿੱਛੇ ਜਿਹੇ ਗੁਰੂ ਰਾਮ ਦਾਸ ਸਰਾਂ ਵਾਲੇ ਪਾਸੇ ਸੀਵਰੇਜ ਅੰਦਰ ਇੱਕ ਵਿਸ਼ੇਸ਼ ਫਿਰਕੇ ਸਮੂੰਹ ਦੇ ਨਾਮ ਦੀਆਂ ਇੱਟਾਂ ਲੱਗਦੀਆਂ ਜਾਗਰੂਕਾਂ ਨੇ ਰੋਕ ਦਿੱਤੀਆਂ..ਬੜਾ ਹੋ ਹੱਲਾ ਮਚਿਆ..ਫੇਰ ਗੱਲ ਠੰਡੀ ਪੈ ਗਈ..!
ਏਦਾਂ ਹੀ ਭਵਿੱਖ ਵਿਚ ਦਰਬਾਰ ਸਾਬ ਵਿਚ ਡੇਢ ਦੋ ਸੌ ਸਾਲ ਪਹਿਲੋਂ ਪਰਿਕਰਮਾ ਵਿਚ ਸਥਾਪਿਤ ਮੂਰਤੀਆਂ ਦਾ ਹਵਾਲਾ ਦੇ ਕੇ ਇੱਕ ਬਿਧ ਬਣਾਈ ਜਾਵੇਗੀ..ਨੈਰੇਟਿਵ ਸਿਰਜਿਆ ਜਾਵੇਗਾ..ਫੇਰ ਨਾਗਪੁਰ ਦੇ ਥਾਪੜੇ ਨਾਲ ਬਣਿਆ ਜਥੇਦਾਰ ਇਹ ਦਲੀਲ ਦੇਵੇਗਾ ਕੋਈ ਗੱਲ ਨਹੀਂ ਹਰਿਮੰਦਰ ਸਾਬ ਅੰਦਰ ਤੇ ਆਪਣਾ ਸਰੂਪ ਹੀ ਹੈ..ਤਾਂ ਕੀ ਹੋਇਆ ਜੇ ਪਰਿਕਰਮਾ ਵਿਚ ਇਹ ਕੁਝ ਸਥਾਪਿਤ ਹੋ ਗਿਆ..ਵੈਸੇ ਵੀ ਤਾਂ ਗੁਰੂ ਸਾਬ ਨੇ ਸਭ ਧਰਮਾਂ ਲਈ ਚਾਰ ਦਰਵਾਜੇ ਰੱਖੇ ਹੀ ਸਨ..ਫੇਰ ਖਲੋਣ ਦੀ ਥਾਂ ਬਣਾ ਬੈਠਣ ਦੀ ਆਪੇ ਬਣਾ ਲਈ ਜਾਵੇਗੀ..ਉਸ ਵੇਲੇ ਤੀਕਰ ਅਸੀਂ ਤੁਸੀਂ ਉਹ ਆਹ ਸਭ ਮਰ ਚੁਕੇ ਹੋਵਾਂਗੇ..ਫੇਰ ਅਦਾਲਤ ਖੁਦਾਈ ਦਾ ਹੁਕਮ ਦਵੇਗੀ..ਤੇ ਜੋ ਕੁਝ ਅੱਜ ਘੋਗਲ ਕੰਨੇ ਬਣ ਲੱਗਣ ਦਿੱਤਾ ਜਾ ਰਿਹਾ ਓਹੀ ਕੁਝ ਨਿੱਕਲੇਗਾ..!
ਦੋਸਤੋ ਅੱਖੀਂ ਵੇਖੀ ਏ..ਪੁੱਲੀ ਹੇਠ ਪੰਜ ਕਤੂਰੇ ਦਿੱਤੇ..ਨਸਲ ਵਧੀਆ ਸੀ..ਧੁੰਮ ਪੈ ਗਈ..ਲੋਕ ਮਾਂ ਜੋਗੀਆਂ ਰੋਟੀਆਂ ਬਰੈੱਡਾਂ ਤੇ ਹੋਰ ਕਿੰਨਾ ਕੁਝ ਲਿਆਇਆ ਕਰਨ..ਮਾਂ ਏਧਰ ਰੁੱਝ ਜਾਇਆ ਕਰੇ ਤੇ ਅਗਲੇ ਮਨਪਸੰਦ ਬੱਚਾ ਚੁੱਕ ਹਰਨ ਹੋ ਜਾਇਆ ਕਰਨ..ਅਖੀਰ ਇੱਕੋ ਰਹਿ ਗਿਆ..ਹੁਣ ਉਹ ਹਰੇਕ ਤੇ ਭੌਂਕਿਆ ਕਰੇ..ਵਧੀਆ ਪਕਵਾਨ ਲੈ ਕੇ ਆਉਣ ਵਾਲਿਆਂ ਤੇ ਵੀ..ਕਿਓੰਕੇ ਕੱਲੇ ਰਹਿ ਗਏ ਦਾ ਵਸਾਹ ਨਹੀਂ ਸੀ ਖਾਣਾ ਚਾਹੁੰਦੀ..ਅੱਖਾਂ ਖੁੱਲੀਆਂ ਪਰ ਦੇਰ ਨਾਲ..!
ਸਾਨੂੰ ਵੀ ਭੌਂਕਣਾ ਪੈਣਾ..ਕਿਓੰਕੇ ਸਾਡੇ ਵੀ ਹਰ ਖੇਤਰ ਵਿਚ ਸਵਾਦੀ ਪਕਵਾਨ ਲੈ ਕੇ ਖਲੋਤਿਆਂ ਦਾ ਕਬਜਾ ਹੋ ਚੁੱਕਿਆ ਏ!
ਭੁੱਲ ਚੁੱਕ ਦੀ ਖਿਮਾਂ..!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *