ਸਬਰ ਦਾ ਘੁੱਟ | sabar da ghutt

ਬਾਪੂ ਦੇ ਜਾਂਦਿਆਂ ਹੀ ਮੇਰਾ ਸਕੂਲ ਜਾਣਾ ਮੁੱਕ ਗਿਆ..ਆਖਣ ਲੱਗੇ ਹੁਣ ਜੁੰਮੇਵਾਰੀ ਚੁੱਕਣੀ ਪੈਣੀ..ਮਾਂ ਬੇਬਸ ਸੀ..ਬਾਪੂ ਬੜਾ ਚੰਗਾ ਇਨਸਾਨ ਸੀ ਪਰ ਸ਼ਰਾਬ ਦੇ ਨਾਲ ਨਾਲ ਜਦੋਂ ਕਿੰਨੇ ਨਸ਼ੇ ਹੋਰ ਵੀ ਕਰਨ ਲੱਗ ਪਿਆ ਤਾਂ ਹਾਲਤ ਦਿਨੋਂ ਦਿਨ ਵਿਗੜਦੀ ਗਈ..!
ਇੱਕ ਦਿਨ ਸੁੱਤੇ ਪਏ ਦੇ ਬੋਝੇ ਵਿਚੋਂ ਚਿੱਟੀਆਂ ਗੋਲੀਆਂ ਕੱਢ ਖ਼ਾਲ ਵਿਚ ਰੋੜ ਦਿੱਤੀਆਂ..ਮੈਨੂੰ ਬਹੁਤ ਕੁੱਟਿਆ..!
ਫੇਰ ਇਕ ਦਿਨ ਸੁਨੇਹਾ ਮਿਲਿਆਂ..ਪਹੇ ਤੇ ਮੂਧਾ ਪਿਆ ਏ..ਘਰੇ ਲੈ ਆਵੋਂ..ਮਾਂ ਭਾਂਡੇ ਮਾਂਝ ਰਹੀ ਸੀ..ਦੋਵੇਂ ਨੱਸੇ ਗਏ..ਵਾਜਾਂ ਮਾਰੀਆਂ..ਹਿਲਾਇਆ ਜੁਲਾਇਆ..ਪਰ ਕੋਈ ਸਾਹ ਸੱਤ ਨਹੀਂ ਸਨ..!
ਕਮਲੀ ਹੋਈ ਨੇ ਕੋਲੋਂ ਲੰਘਦੇ ਕਿੰਨਿਆਂ ਨੂੰ ਵਾਜਾਂ ਮਾਰੀਆਂ..ਇਹ ਬੋਲਦਾ ਕਿਓਂ ਨਹੀਂ..ਪਰ ਕਿਸੇ ਖਾਸ ਧਿਆਨ ਨਾ ਦਿੱਤਾ!
ਫੇਰ ਮੰਜੇ ਤੇ ਪਾ ਘਰੇ ਲੈ ਆਏ..ਰੋਣ-ਧੋਣ..ਮੜੀ ਮਕਾਣਾਂ..ਤੇਰਵੀਂ..ਭੋਗ..ਫੁਲ ਅਤੇ ਫੇਰ ਸ਼ੁਰੂ ਹੋਈ ਸਾਡੇ ਸੰਘਰਸ਼ ਦੀ ਲੰਮੀਂ ਕਹਾਣੀ..!
ਮੈਨੂੰ ਢਾਬੇ ਤੇ ਲਾ ਦਿੱਤਾ ਗਿਆ..ਉਹ ਕਿੰਨਾ ਕੰਮ ਕਰਾਉਂਦੇ..ਗਾਹਲਾਂ ਕੱਢਦੇ..ਗਲਾਸ ਟੁੱਟ ਜਾਂਦਾ ਤਾਂ ਤਨਖਾਹ ਵਿਚੋਂ ਮਨਮਰਜੀ ਦੀ ਕਟੌਤੀ ਵੀ ਹੁੰਦੀ..!
ਬਾਪੂ ਦੀ ਬੜੀ ਯਾਦ ਆਉਂਦੀ..ਅਕਸਰ ਆਖਿਆ ਕਰਦਾ ਸੀ ਕੇ ਇਸਨੂੰ ਫੌਜ ਵਿਚ ਭਰਤੀ ਕਰਾਉਣਾ ਏ..ਵਰਦੀ ਵਿਚ ਬਾਹਲਾ ਸੋਹਣਾ ਲੱਗੂ ਮੇਰਾ ਪੁੱਤ..!
ਫੇਰ ਉਸਦਾ ਮੂੰਹ ਅੱਖਾਂ ਅੱਗੇ ਘੁੰਮਦਾ ਰਹਿੰਦਾ..ਮੈਂ ਥੱਕਿਆ ਟੁਟਿਆ ਵਾਪਿਸ ਮੁੜਦਾ ਤਾਂ ਕਿੰਨੇ ਲੋਕ ਉਧਾਰ ਦਿੱਤੇ ਵਾਪਿਸ ਲੈਣ ਆਏ ਹੁੰਦੇ..ਮਾਂ ਗਲ਼ ਵਿਚ ਪੱਲਾ ਪਾ ਝੂਠੇ ਸੱਚੇ ਲਾਰੇ ਲਾ ਕੇ ਖਹਿੜਾ ਛੜਾ ਰਹੀ ਹੁੰਦੀ..!
ਮੈਨੂੰ ਵੀ ਕਿੰਨਿਆਂ ਦੇ ਕੰਮ ਮੁਫ਼ਤ ਵਿਚ ਹੀ ਕਰਨੇ ਪੈਂਦੇ..ਅਖ਼ੇ ਬਾਰੂ ਨੇ ਸਾਥੋਂ ਪੈਸੇ ਉਧਾਰੇ ਲਏ ਸਨ..ਕਿਸੇ ਸਲਾਹ ਦਿੱਤੀ ਜਦੋਂ ਕੋਈ ਆਖੇ ਏਨਾ ਉਧਾਰ ਬਾਕੀ ਏ ਤਾਂ ਅੱਗੋਂ ਪੁੱਛਿਆ ਕਰ “ਲਿਖਿਆ ਵਿਖਾਓ..ਸਬੂਤ ਦਿਓ”
ਇਕ ਦਿਨ ਹਵੇਲੀ ਵਾਲਿਆਂ ਦੀਆਂ ਪੱਠਿਆਂ ਦੀਆਂ ਦੋ ਪੰਡਾ ਵੱਢਣ ਮਗਰੋਂ ਜਦੋਂ ਤੀਜੀ ਦੀ ਵਾਜ ਪਈ ਤਾਂ ਸਬਰ ਦਾ ਬੰਨ ਟੁੱਟ ਗਿਆ..ਓਹੀ ਗੱਲ ਆਖ ਦਿੱਤੀ ਕੇ ਲਿਖਿਆ ਵਿਖਾਓ..ਕਿੰਨੇ ਪੈਸੇ ਉਧਾਰ ਲਏ ਸੀ?
ਤੂਫ਼ਾਨ ਆ ਗਿਆ..ਉਹ ਮੈਨੂੰ ਤੂੜੀ ਵਾਲੇ ਅੰਦਰ ਲੈ ਗਏ ਤੇ ਬਹੁਤ ਮਾਰਿਆ..ਘਰੇ ਦੱਸਿਆ ਤਾਂ ਬੇਬੇ ਵੀ ਰੋ ਪਈ..ਬੁੱਕਲ ਵਿਚ ਲੁਕੋ ਲਿਆ..ਮੈਨੂੰ ਓਥੇ ਪਏ ਨੂੰ ਹੀ ਨੀਂਦਰ ਆ ਗਈ..ਜਾਗ ਆਈ ਤਾਂ ਨਸੀਹਤ ਦੇਣ ਲੱਗੀ..ਸਿੱਧੀ ਨਾਂਹ ਨਾ ਕਰਿਆ ਕਰ..ਕਿਸੇ ਬਿਮਾਰੀ ਦਾ ਬਹਾਨਾ ਲਾ ਦਿਆ ਕਰ..!
ਮੈਂ ਇੰਝ ਵੀ ਕਰ ਕੇ ਵੇਖ ਲਿਆ..ਪਰ ਮੇਰਾ ਬੋਲਿਆ ਝੂਠ ਝੱਟ ਫੜਿਆ ਜਾਂਦਾ..ਫੇਰ ਕੋਈ ਤਰਸ ਨਾ ਕਰਦਾ..ਨਿੱਕੇ ਭੈਣ ਭਰਾਵਾਂ ਅਤੇ ਮਾਂ ਬਾਰੇ ਭੱਦੀਆਂ ਟਿੱਪਣੀਆਂ ਵੱਖਰੀਆਂ ਕਰਦੇ..ਮੈਨੂੰ ਬੁਰਾ ਲੱਗਦਾ ਪਰ ਸਬਰ ਦਾ ਘੁੱਟ ਭਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ..!
ਇੱਕ ਦਿਨ ਢਾਬੇ ਤੇ ਭਾਂਡੇ ਮਾਂਝ ਰਿਹਾ ਸਾਂ ਕੇ ਮਾਸਟਰ ਧਰਮ ਚੰਦ ਜੀ ਆ ਗਏ..ਸਾਈਕਲ ਸਟੈਂਡ ਤੇ ਲਾ ਪੁੱਛਣ ਲੱਗੇ ਓਏ ਮਿੱਠੂਆ ਤੂੰ ਅੱਜਕੱਲ ਸਕੂਲੇ ਕਿਓਂ ਨਹੀਂ ਆਉਂਦਾ..?
ਮੈਂ ਭਰੇ ਭੀਤੇ ਨੇ ਆਪਣਾ ਮੂੰਹ ਕੂਹਣੀ ਅੰਦਰ ਲੁਕੋ ਲਿਆ..ਓਹਨਾ ਹੋਰ ਕੋਲ ਆ ਕੇ ਜ਼ੋਰ ਨਾਲ ਮੇਰਾ ਮੂੰਹ ਕੂਹਣੀ ਤੋਂ ਵੱਖ ਕੀਤਾ..ਮੇਰੀ ਕਮੀਜ ਅਤੇ ਪੂਰੇ ਦਾ ਪੂਰਾ ਮੂੰਹ ਹੰਝੂਆਂ ਮੁੜਕੇ ਨਾਲ ਗਿੱਲਾ ਹੋ ਗਿਆ ਸੀ..!
ਉਹ ਸਾਰੀ ਕਹਾਣੀ ਸਮਝ ਗਏ..ਆਖਣ ਲੱਗੇ ਕੱਲ ਆਪਣੀ ਬੇਬੇ ਨੂੰ ਸਕੂਲੇ ਲੈ ਕੇ ਆਵੀਂ..ਪਹਿਲਾਂ ਬੇਬੇ ਨੇ ਨਾਂਹ ਕਰ ਦਿੱਤੀ..ਜਿਹੜੇ ਦੋ ਪੈਸੇ ਆਉਂਦੇ ਨੇ ਉਹ ਵੀ ਬੰਦ ਹੋ ਗਏ ਤਾਂ ਗੁਜਾਰਾ ਕਿੰਝ ਚੱਲੂ..ਪਰ ਫੇਰ ਜਦੋਂ ਰੋਜ ਵੱਜਦੀਆਂ ਪਟੋਕੀਆਂ ਚਪੇੜਾ ਅਤੇ ਗਾਹਲਾਂ ਦਾ ਹਵਾਲਾ ਦਿੱਤਾ ਤਾਂ ਤਿਆਰ ਹੋ ਗਈ..ਆਖਣ ਲੱਗੀ ਮੈਂ ਕਢੂੰ ਆਪਣੇ ਪੁੱਤ ਨੂੰ ਇਸ ਨਰਕ ਵਿਚੋਂ..!
ਫੇਰ ਮਾਸਟਰ ਧਰਮ ਚੰਦ ਦੇ ਉੱਧਮ ਸਦਕਾ ਮੇਰੀ ਫੀਸ ਮੁਆਫ ਹੋ ਗਈ..ਕਿਤਾਬਾਂ ਮੁਫ਼ਤ ਮਿਲ ਗਈਆਂ..ਥੋੜਾ ਬਹੁਤ ਵਜੀਫਾ ਵੀ ਲੱਗ ਗਿਆ..!
ਮਾਸਟਰ ਧਰਮ ਚੰਦ ਮੈਨੂੰ ਹਮੇਸ਼ਾਂ ਅਰਸ਼ੋਂ ਉੱਤਰਿਆ ਰੱਬ ਜਾਪਿਆ ਕਰਦਾ..ਇੰਝ ਲੱਗਦਾ ਜਿੱਦਾਂ ਮੇਰਾ ਬਾਪ ਨਸ਼ਿਆਂ ਤੋਂ ਤੋਬਾ ਕਰ ਦੂਜਾ ਰੂਪ ਧਾਰਨ ਕਰ ਧਰਤ ਤੇ ਉੱਤਰ ਆਇਆ ਹੋਵੇ..!
ਅੱਜ ਏਨੇ ਵਰ੍ਹਿਆਂ ਬਾਅਦ ਛੁੱਟੀ ਕੱਟਣ ਪਿੰਡ ਆਉਂਦਾ ਹਾਂ ਤਾਂ ਮਾਸਟਰ ਜੀ ਦੀ ਮੜੀ ਤੇ ਜਾ ਕੇ ਮੱਥਾ ਟੇਕਣਾ ਕਦੇ ਨਹੀਂ ਭੁੱਲਦਾ..ਨਾਲਦੀ ਵੀ ਉਚੇਚਾ ਨਾਲ ਜਾਂਦੀ..ਉਸਨੂੰ ਵੀ ਏਨੀ ਗੱਲ ਦੱਸਦਾ ਹਾਂ ਕੇ ਕਿੱਦਾਂ ਮੈਂ ਮਰੇ ਤੋਂ ਜਿਉਂਦਾ ਹੋਇਆ ਸਾਂ..!
ਦੁਨੀਆ ਦੀ ਸਭ ਤੋਂ ਸੰਘਣੀ ਛਾਂ ਉਸ ਪੰਜੇ ਦੀ ਜਿਹੜਾ ਇੱਕ ਬਾਪ ਅਕਸਰ ਹੀ ਸਿਰ ਦੇ ਵਾਲਾਂ ਵਿਚ ਫੇਰਦਾ ਹੋਇਆ ਏਨੀ ਗੱਲ ਆਖਦਾ ਕੇ ਪੁੱਤਰ ਘਬਰਾਵੀਂ ਨਾ..ਮੈਂ ਜਿਉਂਦਾ ਵਾ ਅਜੇ..!
ਸ਼ਾਲਾ ਹਰ ਯਤੀਮ ਦੀ ਜਿੰਦਗੀ ਵਿਚ ਮਾਸਟਰ ਧਰਮ ਚੰਦ ਵਰਗੀ ਰੂਹ ਜਰੂਰ ਆਵੇ ਤੇ ਮਾਸਟਰ ਧਰਮ ਚੰਦ ਵਰਗੇ ਦੇਵ ਪੁਰਸ਼ ਹਮੇਸ਼ਾਂ ਹੀ ਜਨਮ ਲੈਂਦੇ ਰਹਿਣ..!
ਅਕਸਰ ਇਹ ਜੂ ਆਖਿਆ ਜਾਂਦਾ ਕੇ..ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ ਅਤੇ ਯਤੀਮਾਂ ਦੇ ਨਿਆਣੇ ਹੁੰਦੇ ਕਾਮੇਂ ਜੱਗ ਦੇ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *