ਅਨਾਥ | anaath

ਅਕਸਰ ਵੇਖਿਆ ਵਕਤੀ ਹਮਦਰਦੀ ਦੇ ਦਰਿਆ ਛੇਤੀ ਹੀ ਸੁੱਕ ਜਾਂਦੇ..ਪਰ ਜਿਸ ਆਂਦਰ ਦਾ ਬੁਰਕ ਭਰਿਆ ਹੁੰਦਾ ਉਹ ਦਿਨੇ ਰਾਤ ਰੋਂਦੀ ਏ..ਕਲਪਦੀ ਏ..ਕਦੀ ਜਾਹਰਾ ਤੌਰ ਤੇ ਕਦੀ ਅੰਦਰ ਵੜ..ਫੇਰ ਇੱਕ ਐਸਾ ਮਰਹਲਾ ਵੀ ਆਉਂਦਾ ਜਦੋਂ ਆਪਣੇ ਵੱਲ ਆਉਂਦੇ ਹਮਦਰਦੀ ਦਿਲਾਸੇ ਵਾਲੇ ਕਿੰਨੇ ਸਾਰੇ ਹੱਥ ਵੀ ਨਕਲੀ ਜਿਹੇ ਲੱਗਣ ਲੱਗਦੇ..!
ਮੈਨੂੰ ਯਾਦ ਏ ਨਿੱਕੇ ਹੁੰਦਿਆਂ ਪਿੰਡ ਮਰਗ ਹੋ ਗਈ..ਮਾਂ ਨੇ ਓਸੇ ਵੇਲੇ ਚਿੱਟੀ ਚੁੰਨੀ ਲਈ ਤੇ ਵੈਣ ਪਾਉਂਦੀ ਬਾਹਰ ਨੂੰ ਨਿੱਕਲ ਗਈ..ਮੇਰੇ ਕਾਲਜੇ ਦਾ ਰੁੱਗ ਭਰਿਆ ਗਿਆ..ਇਹ ਏਨਾ ਕਿਓਂ ਰੋਂਦੀ ਪਈ ਏ..ਇਸਨੂੰ ਤੇ ਹਰ ਵੇਲੇ ਹੱਸਦੇ ਹੀ ਰਹਿਣਾ ਚਾਹੀਦਾ..ਫੇਰ ਜਿਸਨੂੰ ਮੇਰੀ ਰਾਖੀ ਤੇ ਬਿਠਾ ਕੇ ਗਈ ਸੀ ਉਸ ਤੋਂ ਚੋਰੀ ਅੱਖ ਬਚਾ ਕੇ ਸਿੱਧਾ ਮਾਂ ਕੋਲ ਅੱਪੜ ਗਿਆ..ਜਵਾਨ ਮੌਤ ਸੀ ਉਹ ਜ਼ਾਰੋ ਜਾਰ ਰੋ ਰਹੀ ਸੀ..ਏਨਾ ਖਹਿੜਾ ਕੀਤਾ ਕੇ ਹਰ ਕੇ ਓਥੋਂ ਉੱਠਣਾ ਹੀ ਪਿਆ..ਫੇਰ ਘਰੇ ਆ ਕੇ ਉਸਨੇ ਮੈਨੂੰ ਬਹੁਤ ਥਾਪੜਿਆ ਪਰ ਮੈਂ ਸੁੱਤਾ ਬਿਲਕੁਲ ਵੀ ਨਹੀਂ ਕਿਧਰੇ ਫੇਰ ਨਾ ਛੱਡ ਕੇ ਰੋਣ ਚਲੀ ਜਾਵੇ..!
ਬੜੀ ਅਜੀਬ ਮਾਨਸਿਕਤਾ ਵਾਲਾ ਦੌਰ ਹੁੰਦਾ ਏ..ਬਾਲ ਮਨ ਸਮਝਦਾ ਸਭ ਕੁਝ ਪਰ ਕਰ ਕੁਝ ਨਹੀਂ ਸਕਦਾ..ਕਿੰਨਾ ਕੁਝ ਪੁੱਛਣਾ ਵੀ ਚਾਹੁੰਦਾ..ਪਰ ਢੰਗ ਨਹੀਂ ਆਉਂਦਾ..ਕਿਸੇ ਨੂੰ ਉਡੀਕਦਾ ਵੀ ਹੈ ਪਰ ਉਹ ਅਉਂਦਾ ਨਹੀਂ..ਸਿਰਫ ਝੌਲੇ ਹੀ ਪੈਂਦੇ..ਬਸ ਹਰ ਵੇਲੇ ਇੱਕ ਪੰਛੀ ਝਾਤ..ਬਾਕੀਆਂ ਦੇ ਭਾਪੇ ਪਰ ਮੇਰਾ ਪਤਾ ਨਹੀਂ ਕਿਥੇ..ਆਸੇ ਪਾਸੇ ਬੱਸ ਮਾਂ ਹੀ ਦਿਸਦੀ..ਫੇਰ ਮਾਂ ਵਿਚੋਂ ਬਾਪ ਨੂੰ ਲੱਭਦਾ ਏ..ਉਹ ਵੀ ਕਈ ਵੇਰ ਖਿਝੀ ਹੋਈ ਉੱਚੀ ਸਾਰੀ ਝਿੜਕ ਮਾਰ ਦਿੰਦੀ..ਨਾਲ ਹੀ ਆਪਣੀ ਬੁੱਕਲ ਵਿਚ ਖਿੱਚ ਪਲੋਸਣ ਵੀ ਲੱਗਦੀ..ਗਲਤੀ ਦਾ ਇਹਸਾਸ ਕਰਦੀ ਚੋਰੀ ਚੋਰੀ ਖੁਦ ਦੇ ਹੰਝੂ ਪੂੰਝਦੀ..ਕਦੀ ਅੱਧ ਵਿਚਾਲੇ ਛੱਡ ਗਏ ਨਾਲ ਰੋਸੇ ਗਿਲੇ..ਕਦੀ ਆਸੇ ਪਾਸੇ ਤੋਂ ਖਿਝੀ ਹੋਈ ਉਸਨੂੰ ਮੰਦਾ ਚੰਗਾ ਵੀ ਬੋਲ ਦਿੰਦੀ..ਕਾਹਨੂੰ ਕੱਲੀ ਛੱਡ ਗਿਆ..ਦੂਰ ਚਲੇ ਗਏ ਦੀ ਆਤਮਾ ਵੀ ਓਥੇ ਕਿਧਰੇ ਹੀ ਵਿਚਰ ਰਹੀ ਹੁੰਦੀ ਏ ਪਰ ਕਰ ਕੁਝ ਨਹੀਂ ਸਕਦੀ..ਕੁਰੱਖਤੀ ਦੇ ਵੱਡੇ ਸਮੁੰਦਰ ਵਿੱਚ ਗੋਤੇ ਖਾਂਦੀ ਦੀਆਂ ਘੜੀਆਂ ਵੀ ਘੰਟੇ ਬਣ ਲੰਮੀਆਂ ਹੋ ਜਾਂਦੀਆਂ..!
ਕਈ ਵੇਰ ਸਿਖਰ ਦੁਪਹਿਰੇ ਐਸੇ ਚੁਰਾਹਿਆਂ ਵਿੱਚ ਵੀ ਆਣ ਖਲੋਣਾ ਪੈਂਦਾ ਜਿਥੇ ਸਮਝ ਨਹੀਂ ਆਉਂਦੀ ਕੇ ਕਿੱਧਰ ਨੂੰ ਜਾਇਆ ਜਾਏ..ਗੁਰਬਾਣੀ ਵਿੱਚ ਵੀ ਮਨ ਨਹੀਂ ਟਿਕਦਾ..ਕਈ ਵੇਰ ਐਸੀਆਂ ਨਜਰਾਂ ਨਾਲ ਵੀ ਵਾਹ ਵਾਸਤਾ ਪੈ ਜਾਂਦਾ ਜੋ ਅੰਦਰ ਦਾਖਲ ਤਾਂ ਜਜਬਾਤ ਵਾਲੀਆਂ ਬਰੂਹਾਂ ਟੱਪ ਹੁੰਦੀਆਂ ਪਰ ਅਖੀਰ ਟਿਕਦੀਆਂ ਸਰੀਰਕ ਬਣਾਵਟ ਤੇ..ਕੁਝ ਐਸੇ ਵੀ ਜਿਹਨਾਂ ਦਾ ਦਿਲਾਸਾ ਦੇਣ ਦਾ ਢੰਗ ਵੀ ਅਜੀਬ ਹੁੰਦਾ..ਹੱਥ ਸਿਰ ਤੇ ਨਹੀਂ ਸਗੋਂ ਪਿੱਠ ਪਿੱਛੇ ਹੀ ਜਾਂਦਾ..!
ਕੱਲੀ ਕਾਰੀ ਕਿੰਨੇ ਮੁਹਾਜ਼ਾਂ ਤੇ ਲੜਦੀ..ਪਹਿਲੀ ਜੰਗ ਖੁਦ ਆਪਣੇ ਆਪ ਨਾਲ..ਦੂਜੀ ਪੈਰ ਪੈਰ ਤੇ ਕੰਸੋਵਾਂ ਲੈਂਦੀ ਬਾਹਰੀ ਦੁਨੀਆਂ ਨਾਲ ਅਤੇ ਤੀਜੀ ਭੁੱਖੀਆਂ ਨਜਰਾਂ ਵਾਲਾ ਕਾਫਲਾ ਲੈ ਕੇ ਅੰਦਰ ਵੜ ਆਏ ਨਾਲ..ਕੁਝ ਇਸ ਜੰਗ ਵਿੱਚ ਅਖੀਰ ਸਮਰਪਣ ਕਰ ਜਾਂਦੀਆਂ ਤੇ ਕੁਝ ਅਖੀਰ ਤੀਕਰ ਲੜਦੀਆਂ..!
ਗੱਲ ਲੰਮੀ ਹੋ ਗਈ ਪਰ ਏਨੀ ਅਰਦਾਸ ਜਰੂਰ ਏ ਕੇ ਕਿਸੇ ਬਾਪ ਦੇ ਬੱਚੇ ਅਨਾਥ ਨਾ ਹੋਵਣ..ਲਹੂ ਦੇ ਘੁੱਟ ਭਰਨੇ ਪੈਂਦੇ..ਸੰਘੀ ਵਿੱਚ ਲਗਾਤਾਰ ਕੰਢੇ ਚੁੱਭਦੇ ਰਹਿੰਦੇ ਤੇ ਅੱਥਰੂ ਪੂੰਝ ਪੂੰਝ ਨੈਣਾ ਦੇ ਕੋਇਆਂ ਤੇ ਪੱਕੇ ਨਿਸ਼ਾਨ ਪੈ ਜਾਂਦੇ..!
28 ਫਰਵਰੀ ਸੰਨ ਤ੍ਰਿਆਂਨਵੇਂ ਨੂੰ ਜਦੋਂ ਬਾਬੇ ਮਾਨੋਚਾਹਲ ਦੀ ਸ਼ਹੀਦੀ ਦੀ ਖਬਰ ਅਜੀਤ ਅਖਬਾਰ ਵਿੱਚ ਫੋਟੋ ਸਾਹਿਤ ਛਪੀ ਤਾਂ ਬਹੁਤ ਦੂਰ ਦੂਰਾਡੇ ਇੱਕ ਪਿੰਡ ਵਿੱਚ ਚੋਰੀ ਛਿੱਪੇ ਰਹਿਣ ਲਈ ਛੱਡੇ ਭੁਜੰਗੀ ਨੇ ਬਾਪ ਦੀ ਫੋਟੋ ਪਛਾਣ ਲਈ..ਉਸ ਘਰੇ ਮਿਸਤਰੀ ਲੱਗੇ ਹੋਏ ਸਨ..ਘਰ ਦਾ ਮਾਲਕ ਓਸੇ ਵੇਲੇ ਸਣੇ ਅਖਬਾਰ ਚੁੱਕ ਅੰਦਰ ਲੈ ਗਿਆ ਕਿਧਰੇ ਰੋਂਦੇ ਹੋਏ ਨੂੰ ਵੇਖ ਮਿਸਤਰੀਆਂ ਨੂੰ ਸ਼ੱਕ ਹੀ ਨਾ ਪੈ ਜਾਵੇ..!
ਕਈ ਨਿੱਕੀਆਂ ਜਿੰਦਾਂ ਇੱਕੋ ਵੇਲੇ ਕਿੰਨਿਆਂ ਮੁਹਾਜ਼ਾਂ ਤੇ ਲੜਨਾ ਨਿੱਕੇ ਹੁੰਦਿਆਂ ਤੋਂ ਹੀ ਸਿੱਖ ਜਾਂਦੀਆਂ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *