ਤਾਕਤਵਰ ਕੋਣ | takatvar kaun ?

ਬੁੱਝ ਰਹੀ ਰਾਤ ਦਾ ਉਨੀਂਦਰਾ ਜਿਹਾ ਚੰਨ ,ਸੌਣ ਲਈ ਕਿਸੇ ਬੱਦਲੀ ਦੀ ਬੁੱਕਲ ਲੱਭ ਰਿਹਾ ਸੀ, ਅਤੇ ਏਧਰ ਕੁਦਰਤ ਨੇ ਵੀ ਹੌਲੀ ਜਿਹੇ ਸੂਰਜ਼ ਦੇ ਕੰਨ ਵਿੱਚ, ਸ਼ੁੱਭ ਪ੍ਰਭਾਤ ਆਖ ਦਿੱਤੀ ਸੀ.! ਇਸ ਤੋਂ ਬਾਅਦ ਸੂਰਜ਼ ਨੇ ਕਿਰਨਾਂ ਨੂੰ ਰੰਗਾਂ ਵਿੱਚ ਲਿੱਪ ਕੇ, ਧਰਤੀ ਨੂੰ ਹੋਰ ਵੀ ਹੁਸੀਨ,ਰੰਗ ਬਿਰੰਗੀ , ਅਤੇ ਜਿਉਣ ਜੋਗੀ ਬਣਾ ਦਿੱਤਾ ਸੀ .ਅਤੇ ਫਿਰ ਸੂਰਜ ਦੀ ਦੇਖਾ ਦੇਖੀ ਪੌਣਾਂ ਨੇ ਵੀ ਖੜਮਸਤੀਆਂ ਸ਼ੁਰੂ ਕਰ ਦਿੱਤੀਆਂ ਸਨ , ਬਿਰਖਾਂ ਦੇ ਗੀਤ ਦੂਰ ਉੱਚੀਆਂ ਪਹਾੜੀਆਂ ਨੂੰ ਮਦਮਸਤ ਕਰ ਰਹੇ ਸਨ, ਹੰਸਾਂ, ਚਿੜੀਆਂ, ਘੁੱਗੀਆਂ, ਅਤੇ ਕਬੂਤਰਾਂ ਦੇ ਜੋੜਿਆਂ ਨੇ ਵੀ ਹਵਾਵਾਂ ਦੇ ਸੰਗ ਖੂਬ ਠੁਮਕੇ ਲਗਾਏ , ਅਤੇ ਏਧਰ ਗਟਾਰਾਂ ਹਾਲੇ ਮੇਕਅਪ ਵਿਚ ਹੀ ਮਸ਼ਰੂਫ਼ ਸਨ, ਦੂਜੇ ਪਾਸੇ ਕੋਇਲ ਦੀ ਕੂਕ, ਅਤੇ ਪਪੀਹੇ ਦੇ ਬੋਲ ਕੁੱਲ ਕਾਇਨਾਤ ਵਿੱਚ ਮਿਠਾਸ ਘੋਲ ਰਹੇ ਸਨ , ਇਸ ਤਰ੍ਹਾਂ ਜ਼ਰੇ ਜ਼ਰੇ ਵਿੱਚ ਕੁਦਰਤ ਨਾਚ ਕਰ ਰਹੀ ਸੀ, ਕਿ ਅਚਾਨਕ ਬੱਦਲਾਂ ਨੂੰ ਇੱਕ ਸ਼ਰਾਰਤ ਸੁੱਝੀ ਉਹਨਾਂ ਨੇ ਬਿਜਲੀ ਨੂੰ ਹੁਕਮ ਦਿੱਤਾ ਕਿ “ਜਾਉ ਆਸਮਾਨ ਦੀ ਹਿੱਕ ਚੀਰ ਕੇ ਧਰਤੀ ਨੂੰ ਆਪਣੀ ਤਾਕਤ ਦਿਖਾਉ”, ਇਸ ਸ਼ਰਾਰਤ ਦੀ ਭਿਣਕ ਜਦੋਂ ਹਵਾ ਨੂੰ ਪੈ ਗਈ ਤਾਂ ਉਸ ਤੂਫ਼ਾਨ ਨੂੰ ਆਖਿਆ ਕਿ “ਜਾਉ ਧਰਤੀ ਨੂੰ ਆਪਣੀ ਤਾਕਤ ਦਿਖਾਉ” ਫਿਰ ਏਸ ਤਰ੍ਹਾਂ ਨਾਲ ਗੱਲ ਕਰਦੇ ਕਰਦੇ, ਇਹ ਖੂਬਸੂਰਤ ਪਹੁ ਫੁਟਾਲਾ ਸ਼ਰਾਰਤ ਤੋਂ ਬਹਿਸ ਵਿੱਚ ਤਬਦੀਲ ਹੋ ਗਿਆ, ਅਤੇ ਅੰਤ ਵਿੱਚ ਬਹਿਸ ਤੋਂ ਜੰਗੇ ਮੈਦਾਨ ਵਿੱਚ ਬਦਲ ਗਿਆ, ਕਿ ਸਭ ਤੋਂ ਵੱਧ ਸ਼ਕਤੀਸ਼ਾਲੀ ਕੌਣ ਹੈ. ਹਵਾ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਇਕ ਭਿਆਨਕ ਤੂਫ਼ਾਨ ਧਰਤੀ ਵੱਲ ਨੂੰ ਛੱਡਿਆ, ਪਰ ਇਨਸਾਨਾਂ ਨੇ ਅਜਿਹੀਆਂ ਇਮਾਰਤਾਂ ਦੀ ਉਸਾਰੀ ਕਰ ਲਈ ਸੀ ਕਿ ਜਿਸ ਅੱਗੇ ਵੱਡੇ ਤੋਂ ਵੱਡਾ ਤੂਫ਼ਾਨ ਵੀ ਫੇਲ੍ਹ ਹੋ ਗਿਆ ਸੀ.! , ਹੁਣ ਵਾਰੀ ਸੀ ਪਾਣੀ ਦੀ, ਪਾਣੀ ਨੇ ਵੀ ਸੁਮੰਦਰ ਨੂੰ ਹੁਕਮ ਦਿੱਤਾ ਕਿ ਜਾਉ ਧਰਤੀ ਨੂੰ ਤਹਿਸ ਨਹਿਸ ਕਰ ਦਿਉ , ਪਰ ਧਰਤੀ ਵਾਸੀਆਂ ਨੇ ਇਹੋ ਜਿਹੇ ਯੰਤਰ ਆਯਾਤ ਕਰ ਲੈ ਸਨ ਕਿ ਪਾਣੀ ਤਾਂ ਕੀ , ਪਾਣੀ ਦਾ ਬਾਪ ਵੀ ਉਨ੍ਹਾਂ ਦਾ ਕੁਝ ਨਹੀਂ ਸੀ ਵਿਗਾੜ ਸਕਦਾ ਸੀ, ਫਿਰ ਇਸੇ ਤਰ੍ਹਾਂ ਹਰ ਵੱਡੇ ਛੋਟੇ ਨੇ ਆਪੋ ਆਪਣੀ ਤਾਕਤ ਅਜ਼ਮਾ ਲਈ ਸੀ, ਪਰ ਦੂਰ ਬੈਠਾ ਇਕ ਨਿੱਕਾ ਜਿਹਾ ਪੱਥਰ ਮੁਸਕਰਾ ਰਿਹਾ ਸੀ , ਸ਼ਾਂਤ, ਅਤੇ ਇਕਾਗਰ ਚਿੱਤ ਨਾਲ ਸਭ ਨੂੰ ਵੇਖ ਪਰਖ ਰਿਹਾ ਸੀ, ਜੰਗੇ ਮੈਦਾਨ ਵਿੱਚ ਸ਼ਾਂਤੀ..? ਹਵਾ ਅਤੇ ਪਾਣੀ ਨੇ ਇਕ ਦੂਜੇ ਵੱਲ ਵੇਖਿਆ ਤੇ ਗਰਜ਼ ਕੇ ਪੁੱਛਿਆ ਉਏ ਤੂੰ ਇਕ ਟਿੱਡਾ ਜਿਹਾ ਪੱਥਰ , ਸਾਡੇ ਉੱਤੇ ਹੱਸ ਰਿਹਾ ਹੈ.? ਤੈਨੂੰ ਪਤਾ ਨਹੀਂ ਅਸੀਂ ਕੌਣ, ਅਤੇ ਕੀ ਹਾਂ..? ਸਾਡੇ ਬਿਨਾਂ ਮਨੁੱਖ ਤਾਂ ਕੀ, ਧਰਤੀ ਵੀ ਨਹੀਂ ਲੱਭਣੀ , ਸਾਡੇ ਬਿਨ ਹਰ ਇਕ ਚੀਜ਼ ਲਾਸ਼ ਹੈ , ਪੱਥਰ ਹੈ , ਜਮਾਂ ਹੀ ਤੇਰੇ ਵਾਂਗੂ .!! ਬਿਜਲੀ ਦੀ ਇਸ ਗਰਜ ਨਾਲ ਬਾਕੀ ਸਭ ਸ਼ਕਤੀਸ਼ਾਲੀ ਦਾਅਵੇਦਾਰ ਪੱਥਰ ਉਤੇ ਹੱਸ ਰਹੇ ਸਨ, ਉਹਦਾ ਮਜ਼ਾਕ ਉਡਾ ਰਹੇ ਸਨ ਕਿ ਅਚਾਨਕ ਪੱਥਰ ਨੇ ਚੀਖ ਕੇ ਆਖਿਆ ਬਕਵਾਸ ਬੰਦ ਕਰੋ ਤੁਸੀਂ ਸਾਰੇ ਆਏ ਵੱਡੇ ਤਾਕਤਵਰ, ਲਉ ਮੈਂ ਇਕ ਨਿੱਕਾ ਜਿਹਾ ਪੱਥਰ ਸਭ ਤੋਂ ਵੱਧ ਤਾਕਤਵਰ ਹੋਣ ਦਾ ਦਾਅਵਾ ਕਰਦਾ ਹਾਂ.!! ਇਹ ਆਖ ਕੇ ਪੱਥਰ ਚੁਪ ਕਰ ਗਿਆ ਪਰ ਸਾਰੀ ਫਿਜ਼ਾ ਵਿੱਚ ਹਾਸੇ ਦੀ ਲਹਿਰ ਦੌੜ ਗਈ, ਲੈ ਦੱਸ ਇਹ ਮਰਿਆ ਜਿਹਾ, ਸਭ ਤੋਂ ਵੱਧ ਤਾਕਤਵਰ ਹਾਹਾਹਾਹਾ…..
ਹਾਂ , ਹਾਂ ਮੈਂ ਹਾਂ ਤਾਕਤਵਰ” ਪੱਥਰ ਨੇ ਗਰਜ ਕੇ ਆਖਿਆ ਆਜੋ ਮੈਂ ਦਿਖਾਉਂਦਾ ਹਾਂ ਕਿ ਮੈਂ ਹੀ ਤਾਕਤਵਰ ਹਾਂ, ਵੇਖੋ ਦੁਨੀਆਂ ਦੇ ਹਰ ਪਿੰਡ ਸ਼ਹਿਰ ਕਸਬੇ ਦੇਸ਼ ਵਿਚ ਸਿਰਫ ਮੈਂ ਹੀ ਹਾਂ ਜਿਸ ਅੱਗੇ ਇਨਸਾਨ ਮੱਥੇ ਟੇਕਦਾ ਹੈ, ਪੈਸੇ ਚੜਾਉਂਦਾ ਹੈ,
ਮੰਨਤਾਂ ਮੰਗਦਾ ਹੈ, ਵੇਖੋ ਸਭ ਤੋਂ ਵੱਧ ਭੀੜ ਕਿਥੇ ਹੈ,ਇਨਸਾਨ ਨੇ ਅੱਗ, ਪਾਣੀ, ਤੂਫ਼ਾਨ,ਹੜ੍ਹ ਤੋਂ ਬਚਣ ਵਾਸਤੇ ਹਰ ਹੀਲੇ ਵਸੀਲੇ ਪੈਦਾ ਕਰ ਲਏ ਨੇ , ਪਰ ਮੇਰੇ ਵਾਸਤੇ ਇਕ ਛੋਟੇ ਜਿਹੇ ਪੱਥਰ ਵਾਸਤੇ ਲੱਖਾਂ ਕਰੋੜਾਂ ਰੁਪਏ ਦੇ ਧਾਰਮਿਕ ਸਥਾਨ ਬਣਾ ਲਏ ਨੇ ,‌ ਸੋਨੇ ਚਾਂਦੀ ਅਤੇ ਹੀਰਿਆਂ ਦੇ ਹਾਰ ਕੀਹਦੇ ਵਾਸਤੇ ਸਿਰਫ ਮੇਰੇ ਵਾਸਤੇ, ਹੁਣ ਤੁਸੀਂ ਫੈਸਲਾ ਕਰੋ ਕਿ ਸਭ ਤੋਂ ਵੱਧ ਤਾਕਤਵਰ ਕੋਣ ਹੋਇਆ, ਇਹ ਸਭ ਕੁਝ ਵੇਖ ਕੇ ਸੁਣ ਕੇ ਸਭ ਨੇ ਪੱਥਰ ਅੱਗੇ ਹਥਿਆਰ ਸੁੱਟ ਦਿੱਤੇ ..!!
ਸਨੀ ਵਰਮਾ
ਪਿੰਡ ਚਕੋਹੀ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ
+916239815585

Leave a Reply

Your email address will not be published. Required fields are marked *