ਐਤਵਾਰ ਦਾ ਦਿਨ | aitvaar da din

ਐਤਵਾਰ ਵਾਲੇ ਦਿਨ ਥੋੜਾ ਲੇਟ ਉੱਠਣ ਕਰਕੇ , ਸਾਡੀ ਦੋਹਾਂ ਭੈਣਾਂ ਦੀ , ਰੰਗੋਲੀ “ਨੈਸ਼ਨਲ ਟੀ ਵੀ ਤੇ ਆਉਣ ਵਾਲਾ ਪ੍ਰੋਗਰਾਮ ਤਾਂ ਲੰਘ ਗਿਆ ਸੀ । ਇਸ ਤੋਂ ਬਾਅਦ ਆਉਣਾ ਸੀ “ ਕ੍ਰਿਸ਼ਨਾ” ਨੌ ਵਜੇ । ਬੱਸ ਫਿਰ ਕੀ ਸੀ , ਅਸੀਂ ਦੋਹੇਂ ਭੈਣਾਂ ਨੇ ਕੰਮ ਦੀ ਤਾਂ ਹਨੇਰੀ ਲਿਆ ਤੀ, ਵੱਡੀ ਨੇ ਕਮਰਿਆਂ ਚ” ਝਾੜੂ ਤੇ ਪੋਚਾ ਲਾਇਆ , ਤੇ ਮੈਂ ਵਿਹੜਾ ਸੁੰਵਰਿਆ, ਨਾਲੇ ਗਲ਼ੀ ਚ’ ਝਾੜੂ ਲਾਇਆ । ਫਿਰ ਦਲਾਨ ਚ” ਖੜ ਕੇ ਉੱਚੀ ਆਵਾਜ਼ ਨਾਲ ਵੱਡੀ ਭੈਣ ਜੱਸੂ ਨੂੰ ਪੁੱਛਿਆ , ਇਹ ਜੱਸੂ ਟਾਈਮ ਦੇਖੀਂ ਨੌਂ ਵੱਜ ਕੇ ਨਹੀ , ਉਹ ਬੋਲੀ ਨੀ , ਮੈਂ ਪਹਿਲਾਂ ਨਾਲੋਂ ਹੋਰ ਜ਼ਿਆਦਾ ਉੱਚੀ ਬੋਲੀ , ਦੱਸ ਦੇ ਭੈਣ ਬਣ ਕੇ , ਨੌ ਵੱਜੇ ਕਿ ਨਹੀਂ ।ਉੱਧਰੋਂ ਭੈਣ ਦੀ ਆਵਾਜ਼ ਆਈ , ਆਹੋ ਦੋ ਮਿੰਟ ਰਹਿ ਗਏ। ਮੈਂ ਦਲਾਨ ਚ” ਹੀ ਸੂਹਣ (ਝਾੜੂ) ਸੁੱਟੀ ਤੇ ਵਰਾਂਡੇ ਵੱਲ ਭੱਜ ਲਈ, ਜਿੱਥੇ ਟੀ ਵੀ ਪਿਆ ਸੀ । ਮੈਨੂੰ ਭੱਜੀ ਜਾਂਦੀ ਨੂੰ ਮੇਰੀ ਮਾਂ ਨੇ ਆਵਾਜ਼ ਦਿੱਤੀ , ਜਿਹੜੀ ਕਿ ਵਿਹੜੇ ਚ’ ਇੱਕ ਖੂੰਜੇ ਚ” ਬਣੇ ਹੋਏ ਚੁੱਲ੍ਹੇ ਤੇ ਰੋਟੀ ਬਣਾ ਰਹੀ ਸੀ , ਨੀ ਰਮਨੀਏ , ਨੀ ਛੋਟੀਏ , ਆਹ ਰੋਟੀ ਫੜਾ ਦੇ ਆਵਦੇ , ਪਾਪੇ ਨੂੰ , ਪਰ ਮੇਰੇ ਕੰਨ ਤੇ ਜੂੰ ਨੀ ਸਰਕੀ, ਮੈਂ ਅੱਗ ਦੇ ਵਰੋਲੇ ਵਾਂਗ , ਕੋਲ ਦੀ ਲੰਘ ਗਈ । ਅੰਦਰ ਜਾ ਕੇ ਦੇਖਿਆ , ਟੀ ਵੀ , ਪਹਿਲਾ ਹੀ ਚੱਲੀ ਜਾਂਦਾ ਸੀ , ਪਰ ਉਹਦੇ ਤੇ ਕਾਲੀਆਂ , ਚਿੱਟੀਆਂ , ਧਾਰੀਆਂ , ਤੇ ਉੱਚੀ – ਉੱਚੀ , ਸੁਰ -ਸੁਰ -ਸੁਰ , ਦੀ ਆਵਾਜ਼ , ਆਉਂਦੀ ਸੀ। ਮੈਂ ਵੱਡੀ ਨੂੰ ਕਿਹਾ ਮੈਂ ਕੋਠੇ ਤੇ ਜਾ ਕੇ “ਐਨਟੀਨਾ” ਸੈੱਟ ਕਰਦੀ ਆ ਤੇ ਤੂੰ ਦੱਸੀ , ਟੀ ਵੀ ਚੱਲਿਆ ਕਿ ਨਹੀਂ ,ਮੈਂ ਉੱਪਰ ਜਾ ਕੇ ਐਨਟੀਨਾ ,ਘੁਮਾਇਆ ਤੇ ਉੱਚੀ ਦੇਣੇ ਪੁੱਛਿਆ , ਇਹ ਟੀ ਵੀ ਚੱਲਿਆ ,ਤੇ ਫਿਰ ਜੱਸੂ ਦੀ ਆਵਾਜ਼ ਆਈ , ਨਹੀ ਹਾਲੇ ਨੀ , “ਹੋਰ ਘੁਮਾ , ਹੋਰ ਘੁੰਮਾਂ , “ ਉਹਏ ਆ ਗਿਆ , ਆ ਗਿਆ , ਆ ਗਿਆ , ਸੁਦਾਮਾ “ ਆ ਗਿਆ । ਮੈਂ ਜੋ ਹੀ ਅਨਟੀਨਾ ਛੱਡਿਆ , ਨਾਲ ਹੀ ਫਿਰ ਆਵਾਜ਼ ਆਈ, ਹਾਏ ਉੱਡ ਗਿਆ , ਉੱਡ ਗਿਆ , , ਮੈਂ ਫਿਰ ਐਨਟੀਨਾ ਘੁਮਾਇਆ ਤੇ ਮੇਰੀ ਵੱਡੀ ਭੈਣ , ਫਿਰ ਉੁੱਚੀ ਉੱਚੀ ਬੋਲੀ , ਆ ਗਿਆ ਕ੍ਰਿਸ਼ਨਾ , ਆ ਗਿਆ ਕ੍ਰਿਸ਼ਨਾ ,ਬੱਸ ਇੱਥੇ ਹੀ ਰੱਖੀ ਹਿਲਾਈ ਨਾ ਐਨਟੀਨਾ, ਇਹਨੇ ਨੂੰ ਸਾਡੀ ਮੰਮੀ ਦਾ ਪਾਰਾ ਹੋ ਗਿਆ , ਉਹ ਚੁੱਲ੍ਹੇ ਮੂਹਰਿਆਂ ਉੱਠੀ , ਤੇ ਆਵਦੇ ਖੱਬੇ ਪੈਰ ਚ “ ਚੱਪਲ ਲਾ ਕੇ , ਵੱਡੀ ਵੱਲ ਜੋਰ ਦੀ ਵਗਾਹ ਕੇ ਮਾਰੀ , ਤੇ ਉਹਦੇ ਜਾ ਕੇ ਗੱਲ ਤੇ ਵੱਜੀ , ਵੱਡੀ ਦੇ ਇਕਦਮ ਰੋਣ ਦੀ ਅਵਾਜ ਸੁਣ ਕੇ “ ਮੈਂ ਜਾਣ ਕੇ ਜੰਗਲੇ ਤੇ ਥੋੜਾ ਜਿਹਾ ਝੁੱਕ ਕੇ ਪੁੱਛਿਆ , ਜੱਸੂ ਕੀ ਹੋਇਆ , ਇਹਨੇ ਨੂੰ ਵਿਹੜੇ ਚ ਨਿੰਮ ਥੱਲੇ ਮੰਜੇ ਤੇ ਬੈਠੇ ਮੇਰੇ ਪਾਪਾ ਦੀ ਆਵਾਜ਼ , ਆਈ , ਆਜਾ ਹੁਣ ਤੂੰ ਵੀ ਥੱਲੇ “ ਉਹਦੇ ਤਾਂ ਵੱਜਿਆ ਕ੍ਰਿਸ਼ਨਾ ਦਾ ਚੱਕਰ , ਹੁਣ ਤੇਰੇ ਨਾਂ ਵੱਜ ਜੇ। ਤੇ ਮੈਂ ਉਥੇ ਹੀ ਕੋਠੇ ਤੇ ਖੜੀ ਨੇ ਮਨ ਹੀ ਮਨ ਸੋਚਿਆ , “ ਚੱਕ ਅੱਜ ਤਾਂ ਕ੍ਰਿਸ਼ਨਾ ਵੀ ਲੰਘ ਗਿਆ “।
ਦਮਨਦੀਪ ਕੌਰ ਸਿੱਧੂ

One comment

Leave a Reply

Your email address will not be published. Required fields are marked *