ਤਿੰਨ ਇੱਕੇ | tin ikke

ਅੱਜ ਮੇਰੇ 2017 ਮਾਡਲ ਨੀਲਾ ਕੁੜਤਾ ਤੇ ਦੁੱਧ ਧੁਲਿਆ ਚਿੱਟਾ ਪਜਾਮਾ ਤੇ ਉੱਤੇ ਓਕਟੇਵ 4799 ਐੱਮ ਆਰ ਪੀ ਵਾਲੀ ਜਾਕੇਟ ਪਾਈ ਹੋਈ ਸੀ। Sandeep Aneja Sunny ਵੱਲੋਂ ਸ਼ਾਮ ਦਾ ਡਿਨਰ ਓਮ ਹੋਟਲ ਵਿੱਚ ਕਰਨ ਦਾ ਉਚੇਚਾ ਸੱਦਾ ਸੀ ਤੇ ਬਸ ਦੋ ਅੰਕਾਂ ਵਿਚ ਹੀ ਮਹਿਮਾਨ ਬੁਲਾਏ ਗਏ ਸਨ। ਜਿਨਾਂ ਵਿਚੋਂ ਤਿੰਨ ਸਾਡੇ ਪਰਿਵਾਰ ਤੋਂ ਹੀ ਸਨ।
ਚਾਹੇ ਇਹ ਸੂਟ ਮੈਂ ਕਲ੍ਹ ਦਾ ਪਾਇਆ ਹੋਇਆ ਸੀ। ਭੋਰਾ ਵੀ ਮੈਲਾ ਨਹੀਂ ਸੀ। ਸਿਵਾਏ ਮਾੜੀ ਜਿਹੀ ਸਬਜ਼ੀ ਲਗੀ ਸੀ ਕਫ਼ ਤੇ। ਮੈਂ ਜਾਣ ਲਈ ਤਿਆਰ ਹੀ ਸੀ।
“ਮਖਿਆ ਕਪੜੇ ਬਦਲ ਲਵੋ। ਅਹ ਮੈਲੇ ਆ।” ਜੁਆਕਾਂ ਦੀ ਮਾਂ ਨੇ ਹੁਕਮ ਸੁਣਾਇਆ।
“ਨਹੀਂ ਮੈਥੋਂ ਨਹੀਂ ਬਦਲ ਹੋਣੇ। ਇਹੀ ਠੀਕ ਆ।” ਮੈਂ ਥੋੜਾ ਸਖਤੀ ਨਾਲ ਕਿਹਾ ਤੇ ਉਹ ਚੁੱਪ ਕਰ ਗਈ।
“ਪਾਪਾ ਆਹ ਕਪੜੇ ਪਾਕੇ ਜਾਣਗੇ ਪਾਰਟੀ ਚ। ਨਾ ਪਾਪਾ ਨਾ। ਬਦਲ ਲਵੋ। ਇਹ ਚੰਗੇ ਨਹੀਂ ਜੇ ਲਗਦੇ।” ਵੱਡੀ ਬੇਟੀ ਦੇ ਬੋਲਾਂ ਵਿੱਚ ਹੁਕਮ ਸੀ ਗੁੱਸਾ ਸੀ ਤੇ ਇੱਕ ਸਖ਼ਤ ਆਦੇਸ਼ ਵੀ ਸੀ।
“ਬੇਟਾ ਕਪੜੇ ਵਧੀਆ ਪਏ ਹਨ। ਅੱਧੇ ਘੰਟੇ ਦਾ ਫ਼ੰਕਸ਼ਨ ਹੈ। ਯਦੇ ਹੀ ਵਾਪਿਸ ਆ ਜਾਣਾ ਹੈ।” ਮੈਂ ਮਿੰਨਤ ਜਿਹੀ ਕੀਤੀ ਤੇ ਪੂਰੀ ਹਲੀਮੀ ਨਾਲ ਕਿਹਾ। ਉਹ ਨਾ ਚਾਹੁੰਦੀ ਹੋਈ ਵੀ ਚੁੱਪ ਕਰ ਗਈ।
“ਪਾਪਾ ਕੁੜਤੇ ਤੇ ਸਬਜ਼ੀ ਲੱਗੀ ਹੋਈ ਆ। ਭੈੜੀ ਲਗਦੀ ਆ। ਬਦਲ ਲੋਂ। ਕੋਈ ਕਾਹਲ ਨਹੀਂ। ਨਾਲ ਕੋਈ ਵਧੀਆ ਕੋਟ ਪਾ ਲਵੋ ਤੇ ਸਕੈਚਰ ਵਾਲੇ ਸੂਜ।” ਇਹ ਛੋਟੀ ਬੇਟੀ ਸੀ। ਉਸਨੇ ਤਾਂ ਫੈਸਲਾ ਸੁਣਾ ਦਿੱਤਾ। ਫਿਰ ਭਾਈ ਕਪੜੇ ਬਦਲੇ। ਨਵੀਂ ਜਾਕੇਟ ਤੇ ਸਕੈਚਰ ਦੇ ਬੂਟ ਪਾਏ। ਇੱਕ ਤੇ ਇੱਕ ਗਿਆਰਾਂ ਤਾਂ ਹੁੰਦੇ ਸੁਣੇ ਸੀ ਪਰ ਅੱਜ ਤਾਂ ਤਿੰਨੇ ਇੱਕੇ ਮਿਲਕੇ ਇੱਕ ਸੋ ਗਿਆਰਾਂ ਬਣ ਗਏ। ਜੋ ਇੱਕ ਸੇਵਾਮੁਕਤ ਬਜ਼ੁਰਗ ਤੇ ਭਾਰੀ ਪੈ ਗਏ। ਜੁਆਕਾਂ ਦੀ ਮਾਂ ਅੰਦਰੋਂ ਹੱਸਦੀ ਸੀ। ਹੁਣ ਵੀ ਨਾ ਬਦਲੋ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ

Leave a Reply

Your email address will not be published. Required fields are marked *