ਪਰਿਵਾਰ | parivaar

ਇਹ ਸਾਡਾ ਸਮਾਜ ਰਿਸਤਿਆਂ ਦੇ ਮੋਹ ਜਾਲ ਦੇ ਸਹਾਰੇ ਹੀ ਚਲਦਾ ਹੈ ।ਇਸ ਦਾ ਤਾਣਾ ਬਾਣਾ ਮੋਹ ਦੀਆਂ ਤੰਦਾ ਨਾਲ ਬੁਣਿਆ ਹੋਇਆ ਹੈ। ਤੇ ਇਹ ਮੋਹ ਹੀ ਸਾਡੇ ਰਿਸਤਿਆਂ ਦਾ ਅਧਾਰ ਹੈ। ਗੁੱਸੇ ਗਿਲੇ ਤੇ ਗਿਲੇ ਸਿ਼ਕਵੇ ਆਪਣੀ ਚਾਲ ਚਲਦੇ ਰਹਿੰਦੇ ਹਨ।ਇੱਕ ਲੜਕੀ ਅੋਰਤ ਦੇ ਰੂਪ ਵਿੱਚ ਇੱਕ ਧੀ ਭੈਣ ਭੂਆ ਦੇ ਤੋਰ ਤੇ ਰਿਸ਼ਤਿਆਂ ਨੂੰ ਨਿੱਘ ਬਖਸ਼ਦੀ ਹੈ ਦੂਜੇ ਪਾਸੇ ਮਾਂ ਤੇ ਪਤਨੀ ਦੇ ਰੂਪ ਵਿੱਚ ਵੀ ਆਪਣੇ ਫਰਜ ਪੂਰੇ ਕਰਦੀ ਹੈ। ਧੀਆਂ ਦਾ ਮਾਨ ਸਨਮਾਨ ਸਾਡੀ ਸਭਿਅਤਾ ਦਾ ਮੂਲ ਹਿੱਸਾ ਹੈ।
ਮੇਰੇ ਬਚਪਣ ਵਿੱਚ ਮੈ ਦੇਖਿਆ ਕਿ ਸਾਡੇ ਪਰਿਵਾਰ ਵਿੱਚ ਭੂਆ ਬਿਸ਼ਨੀ ਦੀ ਖਾਸ ਜਗਾਹ ਸੀ। ਸੱਤਰਾਂ ਨੂੰ ਟੱਪ ਚੁਕੀ ਭੂਆ ਬਿਸ਼ਨੀ ਮੇਰੇ ਦਾਦੇ ਦੀ ਭੂਆ ਸੀ ਜ਼ੋ ਸਾਡੇ ਪਿੰਡ ਤੇ ਸਾਡੇ ਘਰ ਦੇ ਨੇੜੇ ਹੀ ਰਹਿੰਦੀ ਸੀ। ਘਰ ਦਾ ਹਰ ਤਿਉਹਾਰ ਜਾ ਫੰਕਸ਼ਨ ਭੂਆ ਬਿਸ਼ਨੀ ਦੀ ਹਾਜਰੀ ਤੋ ਬਿਨਾ ਅਧੂਰਾ ਸਮਝਿਆ ਜਾਂਦਾ ਸੀ। ਪਾਠ,ਆਖੰਡ ਪਾਠ ਜਾ ਸਰਾਧਤੇ ਵਿਆਹ ਸ਼ਾਦੀ ਤੇ ਉਸ ਨੂੰ ਪਹਿਲ ਦੇ ਤੋਰ ਤੇ ਬੁਲਾਇਆ ਜਾਂਦਾ ਸੀ। ਉਸਦੇ ਘਰ ਆਲੇ ਦਾ ਨਾਉ ਸਾਵਨ ਸਿੰਘ ਸੀ ਪਰ ਮੋਹ ਤੇ ਇੱਜਤ ਨਾਲ ਸਾਰੇ ਉਸ ਨੂੰ ਬਾਬਾ ਸਾਉਣ ਹੀ ਆਖਦੇ ਸਨ। ਆਂਢ ਗੁਆਢ ਵਿੱਚ ਰਹਿਦਿਆਂ ਕਈ ਵਾਰੀ ਗੁਸੇ ਗਿਲੇ ਵੀ ਹੋ ਜਾਂਦੇ ਪਰ ਕਿਸੇ ਤਿੱਥ ਤਿਉਹਾਰ ਦੇ ਬਹਾਨੇ ਉਹਨਾ ਗੁੱਸੇ ਗਿਲਿਆਂ ਨੂੰ ਦੂਰ ਕਰ ਲਿਆ ਜਾਂਦਾ ਸੀ।
ਦਾਦੇ ਦੀਆਂ ਭੂਆਂ ਤੋ ਬਾਅਦ ਮੇਰੇ ਪਾਪਾ ਜੀ ਦੀਆਂ ਚਾਰੇ ਭੁਆਂ ਦਾ ਨੰਬਰ ਸੀ। ਭੁਆ ਸਾਵੋ। ਭੁਆ ਸੋਧਾ, ਭੁਆ ਭਗਵਾਨ ਕੁਰ ਤੇ ਭੁਆ ਰਾਜ ਕੁਰ। ਚਾਹੇ ਇਹਨਾ ਦੇ ਵਿਆਹ ਦੂਰ ਦੂਰ ਹੋਏ ਸਨ। ਪਰ ਇਹਨਾ ਦਾ ਆਉਣ ਜਾਣ ਲਗਾਤਾਰ ਬਣਿਆ ਰਹਿੰਦਾ ਸੀ। ਭੁਆ ਸਾਵੋ ਤੇ ਭੁਆ ਸੋਧਾ ਤਾਂ ਮਹੀਨਾ ਮਹੀਨਾ ਸਾਡੇ ਕੋਲ ਲਾ ਜਾਂਦੀਆਂ ਸਨ। ਉਹਨਾ ਦਾ ਇਸ ਘਰ ਨਾਲ ਮੋਹ ਹੀ ਇੰਨਾ ਸੀ ਕਿ ਉਹ ਕਦੇ ਓਪਰਾ ਹਿਸੂਸ ਨਹੀ ਸਨ ਕਰਦੀਆਂ ਤੇ ਬਚਪਨ ਦੀ ਤਰਾਂ ਹੀ ਚੁੱਲ੍ਹਾ ਚੌਕਾਂ ਸੰਭਾਲ ਲੈਦੀਆਂ ਸਨ। ਹਾਂ ਭੁਆ ਭਗਵਾਨ ਕੁਰ ਤੇ ਰਾਜ ਕੁਰ ਦੇ ਘਰਾ ਦਾ ਸਿਸਟਮ ਹੀ ਅਜਿਹਾ ਸੀ ਕਿ ਉਹ ਜਿਆਦਾ ਦੇਰ ਤੱਕ ਰਹਿ ਨਹੀ ਸੀ ਸਕਦੀਆਂ ਪਰ ਸਾਲ ਛਿਮਾਹੀ ਜਰੂਰ ਆਉਦੀਆਂ ਸਨ। ਤਿੱਥ ਤਿਉਹਾਰਾਂ ਦੇ ਮੋਕੇ ਤੇ ਉਹਨਾ ਨੰ ਉਥੇ ਹੀ ਸੰਭਾਲਿਆ ਜਾਂਦਾ ਸੀ। ਮੇਰੇ ਦਾਦਾ ਜੀ ਨੂੰ ਉਹ ਬਾਈ ਆਖਦੀਆਂ ਤੇ ਉਸ ਕੋਲੋ ਡਰਦੀਆਂ ਵੀ ਸਨ। ਮੇਰੇ ਪਾਪਾ ਦੇ ਚਾਰੇ ਫੁਫੱੜ ਮੇਰਾ ਦਾਦਾ ਜੀ ਦਾ ਬਹੁਤ ਸਤਿਕਾਰ ਕਰਦੇ ਸਨ।
ਮੇਰੀਆਂ ਦੋ ਹੀ ਭੂਆ ਸਨ। ਭੁਆ ਸਰੁਸਤੀ ਤੇ ਭੁਆ ਮਾਇਆ ਰਾਣੀ। ਤੇ ਮੇਰੇ ਪਾਪੇ ਹੁਰੀ ਦੋ ਭਰਾ ਸਨ। ਤੇ ਮੇਰੇ ਦਾਦੀ ਜੀ ਬਹੁਤ ਪਹਿਲਾ ਹੀ ਸਵਰਗ ਸੁਧਾਰ ਗਏ ਸਨ। ਸੋ ਘਰ ਨੂੰ ਸੰਭਾਲਣ ਦੀ ਪੂਰੀ ਜਿੰਮੇਦਾਰੀ ਮੇਰੀਆਂ ਭੂਆ ਦੇ ਸਿਰ ਤੇ ਹੀ ਸੀ। ਇਸੇ ਮਜਬੂਰੀ ਕਾਰਣ ਉਹਨਾ ਨੂੰ ਵਾਰੀ ਵਾਰੀ ਆਪਣੇ ਪੇਕੇ ਆਉਣਾ ਪੈਂਦਾ ਸੀ। ਸਾਲਾਂ ਸ਼ੱਧੀ ਉਹਨਾ ਦੀ ਨੇੜਤਾ ਪੇਕਿਆ ਨਾਲ ਬਰਕਰਾਰ ਰਹੀ। ਗਿਲੇ ਸਿ਼ਕਵੇ ਵੀ ਚਲਦੇ ਰਹੇ। ਪਰ ਤਾ ਜਿੰਦਗੀ ਮੇਰੇ ਦਾਦਾ ਜੀ ਨੇ ਤੇ ਪਾਪਾ ਨੇ ਰਿਸਤਿਆਂ ਦੀ ਡੋਰ ਨੂੰ ਟੁਟਣ ਨਾ ਦਿੱਤਾ। ਚਾਹੇ ਮੇਰੀਆਂ ਦੋਨੇ ਭੁਆ ਹੁਣ ਇਸ ਸੰਸਾਰ ਵਿੱਚ ਨਹੀ ਹਨ। ਪਰ ਉਹਨਾ ਦੇ ਪਰਿਵਾਰਾਂ ਨਾਲ ਸਾਡੇ ਸਬੰਧ ਬਹੁਤ ਸੁਖਾਵੇ ਹਨ। ਤੇ ਇਹ ਹੀ ਰਿਸ਼ਤਿਆਂ ਦੀ ਅਸਲੀ ਨਿੱਘ ਹੈ।
ਸਾਡੇ ਦੋ ਘਰਾਂ ਵਿੱਚ ਮੇਰੀ ਭੈਣ ਪਰਮਜੀਤ ਇੱਕੱਲੀ ਹੀ ਹੈ।ਤੇ ਜਿਸ ਘਰ ਵਿੱਚ ਲੋੜੀ ਮੰਗੀ ਦੀ ਬੇਟੀ ਹੋਵੇ ਉੲ ਹਮੇਸਾ ਲਾਡਲੀ ਹੁੰਦੀ ਹੈ । ਮੇਰੇ ਦਾਦਾ ਜੀ ਆਪਣੀ ਪੋਤਰੀ ਨੂੰ ਬਹੁਤ ਪਿਆਰ ਕਰਦੇ ਸਨ। ਤੇ ਇਸੇ ਤਰਾਂ ਮੇਰੇ ਪਾਪਾ ਜੀ ਤੇ ਚਾਚਾ ਜੀ ਵੀ ਮੇਰੀ ਭੈਣ ਦਾ ਬਹੁਤ ਮਾਣ ਕਰਦੇ ਸਨ । ਸਾਡੇ ਬੱਚੇ ਵੀ ਆਪਣੀ ਭੂਆ ਨੂੰ ਬਹੁਤ ਪਿਆਰ ਕਰਦੇ ਹਨ। ਧੀ ਭੈਣ ਤੇ ਭੂਆ ਦਾ ਨਾਤਾ ਆਪਣੀ ਮਸਤੀ ਚ ਚਲਿਆ ਆ ਰਿਹਾ ਹੈ।
ਸਾਡੇ ਦੋਹਾਂ ਭਰਾਵਾਂ ਦੇ ਕੋਈ ਧੀ ਨਹੀ ਹੈ। ਖੋਰੇ ਰੱਬ ਨੇ ਸਾਨੂੰ ਇਸ ਕਾਬਿਲ ਨਹੀ ਸਮਝਿਆ ।ਸਾਡੇ ਬੱਚੇ ਭੈਣ ਦੇ ਪਿਆਰ ਤੋ ਸੱਖਣੇ ਹਨ। ਪਰ ਮੇਰੇ ਚਾਚਾ ਜੀ ਦੀ ਪੋਤਰੀ ਤੇ ਮੇਰੀ ਭਾਣਜੀ ਇਸ ਕਮੀ ਨੂੰ ਪੂਰਾ ਕਰ ਰਹੀਆਂ ਹਨ । ਮੇਰੇ ਦਾਦਾ ਜੀ ਦੀ ਪੜਪੋਤੀ ਮਲਿਕਾ ਹਾਈ ਕੋਰਟ ਵਿੱਚ ਵਕੀਲ ਹੈ। ਇਸ ਤਰਾਂ ਧੀ ਧਿਆਣੀਆਂ ਦਾ ਦਾ ਮਾਣ ਸਾਡੇ ਪਰੀਵਾਰ ਵਿੱਚ ਮੁਡੋਂ ਚਲਿਆ ਆ ਰਿਹਾ ਹੈ। ਇਸ ਤਰਾਂ ਅੱਜ ਦੇ ਇਸ ਯੁੱਗ ਵਿੱਚ ਪਰਿਵਾਰ ਵਿੱਚ ਇੱਕ ਧੀ ਦਾ ਹੋਣਾ ਲਾਜ਼ਮੀ ਹੈ।ਇੱਕ ਧੀ ਤੇ ਇੱਕ ਪੁੱਤ ਦੇ ਪਰਿਵਾਰ ਨੂੰ ਸੁੰਤਲਿਤ ਪਰਿਵਾਰ ਦਾ ਦਰਜਾ ਦਿੱਤਾ ਗਿਆ ਹੈ। ਤੇ ਮੈ ਵੀ ਚਾਹੁੰਦਾ ਹਾਂ ਕਿ ਸਾਡੇ ਖਾਨਦਾਨ ਵਿੱਚ ਇੱਕ ਧੀ ਦੀ ਪ੍ਰਥਾ ਤਾਂ ਚਲਦੀ ਰਹੇ।

Leave a Reply

Your email address will not be published. Required fields are marked *