ਨਿੱਕੇ ਦਾ ਪਟਾਖਿਆਂ ਨਾਲ ਲੋਹੜੇ ਦਾ ਮੋਹ ਸੀ..ਦੀਵਾਲੀ ਤੋਂ ਚਿਰੋਕਣੇ ਪਹਿਲਾਂ ਇੱਕਠੇ ਕਰਨੇ ਸ਼ੁਰੂ ਕਰ ਦਿੰਦਾ..ਬਾਪੂ ਉਂਝ ਕਿਰਸੀ ਪਰ ਸਾਡੇ ਤੇ ਖੁੱਲ੍ਹਾ ਖਰਚ ਕਰਦਾ..ਮਾਂ ਨੱਕ ਬੁੱਲ ਵੱਟਦੀ..ਪਰ ਉਹ ਅੱਗਿਉਂ ਹੱਸ ਛੱਡਦਾ..!
ਫੇਰ ਚੜੇ ਸਾਲ ਉੱਠ ਗਿਆ..ਚੁੱਪ-ਚੁਪੀਤੇ..ਸਾਨੂੰ ਭੋਰਾ ਯਕੀਨ ਨਾ ਆਇਆ ਕਰੇ..ਅਠੱਤੀ ਸਾਲ ਦੇ ਤੇ ਕਈ ਅਜੇ ਵਿਆਹੇ ਹੀ ਜਾਂਦੇ ਨੇ..ਸਾਰੀ ਕਬੀਲਦਾਰੀ ਮੇਰੇ ਸਿਰ ਪੈ ਗਈ..ਮਾਂ ਸਭ ਕੁਝ ਲਈ ਮੈਨੂੰ ਹੀ ਆਖਦੀ..ਮੇਰੇ ਅੰਦਰ ਦਾ ਬਾਲਪਣ..ਕਿਸੇ ਕੰਮ ਦਾ ਚੇਤਾ ਭੁੱਲ ਜਾਂਦਾ ਤਾਂ ਮੰਦਾ ਚੰਗਾ ਆਖਦੀ..ਫੇਰ ਆਥਣੇ ਬੁੱਕਲ ਵਿੱਚ ਲੁਕੋ ਲੈਂਦੀ..ਰਿਸ਼ਤੇਦਾਰ ਸਾਕ ਸਬੰਦੀ ਸਭ ਆਪੋ ਆਪ ਵਿਚ ਰੁੱਝ ਗਏ..!
ਇਸ ਵੇਰ ਦਿਵਾਲੀ ਆਈ..ਪਰ ਚੁੱਪ ਚੁਪੀਤੀ..ਐਤਕੀਂ ਪਟਾਖੇ ਅੱਗੇ ਨਾਲੋਂ ਵੀ ਵੱਧ..ਮਾਂ ਕਮਲਿਆਂ ਵਾਂਙ ਤੁਰੀ ਫਿਰੇ..ਕਦੇ ਕੰਨਾਂ ਤੇ ਹੱਥ ਰੱਖ ਲੈਂਦੀ..ਅਖੀਰ ਸਿਰ ਪੀੜ ਦੇ ਪੱਜ ਆਪਣਾ ਸਿਰ ਚੁੰਨੀਂ ਨਾਲ ਘੁੱਟ ਕੇ ਬੰਨ ਪਿਛਲੇ ਅੰਦਰ ਲੰਮੀ ਪੈ ਗਈ..!
ਰੌਲੇ ਰੱਪੇ ਵਿਚ ਨਿੱਕਾ ਕਿਧਰੇ ਨਾ ਦਿਸਿਆ..ਅੱਚਵੀ ਜਿਹੀ ਲੱਗ ਤੁਰੀ..ਲੱਭਣ ਨਿੱਕਲ ਤੁਰਿਆ..ਅੱਧ ਫਰਲਾਂਘ ਹਟਵੇਂ ਇੱਕ ਬੰਬੀ ਦੇ ਚੁਬੱਚੇ ਦੇ ਨਾਲ ਲੱਗ ਬੈਠਾ ਉਤਾਂਹ ਵੱਲ ਵੇਖੀ ਜਾ ਰਿਹਾ ਸੀ..ਮੈਨੂੰ ਵੇਖ ਡਾਡਾਂ ਮਾਰ ਰੋ ਪਿਆ..ਅਖ਼ੇ ਵੀਰਿਆ ਅਸੀਂ ਹੁਣ ਕੱਲੇ ਰਹਿ ਗਏ..ਡਾਡ ਤੇ ਮੇਰੀ ਵੀ ਨਿਕਲ ਗਈ ਪਰ ਅੰਦਰੋਂ ਅੰਦਰ ਘੁੱਟ ਲਈ..ਵੱਡਾ ਜੂ ਸਾਂ..ਉਸਨੂੰ ਉਠਾਇਆ..ਗਲ਼ ਨਾਲ ਲਾਇਆ..ਫੇਰ ਆਖਿਆ ਕੱਲਾ ਕਿੱਦਾਂ ਕਮਲਿਆ ਮੈਂ ਜੂ ਹਾਂ ਤੇਰੇ ਨਾਲ..!
ਉਸ ਮਗਰੋਂ ਤਿੱਥ-ਤਿਓਹਾਰ ਤੇ ਕਦੇ ਵੀ ਕੱਲਾ ਨੀ ਛੱਡਿਆ..ਬਾਪੂ ਨੇ ਅਕਸਰ ਆਖਣਾ ਜਦੋਂ ਕੁਲ ਦੁਨੀਆ ਮੌਜਾਂ ਮਾਨਣ ਵਿੱਚ ਰੁੱਝੀ ਹੋਵੇ ਤਾਂ ਤੁਰ ਗਏ ਕੁਝ ਆਪਣੇ ਬਾਹਲੇ ਚੇਤੇ ਆਉਂਦੇ ਨੇ..!
ਹੁਣ ਸਮਝ ਲੱਗੀ..ਅੱਗੇ ਲੱਗਣ ਵਿੱਚ ਕਿੰਨਾ ਜ਼ੋਰ ਲੱਗਦਾ ਪਰ ਤਸੱਲੀ ਜਿਹੀ ਵੀ ਹੁੰਦੀ ਜਦੋਂ ਪਾਈਆਂ ਪੈੜਾਂ ਤੇ ਸੌਖਿਆਂ ਹੀ ਤੁਰੇ ਆਉਂਦੇ ਕਿੰਨੇ ਸਾਰੇ ਆਪਣੇ ਦਿਸਦੇ ਹੋਵਣ ਤਾਂ..!
ਹਰਪ੍ਰੀਤ ਸਿੰਘ ਜਵੰਦਾ