ਯਾਦਾਂ ਦੇ ਝਰੋਖੇ ਵਿੱਚੋਂ | yaada de jharokhe vichon

ਚਿੱਠੀ ਪੱਤਰ ਦੇ ਜਮਾਨੇ ਹੁਣ ਵਿਸਰੇ ਹੀ ਲਗਦੇ ਹਨ। ਸਭ ਕੁਝ ਫੋਨ ਉੱਤੇ ਹੀ ਹੈਲੋ-ਹਾਏ ਅਤੇ ਦੁੱਖ-ਸੁੱਖ ਪੁੱਛਿਆ ਜਾਂਦਾ ਹੈ। ਪਰ ਦਿਲ ਦੀਆਂ ਭਾਵਨਾਵਾਂ ਨੂੰ ਉਕਰਨ ਲਈ ਅੱਜ ਵੀ ਲਿਖਣ ਦੀ ਜਰੂਰਤ ਪੈ ਜਾਂਦੀ ਹੈ। ਇਹ ਪੱਤਰ ਮੇਰੀ ਲਾਡੋ ਰਾਣੀ ਦੇ ਨਾਮ।
ਪਿਆਰੀ ਨਾਜ਼,
ਕੀ ਹਾਲ ਹੈ ਤੇਰਾ?
ਬਹੁਤ ਪਿਆਰ ਮੇਰੀ ਜਾਨ।
ਅਸੀਂ ਸਭ ਵਧੀਆ ਹਾਂ। ਤੈਨੂੰ ਗੱਲ-ਗੱਲ ਨਾਲ ਯਾਦ ਕਰਦੇ ਰਹਿੰਦੇ ਹਾਂ। ਤੈਨੂੰ ਗਈ ਨੂੰ ਦੋ ਸਾਲ ਹੋ ਗਏ ਹਨ। ਇਹਨਾਂ ਦੋ ਸਾਲਾਂ ਵਿੱਚ ਇਕ ਦਿਨ ਤਾਂ ਕੀ ਇੱਕ ਪਲ਼ ਵੀ ਅਜਿਹਾ ਨਹੀਂ ਗਿਆ ਜਦ ਤੈਨੂੰ ਭੁਲੇ ਹੋਈਏ। ਤੇਰੀ ਹਰ ਚੀਜ਼ ਹਰ ਯਾਦ ਸਾਂਭੀ ਪਈ ਹੈ। ਤੈਨੂੰ ਅਕਸਰ ਹੀ ਯਾਦ ਕਰਦੇ ਰਹਿੰਦੇ ਹਾਂ। ਕਦੀ ਤੇਰੀਆਂ ਗੱਲਾਂ ਯਾਦ ਕਰਕੇ, ਕਦੀ ਤੇਰੀਆਂ ਨਿਆਣੀਆਂ ਹਰਕਤਾਂ ਨੂੰ ਯਾਦ ਕਰਕੇ ਖੁਸ਼ ਹੋ ਲੈਂਦੇ ਹਾਂ।
ਹੁਣ ਵੀ ਜਦੋਂ ਤੇਰੇ ਨਾਲ ਫ਼ੋਨ ‘ਤੇ ਗੱਲ ਕਰਦਿਆਂ ਜਦੋਂ ਕਦੀ ਤੇਰੀ ਅਵਾਜ਼ ਮੱਧਮ ਹੋਵੇ ਜਾਂ ਉੱਖੜੀ ਜਹੀ ਜਾਪੇ ਤਾਂ ਜਾਨ ਨਿਕਲ ਜਾਂਦੀ ਹੈ ਲਾਡੋ। ਤੈਨੂੰ ਕਿਵੇਂ ਦੱਸਾ, ਜਦੋਂ ਤੈਨੂੰ ਤੋਰਿਆ ਸੀ ਤਾਂ ਤੇਰੇ ਸਾਹਮਣੇ ਭਾਵੇਂ ਬਹੁਤ ਖੁਸ਼ ਰਹੀ,ਪਰ ਤੇਰੇ ਜਾਂਦੇ ਸਮੇਂ ਅੱਖਾਂ ਤੋਂ ਉਹਲੇ ਹੁੰਦਿਆ ਹੀ ਲੱਗਾ ਜਿਵੇਂ ਮੇਰੀ ਜਾਨ ਨਿਕਲ ਗਈ ਹੋਵੇ। ਉਸ ਦਿਨ ਮਹਿਸੂਸ ਹੋਇਆ ਕਿ ਮੇਰੇ ਮਾਪਿਆ ਨੂੰ ਵੀ ਇਵੇਂ ਹੀ ਹੁੰਦਾ ਹੋਵੇਗਾ।
ਜਦੋਂ ਹੋਸਟਲ ਜਾਂਦੀ ਸੀ ਤਾਂ ਮੇਰੇ ਡੈਡੀ ਜੀ ਕਿੰਨੀ ਦੂਰ ਤੱਕ ਜਾਂਦਿਆ ਮੈਨੂੰ ਵੇਖਦੇ ਰਹਿੰਦੇ। ਜਦੋਂ ਕਦੀ ਮਾਂ ਮੈਨੂੰ ਕਹਿੰਦੀ ਤੇਰਾ ਪਿਉ ਰੋ ਪੈਂਦਾ ਤੇਰੇ ਜਾਣ ਤੋਂ ਬਾਅਦ। ਤਾਂ ਮੈਂ ਝੱਟ ਕਹਿ ਦਿੰਦੀ, “ਇਹ ਐਵੇ ਪਾਖੰਡ ਹੁੰਦੇ ਹਨ। ਭਲਾ ਇਵੇਂ ਕਿਵੇਂ ਹੋ ਸਕਦਾ ਹੈ।” ਹੁਣ ਪਤਾ ਲੱਗਾ ਕਿ ਪਾਖੰਡ ਕੀ ਅਤੇ ਹਕੀਕਤ ਕੀ ਹੁੰਦੀ ਹੈ?
ਬੇਸ਼ੱਕ ਫੋਨ ਉੱਤੇ ਰੋਜ ਗੱਲਬਾਤ ਹੋ ਜਾਂਦੀ ਹੈ, ਪਰ ਘੁੱਟ ਕੇ ਸੀਨੇ ਨਾਲ ਲਾਉਣ ਦਾ ਸਵਾਦ ਨਹੀਂ ਆਉਂਦਾ। ਤੈਨੂੰ ਯਾਦ ਹੈ! ਜਾਣ ਤੋਂ ਪਹਿਲੀ ਰਾਤ ਤੂੰ ਕਿਵੇਂ ਮੇਰੇ ਨਾਲ ਘੁੱਟ ਕੇ ਜੱਫੀ ਪਾ ਕੇ ਸੁੱਤੀ ਸੀ।ਸਾਰੀ ਰਾਤ ਨਾ ਤੈਨੂੰ ਨੀਂਦ ਆਈ ਸੀ ਅਤੇ ਨਾ ਹੀ ਮੈਥੋਂ ਸੋ ਹੋਇਆ। ਬਾਰ-ਬਾਰ ਤੇਰੇ ਪੈਰਾਂ ਨੂੰ ਆਪਣੇ ਨਾਲ ਲਾ ਕੇ ਨਿੱਘੇ ਕਰਦੀ ਰਹੀ ਸੀ। ਕਦੀ ਸੋਚਦੀ ਸੀ ਇਸ ਨੂੰ ਤਾਂ ਅਜੇ ਕੰਮ ਕਰਨ ਦੀ ਜਾਂਚ ਨਹੀਂ ਹੈ। ਕੀ ਕਰੇਗੀ ਇਹ? ਕਿਵੇਂ ਰੋਟੀ ਪਕਾ ਕੇ ਖਾਵੇਗੀ।
ਇੱਥੇ ਤਾਂ ਜੇ ਮਨਪਸੰਦ ਸਬਜੀ ਨਾ ਬਣੀ ਹੁੰਦੀ ਤਾਂ ਰੋਟੀ ਨਹੀਂ ਸੀ ਖਾਦੀ। ਮੈਂ ਉਸੇ ਵੇਲੇ ਥੋੜਾ ਜਿਹਾ ਪਨੀਰ ਤੇਰੇ ਲਈ ਬਣਾ ਦਿੰਦੀ ਤਾਂ ਝੱਟ ਕਰਕੇ ਆ ਕੇ ਰੋਟੀ ਖਾ ਲੈਂਦੀ ਸੀ। ਕਦੀ ਸੋਚਦੀ ਇਸਦਾ ਕੌਣ ਖ਼ਿਆਲ ਰੱਖੂ? ਕਿਵੇਂ ਰਹੇਗੀ ਇਹ? ਪਰ ਸਮਾਂ ਅਤੇ ਹਾਲਾਤ ਬਹੁਤ ਬਲਵਾਨ ਹੁੰਦੇ ਹਨ ਲਾਡੋ!! ਸਿਰ ਪਈਆ ਸਭ ਨੂੰ ਸਮਝਦਾਰ ਅਤੇ ਜ਼ਿੰਮੇਦਾਰ ਬਣਾ ਹੀ ਦਿੰਦੀਆਂ ਹਨ। ਹੁਣ ਸਿਆਣੀ ਹੋ ਹੀ ਗਈ ਮੇਰੀ ਲਾਡੋ। ਕਈ ਵਾਰ ਤਾਂ ਲਗਦਾ ਜਿਵੇਂ ਛੇਤੀ ਹੀ ਵੱਡੀ ਤੇ ਸਿਆਣੀ ਹੋ ਗਈ ਹੋਵੇ। ਹੁਣ ਸਾਰੇ ਕੰਮ ਆਪੇ ਕਰਦੀ ਹੈ।
ਸਵੇਰੇ ਜਦੋਂ ਪੁੱਤ ਲਈ ਦੁੱਧ ਦਾ ਗਲਾਸ ਲੈ ਕੇ ਜਾਂਦੀ ਹਾਂ ਤਾਂ ਤੈਨੂੰ ਵੀ ਯਾਦ ਕਰਦੀ ਹਾਂ। ਸੋਚਦੀ ਹਾਂ ਜਦੋਂ ਮਿਲੇਗੀ ਤੈਨੂੰ ਰੱਜ ਕੇ ਦੁੱਧ ਪਿਆਵਾਗੀ। ਤੇਰੀ ਪਸੰਦ ਦੀ ਪਨੀਰ ਦੀ ਭੁਰਜੀ ਬਣਾਵਾਂਗੀ। ਜਿਵੇਂ ਪਹਿਲਾਂ ਚੁੱਪ ਚੁਪੀਤੇ ਪਨੀਰ ਭੁਰਜੀ ਬਣਾ ਕੇ ਤੇਰੇ ਸਾਹਮਣੇ ਰੋਟੀ ਪਾ ਕੇ ਰੱਖ ਦਿੰਦੀ ਸੀ, ਤਾਂ ਹੱਸ ਕੇ ਚੁੱਪ-ਚੁਪੀਤੇ ਰੋਟੀਆਂ ਢਿੱਡ ਭਰ ਕੇ ਖਾ ਲੈਂਦੀ ਸੀ। ਜਦ ਕਿ ਪਹਿਲਾਂ ਸਬਜ਼ੀ ਵੇਖ ਕੇ ਸਾਫ਼ ਮੁਕਰ ਜਾਂਦੀ ਸੀ ਕਿ ਮੈਨੂੰ ਤਾਂ ਭੁੱਖ ਹੀ ਨਹੀਂ ਲੱਗੀ।
ਤੇਰਾ ਹਮੇਸ਼ਾਂ ਪਾਪਾ ਦੀ ਸਾਈਡ ਲੈਣਾ ਤਾਂ ਆਮ ਜਹੀ ਗੱਲ ਹੈ। ਜਦ ਕਦੀ ਮੈਂ ਸ਼ਿਕਾਇਤ ਕਰਾਂ, ਕਿ ਤੇਰੇ ਪਾਪਾ ਇੰਝ ਕਹਿੰਦੇ ਹਨ, ਤਾਂ ਤੇਰਾ ਇੱਕ ਹੀ ਰਟਿਆ ਰਟਾਇਆ ਜਵਾਬ ਹੁੰਦਾ, “ਮੇਰੇ ਪਾਪਾ ਨੂੰ ਕੁਝ ਨਾ ਕਿਹਾ ਕਰੋ। ਤੁਸੀਂ ਮਾਂ-ਪੁੱਤ ਹੋ ਤੇ ਮੇਰੇ ਪਾਪਾ ਵਿਚਾਰੇ ਇਕੱਲੇ।” ਤੇਰੇ ਪਿਆਰੇ ਬੋਲ ਸੁਣ ਕੇ ਤੇਰੇ ਪਾਪਾ ਬਾਗ਼ੋਂ ਬਾਗ਼ ਹੋ ਜਾਂਦੇ ਅਤੇ ਬੜੇ ਫ਼ਖਰ ਨਾਲ ਕਹਿੰਦੇ, “ਵੇਖਿਆ ਮੇਰੀ ਧੀ ਹੀ ਮੇਰੀ ਸਾਈਡ ਲੈਂਦੀ ਹੈ। ਮੇਰਾ ਸੋਹਣਾ ਪੁੱਤ।” ਤੁਸੀਂ ਪਿਉ-ਧੀ ਇੱਕ ਪਾਸੇ ਅਤੇ ਅਸੀਂ ਮਾਂ-ਪੁੱਤ ਇੱਕ ਪਾਸੇ ਹੁੰਦੇ। ਇਵੇਂ ਹੀ ਹੱਸਦਿਆਂ ਦਿਨ ਨਿਕਲੀ ਜਾਂਦੇ ਹਨ। ਪਰ ਤੈਨੂੰ ਮਿਲ ਕੇ ਸੀਨੇ ਨਾਲ਼ ਲਾਉਣ ਦੀ ਖਾਹਿਸ਼ ਬਰਕਰਾਰ ਰਹਿੰਦੀ ਹੈ ਲਾਡੋ!!!
ਮੈਂ ਇਹ ਪੱਤਰ ਤੈਨੂੰ ਉਦਾਸੀ ਜਾਂ ਨਿਰਾਸ਼ਤਾ ਵਿੱਚ ਨਹੀਂ ਲਿਖ ਰਹੀ। ਤੇਰੀ ਖੁਸ਼ੀ ਵਿੱਚ ਹੀ ਸਾਡੀ ਸਾਰਿਆਂ ਦੀ ਖੁਸ਼ੀ ਹੈ। ਸਿਰਫ਼ ਮਾਂ ਆਪਣੇ ਜ਼ਜਬਾਤ ਲਿਖ ਰਹੀ ਹੈ। ਕੁਝ ਪਿਆਰ ਦੀਆਂ ਯਾਦਾਂ ਲਿਖ ਰਹੀ ਹਾਂ। ਤੈਨੂੰ ਹਮੇਸ਼ਾਂ ਖੁਸ਼ ਅਤੇ ਕਾਮਯਾਬ ਦੇਖਣ ਦੀ ਚਾਹ ਹੈ। ਜਿੱਥੇ ਵੀ ਰਹੇ ਲਾਡੋ ਸਦਾ ਹੱਸਦੀ ਮੁਸਕਰਾਉਂਦੀ ਰਹੇ। ਸਦਾ ਚੜ੍ਹਦੀ ਕਲਾ ਵਿੱਚ ਰਹੇ। ਪਰਮਾਤਮਾ ਦੀ ਮਿਹਰ ਸਦਾ ਬਣੀ ਰਹੇ। ਜ਼ਿੰਦਗੀ ਵਿੱਚ ਖ਼ੂਬ ਤਰੱਕੀਆਂ ਕਰੋ। ਸਾਡੀਆਂ ਢੇਰ ਸਾਰੀਆਂ ਦੁਆਵਾਂ ਅਤੇ ਪਿਆਰ ਤੇਰੇ ਨਾਲ਼ ਸਦਾ ਹਨ ਲਾਡੋ! ਜਿੱਥੇ ਵੀ ਰਹੇ ਤਰੱਕੀਆਂ ਕਰੇ। ਬਹੁਤ ਪਿਆਰ ਸਾਡੀ ਸਾਰਿਆ ਦੀ ਜਾਨ!! 💞
ਪਰਵੀਨ ਕੌਰ ਸਿੱਧੂ
8146536200

One comment

  1. ਲਿਖਤ ਪ੍ਰਵਾਨਗੀ ਲਈ ਬਹੁਤ ਬਹੁਤ ਸ਼ੁਕਰੀਆ ਅਤੇ ਸਤਿਕਾਰ ਜੀਉ।

Leave a Reply

Your email address will not be published. Required fields are marked *