ਅਦਬ | adab

“ਉਂਜ ਇਹ ਜਿਹੜੇ ਮੁੰਡੇ ਰੇਹੜੀਆਂ ਹੋਟਲਾਂ ਚ ਕੰਮ ਕਰਦੇ ਹੁੰਦੇ ਹਨ। ਸਾਨੂੰ ਇਹਨਾਂ ਨਾਲ ਅਦਬ ਨਾਲ ਗੱਲ ਕਰਨੀ ਚਾਹੀਦੀ ਹੈ। ਇਹਨਾਂ ਗਰੀਬ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ।” ਅੱਜ ਜਦੋਂ ਅਸੀਂ ਅਜੈ ਵਿਜੈ ਦੀ ਰੇਹੜੀ ਤੋਂ ਟਿੱਕੀ ਖਾਣ ਗਏ ਤਾਂ ਮੈਂ ਆਪਣੀ ਬੇਗਮ ਨੂੰ ਸੁਭਾਇਕੀ ਹੀ ਕਿਹਾ।
“ਪਰ ਆਪਾਂ ਤਾਂ ਕਦੇ ਕਿਸੇ ਨੂੰ ਗਲਤ ਨਹੀਂ ਬੋਲੇ। ਆਪਣੀ ਤਾਂ ਗਲਤ ਬੋਲਣ ਦੀ ਆਦਤ ਹੀ ਨਹੀਂ।” ਉਸਨੇ ਮੇਰੀ ਗੱਲ ਕੱਟਦੇ ਹੋਏ ਕਿਹਾ। ਉਂਜ ਵੀ ਸਾਡੀ ਦੋਨਾਂ ਦੀ ਆਦਤ ਹੈ ਅਸੀਂ ਕਿਸੇ ਨੂੰ ਗਲਤ ਨਹੀਂ ਬੋਲਦੇ।
“ਬਹੁਤੇ ਲੋਕ ਇਹਨਾਂ ਮੁੰਡਿਆਂ ਨੂੰ ਡਾਂਟਦੇ ਹਨ। ਓਏ, ਤੂੰ, ਤੜੱਕ ਕਰਦੇ ਹਨ। ਉੱਚੀ ਬੋਲਕੇ ਇਹਨਾਂ ਤੇ ਗੁੱਸਾ ਕੱਢਦੇ ਹਨ। ਪਤਾ ਨਹੀਂ ਕਿਉਂ ਉਹਨਾਂ ਨੂੰ ਇਹਨਾਂ ਗਰੀਬਾਂ ਤੇ ਤਰਸ ਨਹੀਂ ਆਉਂਦਾ।” ਮੈਂ ਆਪਣੀ ਗੱਲ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ।
“ਕਿਉਂ ਨਾ ਥੋੜਾ ਜਿਹਾ ਛੋਲੂਆ ਲੈ ਲਈਏ।” ਜਦੋ ਸਾਡੀ ਗੱਡੀ ਫਾਟਕ ਕਰਾਸ ਕੀਤੀ ਤਾਂ ਰੇਲਵੇ ਦੀ ਕੰਧ ਨਾਲ ਭੁੰਜੇ ਬੈਠੇ ਛੋਲੂਆ ਵੇਚਦੇ ਬਜ਼ੁਰਗਾਂ ਨੂੰ ਵੇਖਕੇ ਉਸਨੇ ਮੈਨੂੰ ਕਿਹਾ।
“ਪਾਈਆ ਛੋਲੂਆ ਕਿੰਨੇ ਦਾ ਹੈ।” ਮੇਰੇ ਗੱਡੀ ਰੋਕਦੇ ਹੀ ਉਸਨੇ ਛੋਲੂਆ ਵੇਚ ਰਹੀ ਇੱਕ ਸੱਠ ਸੱਤਰ ਸਾਲਾਂ ਦੀ ਬੁੱਢੀ ਔਰਤ ਨੂੰ ਪੁੱਛਿਆ।
“ਬੇਟਾ ਪੰਜਾਹ ਰੁਪਏ ਦਾ।” ਉਸ ਬਜ਼ੁਰਗ ਔਰਤ ਨੇ ਬੜੇ ਅਦਬ ਨਾਲ ਜਬਾਬ ਦਿੱਤਾ। ਮੈਂ ਉਸਨੂੰ ਪਾਈਆ ਛੋਲੂਆ ਦੇਣ ਦਾ ਕਹਿਕੇ ਦੋ ਸੌ ਦਾ ਨੋਟ ਦੇ ਦਿੱਤਾ।
“ਆਹ ਲਓ ਬੇਟਾ ਡੇਢ ਸੌ ਰੁਪਿਆ।” ਉਸਨੇ ਛੋਲੂਏ ਵਾਲਾ ਲਿਫਾਫਾ ਤੇ ਬਕਾਇਆ ਦਿੰਦੀ ਹੋਈ ਨੇ ਮੈਨੂੰ ਕਿਹਾ। ਮੈਨੂੰ ਲੱਗਿਆ ਇਹ ਕਿੰਨੇ ਅਦਬ ਨਾਲ ਬੋਲਦੇ ਹਨ। ਉਸਦਾ ਮੈਨੂੰ ਬੇਟਾ ਕਹਿਕੇ ਬਲਾਉਣਾ ਮੇਰੇ ਮਨ ਨੂੰ ਛੂ ਗਿਆ। ਮੈਨੂੰ ਮੇਰੀ ਸਾਫ ਸੋਚ ਦਾ ਤਰੁੰਤ ਹੀ ਫਲ ਮਿਲ ਗਿਆ।
ਊਂ ਗੱਲ ਆ ਇੱਕ।

।#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *