ਮਾਸਟਰ ਸਾਈਕਲ ਤੇ ਆਸ਼ਕੀ | master cycle te ashiqui

ਨਿਰਣੇ ਨਿਰਣੇ ਕਾਲਜੇ।
ਸਾਡੇ ਪਿੰਡੇ ਦਾ ਹੀ ਇੱਕ ਮਾਸਟਰ ਜੀ ਜਦੋ ਸ਼ਾਮੀ ਸਾਈਕਲ ਤੇ ਖੇਤੋਂ ਪੱਠੇ ਲੈਣ ਜਾਂਦਾ ਤਾਂ ਉਹ ਸਾਡੇ ਗੁਆਂਢ ਵਿੱਚ ਕਿਸੇ ਦੇ ਘਰੇ ਰਹਿੰਦੀ ਸਾਡੇ ਹੀ ਸਕੂਲ ਦੀ ਇੱਕ ਭੈਣ ਜੀ ਕੋਲ ਘੰਟਾ ਘੰਟਾ ਬੈਠਾ ਗੱਲਾਂ ਮਾਰਦਾ ਰਹਿੰਦਾ। ਫਿਰ ਹੋਲੀ ਹੋਲੀ ਉਹ ਖੇਤੋਂ ਵਾਪਿਸੀ ਵੇਲੇ ਵੀ ਓਥੇ ਹੀ ਬੈਠਣ ਲੱਗ ਪਿਆ। ਭੈਣ ਜੀ ਦੀ ਵੀ ਵਿਆਹ ਦੀ ਉਮਰ ਲੰਘ ਚੁਕੀ ਸੀ। ਸਾਡੀ ਟੱਪੂ ਸੈਨਾ ਬਾਹਰ ਖੜੀ ਵੇਖਦੀ ਤੇ ਸਾੜਾ ਜਿਹਾ ਕਰਦੀ। ਭੈਣ ਜੀ ਉਸਨੂੰ ਵੀਰਜੀ ਵੀਰਜੀ ਆਖਦੀ ਜਿਵੇ ਆਮ ਤੌਰ ਤੇ ਸਰਕਾਰੀ ਟੀਚਰਾਂ ਭੈਣ ਜੀਆਂ ਆਖਦੀਆਂ ਹਨ। ਹੋਲੀ ਹੋਲੀ ਵੇਹੜੇ ਦੀਆਂ ਬੁੜੀਆਂ ਵੀ ਘੁਸਰ ਮੁਸਰ ਕਰਨ ਲੱਗੀਆਂ। ਪਰ ਓਹ ਬੇਪ੍ਰਵਾਹ ਸਨ। ਇੱਕ ਦਿਨ ਅਸੀਂ ਸਕੀਮ ਬਣਾ ਕੇ ਉਸਦੇ ਸਾਈਕਲ ਦਾ ਵਾਲ ਢਿੱਲਾ ਕਰ ਦਿੱਤਾ। ਤੇ ਜਦੋਂ ਉਸ ਨੇ ਸਾਈਕਲ ਪੇਂਚਰ ਹੋਇਆ ਵੇਖਿਆ ਤਾਂ ਸਾਡੇ ਘਰੋਂ ਪੰਪ ਮੰਗਵਾ ਕੇ ਟਿਊਬ ਵਿੱਚ ਹਵਾ ਭਰ ਲਈ। ਉਸ ਦਿਨ ਸਾਡੀ ਸਕੀਮ ਬਹੁਤੀ ਕਾਮਜਾਬ ਨਾ ਹੋਈ। ਫਿਰ ਅਗਲੇ ਦਿਨ ਅਸੀਂ ਦੋਹਾਂ ਚੱਕਿਆ ਦੇ ਵਾਲ ਢਿੱਲੇ ਕਰ ਦਿੱਤੇ ਪਰ ਮਾਸਟਰ ਜੀ ਨੇ ਕੱਚੀ ਜਿਹੀ ਹਾਸੀ ਹੱਸਦੇ ਹੋਏ ਨੇ ਫਿਰ ਹਵਾ ਭਰ ਲਈ ਤੇ ਖੇਤ ਚਲਾ ਗਿਆ। ਸਾਡੇ ਮਨ ਨੂੰ ਫਿਰ ਵੀ ਬਹੁਤਾ ਸਕੂਨ ਨਾ ਮਿਲਿਆ। ਉਸਤੋਂ ਅਗਲੇ ਦਿਨ ਮੇਰਾ ਦੋਸਤ ਆਪਣੇ ਬਸਤੇ ਚੋ ਪਰਕਾਰ ਲੈ ਆਇਆ ਤੇ ਉਸਨੇ ਦੋਹਾਂ ਟਾਇਰਾਂ ਤੇ ਤਾਬੜ ਤੋੜ ਹਮਲੇ ਕੀਤੇ। ਜਿਵੇ ਅਜੈ ਦੇਵਗਨ ਕਿਸੇ ਫਿਲਮ ਚ ਮਸ਼ੀਨ ਗੰਨ ਚਲਾਉਂਦਾ ਹੈ। ਉਸ ਦਿਨ ਤਾਂ ਮਾਸਟਰ ਜੀ ਦੇ ਸਾਈਕਲ ਤੇ ਪੰਪ ਨੇ ਵੀ ਕੰਮ ਨਾ ਕੀਤਾ। ਤੇ ਉਹ ਸਮਝ ਗਿਆ। ਤੇ ਖੇਤ ਜਾਣਾ ਕੈਂਸਲ ਕਰ ਦਿੱਤਾ।
ਪਰ ਧੰਨ ਉਸ ਆਸ਼ਿਕ ਦੇ ਅਗਲੇ ਦਿਨ ਤੋਂ ਉਹ ਆਉਂਦਾ ਜਾਂਦਾ ਆਪਣਾ ਸਾਈਕਲ ਉਸ ਬੈਠਕ ਦੇ ਸਾਹਮਣੇ ਦਰਵਾਜੇ ਚ ਹੀ ਖੜ੍ਹਾ ਕਰਨ ਲੱਗ ਪਿਆ। ਪਰ ਹੁਣ ਉਸਦੀ ਨਜ਼ਰ ਭੈਣਜੀ ਜੀ ਵੱਲ ਘੱਟ ਤੇ ਸਾਈਕਲ ਵੱਲ ਵੱਧ ਹੁੰਦੀ ਸੀ।
ਫਿਰ ਜਦੋ ਗੱਲ ਪਿੰਡ ਸਕੂਲ ਤੇ ਘਰਾਂ ਵਿੱਚ ਘੰਮ ਗਈ ਤਾਂ ਮਾਸਟਰ ਜੀ ਨੇ ਖੇਤ ਜਾਣ ਵਾਲਾ ਰੂਟ ਹੀ ਬਦਲ ਲਿਆ। ਤੇ ਸਕੂਲ ਟਾਈਮ ਵਿੱਚ ਹੀ ਰਾਮ ਰਵਈਆ ਕਰਕੇ ਹੀ ਸਾਰ ਲੈਂਦਾ। ਕਹਿੰਦੇ ਇਸ਼ਕ ਤੇ ਖੰਘ ਛੁਪਾਇਆ ਨਹੀ ਛੁਪਦੇ ਇਹਨਾਂ ਤੋਂ ਪਰਹੇਜ ਕੀਤਾ ਜਾ ਸਕਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
9876627233

Leave a Reply

Your email address will not be published. Required fields are marked *