ਕੱਲ ਨੋਇਡਾ ਲਈ ਗੱਡੀ ਵਿੱਚ ਸਮਾਨ ਲੋਡ ਕਰ ਰਹੇ ਸੀ। ਬੇਟੇ ਨੇ ਬਥੇਰਾ ਕਿਹਾ ਡੈਡੀ ਜੀ ਤੁਸੀਂ ਆਰਾਮ ਨਾਲ ਬੈਠ ਜਾਓ। ਅਸੀਂ ਆਪੇ ਪੈਕਿੰਗ ਕਰ ਲਵਾਂਗੇ। ਪਰ ਬਜ਼ੁਰਗੀ ਵਾਲਾ ਕੀੜਾ ਕਾਹਨੂੰ ਟਿਕਣ ਦਿੰਦਾ ਹੈ। ਆਪੇ ਜਾਕੇ ਆਪਣੀਆਂ ਚੱਪਲਾਂ ਵੇਖਣ ਲੱਗ ਪਿਆ। ਫਰਸ਼ ਦੀ ਢਲਾਣ ਤੋਂ ਫਿਸਲ ਗਿਆ। ਰੀੜ ਦੀ ਹੱਡੀ ਦੇ ਮਣਕੇ ਹਿੱਲ ਗਏ।
ਝਿੜਕਾਂ ਅਲੱਗ ਪਈਆਂ।
ਸਾਰੀ ਰਾਤ ਨਾ ਸੋ ਸਕਿਆ ਦਰਦ ਨੇ ਭੂਆ ਭੂਆ ਕਰਵਾ ਦਿੱਤੀ।
ਬੱਚਿਆਂ ਨੂੰ ਸਾਡੀ ਦਖਲ ਅੰਦਾਜ਼ੀ ਪਸੰਦ ਨਹੀਂ । ਉਹ ਕਹਿੰਦੇ ਤੁਸੀਂ ਹੁਕਮ ਕਰੋ ਕਿ ਕੀ ਕਰਨਾ ਹੈ। ਇਸ ਗੱਲ ਤੇ ਬਜਿਦ ਨਾ ਕਰੋ ਕਿ ਕਿਵੇਂ ਕਰਨਾ ਹੈ। ਪਰ ਅਸੀਂ ਕਿੰਤੂ ਪ੍ਰੰਤੂ ਇੰਜ ਉਂਜ ਕਰਦੇ ਹਾਂ। ਤੇ ਉਹ ਚਿੜ੍ਹ ਜਾਂਦੇ ਹਨ। ਫਿਰ ਗਰਮ ਬੋਲਦੇ ਹਨ । ਤੇ ਇਸੇ ਤਰਾਂ ਅਸੀਂ ਵੀ ਆਪਣੇ ਮੰਮੀ ਪਾਪਾ ਦੀ ਦਖਲ ਅੰਦਾਜ਼ੀ ਨੂੰ ਪਸੰਦ ਨਹੀਂ ਸੀ ਕਰਦੇ। ਓਹਨਾ ਨੂੰ ਭੱਜਕੇ ਪੈਂਦੇ ਸੀ। ਉਦੋਂ ਅਸੀਂ ਜਵਾਨੀ ਵਿਚ ਪੈਰ ਰੱਖ ਰਹੇ ਸੀ ਤੇ ਉਹ ਬੁਢਾਪੇ ਵੱਲ ਕਦਮ ਵਧਾ ਰਹੇ ਸਨ।
ਮੇਰੇ ਵੱਲੋਂ ਕੀਤੀ ਦਖਲ ਅੰਦਾਜ਼ੀ ਨੇ ਨਵੀਂ ਮੁਸੀਬਤ ਪੈਦਾ ਕਰ ਦਿੱਤੀ। ਹੁਣ ਕਈ ਦਿਨ ਹਲਦੀ ਵਾਲਾ ਦੁੱਧ ਪੀਣਾ ਪਵੇਗਾ। ਪੇਨ ਕਿਲਰ, ਐਕਸਰੇ, ਮਾਲਿਸ਼ ਦਾ ਦੌਰ ਚੱਲੂ। ਪੁਰਾਣੀ ਬੈਲਟ ਵੀ ਵਰਤਣੀ ਪਵੇਗੀ।
ਓਹੀ ਗੱਲ ਹੋ ਗਈ ਆ ਬੈਲ ਮੁਝੇ ਮਾਰ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ