ਇਸ਼ਕ ਭਾਗ 3 | ishq part 3

“ਚੱਲ ਦਿਲਾਂ ਉਥ੍ਹੇ ਚੱਲੀਏ ਜਿੱਥੇ ਆਵੇ ਤੈਨੂੰ ਚੈਨ

ਹਾਸਾ ਸੁਣ ਰੂਹ ਠਰ ਜੇ , ਮਿਲੇ ਨੈਣ ਨਾਲ ਨੈਣ ”

ਕਾਲੀ ਰਾਤ ਬੀਤ ਚੁੱਕੀ ਸੀ ਤੇ ਸੱਜਰੀ ਸੇਵਰ ਬੂਹੇ ਅੱਗੇ ਆ ਖਲੋਤੀ ਸੀ , ਪਿਹਲੀ ਸਵੇਰ ਦੀ ਪਿਹਲੀ ਰੋਸ਼ਨਾਈ ਚ ਬੰਸੀ ਨ੍ਹਾ ਕੇ ਗੁਰਦਵਾਰੇ ਵੱਲ ਤੁਰੀ ਜਾ ਰਹੀ ਸੀ , ਇੰਜ ਲੱਗਦਾ ਸੀ , ਅੱਧਾ ਪਿੰਡ ਸਵੇਰ ਸਿਰਫ ਓਸੇ ਦੇ ਦੀਦਾਰ ਲਈ , ਆਪਣੀ ਨਿੰਦਰ ਨਾਲ ਕੁੱਟੀ ਕਰ ਕੇ ਉਸਦੇ ਰਾਹ ਅੱਗੇ ਖੋਲਤਾ ਹੁੰਦਾ ਏ , ਬੰਸੀ ਨੇ ਅੱਜ ਤਕ ਕਿਸੇ ਨੂੰ ਅੱਖ ਚੁੱਕ ਨੇ ਨਹੀਂ ਵੇਖਿਆ ਸੀ , ਪਰ ਅੱਜ ਉਸਦੀਆਂ ਅੱਖਾਂ , ਰਾਹ ਨੂੰ ਨਹੀਂ ਰਾਹੀਆਂ ਨੂੰ ਦੇਖ ਰਹੀਆਂ ਸਨ , ਗੁਲਾਬੀ ਸੇਵਰ ਜਿਹਾ ਕਾਸ਼ਨੀ ਦੁੱਪਟਾ ਤੇ ਉਸ ਵਿਚੋਂ ਵਹਿੰਦੀਆਂ ਦੋ ਨਸ਼ੀਲੀਆਂ ਅੱਖਾਂ , ਇੰਜ ਲੱਗਦਾ ਸੀ ਜੀਕਣ ਅੱਜ ਹਿਰਣੀ ਸ਼ੇਰ ਦੇ ਸ਼ਿਕਾਰ ਨੂੰ ਚੱਲੀ ਹੋਵੇ , ਲੱਕ ਦੀ ਲਚਕ , ਪੱਬ ਦੀ ਮੜਕ , ਅੱਖਾਂ ਦੀ ਝਾਕਣੀ , ਨੈਣਾ ਦੀ ਤੱਕਣੀ , ਕਾਤਿਲ ਮੁਸਕਾਨ , ਅੱਖ ਦੋਨਾਲੀ , ਪੂਰਾ ਆਸ਼ਿਕਾਂ ਦੇ ਮੌਤ ਦਾ ਸਮਾਨ ਬਣ ਕੇ ਬੰਸੀ ਪਿੰਡ ਦੇ ਰਾਹ ਵਿਚ ਮਹਿਕਾਂ ਖਿਲਾਰਦੀ ਘੂਮ ਰਹੀ ਸੀ , ਇੰਜ ਲੱਗਦਾ ਸੀ , ਜੀਕਣ ਤ੍ਰੇਲ ਧੋਤਾ ਗੁਲਾਬ ਕੱਚੀ ਸੜਕ ਉਪਰ ਤੁਰਿਆ ਜਾ ਰਿਹਾ ਹੋਵੇ , ਪਰ ਜਿਸਦਾ ਸ਼ਿਕਾਰ ਕਰਨ ਦੇ ਇਰਾਦੇ ਨਾਲ ਬੰਸੀ ਅੱਜ ਘਰੋਂ ਨਿੱਕਲੀ ਸੀ , ਉਹ ਤਾਂ ਅਜੇ ਬੰਸੀ ਦੇ ਸੁਪਨਿਆਂ ਚੋ ਹੀ ਨਹੀਂ ਨਿਕਲਿਆ ਸੀ , ਸੰਤੁ ਤੇ ਜੱਗਰ ਅਜੇ ਤਕ ਮੰਜੇ ਨਾਲ ਹੀ ਲੱਗੇ ਹੋਏ ਸੀ , ਓਹਨਾ ਨੂੰ ਨਹੀਂ ਪਤਾ ਸੀ ਕਿ ਅੱਜ ਰੱਲੀ ਪਿੰਡ ਦੀਆਂ ਰਾਹਾਂ ਤੇ ਹੁਸਨ ਘੂਮ ਰਿਹਾ , ਬੇਪਨਾਹ ਹੁਸਨ।
ਬੰਸੀ ਦਰਬਾਰ ਸਾਹਿਬ ਪਹੁੰਚ ਕੇ ਮੱਥਾ ਟੇਕ ਦੇਗ ਪਰਸ਼ਾਦ ਲੇ ਕੇ ਘਰ ਮੁੜ ਆਈ ਸੀ। ਰੋਜ ਹੀ ਓਹ ਆਪਣੇ ਰਾਹ ਚ ਖੜ੍ਹੇ ਚੋਬਰਾਂ ਵੱਲ ਤੱਕਦੀ ਟੇਕ ਨਹੀਂ ਸੀ , ਪਰ ਅੱਜ ਉਸਦੀਆ ਅੱਖਾਂ ਕਿਸੇ ਨੂੰ ਲੱਭ ਰਹੀਆਂ ਸਨ , ਤੇ ਬੇਰੰਗ ਚਿੱਠੀ ਵਾਂਗ ਓਹ ਵਾਪਿਸ ਆ ਗਈਆਂ।
“ਇਹ ਕੀ ਹੋ ਗਿਆ , ਮੇਰੇ ਸਿਰ ਦਾ ਸਾਈਂ ਤਾਂ ਮੰਡੀ ਬੈਠਾ , ਤੇ ਮੈਨੂੰ ਕਿਸ ਦਾ ਇੰਤਜ਼ਾਰ ਆ , ਕਿਸ ਨੂੰ ਭਾਲ ਰਹੀਆਂ ਸੀ ਮੇਰੀਆ ਅੱਖਾਂ , ਰੱਬਾ , ਹੇ ਸੱਚੇ ਪਾਤਸ਼ਾਹ , ਇਹ ਕੀ ਹੋ ਰਿਹਾ ਮੈਨੂੰ , ਮੇਹਰ ਕਰੀਂ ਮੇਰੇ ਮਾਲਕਾ , ਕੀਤੇ ਮੈਂ ਆਪਣੇ ਮਾਂ ਪਿਓ ਤੇ ਆਪਣੇ ਸਿਰ ਦੇ ਸਾਈਂ ਦੇ ਨਾਂਅ ਤੇ ਬੱਟਾ ਨਾ ਲਾ ਦਵਾਂ , ਹੇ ਮਾਲਕਾ , ਮੇਹਰ ਕਰੀਂ , ਕਿੱਦਾਂ ਸਮਝਾਵਾਂ ਆਪਣੇ ਇਸ ਚੰਦਰੇ ਚਿੱਤ ਨੂੰ , ਬੱਸ ਇਕ ਵਾਰ ਕੀ ਤੱਕ ਗਿਆ , ਲਗਦਾ ਕਿ ਓਹੀ ਅੱਖਾਂ ਇਕ ਵਾਰ ਫੇਰ ਤੋਂ ਤੱਕ ਲੈਣ , ਨਾ ਨਾ ਨਾ , ਇਹ ਗ਼ਲਤ ਕਰ ਰਹੀ ਏਂ ਬੰਸੀ ਕੁੜੇ , ਇਹ ਗੱਲ ਠੀਕ ਨਹੀਂ , ਸਮਝ ਜਾ , ਅੱਗ ਦੇ ਭਾਂਬੜ ਨੇ ਮੱਚ ਜਾਣਾ ਤੂੰ , ਤੇਰਾ ਤੇਰਾ ਟੱਬਰ , ਕਾਬੂ ਰੱਖ ਮਰਨੀਏ , ਨਾ ਸੁੱਤੇ ਨਾਗਾਂ ਨੂੰ ਜਗਾ , ਵਿਹੁ ( ਜ਼ਹਿਰ) ਘੁਲ ਜਾਣਾ  , ਨਾ ਨਾ ਸਮਝ ਜਾ “, ਬੰਸੀ ਆਪਣੇ ਆਪ ਨੂੰ ਹੀ ਸਮਝਾ ਰਹੀ ਸੀ , ਖੁਦ ਨਾਲ ਹੀ ਲੜ ਰਹੀ ਸੀ , ਖੁਦ ਤੇ ਕਾਬੂ ਕਰਨ ਦੀ ਗੱਲ ਕਰ ਰਹੀ ਸੀ।
ਪਰ ਓਹ ਕਹਿੰਦੇ ਨਾ , ਕਿਸੇ ਚੀਜ਼ ਨੂੰ ਜਿੰਨਾ ਦਬਾਂਗੇ ਓਹ ਓੰਨਾ ਉਤਾਹ ਨੂੰ ਜ਼ੋਰ ਮਾਰਦੀ ਏ , ਇਹ ਗੱਲ ਬੰਸੀ ਨੂੰ ਅਜੇ ਨਹੀਂ ਬਾਅਦ ਚ ਸਮਝ ਆਉਣ ਵਾਲੀ ਸੀ।
ਰੁਲਦੂ ਸ਼ਾਮ ਤੱਕ ਮੁੜ ਆਇਆ ਸੀ , ਬੰਸੀ ਖੁਸ਼ ਸੀ , ਹਾਂ ਸੱਚ ਮੁੱਚ ਖੁਸ਼ ਸੀ , ਪਰ ਕੀ ਸੱਚ ਮੁੱਚ ???
ਰੁਲਦੂ ਪਿਹਲਾਂ ਵੀ ਕਈ ਬਾਰ ਮੰਡੀ ਗਿਆ ਸੀ ਤੇ ਬੰਸੀ ਨੂੰ ਇਕੱਲਾ ਸੋਣਾ ਪਿਆ ਸੀ , ਪਰ ਅੱਜ ਜਦ ਰੁਲਦੂ ਘਰ ਮੁੜਿਆ ਤਾਂ ਬੰਸੀ ਨੇ ਇੰਨੀ ਜੋਰ ਘੁੱਟ ਸੀਨੇ ਨਾਲ ਲਾਇਆ , ਜਿੱਦਾਂ ਕਈ ਸਾਲਾਂ ਤੋਂ ਵਿਛੜ ਕੇ ਘਰ ਵਾਪਸ ਮੁੜਿਆ ਹੋਇਆ , ਬੰਸੀ ਨੇ ਇਸ ਗੱਲ ਦੀ ਵੀ ਕੋਈ ਸੰਗ ਨਾ ਮੰਨੀ ਕੀ ਰੁਲਦੂ ਨੂੰ ਘਰ ਛੱਡਣ ਲਈ ਵੱਡੇ ਸਰਦਾਰ ਦਾ ਮੁੰਡਾ ਵੀ ਆਇਆ ਹੈ ਤੇ ਓਹ ਬਾਹਰ ਹੀ ਖੜ੍ਹਾ ਸੀ।
ਰੁਲਦੂ ਵੀ ਓਸ ਨੂੰ ਇੰਝ ਵੇਖ ਥੋੜਾ ਘਬਰਾ ਗਿਆ , ਓਸ ਨੇ ਹੌਲੀ ਜਿਹੀ ਬੰਸੀ ਨੂੰ ਕਿਹਾ , ” ਕੀ ਕਰ ਰਹੀ ਏ ਕਮਲੀਏ , ਸਰਦਾਰ ਹੋਰੀ ਵੇਖ ਰਹੇ ਨੇ “, ਪਰ ਬੰਸੀ ਆਪਣੇ ਅੰਦਰੋਂ ਓਹਨਾ ਅੱਖਾਂ ਨੂੰ ਕੱਢ ਦੇਣਾ ਚਾਹੁੰਦੀ ਸੀ , ਓਹ ਆਪਣੇ ਰੁਲਦੂ ਨੂੰ ਆਪਣੇ ਅੰਦਰ ਸਮੋ ਲੈਣਾ ਚਾਹੁੰਦੀ ਸੀ , ਤਾਂ ਕਿ ਕੋਈ ਜਗ੍ਹਾ ਨਾ ਬਚੇ ਕਿਸੇ ਵੀ ਲਈ , ਓਸਨੇ ਨੇ ਰੁਲਦੂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਤੇ ਕਿਹਾ,  ” ਤੁਸੀ ਅੱਗੇ ਤੋਂ ਕਿਤੇ ਨਹੀਂ ਜਾਣਾ , ਤੁਸੀ ਏਥੇ ਹੀ ਰਹਿਣਾ ਮੇਰੇ ਕੋਲ “,
“ਚੱਲ ਠੀਕ ਏ , ਨਹੀਂ ਜਾਂਦਾ , ਪਰ ਹੁਣ ਮੈਨੂੰ ਛੱਡ ਤਾਂ ਸਹੀ , ਸਰਦਾਰ ਜੀ ਕੀ ਸੋਚਦੇ ਹੋਣਗੇ “, ਰੁਲਦੂ ਨੇ ਉਸਦੀ ਪਕੜ ਨੂੰ ਢਿੱਲਾ ਕਰਨ ਦੀ ਕੋਸ਼ਿਸ਼ ਕੀਤੀ।
” ਚੰਗ਼ਾ ਭਾਈ , ਮੈਂ ਚਲਦਾ , ਕਲ ਟੈਮ ਨਾਲ ਆ ਜੀਂ , ਹੁਣ ਕਰੋ ਆਪਣਾ ਸ਼ੁਗੁਲ ਮੇਲਾ “, ਸਰਦਾਰ ਦਾ ਮੁੰਡਾ ਹੱਸ ਕੇ ਤੁਰ ਗਿਆ।
ਬੰਸੀ ਨੇ ਅਜੇ ਵੀ ਰੁਲਦੂ ਨੂੰ ਨਹੀਂ ਛੱਡਿਆ ਸੀ । ਬੰਸੀ ਦਾ ਡਰ ਸੀ , ਜੋ ਓਸ ਨੂੰ ਰੁਲਦੂ ਨੂੰ ਛੱਡਣ ਨਹੀਂ ਦੇ ਰਿਹਾ ਸੀ , ਓਹ ਹਰ ਸਾਂਹ ਰੁਲਦੂ ਨੂੰ ਮਹਿਸੂਸ ਕਰਨਾ ਚਾਉਂਦੀ ਸੀ , ਪਰ ਕੀ ਇਹ ਹੀ ਹੋਣਾ ਸੀ ???
ਤੇ ਦੁੱਜੇ ਪਾਸੇ ਰੁਲਦੂ ਆਪਣੀ ਬੰਸੀ ਦੀ ਮਨ ਦੀ ਹਾਲਤ ਤੋਂ ਅਣਜਾਣ ਸੀ ਤੇ ਬਸ ਇਸੇ ਗੱਲ ਤੇ ਖੁਸ਼ ਹੋ ਰਿਹਾ ਸੀ ਕਿ ਬੰਸੀ ਓਹਦਾ ਇੱਕ ਰਾਤ ਦਾ ਵਿਛੋੜਾ ਵੀ ਬਰਦਾਸ਼ਤ ਨਹੀਂ ਕਰ ਸਕਦੀ , ਤੇ ਇਸੇ ਲਈ ਉਹ ਵੀ ਓਸ ਨੂੰ ਮਹਿਸੂਸ ਕਰਨਾ ਚਾਉਂਦਾ ਸੀ ਉਸੇ ਸ਼ਰਬਤੀ ਪਿੰਡੇ ਚੋ ਨਿਕਲਦੀ ਨਸ਼ੀਲੀ ਵਾਸ਼ਨਾ ਨੂੰ ਪਰ ਕਿਵੇਂ ???
ਰੁਲਦੂ ਵੀ ਸਰਦਾਰ ਦੇ ਜਾਣ ਤੋਂ ਬਾਅਦ ਬੰਸੀ ਨੂੰ ਘੁੱਟ ਕੇ ਆਪਣੇ ਕਲੇਜੇ ਨਾਲ ਲਗਾਉਣ ਲੱਗਾ , ਕਿੰਨਾ ਚਿਰ ਦੋਵੇਂ ਇੱਦਾਂ ਹੀ ਖੜ੍ਹੇ ਰਹੇ ……
ਅੱਜ ਦੀ ਰਾਤ ਓਹ ਇੱਕ ਦੂਜੇ ਚ ਗੁੰਮ ਹੋ ਜਾਣਾ ਚਾਉਂਦੇ ਸਨ ਪਰ ਕਿੰਵੇ …..
ਅਗਲੇ ਹਿੱਸੇ ਚ…
_____________ਸੰਜੀਵ ਸਾਹਿਬ_____________________

ਦੋਸਤੋਂ ਮੇਰੀ ਕਹਾਣੀ ਨੂੰ ਪੜ੍ਹ ਕੇ ਦੱਸਣਾ ਜਰੂਰ ਕਿ ਇਹ ਤੁਹਾਨੂੰ ਕਿੱਦਾਂ ਲੱਗੀ , ਤੇ ਮੇਰੀਆਂ ਦੂਜੀਆਂ ਕਹਾਣੀਆ ਨੂੰ ਵੀ ਆਪਣਾ ਪਿਆਰ ਦੇਵੋ , ਜੋ ਹਿੰਦੀ ਚ ਨੇ … ਆਪਣਾ ਪਿਆਰ ਆਪਣੇ ਇਸ ਨਿਮਾਣੇ ਵੀਰ ਨੂੰ ਜਰੂਰ ਦਿਓ….
ਫੋਲੋ ਕਰੋ , ਸਬਸਕ੍ਰਾਈਬ ਕਰੋ , ਤੇ ਮੇਰੀ ਕਹਾਣੀ ਦੀ ਸਮੀਖਿਆ ਕਰੋ ਚੰਗ਼ਾ ਲਗਦਾ ਏ …..

Leave a Reply

Your email address will not be published. Required fields are marked *