ਸਲਮਾ ਭਾਗ 3 | salma part 3

ਸਲਮਾ ਇੱਕ ਦਿਨ ਰਸੋਈ ਦਾ ਸਮਾਨ ਲੈਣ ਲਈ ਸੰਤੋਸ਼ ਨਾਲ ਮਾਰਕੀਟ ਗਈ। ਰਸੋਈ ਦਾ ਸਮਾਨ ਮਾਰਕੀਟ ਚੋਂ, ਸਲਮਾ ਹੀ ਲੈ ਕੇ ਆਉਂਦੀ ਸੀ। ਮਾਰਕੀਟ ਵਿੱਚ ਸਲਮਾ ਨੂੰ ਇੱਕ ਕੁੜੀ ਨੇ ਬੁਲਾਇਆ,,

” ਸਲਮਾ ਤੂੰ ਐਥੇ” ਸਲਮਾ ਨੇ ਉਸ ਕੁੜੀ ਨੂੰ ਪਹਿਚਾਣਿਆ ਨਹੀਂ ਸੀ ਉਹ ਬਿਟਰ ਬਿਟਰ ਉਸ ਦੇ ਮੂੰਹ ਵੱਲ ਵੇਖਣ ਲੱਗ ਗਈ।

“ਲੱਗਦਾ ਤੂੰ ਮੈਨੂੰ ਪਹਿਚਾਣਿਆ ਨਹੀਂ??। ਮੈੰ ਪੰਮੀ ਤੇਰੀ ਸਕੂਲ ਦੀ ਸਹੇਲੀ ” ਉਸ ਦੇ ਨਾਂ ਦੱਸਦੇ ਹੀ ਸਲਮਾ ਨੇ ਉਸ ਨੂੰ ਪਹਿਚਾਣ ਲਿਆ। ਪੰਮੀ ਜਾਣੀ ਪਰਮਜੀਤ ਸਲਮਾ ਦੇ ਪਿੰਡ ਦੀ ਹੀ ਕੁੜੀ ਸੀ । ਉਹ ਦੱਸਵੀਂ ਚ, ਸਲਮਾ ਦੇ ਨਾਲ ਸਕੂਲ ਚ, ਪੜ੍ਹਦੀ ਸੀ। ਦੱਸਵੀਂ ਤੋੰ ਬਾਅਦ ਸਲਮਾ ਦਾ ਤਾਂ ਵਿਆਹ ਹੋ ਗਿਆ ਸੀ ਪਰ ਪਰਮਜੀਤ ਕਾਲਜ ਪੜ੍ਹਨ ਲੱਗ ਗਈ ਸੀ। ਸਲਮਾ ਦੀ ਮਾਂ ਨੇ ਇੱਕ ਦਿਨ ਸਲਮਾ ਨੂੰ ਦੱਸਿਆ ਸੀ ਕੇ ਤੇਰੀ ਸਹੇਲੀ ਪੰਮੀ ਨੇ ਘਰ ਤੋੰ ਭੱਜ ਕੇ ਵਿਆਹ ਕਰਵਾ ਲਿਆ ਤੇ ਫੇਰ ਕਦੇ ਪਿੰਡ ਨਹੀਂ ਆਈ। ਅੱਜ ਪੰਮੀ ਨੂੰ ਆਪਣੇ ਸਾਹਮਣੇ ਖੜੀ ਵੇਖ ਕੇ ਸਲਮਾ ਵੀ ਹੈਰਾਨ ਹੋ ਗਈ। ਉਹ ਇੱਕ ਪਾਸੇ ਬੈਠ ਗਈਆਂ। ਸਲਮਾ ਨੇ ਉਸ ਨੂੰ ਸਕੂਲ ਤੋਂ ਬਾਅਦ ਡੁਬਈ ਆਉਣ ਤੱਕ ਦੀ ਸਾਰੀ ਕਹਾਣੀ ਦੱਸੀ। ਪੰਮੀ ਨੇ ਵੀ ਆਪਣੀ ਹੱਡ ਬੀਤੀ ਸੁਣਾਈ । ਪੰਮੀ ਨੇ ਦੱਸਿਆ ਉਹ ਦੱਸਵੀਂ ਤੋਂ ਬਾਅਦ ਕਾਲਜ ਪੜ੍ਹਨ ਲੱਗ ਗਈ। ਉੱਥੇ ਉਸ ਦੀ ਮੁਲਾਕਾਤ ਇਕਬਾਲ ਕੂਰੈਸ਼ੀ ਨਾਂ ਦੇ ਮੁੰਡੇ ਨਾਲ ਹੋਈ ,ਫੇਰ ਦੋਨਾਂ ਨੂੰ ਇੱਕਦੂਜੇ ਨਾਲ ਪਿਆਰ ਹੋ ਗਿਆ। ਉਹ ਵਿਆਹ ਕਰਵਾਉਣਾ ਚਾਹੁੰਦੇ ਸਨ। ਪਰ ਕਿਉਕਿ ਪੰਮੀ ਜੱਟਾਂ ਦੀ ਕੁੜੀ ਸੀ ਤੇ ਇਕਬਾਲ ਮੁਸਲਮਾਨਾਂ ਦਾ ਮੁੰਡਾ ਸੀ ਇਸ ਲਈ ਦੋਨਾਂ ਦੇ ਘਰ ਵਾਲਿਆਂ ਨੇ ਵਿਆਹ ਦੀ ਸਹਿਮਤੀ ਨਹੀਂ ਦੇਣੀ ਸੀ। ਉਨ੍ਹਾਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ। ਇਕਬਾਲ ਉਸ ਨੂੰ ਦਿੱਲੀ ਲੈ ਆਇਆ। ਉਸ ਦੇ ਇੱਕ ਬੇਟਾ ਹੋ ਗਿਆ। ਇਕਬਾਲ ਦੀ ਕਮਾਈ ਜ਼ਿਆਦਾ ਨਹੀ ਸੀ। ਪਰ ਉਹ ਆਪਣੇ ਬੱਚੇ ਨੂੰ ਵਧੀਆ ਪੜਾਉਣਾ ਚਾਹੁੰਦੇ ਸਨ। ਇਕਬਾਲ ਦੀ ਕਮਾਈ ਚੋ, ਇਹ ਸੰਭਵ ਨਹੀਂ ਸੀ। ਇੱਕ ਦਿਨ ਇਕਬਾਲ ਨੇ ਪੰਮੀ ਨੂੰ ਦੱਸਿਆ ਕੇ ਕੁੜੀਆਂ ਨੂੰ ਡੁਬਈ ਵਿੱਚ ਵਧੀਆ ਨੌਕਰੀ ਮਿਲ ਜਾਂਦੀ ਹੈ। ਕੀ ਉਹ ਡੁਬਈ ਜਾ ਸਕਦੀ ਹੈ। ਪੰਮੀ ਨੇ ਬੱਚੇ ਦੀ ਚੰਗੀ ਪਰਵਿਰਸ਼ ਲਈ ਝੱਟ ਹਾਂ ਕਰ ਦਿੱਤੀ ਤੇ ਉਹ ਡੁਬਈ ਆ ਗਈ। ਉਸ ਨੇ ਸਲਮਾ ਨੂੰ ਆਪਣਾ ਮੁਬਾਇਲ ਨੰਬਰ ਤੇ ਪਤਾ ਵੀ ਦੇ ਦਿੱਤਾ।ਪੰਮੀ ਨੇ ਦੱਸਿਆ ਕੇ ਉਹ ਪਾਰਲਰ ਚ ਕੰਮ ਕਰਦੀ ਹੈ। ਉਸ ਨੇ ਸਲਮਾ ਨੂੰ ਕਿਹਾ ਕਿ ਉਹ ਕਦੇ ਸਮਾਂ ਕੱਢਕੇ ਉਸ ਦੇ ਘਰ ਆਵੇ। ਸਲਮਾ ਨੇ ਕਿਹਾ ਉਹ ਜ਼ਰੂਰ ਆਵੇਗੀ। ਸਲਮਾ ਦੀ ਵੀ ਆਪਣੀ ਬਚਪਨ ਦੀ ਸਹੇਲੀ ਨਾਲ ਗੱਲਾਂ ਕਰਨ ਦਾ ਬਹੁਤ ਮਨ ਸੀ। ਪਰ ਫ਼ਿਲਹਾਲ ਸਲਮਾ ਕੋਲ ਟਾਈਮ ਨਹੀ ਸੀ  ਉਹ ਆਪਣਾ ਸਾਰਾ ਕੰਮ ਬਹੁਤ ਹੀ ਇਮਾਨਦਾਰੀ ਨਾਲ ਕਰਦੀ ਰਹੀ। ਪਰ ਮੇਹਰ ਅਜੇ ਵੀ ਉਸ ਨਾਲ ਨਰਾਜ਼ ਰਹਿੰਦੀ।

ਇੱਕ ਦਿਨ ਮੇਹਰ ਤੇ ਹਸਨ ਨੇ ਆਪਣੇ ਘਰ ਚ ਆਪਣੇ ਦੋਸਤਾਂ ਨੂੰ ਰਾਤ ਦੇ ਡਿਨਰ ਤੇ ਬੁਲਾਇਆ। ਬਹੁਤ ਸਾਰੇ ਲੋਕ ਆਏ ਸਨ ਇਸ ਲਈ ਘਰ ਦੇ ਬਾਹਰ ਬਣੇ ਵੱਡੇ ਘਾਹ ਦੇ ਗਰਾਉਂਡ ਚ, ਮਹਿਮਾਨਾਂ ਦੇ ਖਾਣ ਪੀਣ ਤੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਸੀ।ਸ਼ਰਾਬ ਦਾ ਦੌਰ ਚੱਲ ਰਿਹਾ ਸੀ। ਮੇਹਰ ਤੇ ਹਸਨ ਦਾ ਸਾਂਝਾ ਦੋਸਤ ਰਹਿਮਾਨ ਵੀ ਆਇਆ ਸੀ। ਉਸ ਨੇ ਹਸਨ ਦੇ ਸਾਹਮਣੇ ਹੀ ਮੇਹਰ ਨੂੰ ਜੱਫੀ ਪਾ ਕੇ ਕਿੱਸ ਕੀਤਾ ਤੇ ਫਿਰ ਉਸ ਦੀ ਬਾਂਹ ਫੜ੍ਹਕੇ ਡਾਂਸਿੰਗ ਫਲੋਰ ਤੇ ਲੈ ਗਿਆ।  ਰਹਿਮਾਨ ਨੇ ਵੀ ਸ਼ਰਾਬ ਪੀਤੀ ਹੋਈ ਸੀ। ਰਹਿਮਾਨ ਨੇ ਕਿਹਾ,
” ਲੇਡੀਜ਼ ਐਡ ਜੈਟਲਮੈਂਨਸ ਅਨਟੈਸ਼ਨ ਪਲੀਜ਼। ਸਾਡੀ ਅੱਜ ਦੀ ਹੋਸਟ ਮੇਹਰ ਦੁਨੀਆਂ ਦੀ ਸਭ ਤੋਂ ਖੂਬਸੂਰਤ ਔਰਤ ਹੈ । ਮੈੰ ਮੇਹਰ ਲਈ ਇੱਕ ਗਾਣਾ ਗਾਉਣਾ ਚਾਹੁੰਦਾ ਹਾਂ ਜੇ ਤੁਹਾਡੀ ਇਜ਼ਾਜਤ ਹੋਵੇ”

“ਇੰਸ਼ਾ ਅੱਲਾ” ਬਹੁਤ ਸਾਰੇ ਮਹਿਮਾਨਾਂ ਨੇ ਕਿਹਾ।

ਰਹਿਮਾਨ ਨੇ  ਮੇਹਰ ਨੂੰ ਜੱਫੀ ਚ, ਲੈਂਦੇ ਹੋਏ ਗਾਣਾ ਸ਼ੁਰੂ ਕੀਤਾ,,,,,

” ਚੌਦਵੀਂ ਕਾ ਚਾਂਦ ਹੋ
ਜਾਂ ਆਫਤਾਵ ਹੋ
ਜੋ ਵੀ ਹੋ ਤੁਮ ,
ਖੁਦਾ ਕੀ ਕਸਮ,  ਲਾਜਵਾਬ ਹੋ”

ਰਹਿਮਾਨ ਦੀ ਇਹ ਹਰਕਤ ਹਸਨ ਨੂੰ ਚੰਗੀ ਨਹੀਂ ਲੱਗੀ। ਉਸ ਨੇ ਉੱਤਲੇ ਮਨੋ ਵਾਹ ਵਾਹ ਜ਼ਰੂਰ ਕਿਹਾ। ਉਹ ਜ਼ਿਆਦਾ ਬਰਦਾਸ਼ਤ ਨਾ ਕਰ ਸਕਿਆ ਇਸ ਲਈ ਉਹ ਆਪਣਾ ਪੈੱਗ ਲੈ ਕੇ ਦੂਰ ਕੋਨੇ ਵਿੱਚ ਚਲਾ ਗਿਆ। ਉਹ ਇੱਕ ਪਾਸੇ ਬੈੰਚ ਤੇ ਬੈਠ ਗਿਆ। ਸਲਮਾ ਨੇ ਉਸ ਨੂੰ ਇਸ ਤਰ੍ਹਾਂ ਇੱਕ ਪਾਸੇ ਬੈਠਾ ਵੇਖ ਕੇ ਉਸ ਕੋਲ ਚਲੀ ਗਈ।

” ਸਾਹਿਬ ਤੁਹਾਡੀ ਤਬੀਅਤ ਠੀਕ ਹੈ “?

” ਹਾਂ ਸਲਮਾ ਠੀਕ ਹੈ ”

“ਤੁਸੀਂ ਐਥੇ ਆ ਕੇ ਬੈਠ ਗਏ ਇਸ ਲਈ ਮੈੰ ਪੁੱਛਿਆ ਸਾਹਿਬ ਜੀ ”

” ਸਲਮਾ ਮੇਰਾ ਸਿਰ ਦਰਦ ਕਰ ਰਿਹਾ ਸੀ । ਇਸ ਲਈ ਮੈੰ ਸ਼ੋਰ ਸ਼ਰਾਬੇ ਤੋਂ ਦੂਰ ਐਥੈ ਬੈਠ ਗਿਆ”

” ਸਾਹਿਬ ਮੈੰ ਤੁਹਾਡਾ ਸਿਰ ਦਬਾ ਦਿੰਦੀ ਹਾਂ” ਸਲਮਾ ਹੌਲੀ ਹੌਲੀ ਹਸਨ ਦਾ ਸਿਰ ਦਬਾਉਣ ਲੱਗ ਗਈ। ਮੇਹਰ ਵੀ ਹਸਨ ਨੂੰ ਵੇਖਦੀ  ਵੇਖਦੀ ਉੱਧਰ ਆ ਗਈ। ਉਸ ਨੇ ਸਲਮਾ ਨੂੰ ਹਸਨ ਦਾ ਸਿਰ ਦਬਾਉਂਦੇ ਵੇਖ ਲਿਆ। ਉੱਧਰ ਮੇਹਰ ਨੂੰ ਵੇਖ ਕੇ ਸਲਮਾ ਤੇ ਹਸਨ ਵੀ ਚੌਂਕ ਗਏ। ਹਸਨ ਉੱਠ ਕੇ ਮੇਹਰ ਨੂੰ ਨਾਲ ਲੈ ਕੇ ਵਾਪਿਸ ਮਹਿਮਾਨਾਂ ਕੋਲ ਆ ਗਿਆ। ਮੇਹਰ ਨੇ ਕਾਫ਼ੀ ਸ਼ਰਾਬ ਪੀ ਲਈ ਸੀ। ਅਚਾਨਕ ਉਸ ਨੇ ਮਾਇਕ ਫੜ੍ਹ ਲਿਆ।

“ਮੇਰੇ ਘਰ ਆਏ ਸਾਰੇ ਮਹਿਮਾਨ ਮੇਰੀ ਗੱਲ ਧਿਆਨ ਨਾਲ ਸੁਣੋ। ਮੈਂ ਸੋਚਦੀ ਸੀ ਕੇ ਮੇਰੇ ਸ਼ੌਹਰ ਹਸਨ ਸਾਹਿਬ ਆਪਣੇ ਬਿਜ਼ਨਸ ਨੂੰ ਪਿਆਰ ਕਰਦੇ ਨੇ ਆਪਣੇ ਬਿਜ਼ਨਸ ਲਈ ਮੈਨੂੰ ਤੇ ਮੇਰੇ ਬੱਚੇ ਨੂੰ ਇਗਨੋਰ ਕਰਦੇ ਨੇ ਪਰ ਮੈੰ ਗਲਤ ਸੀ। ਮੇਰੇ ਸ਼ੌਹਰ ਦਰਅਸਲ ਮੇਰੀ ਮੇਡ ਸਲਮਾ ਨੂੰ ਪਿਆਰ ਕਰਦੇ ਨੇ ” ਇਹ ਗੱਲ ਸੁਣਕੇ ਸਲਮਾ ਤੇ ਹਸਨ ਹੈਰਾਨ ਰਹਿ ਗਏ। ਮੇਹਰ ਤੋੰ ਠੀਕ ਤਰ੍ਹਾਂ ਖੜਾ ਵੀ ਨਹੀ ਸੀ ਹੋਇਆ ਰਿਹਾ। ਹਸਨ ਨੇ ਉਸ ਨੂੰ ਸੰਭਾਲਿਆ। ਪਰ ਉਹ ਹਸਨ ਦਾ ਹੱਥ ਝੱਟਕ ਕੇ ਫੇਰ ਮਾਈਕ ਤੇ ਬੋਲਣਾ ਚਾਹੁੰਦੀ ਸੀ। ਪਰ ਇਸ ਖਿੱਚਾਤਾਣ ਵਿੱਚ ਮੇਹਰ ਪੂਲ ਵਿੱਚ ਗਿਰ ਗਈ। ਸਲਮਾ ਨੇ ਉਸ ਨੂੰ ਫੜ੍ਹਕੇ ਪਾਣੀ ਚੋਂ, ਬਾਹਰ ਕੱਢਿਆ ਉਹ ਬਿੱਲਕੁਲ ਭਿੱਜ ਗਈ ਸੀ। ਸਾਰੇ ਮਹਿਮਾਨ ਇਹ ਡਰਾਮਾ ਵੇਖਕੇ ਚਲੇ ਗਏ। ਸਲਮਾ ਨੇ ਮੇਹਰ ਨੂੰ ਸਹਾਰਾ ਦੇ ਕੇ ਬਿਸਤਰ ਤੇ ਲਿਟਾਇਆ । ਉਹ ਸ਼ਰਾਬ ਦੇ ਨਸ਼ੇ ਵਿੱਚ ਬੇਸੁਰਤ ਸੀ। ਸਲਮਾ ਦੇ ਉਸ ਦੇ ਗਿੱਲੇ ਕਪੜੇ ਬਦਲੇ । ਸਵੇਰੇ ਫੇਰ ਇਸ ਗੱਲ ਦਾ ਕਲੇਸ਼ ਸ਼ੁਰੂ ਹੋ ਗਿਆ। ਹਸਨ ਨੇ ਮੇਹਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਸਲਮਾ ਸਿਰਫ਼ ਉਸ ਦਾ ਸਿਰ ਦਬਾ ਰਹੀ ਹੈ। ਪਰ ਮੇਹਰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੀ ਸੀ। ਉਹ ਸਲਮਾ ਅਤੇ ਹਸਨ ਨੂੰ ਬੁਰਾ ਭਲਾ ਕਹਿ ਰਹੀ ਸੀ। ਹਸਨ ਵੀ ਉੱਚੀ ਉੱਚੀ ਬੋਲਣ ਲੱਗ ਗਿਆ। ਗੁੱਸੇ ਚ, ਮੇਹਰ ਹਸਨ ਤੇ ਝਪਟ ਪਈ। ਹਸਨ ਨੇ ਆਪਣਾ ਬਚਾ ਕਰਕੇ ਨੇ ਮੇਹਰ ਨੂੰ ਪਰੇ ਧੱਕ ਦਿੱਤਾ। ਮੇਹਰ ਥੱਲੇ ਡਿੱਗ ਪਈ ਤੇ ਉਸ ਦਾ ਸਿਰ ਸਾਹਮਣੇ ਪਏ ਟੇਬਲ ਚ, ਵੱਜਾ ਉਹ ਜਖ਼ਮੀ ਹੋ ਗਈ।

” ਸੌਰੀ ਮੇਹਰ ਆਈ ਐਮ ਰੀਅਲੀ ਵੈਰੀ ਸੌਰੀ ” ਹਸਨ ਨੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਮੇਹਰ ਨੇ ਉਸ ਨੂੰ ਦੂਰ ਰਹਿਣ ਲਈ ਕਿਹਾ। ਰੌਲਾ ਸੁਣਕੇ ਸਲਮਾ ਵੀ ਅੰਦਰ ਆ ਗਈ। ਉਸ ਨੇ ਮੇਹਰ ਦੇ ਮੱਥੇ ਚੋੰ ਖੂਨ ਨਿਕਲਦਾ ਵੇਖਿਆ ਤਾ ਭੱਜ ਕੇ ਮੇਹਰ ਨੂੰ ਉਠਾਉਣ ਲਈ ਗਈ। ਪਰ ਮੇਹਰ ਨੇ ਉਸ ਨੂੰ ਵੀ ਧੱਕਾ ਦੇ ਦਿੱਤਾ ਉਹ ਦੂਰ ਜਾ ਗਿਰੀ। ਪਰ ਸਲਮਾ ਨੇ ਉੱਠਕੇ ਫ਼ੇਰ ਮੇਹਰ ਨੂੰ ਉਠਾਇਆ। ਉਸ ਦਾ ਜਖ਼ਮ ਸਾਫ਼ ਕਰਕੇ ਉਸ ਦੇ ਦਵਾਈ ਲਗਾਈ। ਮੇਹਰ ਇਸ ਸਭ ਲਈ ਉਸ ਨੂੰ ਹੀ ਜਿੰਮੇਵਾਰ ਕਹਿ ਰਹੀ ਸੀ। ਪਰ ਸਲਮਾ ਚੁੱਪਚਾਪ ਉਸ ਦੇ ਦਵਾਈ ਲਾ ਰਹੀ ਤੇ ਸੁਣ ਰਹੀ ਸੀ। ਜਦੋਂ ਮਾਮਲਾ ਠੰਢਾ ਹੋਇਆ ਤਾਂ ਸਲਮਾ ਨੇ ਮੇਹਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਗੱਲ ਸਮਝਣ ਨੂੰ ਤਿਆਰ ਨਹੀ ਸੀ। ਉਸ ਨੇ ਸਲਮਾ ਨੂੰ ਕਹਿ ਦਿੱਤਾ ਵੀ ਜਿੰਨ੍ਹੀ ਜਲਦੀ ਹੋ ਸਕਦਾ ਉਹ ਘਰ ਛੱਡ ਕੇ ਚੱਲੀ ਜਾਵੇ ਸਾਨੂੰ ਹੁਣ ਸਲਮਾ ਦੀ ਲੋੜ ਨਹੀਂ। ਸਲਮਾ ਦੇ ਸਿਰ ਤੇ ਪਹਾੜ ਟੁੱਟ ਗਿਆ। ਉਹ ਵਾਪਿਸ ਆਪਣੇ ਪਿੰਡ ਨਹੀਂ ਸੀ ਜਾਣਾ ਚਾਹੁੰਦੀ। ਉਸ ਨੇ ਆਪਣੀ ਮਾਂ ਤੇ ਚਾਚੇ ਦੇ ਪਰਿਵਾਰ ਲਈ ਪੈਸੇ ਵੀ ਭੇਜਣੇ ਸਨ। ਉਸ ਦਾ ਨੌਕਰੀ ਕਰਨਾ ਬਹੁਤ ਜ਼ਰੂਰੀ ਸੀ। ਪਰ ਸਲਮਾ ਦੀ ਨੌਕਰੀ ਚਲੀ ਗਈ ਸੀ। ਸਲਮਾ ਦੇ ਸਾਹਮਣੇ ਬਹੁਤ  ਵੱਡੀ ਮੁਸੀਬਤ ਆ ਖੜੀ ਹੋਈ ਸੀ।

ਕਹਾਣੀ ਦਾ ਅਗਲਾ ਹਿੱਸਾ ਅਗਲੇ ਭਾਗ ਚ

Leave a Reply

Your email address will not be published. Required fields are marked *