ਸਲਮਾ ਭਾਗ 2 | salma part 2

ਹਸਨ ਤੇਂ ਮੇਹਰ ਆਪਸ ਵਿੱਚ ਬਹੁਤ ਝਗੜਾ ਕਰਦੇ। ਅਮੀਰ ਲੋਕ ਬਿਨਾ ਗੱਲ ਤੋਂ ਲੜਾਈ ਕਰਦੇ ਹਨ।
ਇੱਕ ਦਿਨ ਹਸਨ ਨੇ ਮੇਹਰ ਤੋਂ ਪੁੱਛਿਆ ,,

” ਤੇਰੀ ਕਿਤਾਬ ਦਾ ਕੀ ਬਣਿਆ ਕਦੋਂ ਛਪਵਾਉਣੀ ਆ”?

” ਉਹ ਐਡੀਟਰ ਕੋਲ ਪਈ ਹੈ। ਉਹ ਛਾਪਣ ਤੋਂ ਆਨਾ ਕਾਨੀ ਕਰ ਰਿਹਾ ਹੈ,, ”

” ਮੇਹਰ ਤੂੰ ਐਡੀਟਰ ਦਾ ਖਹਿੜਾ ਛੱਡ, ਮੈਂ ਤੇਰੀ ਮੱਦਦ ਕਰ ਦਿੰਦਾ ਹਾਂ ਤੂੰ ਆਪ ਹੀ ਕਿਤਾਬ ਛਪਵਾ ਲੈ,,

” ਬਸ ਕਰੋਂ ਤੁਸੀਂ ਮੇਰੀ ਕੀ ਮੱਦਦ ਕਰ ਸਕਦੇ ਹੋ ”

” ਕਿਉਂ ਮੈੰ ਤੇਰੀ ਮੱਦਦ ਕਿਉਂ ਨਹੀਂ ਕਰ ਸਕਦਾ???”

” ਬਸ ਕਰੋ ਮੈਨੂੰ ਮੱਦਦ ਦੀ ਲੋੜ ਨਹੀਂ ” ਇਹ ਕਹਿਕੇ ਮੇਹਰ ਉੱਚੀ ਉੱਚੀ ਬੋਲਣ ਲੱਗ ਗਈ। ਹਸਨ ਨੇ ਵੀ ਉੱਚੀ ਬੋਲ ਕੇ ਉਸ ਦਾ ਜਵਾਬ ਦਿੱਤਾ। ਉਨ੍ਹਾਂ ਨੂੰ ਇਸ ਤਰ੍ਹਾਂ ਉੱਚੀ ਉੱਚੀ ਬੋਲਦੇ ਵੇਖ ਅਹਿਦ ਡਰ ਗਿਆ। ਉਹ ਸਲਮਾ ਕੋਲ ਬੈਠਾ ਸੀ। ਸਲਮਾ ਉਸ ਨਾਲ ਖੇਡ ਰਹੀ ਸੀ। ਹਸਨ ਅਲੀ ਤੇ ਮੇਹਰ ਅਹਿਦ ਨਾਲ ਇੱਕ ਮਿਨੰਟ ਵੀ ਨਹੀਂ ਸਨ ਬਿਤਾਉਂਦੇ।  ਉਹ ਆਪਣੇ ਆਪ ਨੂੰ ਇਗਨੋਰ ਫੀਲ ਕਰਦਾ। ਪਰ ਸਲਮਾ ਦੇ ਆਉਣ ਨਾਲ ਅਹਿਦ ਦਾ ਇੱਕਲਾਪਣ ਦੂਰ ਹੋ ਗਿਆ ਸੀ।  ਸਲਮਾ ਆਪਣੀ ਸਾਰੀ ਤਨਖਾਹ ਆਪਣੇ ਪਿੰਡ ਭੇਜ ਦਿੰਦੀ। ਪੈਸੇ ਵੇਖਕੇ ਚਾਚੇ ਨੇ  ਆਪਣਾ ਕੱਚਾ ਘਰ ਢਾਹ ਕੇ ਪੱਕਾ ਬਣਵਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਘਰ ਦਾ ਸਾਰਾ ਸਮਾਨ ਨਵਾਂ ਲਿਆਂਦਾ । ਸਲਮਾ ਦੀ ਮਾਂ ਤੇ ਚਾਚਾ ਜਦੋਂ ਵੀ ਸਲਮਾ ਨੂੰ ਫੋਂਨ ਕਰਦੇ  ਪੈਸੇ ਭੇਜਣ ਦੀ ਗੱਲ ਕਰਦੇ। ਸਲਮਾ ਵੀ ਪੈਸੇ ਭੇਜਣ ਚ, ਲੇਟ ਨਾ ਹੁੰਦੀ। ਜਦੋਂ ਵੀ ਤਨਖਾਹ ਮਿਲਦੀ ਉਹ ਸੰਤੋਸ਼ ਨੂੰ ਨਾਲ ਲਿਜਾਕੇ ਪੈਸੇ ਭੇਜ ਦਿੰਦੀ। ਉਸ ਨੇ ਇਸ ਮਹੀਨੇ ਦੀ ਤਨਖਾਹ ਦੇ ਪੈਸੇ ਤਾਂ ਭੇਜ ਦਿੱਤੇ ਪਰ ਚਾਚੇ ਦਾ ਫੇਰ ਫੋਨ ਆ ਗਿਆ,,।

“ਸਲਮਾ ਬੇਟਾ ਤੇਰੀ ਮਾਂ ਦਾ ਅਪ੍ਰੇਸ਼ਨ ਕਰਵਾਉਣਾ ਪਊ ਉਸ ਦੇ ਬਹੁਤ ਦਰਦ ਹੈ”

” ਚਾਚਾ ਜੀ ਤੁਸੀਂ ਅਪ੍ਰੇਸ਼ਨ ਕਰਵਾਉ ਫੇਰ ਮਾਂ ਦਾ ਜ਼ਰੂਰ”

” ਬੇਟਾ ਪੈਸੇ ਭੇਜ ਦੇ ਫੇਰ ਅਪ੍ਰੇਸ਼ਨ ਕਰਵਾਉਣ ਲਈ”

” ਚਾਚਾ ਜੀ ਤਨਖਾਹ ਤਾਂ ਮੈੰ ਹਫ਼ਤਾ ਪਹਿਲਾਂ ਹੀ ਭੇਜੀ ਹੈ”

” ਬੇਟਾ ਉਸ ਦਾ ਤਾਂ ਮਿਸਤਰੀਆਂ ਦਾ ਸਮਾਨ ਆ ਗਿਆ ,,ਬੇਟਾ ਤੂੰ ਕੁੱਝ ਪੈਸੇ ਹੋਰ ਭੇਜ ਦੇ ”

ਮਾਂ ਦੇ ਅਪ੍ਰੇਸ਼ਨ ਦਾ ਸੁਣ ਕੇ ਸਲਮਾ ਪਰੇਸ਼ਾਨ ਹੋ ਗਈ ਉਸ ਨੇ ਮੇਹਰ ਤੋਂ ਮਾਂ ਦੇ ਅਪ੍ਰੇਸ਼ਨ ਲਈ ਐਡਵਾਂਸ ਪੈਸੇ ਮੰਗੇ। ਪਰ ਮੇਹਰ ਨੇ ਗੱਲ ਟਾਲ ਦਿੱਤੀ। ਪਰ ਹਸਨ ਨੇ ਉਨ੍ਹਾਂ ਦੀ ਗੱਲਬਾਤ ਸੁਣ ਲਈ। ਸਲਮਾ ਜਦੋਂ ਹਸਨ ਦੇ ਕਮਰੇ ਵਿੱਚ ਉਸ ਨੂੰ ਖਾਣ ਨੂੰ ਕੁੱਝ ਦੇਣ ਆਈ ਤਾਂ ਉਸ ਨੇ ਸਲਮਾ ਨੂੰ ਉਸ ਦੀ ਮਾਂ ਦੇ ਅਪ੍ਰੇਸ਼ਨ ਲਈ ਕੁੱਝ ਪੈਸੇ ਦੇ ਦਿੱਤੇ ਨਾਲ ਉਸ ਨੂੰ ਹਦਾਇਤ ਵੀ ਕੀਤੀ ਕੇ ਮੇਹਰ ਕੋਲ ਇਸ ਬਾਰੇ ਗੱਲ ਨਾ ਕਰੇ। ਸਲਮਾ ਨੇ ਤਨਖਾਹ ਚੋਂ ਪੈਸੇ ਕਟਵਾਉਣ ਦਾ ਭਰੋਸਾ ਦਿੱਤਾ। ਪਰ ਹਸਨ ਨੇ ਕਿਹਾ ਕੋਈ  ਗੱਲ ਨਹੀਂ ਇਹ ਪੈਸੇ ਤੂੰ ਨਾ ਕਟਵਾਈਂ। ਪੈਸੇ ਲੈ ਕੇ ਸਲਮਾ ਟੈਕਸੀ ਲੈ ਕੇ ਮਾਂ ਦੇ ਅਪ੍ਰੇਸ਼ਨ ਲਈ ਪੈਸੇ ਘਰ ਭੇਜਣ ਲਈ ਮਾਰਕੀਟ ਗਈ। ਪੈਸੇ ਤਾਂ ਉਸ ਨੇ ਭੇਜ ਦਿੱਤੇ ਪਰ ਜਦ ਉਸ ਨੇ ਵਾਪਿਸ ਆਉਣ ਲਈ ਟੈਕਸੀ ਰੋਕੀ ਤਾਂ ਟੈਕਸੀ ਵਾਲੇ ਨੇ ਪੁੱਛਿਆ ਕਿੱਥੇ ਜਾਉਗੇ?

” ਜੂਮੇਰਾ “ਸਲਮਾ ਨੇ ਕਿਹਾ

“ਜੂਮੇਰਾ ਚ ਕਿੱਥੇ ਉਹ ਤਾਂ ਬਹੁਤ ਵੱਡਾ ਇਲਾਕਾ ਹੈ ” ਟੈਕਸੀ ਡਰਾਈਵਰ ਨੇ ਪੁੱਛਿਆ। ਪਰ ਸਲਮਾ ਕੋਲ ਘਰ ਦਾ ਐਡਰੈਸ ਨਹੀਂ ਸੀ। ਉਹ ਟੈਕਸੀ ਤੋਂ ਉਤਰ ਕੇ ਸੰਤੋਸ਼ ਨੂੰ ਫੋਨ ਕਰਨ ਲੱਗੀ ਪਰ ਉਸ ਦੀ ਬੈਟਰੀ ਖਤਮ ਹੋਣ ਕਰਕੇ ਫੋਨ ਬੰਦ ਹੋ ਗਿਆ। ਉਹ ਘਰ ਜਾਵੇ ਤਾਂ ਕਿਵੇਂ,,,। ਉਹ ਰੋਣ ਲੱਗ ਗਈ ਤੇ ਇੱਕ ਜਗ੍ਹਾ ਤੇ ਬੈਠ ਗਈ। ਉੱਧਰ ਘਰ ਜਦੋਂ ਸਲਮਾ ਕਾਫ਼ੀ ਸਮਾਂ ਨਾ ਪਹੁੰਚੀ ਤਾ ਸੰਤੋਸ਼ ਤੇ ਗਰੇਸ ਨੂੰ ਫ਼ਿਕਰ ਹੋਇਆ। ਉਨ੍ਹਾਂ ਨੇ ਮੇਹਰ ਨੂੰ ਦੱਸਿਆ ਵੀ ਸਲਮਾ ਮਾਰਕੀਟ ਗਈ ਸੀ ਪਰ ਵਾਪਿਸ ਨਹੀ ਆਈ। ਮੇਹਰ ਨੂੰ ਵੀ ਫਿਕਰ ਹੋਇਆ ਉਸ ਨੇ ਸੰਤੋਸ਼ ਨੂੰ ਕਿਹਾ ਚੱਲ ਉਸ ਨੂੰ ਲੱਭਕੇ ਲਿਆਉਦੇ ਹਾਂ। ਸੰਤੋਸ਼ ਨੂੰ ਕੁੱਝ ਪਤਾ ਸੀ ਵੀ ਉਹ ਕਿਹੜੀ ਮਾਰਕੀਟ ਚ, ਜਾਂਦੀ ਹੈ। ਇਸ ਲਈ ਉਹ ਮੇਹਰ ਨੂੰ ਲੈ ਕੇ ਉਸ ਮਾਰਕੀਟ ਚ, ਗਿਆ। ਪਰ ਕਾਫ਼ੀ ਲੱਭਣ ਤੋਂ ਬਾਅਦ ਵੀ ਸਲਮਾ ਉਨ੍ਹਾਂ ਨੂੰ ਨਹੀਂ ਮਿਲੀ। ਉਹ ਪੁਲਸ ਨੂੰ ਸੂਚਨਾ ਦੇਣ ਬਾਰੇ ਸੋਚ ਹੀ ਰਹੇ ਸਨ ਕਿ ਅਚਾਨਕ ਦੂਰ ਬੈਠੀ ਸਲਮਾ ਤੇ ਮੇਹਰ ਦੀ ਨਿਗ੍ਹਾ ਪੈ ਗਈ। ਉਹ ਗੱਡੀ ਲੈ ਕੇ ਉਸ ਕੋਲ ਗਏ।

” ਸਲਮਾ ਦੀ ਬੱਚੀ ਤੂੰ ਕਿੱਥੇ ਮਰ ਗਈ ਸੀ ਸਭ ਪਰੇਸ਼ਾਨ ਹੋ  ਗਏ ਸੀ , ਆ ਹੁਣ ਗੱਡੀ ਚ ਬੈਠ” ਮੇਹਰ ਨੇ ਗੁੱਸੇ ਚ, ਕਿਹਾ।

” ਉਹ ਭਾਊ ਜੀ ਮੈਂ ਪੈਸੇ ਭੇਜਣ ਲਈ ਆਈ ਸੀ। ਪਰ ਮੇਰੇ ਕੋਲ ਪਤਾ ਨਹੀਂ ਸੀ ਘਰ ਦਾ ਸਿਰਫ਼ ਜੂਮੇਰਾ ਦਾ ਪਤਾ ਸੀ ”

” ਬੇਵਕੂਫ ਫੋਨ ਤਾਂ ਕਰ ਸਕਦੀ ਸੀ ”

” ਭਾਉ ਜੀ ਮੇਰਾ ਫੋਨ ਸਵਿੱਚ ਆਫ਼ ਹੋ ਗਿਆ ਬੈਟਰੀ ਖਤਮ ਹੋ ਗਈ ਸੀ” ਇੰਨੀ ਗੱਲ ਕਹਿਕੇ ਸਲਮਾ ਰੋਣ ਲੱਗ ਗਈ।

” ਅੱਛਾ ਠੀਕ ਹੈ ਰੋਣਾ ਬੰਦ ਕਰ ਤੇ ਘਰ ਚੱਲ ਅਹਿਦ ਬਹੁਤ ਪਰੇਸ਼ਾਨ ਹੈ ਤੇਰੇ ਬਿਨਾ,,,”

ਸਲਮਾ ਹੁਣ ਸਭ ਦੀ ਜ਼ਰੂਰਤ ਬਣ ਗਈ ਸੀ। ਪਰ ਅਜੇ ਵੀ ਸਲਵਾਰ ਕਮੀਜ਼ ਹੀ ਪਾਉਂਦੀ ਸੀ। ਭਾਵੇਂ ਉਹ ਬਹੁਤ ਸੋਹਣੀ ਸੀ ਪਰ ਕੱਪੜਿਆਂ ਤੋਂ ਇੱਕ ਅਨਪੜ੍ਹ ਪੇੰਡੂ ਕੁੜੀ ਹੀ ਲੱਗਦੀ ਸੀ। ਮੇਹਰ ਨੇ ਉਸ ਨੂੰ ਸੁਧਾਰਨਾ ਸ਼ੁਰੂ ਕੀਤਾ। ਉਸ ਨੂੰ ਟੀ ਸ਼ਰਟ ਤੇ ਜੀਨ ਪਾਉਣ ਨੂੰ ਦਿੱਤੇ। ਹੌਲੀ ਹੌਲੀ ਉਸ ਨੇ ਸਲਮਾ ਨੂੰ ਥੋਹੜੀ ਥੋਹੜੀ ਇੰਗਲਿਸ਼ ਬੋਲਣਾ ਸਿਖਾ ਦਿੱਤਾ। ਸਲਮਾ ਹੁਣ ਹੋਰ ਸਮਾਰਟ ਲੱਗਦੀ ਸੀ। ਪਰ ਉਸ ਨੇ ਆਪਣੇ ਕੰਮ ਚ ਕੋਈ ਕਮੀ ਨਾ ਕੀਤੀ। ਉਹ ਸਭ ਦਾ ਉਸੀ ਤਰ੍ਹਾਂ ਹੀ ਖਿਆਲ ਰੱਖਦੀ। ਅਹਿਦ ਨੂੰ ਸਕੂਲ ਲਈ ਤਿਆਰ ਕਰਨ ਤੋਂ ਬਾਅਦ ਉਸ ਨੂੰ ਸਕੂਲ ਛੱਡਣ ਜਾਣਾ, ਮੇਹਰ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਣਾ ਉਸ ਦੇ ਕੱਪੜੇ ਜੁੱਤੇ, ਗਹਿਣਿਆਂ ਦੀ ਸਾਂਭ ਸੰਭਾਲ ਕਰਨੀ, ਹਸਨ ਦੇ ਕੱਪੜੇ, ਉਸ ਦੀ ਜ਼ਰੂਰਤ ਦਾ ਬਾਕੀ ਸਮਾਨ ਦਾ ਖਿਆਲ ਰੱਖਣਾ, ਇਹ ਸਲਮਾ ਦਾ ਕੰਮ ਸੀ।

ਇੱਕ ਵਾਰ ਹਸਨ ਨੇ ਇੰਗਲੈਡ ਜਾਣਾ ਸੀ,, ਆਪਣੇ ਬਿਜ਼ਨਸ ਦੇ ਸਿਲਸਿਲੇ ਚ,। ਉਹ ਤੇ ਮੇਹਰ ਡਾਈਨਿੰਗ ਟੇਬਲ ਤੇ ਖਾਣਾ ਖਾ ਰਹੇ ਸਨ ਤਾ ਹਸਨ ਨੇ ਸਲਮਾ  ਨੂੰ ਪੁੱਛਿਆ

” ਸਲਮਾ ਮੇਰਾ ਸਮਾਨ ਪੈਕ ਕਰ ਦਿੱਤਾ”

” ਹਾਂ ਜੀ ਸਰ ਜੀ ਮੈੰ ਦੋ ਸਵੈਟਰ ਵੀ ਰੱਖ ਦਿੱਤੇ ,,ਕਹਿੰਦੇ ਇੰਗਲੈਡ ਚ ਠੰਢ ਹੈ ”

” ਅਰੇ ਵਾਹ,,!! ਕਿਆ ਬਾਤ ਹੈ ਥੈਂਕਸ ” ਹਸਨ ਨੇ ਸਲਮਾ ਦੀ ਤਰੀਫ਼ ਕੀਤੀ। ਪਰ ਸ਼ਾਇਦ ਮੇਹਰ ਨੂੰ ਇਹ ਗੱਲ ਚੰਗੀ ਨਾ ਲੱਗੀ। ਉਸ ਨੂੰ ਸ਼ੱਕ ਹੋ ਗਿਆ ਕੇ ਸਲਮਾ ਹਸਨ ਦਾ ਜ਼ਿਆਦਾ ਹੀ ਖਿਆਲ ਰੱਖ ਰਹੀ ਹੈ। ਉਸ ਨੇ ਸਲਮਾ ਨੂੰ ਬਿਨਾ ਕਸੂਰ ਤੋਂ ਝਿੜਕ ਦਿੱਤਾ।

ਇੱਕ ਦਿਨ ਮੇਹਰ ਦੀਆਂ ਸਹੇਲੀਆਂ ਮੇਹਰ ਦੇ ਘਰ ਆਈਆਂ। ਸਲਮਾ ਨੇ ਉਨ੍ਹਾਂ ਲਈ ਖਾਣ ਨੂੰ ਬਹੁਤ ਕੁੱਝ ਬਣਾਇਆਂ। ਸਾਰੀਆਂ ਫਰੈਂਡਜ਼ ਸਲਮਾ ਨੂੰ ਮੇਹਰ ਦੀ ਛੋਟੀ ਭੈਣ ਸਮਝ ਰਹੀਆਂ ਸਨ ਪਰ ਮੇਹਰ ਤੇ ਦੱਸਿਆ ਕਿ ਇਹ ਸਲਮਾ ਮੇਰੀ ਮੇਡ ਹੈ। ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਤੇ ਉਹਨਾਂ ਚੋਂ ਇੱਕ ਨੇ ਕਿਹਾ,,

“ਮੇਹਰ ਯਾਰ ਤੂੰ ਆਪਣੀ ਮੇਡ ਨੂੰ ਆਪਣੇ ਪਤੀ ਤੋਂ ਦੂਰ ਰੱਖੀ ,,ਹਾਹਾਹਹਾ,, ਇਹ ਮਰਦ ਜਾਤ ਦਾ ਕੋਈ ਭਰੋਸਾ ਨਹੀਂ ਹੁੰਦਾ ਤੇਰੀ ਮੇਡ ਹੈ ਵੀ ਤਾਂ ਬਹੁਤ ਸੋਹਣੀ ” ਮੇਹਰ ਦੀ ਦੋਸਤ ਨੇ ਮੇਹਰ ਨੂੰ ਨਸੀਅਤ ਦਿੱਤੀ।  ਉਸ ਦੀ ਇਹ ਗੱਲ ਮੇਹਰ ਨੂੰ ਕਾਂਟੇ ਵਾਂਗ ਚੁੱਭੀ। ਉਸ ਨੂੰ ਤਾਂ ਪਹਿਲਾਂ ਹੀ ਸ਼ੱਕ ਸੀ। ਮੇਹਰ ਹੁਣ ਸਲਮਾ ਨੂੰ ਛੋਟੀ ਛੋਟੀ ਗੱਲ ਤੇ ਡਾਂਟ ਦਿੰਦੀ। ਉਸ ਦੀ ਬਿਨਾ ਗੱਲ ਤੋਂ ਬੇਇੱਜ਼ਤੀ ਕਰਦੀ।

ਕਹਾਣੀ ਦਾ ਅਗਲਾ ਹਿੱਸਾ ਅਗਲੇ ਭਾਗ ਚ

Leave a Reply

Your email address will not be published. Required fields are marked *