ਚੁੱਲੇ ਦੀ ਅੱਗ | chulle di agg

ਅਕਸਰ ਰੱਖੜੀਆਂ ‘ਤੇ ਵੱਡੀ ਭੈਣ ਆਉਂਦੀ ਤਾਂ ਘਰਵਾਲੀ ਥੋੜ੍ਹਾ ਇਤਰਾਜ਼ ਜਿਹਾ ਕਰਦੀ ਕੇ, ਏਨੀ ਸਸਤੀ ਜਿਹੀ ਰੱਖੜੀ ਹਰ ਸਾਲ ਲੈ ਆਉਂਦੀ ਏ।ਕੀ ਘਾਟਾ ਹੈ ਇਸ ਨੂੰ ਚੰਗੇ ਸਰਦੇ ਵਰਦੇ ਨੇ ,ਮੈਂ ਹਰ ਵਾਰ ਇਹ ਗੱਲ ਅਣਗੌਲੀ ਜਿਹੀ ਕਰ ਦਿੰਦਾ।ਅੱਜ ਬਾਜ਼ਾਰ ਸਾਰਾ ਭਰਿਆ ਹੋਇਆ ਸੀ।ਕਿੰਨੀਆਂ ਕਿੰਨੀਆਂ ਵੱਡੀਆਂ ਦੁਕਾਨਾਂ ‘ਤੇ ਅੱਗੇ ਪਿਆ ਕਿੰਨਾ ਸਾਰਾ ਸਾਮਾਨ ਲੋਕ ਤਿਉਹਾਰ ਕਰਕੇ ਖਰੀਦੋ ਫਰੋਖਤ ਕਰ ਰਹੇ ਸੀ।ਸੜਕ ‘ਤੇ ਜਾਂਦਿਆਂ ਮੈਂ ਵੀ ਇਕ ਸਾਈਡ ਗੱਡੀ ਰੋਕ ਲਈ।ਵੱਡੀ ਸਾਰੀ ਦੁਕਾਨ ਦੇ ਇੱਕ ਪਾਸੇ ਜਿਹੇ ਲੱਗੀ ਰੇਹੜੀ ਵੱਲ ਇਸ਼ਾਰਾ ਕੀਤਾ ਤਾਂ ਨਾਲ ਦੀ ਨੇ ਗੁੱਸਾ ਜਿਹਾ ਜ਼ਾਹਿਰ ਕੀਤਾ।ਨਾ ਜੀ ਇਸ ਰੇਹੜੀ ਤੋਂ ਸਾਮਾਨ ਨ੍ਹੀਂ ਲੈਣਾ ਔਹ ਦੇਖੋ ਕਿੰਨੀ ਵੱਡੀ ਦੁਕਾਨ ਉੱਥੇ ਚਲਦੇ ਆਂ।ਰੇਹੜੀ ਤੇ ਖੜ੍ਹਾ ਉਹ ਸੱਠ ਕੁ ਸਾਲ ਦਾ ਬਜ਼ੁਰਗ ਮਹਿਸੂਸ ਹੋਇਆ ਜਿਵੇਂ ਸ਼ੀਸ਼ਿਆਂ ਅੰਦਰ ਸਾਡੀ ਮਨੋਦਸ਼ਾ ਨੂੰ ਸਮਝ ਰਿਹਾ ਹੋਵੇ।ਮੈਂ ਬਜ਼ੁਰਗ ਦੀਆਂ ਅੱਖਾਂ ਵੱਲ ਤੱਕਿਆ ਤਾਂ ਅਨੇਕਾਂ ਸਵਾਲ ਮੇਰੇ ਜ਼ਿਹਨ ਵਿੱਚ ਘੁੰਮ ਗਏ।
ਕਿੰਨੀਆਂ ਹੀ ਗੱਲਾਂ ਅੱਜ ਆਪ ਮੁਹਾਰੇ ਹੀ ਕਹਿ ਹੋਈਆਂ।
ਜਦ ਮਾਂ ਮਰੀ ਤਾਂ ਸਾਰੀ ਜ਼ਿੰਮੇਵਾਰੀ ਵੱਡੀ ਭੈਣ ‘ਤੇ ਆ ਪਈ।ਜਿੰਨਾ ਚਿਰ ਸਰੀਰ ਨੇ ਸਾਥ ਦਿੱਤਾ ਬਾਪੂ ਕਦੇ ਕੋਈ ਦਿਹਾੜੀ ਨਾ ਛੱਡਦਾ।ਮੈਂ ‘ਤੇ ਵੱਡੀ ਭੈਣ ਹਾਲੇ ਸਕੂਲ ਪੜ੍ਹਦੇ ਸੀ।ਉਮਰ ਦੇ ਨਾਲ ਨਾਲ ਬਾਪੂ ਦਾ ਸਰੀਰ ਜਿਹਾ ਵੀ ਜਵਾਬ ਦੇਣ ਲੱਗਿਆ ‘ਤੇ ਅਖੀਰ ਦਿਹਾੜੀ ਲਾਉਣੀ ਵੀ ਔਖੀ ਹੋ ਗਈ।
ਫਿਰ ਚਾਰ ਪਹੀਆ ਰੇਹੜੀ ਬਣਾ ਲਈ ‘ਤੇ ਅਕਸਰ ਹੀ ਪਿੰਡਾਂ ਚ ਲੱਗਦੇ ਮੇਲਿਆਂ ਤੇ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ।ਘਰ ਦਾ ਚੁੱਲ੍ਹਾ ਬਲਦਾ ‘ਤੇ ਸਕੂਲ ਦੀਆਂ ਫੀਸਾਂ ‘ਤੇ ਕਿਤਾਬਾਂ ਕਾਪੀਆਂ ਆ ਜਾਂਦੀਆਂ।
ਦੋ ਦਿਨਾਂ ਬਾਅਦ ਪਿੰਡ ਮੇਲਾ ਹੋਣ ਕਾਰਨ ਬਾਪੂ ਨੇ ਘਰ ਦੇ ਖ਼ਰਚੇ ਲਈ ਰੱਖੇ ਪੈਸਿਆਂ ਦੇ ਖਿਡੌਣੇ ਖ਼ਰੀਦ ਲਿਆਂਦੇ,ਪਰ ਉਸ ਦਿਨ ਸਾਰਾ ਦਿਨ ਹੀ ਭਾਰੀ ਮੀਂਹ ਪੈਂਦਾ ਰਿਹਾ,ਲੋਕ ਵੱਡੀਆਂ ਵੱਡੀਆਂ ਦੁਕਾਨਾਂ ਵਿੱਚ ਜਾ ਵੜੇ,ਰੇਹੜੀ ਵੱਲ ਕਿਸੇ ਨੇ ਵੀ ਨਾ ਦੇਖਿਆ।ਢਲਦੀ ਸ਼ਾਮ ਨੂੰ ਬਾਪੂ ਸਾਰਾ ਸਾਮਾਨ ਉਵੇਂ ਹੀ ਵਾਪਸ ਘਰ ਲੈ ਆਇਆ।ਮੈਨੂੰ ਯਾਦ ਹੈ ਉਹ ਕਈ ਦਿਨ ਅਸੀਂ ਭੁੱਖੇ ਭਾਣੇ ਕਿਸ ਤਰ੍ਹਾਂ ਬਤੀਤ ਕੀਤੇ,ਨਾ ਹੀ ਸਕੂਲ ਦੀ ਫੀਸ ਭਰ ਹੋਈ ‘ਤੇ ਨਾ ਹੀ ਕਿਤਾਬਾਂ ਕਾਪੀਆਂ ਖਰੀਦ ਸਕੇ।ਪਰ ਫੇਰ ਵੀ ਬਾਪੂ ਨੇ ਮਿਹਨਤ ਕਰ ਜ਼ਿੰਦਗੀ ਜਿਉਣ ਜੋਗੇ ਸਾਨੂੰ ਦੋਨਾਂ ਭੈਣ ਭਰਾਵਾਂ ਨੂੰ ਕਰ ਦਿੱਤਾ।ਤੂੰ ਆਖਦੀ ਏ ਨਾ ਕਿ ਵੱਡੀ ਭੈਣ ਹਰ ਸਾਲ ਸਸਤੀ ਜਿਹੀ ਰੱਖੜੀ ਕਿਉਂ ਲਿਆਉਂਦੀ ਏ।ਕਿਉਂਕਿ ਉਹ ਰੱਖੜੀ ਵੱਡੀਆਂ ਦੁਕਾਨਾਂ ਤੋਂ ਨਹੀਂ ਇਨ੍ਹਾਂ ਛੋਟੀਆਂ ਰੇਹੜੀਆਂ ਤੋਂ ਹੀ ਖਰੀਦੀਏ ਤਾਂ ਕਿ ਇਨ੍ਹਾਂ ਦੇ ਚੁੱਲ੍ਹਿਆਂ ਵਿੱਚ ਵੀ ਅੱਗ ਪੈ ਜਾਵੇ ।ਕਿਸੇ ਦੇ ਮੂੰਹ ਵਿੱਚ ਰੋਟੀ ਦੀ ਬੁਰਕੀ ਪੈ ਜਾਵੇ ‘ਤੇ ਕਿਸੇ ਭੈਣ ਦੀ ਫੀਸ ਭਰੀ ਜਾਵੇ।ਇੱਕ ਦਿਨ ਦੇ ਤਿਉਹਾਰ ਨਾਲ ਇਹ ਰੇਹੜੀ ਵਾਲੇ ਉਮਰਾਂ ਦੀ ਰੋਟੀ ਨਹੀਂ ਕਮਾ ਸਕਦੇ।ਘਰਵਾਲੀ ਨੇ ਗੱਡੀ ਦੀ ਬਾਰੀ ਖੋਲ੍ਹ ਮੇਰਾ ਹੱਥ ਫੜ ਲਿਆ,ਆ ਜੋ ਰੇਹੜੀ ਤੋਂ ਰੱਖੜੀ ਖ਼ਰੀਦ ਲਈਏ, ਮਹਿਸੂਸ ਹੋਇਆ ਜਿਵੇਂ ਅੱਜ ਉਸ ਬਜ਼ੁਰਗ ਦੇ ‘ਚੁੱਲ੍ਹੇ ਦੀ ਅੱਗ’ ਦਾ ਅਸੀਂ ਵੀ ਜ਼ਰੀਆ ਜਿਹਾ ਬਣ ਗਏ।
ਕੁਲਵੰਤ ਘੋਲੀਆ
95172-90006

Leave a Reply

Your email address will not be published. Required fields are marked *