ਤਾਈ ਮਾਦਾ ਦੇ ਘਰ ਦੀ ਲੱਸੀ | taayi maada de ghar di lassi

ਤਾਈ ਮਾਦਾ ਮੇਰੀ ਕੋਈ ਸਕੀ ਤਾਈ ਨਹੀ ਸੀ ਤੇ ਨਾ ਹੀ ਉਹ ਸਾਡੀ ਜਾਤ ਬਰਾਦਰੀ ਚੌ ਸੀ । ਦਰਅਸਲ ਤਾਈ ਮਾਦਾ ਸਾਡੇ ਘਰ ਗੋਹਾ ਕੂੜਾ ਕਰਦੀ ਹੁੰਦੀ ਸੀ। ਕੋਈ ਪੰਜਾਹ ਸੱਠ ਸਾਲਾਂ ਦੀ ਮਜ੍ਹਬਣ ਸੀ ਉਹ। ਅਕਸਰ ਸਾਰੇ ਉਸਨੂੰ ਮਾਦਾ ਚੂਹੜੀ ਆਖਦੇ ਸਨ। ਤੇ ਉਹ ਆਪ ਵੀ ਕਈ ਵਾਰ ਆਪਣੇ ਆਪ ਨੂੰ ਮਾਦਾ ਚੂਹੜੀ ਆਖਦੀ। ਭਾਂਵੇ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਕਿਸੇ ਨੂੰ ਜਾਤੀ ਸੂਚਕ ਨਾਂ ਨਾਲ ਬਲਾਉਣਾ ਜੁਰਮ ਹੈ। ਪਰ ਮਾਦਾ ਖੁੱਦ ਹੀ ਆਪਣੀ ਜਾਤ ਦਾ ਜਿਕਰ ਬੜੀ ਸ਼ਾਨ ਨਾਲ ਕਰਦੀ ਸੀ।ਗਰੀਬੀ ਦੀ ਮਾਰ ਝਲਦੀ ਤਾਈ ਬੁਢਾਪੇ ਵਿੱਚ ਸਖਤ ਮਿਹਨਤ ਕਰਦੀ। ਉਸ ਦੀ ਐਨਕ ਦੀ ਇੱਕ ਟੰਗ ਟੁਟੀ ਹੋਈ ਸੀ ਜਿਸ ਨੂੰ ਉਸ ਨੇ ਧਾਗੇ ਨਾਲ ਬੰਨ ਕੇ ਕੰਨ ਤੇ ਟੰਗੀ ਹੋਈ ਸੀ।ਗੋਹੇ ਦੇ ਵੱਡੇ ਵੱਡੇ ਟੋਕਰੇ ਭਰਕੇ ਉਹ ਬਾਹਰ ਰੂੜੀਆਂ ਕੋਲ ਜਾਕੇ ਪਾਥੀਆਂ ਪੱਥਦੀ ਅਤੇ ਵਾਪਿਸੀ ਵੇਲੇ ਸੁੱਕੀਆਂ ਪਾਥੀਆਂ ਦਾ ਟੋਕਰਾ ਭਰ ਲਿਆਉਦੀ। ਇਹ ਉਸ ਦਾ ਨਿੱਤ ਦਾ ਹੀ ਕੰਮ ਸੀ।ਕਈ ਵਾਰੀ ਉਹ ਮੇਰੇ ਨਾਲ ਖੇਤੋ ਜਵਾਰ ਵੀ ਵੱਡ ਕੇ ਲਿਆਉਦੀ। ਤੇ ਜਦੋ ਮੈ ਤੇ ਮੇਰੀ ਮਾਂ ਮਸ਼ੀਨੀ ਟੋਕੇ ਤੇ ਸੁੱਕੀ ਜਵਾਰ ਕੁਤਰਦੇ ਥੱਕ ਜਾਂਦੇ ਤਾਂ ਉਹ ਖੁੱਦ ਕੁਤਰੇ ਵਾਲੀ ਮਸੀਨ ਗੇੜਣੀ ਸੁਰੂ ਕਰ ਦਿੰਦੀ। ਮੈ ਜਾਣ ਬੁਝ ਕੇ ਵੱਡਾ ਰੁਗ ਲਾ ਦਿੰਦਾ ਪਰ ਤਾਈ ਮਾਦਾ ਮਸੀਨ ਨਾ ਰੁਕਣ ਦਿੰਦੀ।
ਤਾਈ ਮਾਦਾ ਸਾਡੇ ਘਰ ਆਕੇ ਰਾਤ ਵਾਲੀ ਬੇਹੀ ਰੋਟੀ ਖਾਂਦੀ ਤੇ ਕਦੇ ਕਦੇ ਮੇਰੀ ਮਾਂ ਉਸ ਨੂੰ ਰਾਤ ਦੀ ਦਾਲ ਜਾ ਆਚਾਰ ਦੀ ਫਾੜ੍ਹੀ ਦੇ ਦਿੰਦੀ। ਚਾਹ ਦੀ ਬਾਟੀ ਨਾਲ ਉਹ ਚਾਰ ਪੰਜ ਰੋਟੀਆਂ ਆਰਾਮ ਨਾਲ ਰਗੜ ਜਾਂਦੀ ਤੇ ਖੁਸ਼ ਹੋ ਜਾਂਦੀ। ਖਬਰੇ ਸਾਡੇ ਘਰ ਦੀਆਂ ਬੇਹੀਆਂ ਰੋਟੀਆਂ ਉਸ ਲਈ ਨਿਆਮਤ ਸਨ।ਜਾ ਉਸਦੀ ਮਜਬੂਰੀ। ਮੇਰੀ ਆਦਤ ਸੀ ਕਿ ਮੈ ਜਦੋ ਰੋਟੀ ਉਪਰ ਮੱਖਣ ਰੱਖ ਕੇ ਖਾਂਦਾ ਤਾਂ ਅਕਸਰ ਹੀ ਰੋਟੀ ਤੇ ਮੱਖਣ ਜੂਠਾ ਛੱਡ ਦਿੰਦਾ। ਤੇ ਤਾਈ ਮਾਦਾ ਮੇਰੀ ਮਾਂ ਨੂੰ ਪੁਛਕੇ ਮੇਰੀ ਜੂਠੀ ਰੋਟੀ ਤੇ ਮੱਖਣ ਖਾ ਲੈਂਦੀ।ਜੇ ਕਦੇ ਮੈ ਗਿਲਾਸ ਵਿੱਚ ਦੁੱਧ ਲੱਸੀ ਜੂਠਾ ਛੱਡਦਾ ਤਾਂ ਉਹ ਤੇਰਵਾਂ ਰਤਨ ਕਹਿ ਕੇ ਪੀ ਲੈਂਦੀ । ਇਹ ਤਾਈ ਦੀ ਗਰੀਬੀ ਸੀ ਜਾ ਪਿਆਰ ਮੈਨੂੰ ਸਮਝ ਨਾ ਆਉਂਦੀ। ਤੇ ਕਈ ਵਾਰੀ ਤਾਂ ਮੈ ਜਾਣ ਬੁਝ ਕੇ ਹੀ ਜੂਠਾ ਛੱਡ ਦਿੰਦਾ ਤਾਂ ਕਿ ਮੇਰਾ ਜੂਠਾ ਛਡਿਆ ਤਾਈ ਖਾ ਪੀ ਲਵੇ। ਜੇ ਕਦੇ ਮੇਰਾ ਖੇਤੋ ਪੱਠੇ ਲਿਆਉਣ ਦਾ ਮੂਡ ਨਾ ਹੁੰਦਾ ਤਾਂ ਤਾਈ ਝੱਟ ਖੇਤ ਜਾਣ ਨੂੰ ਤਿਆਰ ਹੋ ਜਾਂਦੀ ਤੇ ਮੇਰਾ ਖਹਿੜਾ ਛੁਟ ਜਾਂਦਾ।
ਉਦੋ ਮੈ ਅਜੇ ਚੋਥੀ ਪੰਜਵੀ ਚ ਹੀ ਪੜਦਾ ਸੀ ।ਮੈ ਮੇਰੀ ਮਾਂ ਨੂੰ ਪੁੱਛਿਆ ਮਾਤਾ ਇਹ ਮੇਰੀ ਤਾਈ ਕਿਵੇ ਲੱਗੀ। ਇਹ ਤਾਂ ਮਜ੍ਹਬਣ ਹੈ ਤੇ ਆਪਾ ਮਹਾਜਨ ? ਮੇਰੇ ਸਵਾਲ ਤੇ ਮੇਰੀ ਮਾਂ ਖੂਬ ਹੱਸੀ ਤੇ ਕਹਿਣ ਲੱਗੀ ਬੇਟਾ ਇਹ ਵੱਡੀ ਉਮਰ ਦੀ ਹੈ ਤੇ ਮੇਰੇ ਹਾਣ ਦੀ ਹੈ ਅਦਬ ਨਾਲ ਬਲਾਉਣ ਲਈ ਹੀ ਇਸਨੂੰ ਕਿਸੇ ਰਿਸaਤੇ ਦਾ ਨਾਮ ਦੇ ਕੇ ਬਲਾਉਣਾ ਚੰਗਾ ਲੱਗਦਾ ਹੈ। ਨਾਲੇ ਗਰੀਬ ਤਾਂ ਇੰਨੇ ਕੁ ਮਾਣ ਨਾਲ ਖੁਸ਼ ਹੋ ਜਾਂਦੇ ਹਨ ਤੇ ਗਰੀਬ ਨੂੰ ਬਣਦਾ ਮਾਣ ਸਤਕਾਰ ਦੇਣਾ ਸਾਡਾ ਫਰਜ ਹੈ। ਉਸ ਦਿਨ ਤੋ ਬਾਅਦ ਮੈਨੂੰ ਤਾਈ ਮਾਦਾ ਹੋਰ ਵੀ ਚੰਗੀ ਲੱਗਣ ਲੱਗ ਪਈ।
ਜੇ ਕਿਸੇ ਦਿਨ ਤਾਈ ਕੰਮ ਤੇ ਨਾ ਆਉਂਦੀ ਤਾਂ ਮੈ ਉਸ ਨੂੰ ਉਸ ਦੇ ਘਰੋ ਬਲਾਉਣ ਚਲਾ ਜਾਂਦਾ ਸਾਈਕਲ ਤੇ। ਕਿਉਕਿ ਉਹ ਸਾਡੇ ਘਰ ਤੋ ਕਾਫੀ ਦੂਰ ਵੇਹੜੇ ਵਿੱਚ ਰਹਿੰਦੀ ਸੀ। ਉਸ ਸਮੇ ਪਿੰਡਾਂ ਵਿੱਚ ਹਰੀਜਨ ਬਸਤੀ ਨੂੰ ਵੇਹੜਾ ਹੀ ਕਿਹਾ ਜਾਂਦਾ ਸੀ।ਛੋਟੇ ਜਿਹੇ ਇੱਕ ਕਮਰੇ ਦੇ ਘਰ ਨੂੰ ਤਾਈ ਪੂਰਾ ਲਿੰਬ ਸਵਾਰ ਕੇ ਰੱਖਦੀ। ਤਾਈ ਨੇ ਘਰੇ ਗਾਵਾਂ ਤੇ ਬੱਕਰੀਆਂ ਵੀ ਰੱਖੀਆਂ ਹੋਈਆਂ ਸਨ। ਤਾਈ ਆਪਣੇ ਨੂੰਹ ਪੁੱਤ ਨਾਲ ਰਹਿੰਦੀ ਸੀ। ਤਾਈ ਦੀ ਨੂੰਹ ਨੂੰ ਮੈ ਭਾਬੀ ਆਖਦਾ ਤੇ ਉਸ ਨਾਲ ਖੂਬ ਠੱਠਾ ਮਖੋਲ ਕਰਦਾ। ਕਾਲੇ ਸਿਆਹ ਰੰਗ ਦੀ ਭਾਬੀ ਪੂਰਾ ਮੇਕ ਅੱਪ ਕਰਦੀ। ਤੇ ਜਦੋ ਉਹ ਮੇਰੀਆਂ ਗੱਲਾਂ ਤੇ ਖੂਬ ਹੱਸਦੀ ਤਾਂ ਬਹੁਤ ਸੋਹਣੀ ਲੱਗਦੀ। ਜਦੋ ਮੈਨੂੰ ਪਤਾ ਲੱਗਿਆ ਕਿ ਉਹ ਮਾਂ ਬਨਣ ਵਾਲੀ ਹੈ ਤਾਂ ਮੈਨੂੰ ਉਹ ਹੋਰ ਵੀ ਸੋਹਣੀ ਲੱਗਣ ਲੱਗ ਪਈ।ਬੱਚੇ ਨੂੰ ਲੈ ਕੇ ਮੈ ਉਸਨੂੰ ਹੋਰ ਵੀ ਮਖੋਲ ਕਰਦਾ।
ਤੇ ਉਸ ਦਿਨ ਜਦੋ ਮੈ ਘਰੇ ਆਕੇ ਮੇਰੀ ਮਾਂ ਨੂੰ ਦੱਸਿਆ ਕਿ ਮੈ ਤਾਈ ਮਾਦਾ ਘਰੋ ਗਾਂ ਦੀ ਲੱਸੀ ਪੀਕੇ ਆਇਆ ਹਾਂ ਤਾਂ ਮੇਰੀ ਮਾਂ ਮੇਰੇ ਨਾਲ ਖੂਬ ਗੁੱਸੇ ਹੋਈ। ਮੇਰੇ ਇਸ ਤਰਕ ਦਾ ਵੀ ਮੇਰੀ ਮਾਂ ਤੇ ਕੋਈ ਅਸਰ ਨਹੀ ਹੋਇਆ ਕਿ ਤਾਈ ਆਪਣੇ ਘਰ ਦਾ ਜੂਠਾ ਖਾ ਲੈਂਦੀ ਹੈ ਤੇ ਮੈ ਤਾਂ ਉਹਨਾ ਦੇ ਧੋਤੇ ਗਿਲਾਸ ਵਿੱਚ ਸੁੱਚੀ ਲੱਸੀ ਹੀ ਪੀਤੀ ਹੈ। ਫਿਰ ਵੀ ਮੇਰੇ ਨਾਲ ਓਹੀ ਹੋਇਆ ਜੋ ਮੇਰੀ ਉਮਰ ਦੇ ਬੱਚਿਆਂ ਨਾਲ ਉਸ ਸਮੇ ਹੁੰਦਾ ਸੀ। ਮੇਰੀ ਮਾਂ ਨੂੰ ਇਸ ਨਾਲ ਵੀ ਤਸੱਲੀ ਨਹੀ ਹੋਈ। ਉਸ ਨੇ ਫਿਰ ਤਾਈ ਮਾਦਾ ਨੂੰ ਉਲਾਭਾਂ ਦਿੱਤਾ। ਹੋਇਆ ਇੰਜ ਸੀ ਕਿ ਮੈ ਤਾਈ ਮਾਦਾ ਨੂੰ ਬਲਾਉਣ ਗਿਆ ਸੀ। ਤਾਈ ਬਾਹਰੋ ਘਾਹ ਖੋਤਣ ਗਈ ਹੋਈ ਸੀ। ਤੇ ਭਾਬੀ ਘਰੇ ਸੀ ਮੈ ਭਾਬੀ ਨਾਲ ਗੱਲਾਂ ਮਾਰਣ ਲੱਗ ਪਿਆ। ਮੇਰੇ ਬੈਠਿਆਂ ਤੋ ਹੀ ਭਾਬੀ ਨੇ ਪਿੱਤਲ ਦਾ ਵੱਡਾ ਸਾਰਾ ਗਿਲਾਸ ਲੱਸੀ ਦਾ ਭਰਿਆ ਤੇ ਨਮਕ ਪਾ ਕੇ ਗਟਾ ਗੱਟ ਪੀ ਗਈ। ਦੁੱਧ ਵਰਗੀ ਚਿੱਟੀ ਲੱਸੀ ਵੇਖ ਕੇ ਮੇਰਾ ਵੀ ਦਿਲ ਕਰ ਆਇਆ ਤੇ ਮੈ ਭਾਬੀ ਕੋਲੋ ਲੱਸੀ ਮੰਗ ਲਈ। ਭਾਬੀ ਨੇ ਝਿਜਕਦੇ ਹੋਏ ਕੱਚ ਦਾ ਗਿਲਾਸ ਧੋਕੇ ਮੈਨੂੰ ਲੱਸੀ ਦੇ ਦਿੱਤੀ ਤੇ ਮੈ ਇਕੋ ਸਾਹ ਡੀਕ ਲਾਕੇ ਪੂਰਾ ਗਿਲਾਸ ਪੀ ਗਿਆ ਤੇ ਫਿਰ ਇੱਕ ਹੋਰ ਗਿਲਾਸ। ਤਾਈ ਮਾਦਾ ਨੂੰ ਆਪਣੀ ਨੂੰਹ ਦੀ ਇਸ ਗਲਤੀ ਦੀ ਬਹੁਤ ਸਰਮ ਆਈ ਤੇ ਉਸ ਨੇ ਘਰੇ ਜਾਕੇ ਉਸਦੀ ਖੂਬ ਲਾਹ ਪਾਹ ਕੀਤੀ। ਉਸ ਦਿਨ ਤੋ ਬਾਦ ਭਾਬੀ ਕਦੇ ਵੀ ਮੇਰੇ ਨਾਲ ਹੱਸਕੇ ਨਾ ਬੋਲੀ। ਹੁਣ ਮੈ ਵੀ ਤਾਈ ਮਾਦਾ ਘਰੇ ਜਾਣੋ ਹੱਟ ਗਿਆ। ਤੇ ਮੇਰੀ ਮਾਂ ਵੀ ਮੈਨੂੰ ਤਾਈ ਮਾਦਾ ਨੂੰ ਬੁਲਾਕੇ ਲਿਆਉਣ ਲਈ ਨਾ ਕਹਿੰਦੀ। ਇਹ ਸਾਰਾ ਕੁਝ ਮੇਰਾ ਤਾਈ ਘਰੋ ਲੱਸੀ ਪੀਣ ਕਰਕੇ ਹੋਇਆ ਜਿਸਦਾ ਮੈਨੂੰ ਕੋਈ ਅਫਸੋਸ ਨਹੀ ।

ਰਮੇਸ਼ ਸੇਠੀ ਬਾਦਲ
ਮੋ 98 766 27 233

Leave a Reply

Your email address will not be published. Required fields are marked *