ਮਿੰਨੀ ਕਹਾਣੀ – ਪੈਨਸ਼ਨ | pension

ਸਵੇਰ ਅਜੇ ਬੀਬੀ ਦਾ ਬਿਸਤਰਾ ਬਦਲ ਹੀ ਰਹੀ ਸੀ। ਬੰਤੋ ਸਵੇਰੇ ਸਵੇਰੇ ਦੁੱਧ ਲੈਣ ਆਈ ਹਮਦਰਦੀ ਜਤਾਉਂਦੀ ਹੋਈ ਬੋਲੀ,’ਹੁਣ ਤਾਂ ਚਾਚੀ ਜੀ’ ਕਾਫੀ ਬਿਰਧ ਹੋ ਚੁੱਕੇ ਨੇ ਹੁਣ ਤਾਂ ਰੱਬ ਇਹਨਾਂ ਨੂੰ ਆਪਣੇ ਕੋਲ ਹੀ ਬੁਲਾ ਲਵੇ ।’ ਸੁਣ ਨੀ ਭੈਣੇ ਆਹ ਗੱਲ ਅੱਜ ਤਾਂ ਤੂੰ ਕਹਿ ਦਿੱਤੀ ਹੈ , ਅੱਗੇ ਵਾਸਤੇ ਇਹ ਗੱਲ ਨਹੀਂ ਕਹਿੰਣੀ ਉਹ ਜਿਵੇਂ ਵੀ ਮਰਜ਼ੀ ਹੈ ਸਾਡੀ ਮਾਂ ਹੈ । ਉਸ ਦੀ ਸੇਵਾ ਅਤੇ ਦੇਖ ਭਾਲ ਅਸੀਂ ਕਰਦੇ ਹਾਂ ਕਿਸੇ ਨੂੰ ਕੀ ਦੁੱਖ ਹੈ । ਹਾਂ ਨਾਲੇ ਸੁਣ ਜਿਹੜੇ ਘਰ ਸਿਆਣੇ ਬੈਠੇ ਨੇ ਉੱਥੇ ਜ਼ਿੰਦੇ ਲਾਉਣ ਦੀ ਲੋੜ ਦੀ ਲੋੜ ਨੀ ਹੁੰਦੀ । ਅਸੀਂ ਤਾਂ ਇਹਨਾਂ ਦੇ ਅਸ਼ੀਰਵਾਦ ਨਾਲ ਹੀ ਚੱਲਦੇ ਫਿਰਦੇ ਹਾਂ ਸਾਰਾ ਇਹਨਾਂ ਦਾ ਹੀ ਪ੍ਰਤਾਪ ਹੈ ।ਗੁਰਜੀਤ ਨੇ ਬਹੁਤ ਸੋਚ ਸਮਝ ਕੇ ਜਵਾਬ ਦਿੱਤਾ ਅਤੇ ਕਿਹਾ ਅਸੀਂ ਦਿਨ ਰਾਤ ਅਰਦਾਸ ਕਰਦੇ ਹਾਂ ਆਪਣੇ ਪੋਤੇ ਦਾ ਵਿਆਹ ਅਤੇ ਪੜਪੋਤੇ ਦਾ ਮੂੰਹ ਦੇਖਕੇ ਦੁਨੀਆਂ ਨੂੰ ਅਲਵਿਦਾ ਕਹਿਣ ।
ਬੰਤੋ ਮਨ ਵਿੱਚ ਸੋਚ ਰਹੀ ਸੀ ਕਿ ਗੁਰਜੀਤ ਦੀ ਕਿੰਨੀ ਵਧੀਆ ਸੋਚ ਹੈ। ਅੱਜ ਕੱਲ੍ਹ ਤਾਂ ਆਪਣੇ ਬਜ਼ੁਰਗਾਂ ਨੂੰ ਪੁੱਛਦੇ ਹੀ ਨਹੀਂ ਸਾਰੇ ਇਹੀ ਸੋਚਦੇ ਨੇ ਕੱਲ੍ਹ ਮਾਰਦੇ ਅੱਜ ਹੀ ਮਰ ਜਾਣ । ਆਈ ਵੱਡੀ ਸਲਾਹ ਦੇਣ ਵਾਲੀ ਸਾਡੀ ਬੀਬੀ ਨੂੰ ਹਰ ਮਹੀਨੇ ਦਸ ਹਜ਼ਾਰ ਰੁਪਏ ਪੈਨਸ਼ਨ ਮਿਲਦੀ ਹੈ ਜੇ ਬੀਬੀ ਨੂੰ ਕੋਈ ਗੱਲਬਾਤ ਹੋ ਗਈ, ‘ ਸਾਡਾ ਘਰਦਾ ਖਰਚਾ ਨੀ ਬੰਦ ਹੋ ਜਾਏਗਾ ।’ ਨਾਲੇ ਬੀਬੀ ਦਾ ਕੇਹੜਾ ਕੋਈ ਖਰਚਾ ਉਹਦੀ ਪੈਨਸ਼ਨ ਨਾਲ ਹੀ ਸਾਡੇ ਚੁੱਲ੍ਹੇ ਦਾ ਧੂੰਆਂ ਨਿਕਲਦਾ ਜੇ ਕੋਈ ਗੱਲਬਾਤ ਹੋ ਗਈ ਸਾਡੇ ਚੁੱਲ੍ਹੇ ਦਾ ਧੂੰਆਂ ਨਿਕਲਣਾ ਬੰਦ ਹੋ ਜਾਵੇਗਾ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ

Leave a Reply

Your email address will not be published. Required fields are marked *