ਮਿੰਨੀ ਕਹਾਣੀ – ਪਰੀ | pari

ਤਾਮਿਲਨਾਡੂ ਦਾ ਇੱਕ ਛੋਟਾ ਜਿਹਾ ਕਸਬਾ ਸੀ। ਉੱਥੇ ਸੱਤਿਅਮ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਸੱਤਿਅਮ ਦੀ ਉਮਰ 45 ਸਾਲ ਸੀ ਤੇ ਉਸ ਦੀ ਖੂਬਸੂਰਤ ਬੀਵੀ ਮੰਥੀ ਦੀ ਉਮਰ 40 ਸਾਲ ਸੀ। ਮੰਥੀ ਬੇਹੱਦ ਖੂਬਸੂਰਤ ਤੇ ਬਹੁਤ ਹੀ ਸੰਸਕਾਰੀ ਔਰਤ ਸੀ। ਸੱਤਿਅਮ ਦਾ ਇੱਕ ਬੇਟਾ ਸੀ ਜੋ 15 ਸਾਲ ਦਾ ਸੀ  ਦੋ ਬੇਟੀਆਂ ਸਨ ਵੱਡੀ ਵੈਦਈ 12 ਸਾਲ ਦੀ ਸੀ ਤੇ ਛੋਟੀ ਪਰੀ ਸਿਰਫ 9 ਸਾਲ ਦੀ । ਸੱਤਿਅਮ ਕੋਲ ਚੰਗੀ ਜ਼ਮੀਨ ਤੇ ਵਧੀਆਂ ਘਰ ਸੀ। ਉਸ ਦੀ ਆਮਦਨ  ਠੀਕ ਠਾਕ ਸੀ ਉਸਨੇ ਪਿਛਲੇ ਸਾਲ ਨਵੀਂ ਕਾਰ ਲਈ ਸੀ। ਕਾਰ ਦੀਆਂ ਸੀਟਾਂ ਦੇ ਪਲਾਸਟਿਕ ਦੇ ਕਵਰ ਉਸ ਨੇ ਅਜੇ ਤੱਕ ਵੀ ਨਹੀਂ ਉਤਾਰੇ ਸਨ। ਉਨ੍ਹਾਂ ਦੇ ਵਿਆਹ ਦੀ 18 ਵੀਂ ਵਰੇਗੰਢ ਸੀ। ਉਹ ਸਾਰਾ ਪਰਿਵਾਰ ਆਪਣੇ ਪੁਰਖਾਂ ਦੇ ਮੰਦਰ ਗਏ ਜੋ ਪਹਾੜੀ ਦੇ ਉੱਪਰ ਸੀ।ਮੰਦਰ ਕਾਫ਼ੀ ਉੱਚਾਈ ਤੇ ਸੀ ਇਸ ਲਈ ਮੰਦਰ ਚ, ਮੱਥਾ ਟੇਕਣ ਲਈ ਕਾਫ਼ੀ ਚੜ੍ਹਾਈ ਪੈਦਲ ਚੜ੍ਹਣੀ ਪੈਂਦੀ ਸੀ। ਉਹ ਸਾਰਾ ਪਰਿਵਾਰ ਚੜ੍ਹਾਈ ਚੜ੍ਹਕੇ ਮੰਦਰ ਪਹੁੰਚਿਆ। ਉਨ੍ਹਾਂ ਆਪਣੀ ਵਿਆਹ ਦੀ ਵਰੇਗੰਢ ਹੋਣ ਕਰਕੇ ਮੰਦਰ ਚ, ਪੂਜਾ ਕੀਤੀ ਤੇ ਭਗਵਾਨ ਤੋਂ ਅਸ਼ੀਰਵਾਦ ਲਿਆ। ਸਾਰਾ ਪਰਿਵਾਰ ਕੁੱਝ ਸਮਾਂ ਅਰਾਮ ਕਰਨ ਲਈ ਪਹਾੜੀ ਦੇ ਉੱਪਰ ਹੀ ਬੈਠ ਗਿਆ । ਪਹਾੜੀ ਦੇ ਉੱਪਰੋਂ ਉਨ੍ਹਾਂ ਦਾ ਸਾਰਾ ਸ਼ਹਿਰ ਦਿੱਸਦਾ ਸੀ। ਪਰੀ ਆਪਣੇ ਅੱਪਾ (ਪਿਤਾ) ਨਾਲ ਪਹਾੜ ਦੀ ਟੀਸੀ ਤੇ ਪਹੁੱਚ ਗਈ। ਉਹ ਨੇ ਆਪਣੇ ਅੱਪਾ ਨੂੰ ਪੁੱਛਿਆ

“ਅੱਪਾ ਕਲਪਨਾ ਚਾਵਲਾ ਵੀ ਇਸ ਪਹਾੜੀ ਤੇ ਆਈ ਹੋਵੇਗੀ”

” ਉਹ ਕਿਉ ਬੇਟਾ”

“ਕਿਉਕਿ ਐਥੋਂ ਹੀ ਉਸ ਨੇ ਉੜਣ ਦੇ ਸੁਪਨੇ ਵੇਖੇ ਹੋਣਗੇ  ਮੇਰੇ ਵਾਂਗੂ । ਅੱਪਾ ਮੈੰ ਵੀ ਅਸਮਾਨ ਚ ਉੱਡਣਾ ਚਾਹੁੰਦੀ ਹਾਂ” ਲੰਬੀਆਂ ਉਡਾਣਾਂ ਭਰਨਾ ਚਾਹੁੰਦੀ ਹਾਂ,,,।

“ਕਿਉ ਨਹੀਂ ਬੇਟਾ ਤੂੰ ਵੀ ਅਸਮਾਨ ਚ ਉੱਡ ਸਕਦੀ ਹੈ। ਆ  ਮੈਂ ਤੈਨੂੰ ਇੱਕ ਝਲਕ ਵਿਖਾਵਾ”

ਸੱਤਿਅਮ ਨੇ ਪਰੀ ਨੂੰ ਗੋਦੀ ਚ ਚੱਕ ਕੇ ਉਸ ਨੂੰ ਗੋਲ ਗੋਲ ਘੁੰਮਾਇਆ। ਉਸ ਨੂੰ ਹਵਾ ਚ ਉੱਡਣ ਦਾ ਅਹਿਸਾਸ ਕਰਵਾਇਆ। ਪਰੀ ਨੂੰ ਬਹੁਤ ਮਜ਼ਾ ਆਇਆ । ਸਾਰਾ ਪਰਿਵਾਰ ਹੱਸੀ ਖੁਸ਼ੀ ਵਾਪਿਸ ਆ ਗਿਆ। ਦੋਨੋਂ ਲੜਕੀਆਂ ਸਕੂਲ ਤੋਂ ਬਾਅਦ ਡਾਂਸ ਸਿੱਖਣ ਜਾਂਦੀਆਂ ਸਨ। ਸਤਿਅਮ ਦਾ ਮੁੰਡਾ ਆਪਣੀਆਂ ਭੈਣਾਂ ਨੂੰ ਡਾਂਸ ਕਲਾਸ ਲਈ ਛੱਡ ਕੇ ਆਉਂਦਾ ਤੇ ਲੈ ਕੇ ਆਉਂਦਾ ਸੀ। ਇੱਕ ਦਿਨ ਵੈਦਈ ਦੀ ਤਬੀਅਤ ਖਰਾਬ ਹੋ ਗਈ। ਡਾਂਸ ਦੀ ਕਲਾਸ ਚ ਉਸ ਦੇ ਪੇਟ ਚ ਦਰਦ ਹੋਣ ਲੱਗਾ। ਡਾਂਸ ਵਾਲੀ ਟੀਚਰ ਨੇ ਉਸ ਦੀ ਹਾਲਤ ਵੇੱਖਕੇ ਉਸ ਦੀ ਮਾਂ ਮੰਥੀ ਨੂੰ ਫੋਨ ਕੀਤਾ।

“ਹੈਲੋਂ ਤੁਸੀ ਵੈਦਈ ਦੇ ਮੰਮੀ ਬੋਲ ਰਹੇ ਹੋ”

” ਹਾ ਜੀ ਤੁਸੀ ਕੌਣ?? ”

” ਮੈੰ ਉਸ ਦੀ ਡਾਂਸ ਟੀਚਰ ਬੋਲ ਰਹੀ ਹਾਂ। ਤੁਹਾਨੂੰ ਖੁਸ਼ਖਬਰੀ ਦੇਣੀ ਹੈ ਵੈਦਈ ਵੱਡੀ ਹੋ ਗਈ। ਉਸ ਦੀ ਪਹਿਲੀ  ਮਹਾਂਵਾਰੀ ਸ਼ੁਰੂ ਹੋ ਗਈ। ਤੁਸੀਂ ਫ਼ਿਕਰ ਨਹੀਂ ਕਰਨਾ ਮੈੰ ਉਸ ਨੂੰ ਸਮਝਾ ਦਿੱਤਾ ਮੈੰ ਉਨ੍ਹਾਂ ਨੂੰ ਦੂਸਰੀ ਟੀਚਰ ਨਾਲ ਘਰ ਭੇਜ ਰਹੀ ਹਾਂ”

” ਇਹ ਤਾਂ ਤੁਸੀਂ ਬਹੁਤ ਵਧੀਆ ਖਬਰ ਸੁਣਾਈ ” ਵੈਦਈ ਦੀ ਮਾਂ ਬਹੁਤ ਖੁਸ਼ ਹੋਈ। ਉਸ ਨੇ ਇਹ ਸਾਰੀ ਖਬਰ ਸੱਤਿਅਮ ਨਾਲ ਸਾਂਝੀ ਕੀਤੀ। ਉਨ੍ਹਾਂ ਦੀ ਬਰਾਦਰੀ ਵਿੱਚ ਇਸ ਗੱਲ ਨੂੰ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਸੀ।ਇਸ ਨੂੰ ਲੜਕੀ ਦਾ ਜੋਬਨ ਦਿਵਸ ਕਹਿਕੇ ਮੰਨਾਉਦੇ ਸਨ। ਮਤਲਬ ਲੜਕੀ ਜਵਾਨ ਹੋ ਗਈ। ਹੁਣ  ਉਹ ਸੰਤਾਨ ਪੈਦਾ ਕਰ ਸਕਦੀ ਹੈ ਇਸ ਦੇ ਸੰਕੇਤ ਮਿੱਲ ਗਏ ਸਨ।

ਵਦੈਈ ਘਰ ਆ ਗਈ। ਉਸ ਦੇ ਪੇਟ ਚ ਦਰਦ ਹੋ ਰਿਹਾ ਸੀ। ਪਰ ਮਾਂ ਨੇ ਉਸ ਨੂੰ ਪਿਆਰ ਕੀਤਾ ਤੇ ਉਸਨੂੰ ਕਿਹਾ,,,

“ਬੇਟਾ ਆਪਣੇ ਅੱਪਾ ਤੋਂ ਅਸ਼ੀਰਵਾਦ ਲਵੋ”

ਵਦੈਈ ਨੇ ਪੈਰ ਛੂ ਕੇ ਆਪਣੇ ਅੱਪਾ ਤੋਂ ਅਸ਼ੀਰਵਾਦ ਲਿਆ।

“ਹੁਣ ਅਗਲੇ ਤਿੰਨ ਦਿਨ ਤੂੰ ਸਕੂਲ ਨਹੀਂ ਜਾਣਾ। ਘਰ ਵਿੱਚ ਹੀ ਰਹਿਣਾ।ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣਾ ਰਸੋਈ ਚ ਬਿੱਲਕੁਲ ਨਹੀਂ ਜਾਣਾ । ਤੁਰਨਾ ਫਿਰਨਾ ਨਹੀਂ ਬਸ ਇੱਕ ਕੋਨੇ ਚ ਚੁੱਪਚਾਪ ਬੈਠੇ ਰਹਿਣਾ ” ਮਾਂ ਨੇ ਵੈਦਈ ਨੂੰ ਸਮਝਾਇਆ।

ਤਿੰਨ ਦਿਨਾਂ ਬਾਅਦ ਵੈਦਈ ਦਾ ਇਸ਼ਨਾਨ ਕਰਵਾਇਆ ਗਿਆ। ਉਸ ਨੂੰ ਸਜਾਇਆ ਸੰਵਾਰਿਆ ਗਿਆ। ਉਸ ਦੇ ਸਾੜੀ ਬੰਨੀ ਗਈ। ਹਾਰ ਸ਼ਿੰਗਾਰ ਕੀਤਾ ਗਿਆ। ਰਿਸ਼ਤੇਦਾਰ ਤੇ ਪਿੰਡ ਵਾਲੇ ਬੁਲਾਏ ਗਏ। ਟੈਂਟ ਲਾਏ ਗਏ। ਉਸ ਨੂੰ ਤਿਆਰ ਕਰਕੇ ਇੱਕ ਕੁਰਸੀ ਤੇ ਬਿਠਾਇਆ ਗਿਆ। ਸਭ ਔਰਤਾਂ ਨੇ ਉਸ ਨੂੰ ਅਸ਼ੀਰਵਾਦ ਦਿੱਤਾ। ਸਾਰੇ ਪਰਿਵਾਰ ਨੇ ਉਸ ਨਾਲ ਫੋਟੋਆਂ ਕਰਵਾਈਆਂ। ਸਭ ਨੂੰ ਦੁਪਹਿਰ ਦਾ ਖਾਣਾ ਖੁਆਇਆ ਗਿਆ ।ਇਹ ਵਦੈਈ ਦਾ ਜੋਬਨ ਦਿਵਸ  ਸੀ ਜਿਸ ਨੂੰ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਗਿਆ।  ਫ਼ੰਕਸ਼ਨ ਤੋਂ ਬਾਅਦ ਵਦੈਈ ਦੀ ਮਾਂ ਨੇ ਸੱਤਿਅਮ ਨੂੰ ਪੁੱਛਿਆ।

“ਸਾਰੇ ਪੈਸੇ ਫ਼ੰਕਸ਼ਨ ਤੇ ਲੱਗ ਗਏ ਜਾ ਕੁੱਝ ਬਚੇ ਵੀ  ਨੇ”

” ਨਹੀ ਬਚਨੇ ਕੀ ਸੀ । ਪਰ ਖਾਣਾ ਵਧੀਆਂ ਸੀ ਕੇ ਨਹੀਂ ਇਹ ਦੱਸ”??

” ਖਾਣੇ ਦਾ ਤਾਂ ਪਤਾ ਨਹੀ ਪਰ ਤੁਹਾਡੀ ਭੈਣ ਖੁਸ਼ ਗਈ ਹੈ ਉਸ ਨੂੰ ਸਭ ਕੁੱਝ ਪਸੰਦ ਆ ਗਿਆ”

” ਇਹ ਤਾਂ ਫੇਰ ਵੱਡੀ ਗੱਲ ਹੈ । ਸਮਝੋ ਆਪਣਾ ਪ੍ਰੋਗਰਾਮ ਸਫ਼ਲ ਹੋ ਗਿਆ ”

ਦੋਵੇ ਕੁੜੀਆਂ ਆਪਣੀ ਮਾਂ ਨਾਲ ਪਲੰਘ ਤੇ ਸੌਂਦੀਆਂ। ਇੱਕ ਕੁੜੀ ਇੱਕ ਪਾਸੇ ਤੇ ਦੂਜੀ ਕੁੜੀ ਦੂਜੇ ਪਾਸੇ। ਪਰੀ ਨੇ ਮਾਂ ਨੂੰ ਪੁੱਛਿਆਂ
” ਅੱਮਾ(ਮਾਂ) ਦੀਦੀ ਦਾ ਜਨਮ ਦਿਨ ਵੀ ਨਹੀ ਫੇਰ ਉਸ ਨੂੰ ਇਸ ਤਰ੍ਹਾਂ ਸਜਾਇਆ ਕਿਉਂ ਗਿਆ। ਉਸ ਨੂੰ ਸਾੜੀ ਪਾਉਣ ਨੂੰ ਕਿਉਂ ਕਿਹਾ ਗਿਆ। ਉਸ ਨੂੰ ਕੁਰਸੀ ਤੇ ਬਿਠਾਕੇ ਸਭ ਨੇ ਅਸ਼ੀਰਵਾਦ ਕਿਉਂ ਦਿੱਤਾ । ਅੰਮਾ ਮੈੰ ਵੀ ਦੀਦੀ ਵਾਂਗ ਕੁਰਸੀ ਤੇ ਬੈਠਣਾ ।ਮੈਂ ਵੀ ਸਾੜੀ ਪਾਉਣੀ ਆ” ਪਰੀ ਨੇ ਮਾਂ ਨੂੰ ਜਿੱਦ ਕਰਕੇ ਕਿਹਾ।

“ਪਰੀ ਬੇਟਾ ਤੂੰ ਨਹੀਂ ਸਮਝੇਗੀ । ਤੂੰ ਅਜੇ ਛੋਟੀ ਹੈ ਜਦੋਂ ਸਮਾਂ ਆਇਆ ਤੂੰ ਵੀ ਸਾੜੀ ਪਾਏਂਗੀ ਤੈਨੂੰ ਵੀ ਕੁਰਸੀ ਤੇ ਬਿਠਾਵਾਂਗੇ” ਮਾਂ ਨੇ ਪਰੀ ਨੂੰ ਕਿਹਾ।

ਮਾਂ ਨੇ ਵੈਦਈ ਨੂੰ ਸਮਝਾਇਆ ਵੀ ਹੁਣ ਉਹ ਵੱਡੀ ਹੋ ਗਈ ਹੈ। ਉਸ ਨੇ ਹੁਣ ਔਰਤ ਬਣਨਾ ਸਿੱਖਣਾ ਹੈ। ਔਰਤਾਂ ਵਾਂਗੂ ਉੱਠਣਾ,ਬੈਠਣਾ ਤੁਰਨਾ ,ਖੜਣਾ, ਗੱਲ ਕਰਨਾ ਤੇ ਔਰਤਾਂ ਵਾਂਗੂ ਹੀ ਸੌਂਣਾ ਸਿੱਖਣਾ ਹੈ।

“ਔਰਤ ਦਾ ਸਰੀਰ ਇੱਕ ਮੰਦਰ ਵਾਂਗ ਪਵਿੱਤਰ ਹੁੰਦਾ ਹੈ।  ਇਹ ਤੇਰਾ ਸਰੀਰ ਵੀ ਹੁਣ ਮੰਦਰ ਵਰਗਾ ਹੈ। ਇਸ ਦੀ ਚਾਹਤ ਚ, ਬਹੁਤ ਆਉਣਗੇ ਪਰ ਇਸ ਦੀ ਰਾਖੀ ਕਰਨੀ ਤੇਰਾ ਫ਼ਰਜ ਹੈ । ਇਸ ਸਰੀਰ ਤੇ ਤੇਰੇ ਬਿੰਨ੍ਹਾਂ ਹੋਰ ਕਿਸੇ ਦਾ ਹੱਕ ਨਹੀਂ। ਤੇਰੀ ਮਰਜ਼ੀ ਤੋੰ ਬਿੰਨ੍ਹਾਂ ਇਸ ਨੂੰ ਕੋਈ ਛੂ ਵੀ ਨਹੀਂ ਸਕੇਗਾ”

“ਜੀ ਅੱਮਾ” ਵਦੈਈ ਮਾਂ ਦੀਆਂ ਗੱਲਾਂ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ।

      ਅਚਾਨਕ ਛੋਟੀ ਬੇਟੀ ਪਰੀ ਘਰ ਚੋਂ ਗਾਇਬ ਹੋ ਗਈ। ਸਭ ਪਰੇਸ਼ਾਨ ਹੋ ਗਏ। ਸੱਤਿਅਮ ਉਸ ਦੀ ਡਾਂਸ ਟੀਚਰ ਕੋਲ ਵੇਖਕੇ ਆਇਆ ਪਰ ਉਹ ਉੱਥੇ ਨਹੀ ਸੀ। ਉਸ ਦਾ ਭਰਾ ਉਸ ਨੂੰ ਐਧਰ ਉੱਧਰ ਲੱਭਦਾ ਹੈ ਪਰ  ਪਰੀ ਕਿੱਧਰੇ ਵੀ ਨਹੀਂ ਮਿਲੀ। ਉਹ ਸਾਰੇ ਪਰੇਸ਼ਾਨ ਹੋ ਗਏ ਵੀ ਉਹ ਗਈ ਕਿੱਥੇ। ਅਚਾਨਕ ਉਨ੍ਹਾਂ ਨੂੰ ਗਲੀ ਦੇ ਮੋੜ ਦੇ ਬਾਹਰ ਬਹੁਤ ਹੀ ਖਰਾਬ ਹਾਲਤ ਚ ਪਰੀ ਮਿਲੀ। । ਸਾਰੇ ਭੱਜ ਕੇ ਉਸ ਕੋਲ ਗਏ । ਉਹ ਉੱਚੀ ਉੱਚੀ ਰੋ ਰਹੀ ਸੀ। ਉਸ ਨੇ ਰੋਂਦੇ ਰੋਂਦੇ ਆਪਣੀ ਹੱਡਬੀਤੀ ਸੁਣਾਈ। ਉਸ ਨੇ ਦੱਸਿਆ ਕਿ ਉਹ ਘਰ ਦੇ ਬਾਹਰ ਖੜੀ ਸੀ। ਅਚਾਨਕ ਉਸ ਦੇ ਮੂੰਹ ਤੇ ਕੱਪੜਾ ਪਾ ਕੇ ਉਸ ਨੂੰ ਕਾਰ ਵਿੱਚ ਸੁੱਟ ਕੇ ਲੈ ਗਏ।ਉਸ ਦੀਆਂ ਅੱਖਾਂ ਤੇ ਪੱਟੀ ਬੰਨੀ ਸੀ। ਉਸ ਨੂੰ ਬੈੱਡ ਤੇ ਲਿਟਾ ਕੇ ਉਸ ਦੇ ਹੱਥ ਪਿੱਛੇ ਬੈੱਡ ਨਾਲ ਬੰਨ੍ਹ ਦਿੱਤੇ ਗਏ  ਤੇ ਉਸ ਤੋਂ ਬਾਅਦ  ਇੱਕ ਮੁੰਡੇ ਨੇ ਉਸ ਦੇ ਕੱਪੜੇ ਉਤਾਰ ਦਿੱਤੇ। ਫੇਰ ਉਸ ਨੂੰ ਬਹੁਤ ਦਰਦ ਹੋਇਆ। ਉਸ ਦੀਆਂ ਅੱਖਾਂ ਬੰਦ ਸਨ ਪਰ ਉਹ ਮਹਿਸੂਸ ਕਰ ਰਹੀ ਸੀ ਕੇ ਬਹੁਤ ਖੂਨ ਨਿਕਲ ਰਿਹਾ। ਫੇਰ ਉਸ ਦੇ ਕਪੜੇ ਪਾ ਕੇ ਐਥੇ ਸਿੱਟ ਦਿੱਤਾ।ਉਸ ਦੇ ਕੱਪੜੇ ਹੁਣ ਵੀ ਖੂਨ ਨਾਲ ਲੱਥਪੱਥ ਸਨ।ਅਜੇ ਵੀ ਉਹ ਦਰਦ ਨਾਲ ਕੁਰਲਾ ਰਹੀ ਸੀ । ਉਸ ਦੀ ਉਮਰ ਮਹਿਜ਼ 9 ਸਾਲ ਸੀ। ਐਨੀ ਛੋਟੀ ਉਮਰ ਚ, ਉਸ ਦਾ ਬਲਾਤਕਾਰ ਹੋ ਗਿਆ ਸੀ।  ਉਸਦਾ ਪਿਤਾ ਪੁਲਿਸ ਨੂੰ ਰਿਪੋਰਟ ਦੇਣੀ ਚਾਹੁੰਦਾ ਸੀ। ਪਰ ਮਾਂ ਨਹੀ ਮੰਨੀ ਉਹ ਬਦਨਾਮੀ ਦੇ ਡਰ ਤੋਂ ਚੁੱਪ ਰਹਿਣਾ ਹੀ ਠੀਕ ਸਮਝਦੀ ਸੀ। ਘਰ ਵਿੱਚ ਸਭ ਦੁੱਖੀ ਸਨ। ਬੱਚੀ ਨੂੰ ਇਹ ਵੀ ਨਹੀਂ ਪਤਾ ਕਿ ਉਸ ਨਾਲ ਹੋਇਆ ਕੀ ਸੀ। ਉਸਦੀ ਮਾਂ ਉਸ ਨੂੰ ਮਲ਼ ਮਲ਼ ਨੇ ਨਹਾਉਂਦੀ ਹੈ। ਉਸ ਦੇ ਸਰੀਰ ਦੇ ਜ਼ਖਮਾਂ ਨੂੰ ਸਾਫ਼ ਕਰਦੀ ਹੈ। ਜਿਵੇਂ ਜਿਵੇਂ ਉਸਦੀ ਮਾਂ ਉਸਦੇ ਜਖਮਾਂ,ਤੇ ਮੱਲਮ ਲਗਾਉਂਦੀ ਹੈ ਸਾਫ ਕਰਦੀ ਹੈ ਉਸਦਾ ਮਨ ਕਚਿਆਣ  ਨਾਲ ਭਰ,ਜਾਂਦਾ ਹੈ। ਕਈ ਦਿਨ ਉਸ ਨੂੰ ਸਕੂਲ ਨਹੀ ਜਾਣ ਦਿੱਤਾ ਗਿਆ। ਉਸ ਦੇ ਭਰਾ ਨੂੰ ਵੀ ਇਸ ਗੱਲ ਦਾ ਬਹੁਤ ਗੁੱਸਾ ਸੀ। ਉਹ ਵੀ ਚਾਹੁੰਦਾ ਸੀ ਕਿ ਪੁਲਿਸ ਨੂੰ ਰਿਪੋਰਟ ਦਿੱਤੀ ਜਾਵੇ ਤਾਂ ਜੋ ਬੰਦੇ ਦਾ ਪਤਾ ਲੱਗ ਸਕੇ। ਪਰ ਮਾਂ ਨੇ ਉਸ ਨੂੰ ਵੀ ਰੋਕ ਦਿੱਤਾ। ਕਈ ਦਿਨਾਂ ਬਾਅਦ ਉਸ ਦਾ ਦਰਦ ਘਟਿਆ ਉਸ ਦੇ ਸਰੀਰ ਦੇ ਜਖ਼ਮਾਂ ਨੂੰ ਵੀ ਕੁੱਝ ਅਰਾਮ ਆਇਆ ਤਾਂ  ਉਹ ਡਰਾਇੰਗ ਰੂਮ ਚ ਟੀ.ਵੀ. ਵੇਖਣ ਬੈਠ ਗਈ। ਇਸ ਤਰ੍ਹਾਂ ਬੈਠਣ ਨਾਲ ਉਸ ਦੀ ਭੈਣ ਤੇ ਮਾਂ ਨੂੰ ਚੰਗਾ ਲੱਗਾ। ਉਹ ਆਪਣੇ ਅੱਪਾ ਦਾ ਇੰਤਜ਼ਾਰ ਕਰ ਰਹੀ ਸੀ। ਸੱਤਿਅਮ ਨੂੰ ਆਉਦਾ ਵੇਖ ਉਹ ਭੱਜਕੇ ਉਸ ਨੂੰ ਜੱਫੀ ਪਾ ਲਈ। ਪਹਿਲਾਂ ਜਦੋਂ ਉਹ ਇਸ ਤਰ੍ਹਾਂ ਕਰਦੀ ਸੀ ਤਾ ਸੱਤਿਅਮ ਉਸ ਨੂੰ ਗੋਦ ਚ ਉੱਠਾ ਲੈਂਦਾ ਸੀ ਉਸ ਨੂੰ ਪਿਆਰ ਕਰਦਾ ਸੀ।ਪਰ ਅੱਜ ਇਸ ਤਰ੍ਹਾਂ ਨਹੀਂ ਹੋਇਆ। ਉਸ ਨੇ ਬਸ ਹਲਕਾ ਜਿਹਾ ਪਿਆਰ ਕੀਤਾ ਤੇ ਉਸ ਨੂੰ ਕਿਹਾ ਬੇਟਾ ਟੀ.ਵੀ. ਵੇਖੇ। ਆਪ ਉਹ ਆਪਣੇ ਕਮਰੇ ਚ ਚਲਾ ਗਿਆ। ਆਪਣੇ ਪਿਤਾ ਦਾ ਇਸ ਤਰ੍ਹਾਂ ਦਾ ਵਿਵਹਾਰ ਵੇਖਕੇ ਪਰੀ ਉਦਾਸ ਹੋ ਗਈ। ਉਸ ਦੀ ਮਾਂ ਵੀ ਇਹ ਸਭ ਵੇਖ ਰਹੀ ਸੀ। ਉਹ ਵੀ ਆਪਣੇ ਪਤੀ ਦੇ ਪਿੱਛੇ ਹੀ ਕਮਰੇ ਚ ਜਾ ਕੇ ਆਪਣੇ ਪਤੀ ਨੂੰ ਪਰੀ ਨਾਲ ਇਸ ਤਰ੍ਹਾਂ ਕੀਤੇ ਵਿਵਹਾਰ ਬਾਰੇ ਪੁੱਛਦੀ ਹੈ

” ਤੁਸੀਂ ਉਸ ਨਾਲ ਗੱਲ ਕਿਉ ਨਹੀਂ ਕੀਤੀ ਉਸ ਨੂੰ ਗੋਦ ਚ ਕਿਉਂ ਨਹੀਂ ਚੁੱਕਿਆ???। ਤੁਹਾਨੂੰ ਪਤਾ ਉਹ ਕਿੰਨੀ ਉਦਾਸ ਹੋ ਗਈ “,,।

” ਮੈਂ ਉਸ ਨਾਲ ਅੱਖ ਨਹੀਂ ਮਿਲਾ ਸਕਦਾ। ਮੈਂ ਉਸ ਦਾ ਬਾਪ ਹਾਂ। ਉਸ ਦੀ ਰਾਖੀ ਕਰਨਾ ਮੇਰਾ ਫ਼ਰਜ਼ ਸੀ। ਪਰ ਮੈਂ ਉਸ ਦੀ ਰਾਖੀ ਨਹੀਂ ਕਰ ਸਕਿਆ।ਮੇਰੇ ਸਾਹਮਣੇ ਉਸ ਨਾਲ ਸਭ ਕੁੱਝ ਹੋ ਗਿਆ ਪਰ ਮੈੰ ਕੁੱਝ ਨਹੀ ਕਰ ਸਕਿਆ। ਮੈਂ ਉਸ ਨਾਲ ਨਜ਼ਰਾਂ ਮਿਲਾਕੇ ਕਿਵੇਂ ਗੱਲ ਕਰਾਂ ਤੂੰ  ਹੀ ਦੱਸ  ” ਸੱਤਿਅਮ ਰੋ ਰਿਹਾ ਸੀ।

“ਆਪਾਂ ਉਸ ਦੀ ਰਾਖੀ ਨਹੀਂ ਕਰ ਸਕੇ ਮੈਨੂੰ ਵੀ ਇਹ ਗੱਲ ਸੋਚ ਕੇ ਆਪਣੇ ਆਪ ਤੇ ਗੁੱਸਾ ਆਉਂਦਾ”

“ਪਰ ਆਪਾਂ ਉਸ ਦੇ ਗੁਨਾਹਗਾਰ ਨੂੰ ਸਜ਼ਾ ਤਾਂ ਦਵਾ ਸਕਦੇ ਹਾਂ।ਪੁਲਿਸ ਨੂੰ ਰਿਪੋਰਟ ਕਰਨੀ ਚਾਹੀਦੀ ਹੈ ਆਪਾਂ ਨੂੰ”

” ਨਹੀਂ ਨਹੀਂ ਜੀ। ਤੁਸੀ ਇਹ ਗੱਲ ਨਾ ਕਹੋ। ਸਾਰੀਆਂ ਜਨਾਨੀਆਂ ਤਾਂ ਮੈਥੋਂ ਪਹਿਲਾਂ ਵੀ ਕਈ ਵਾਰ ਪੁੱਛ ਚੁੱਕੀਆਂ ਹਨ ਕੇ ਡਾਂਸ ਟੀਚਰ ਨੇ ਦੱਸਿਆ ਸੀ ਵੀ ਪਰੀ ਗੁੰਮ ਹੋ ਗਈ ਸੀ।ਉਸ ਤੋਂ ਬਾਅਦ ਉਹ ਸਕੂਲ ਵੀ ਨਹੀਂ ਗਈ । ਹੋਇਆ ਕੀ ਹੈ ਉਸ ਨੂੰ” ਪਰੀ ਦੀ ਮਾਂ ਨੇ ਕਿਹਾ।

” ਮੈਂ ਮਸਾਂ ਖਹਿੜਾ ਛੁਡਾਇਆ ਜੀ।ਆਪਣੀ ਬਹੁਤ ਬਦਨਾਮੀ ਹੋਵੇਗੀ ਬੱਚਿਆਂ ਦੇ ਰਿਸ਼ਤੇ ਨਹੀ ਹੋਣੇ। ਮੇਰੀ ਹੱਥ ਬੰਨ੍ਹ ਕੇ ਬੇਨਤੀ ਇਸ ਗੱਲ ਨੂੰ ਐਥੇ ਹੀ ਠੱਪ ਦਿਉ। ਭੁੱਲ ਜਾਉ ਸਭ”

” ਮੰਥੀ ਨਹੀਂ ਭੁੱਲ ਸਕਦੇ। ਮੈੰ ਜਦੋਂ ਉਸ ਨੂੰ ਵੇਖਦਾ ਹਾਂ ਮੇਰਾ ਰੋਣਾ ਨਿੱਕਲ ਜਾਂਦਾ ਹੈ। ਉਸ ਵਿਚਾਰੀ ਨਾਲ ਇਹ ਕੀ  ਹੋਇਆ। ਕੌਣ ਹੈ ਉਹ ਜਿਸ ਨੇ ਮੇਰੀ ਪਰੀ ਨੂੰ ਇਹ ਜਖਮ਼ ਦਿੱਤੇ । ਇਹ ਜਾਣਨਾ ਜਰੂਰੀ ਹੈ”

” ਨਹੀ ਮੇਰੀ ਮਿਨੰਤ ਹੈ ਇਹ ਨਾ ਕਰਿਉ ਮੈਂ ਐਨੀ ਬਦਨਾਮੀ ਨਹੀ ਬਰਦਾਸ਼ਤ ਕਰ ਸਕਦੀ ਮੈਂ ਜ਼ਹਿਰ ਖਾ ਕੇ ਮਰ ਜਾਣਾ ” ਉਹ ਦੋਵੇ ਰੋਂ ਰਹੇ ਸਨ।

    ਬਦਨਾਮੀ ਦੇ ਡਰ ਤੋਂ ਉਨ੍ਹਾਂ ਪੁਲਿਸ ਨੂੰ ਰਿਪੋਰਟ ਨਾ ਦਿੱਤੀ। ਪਰ ਪਰੀ ਦਾ ਸਕੂਲ ਜਾਣਾ ਤੇ ਡਾਂਸ ਸਿੱਖਣਾ ਬੰਦ ਹੋ ਗਿਆ। ਉਹ ਆਪਣੀ ਮਾਂ ਤੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦੀ ਵੀ ਉਸ ਨਾਲ ਇਹ ਕੀ ਹੋਇਆ। ਉਸ ਦਾ ਸਕੂਲ ਕਿਉਂ ਛੁਡਵਾ ਲਿਆ । ਪਰ ਮਾਂ ਕੋਲ ਉਸ ਦੇ ਸਵਾਲਾਂ ਦੇ ਜਵਾਬ ਨਹੀਂ ਸਨ। ਹੁਣ ਉਸਨੇ ਵੀ ਪੁੱਛਣਾ ਬੰਦ ਕਰ ਦਿੱਤਾ। ਕੁੱਝ ਦਿਨਾਂ ਬਾਅਦ ਉਹ ਫਿਰ ਪਹਾੜੀ ਵਾਲੇ ਮੰਦਰ ਗਏ। ਅੱਜ ਫੇਰ ਸੱਤਿਅਮ ਨੇ ਪਰੀ ਨੂੰ ਗੋਦੀ ਵਿੱਚ ਚੱਕ ਕੇ  ਪਹਾੜੀ ਦੇ ਸਿਖਰ ਤੇ ਖੜਕੇ ਘੁੰਮਾਇਆ। ਪਰੀ ਨੂੰ ਕਾਫ਼ੀ ਸਮੇਂ ਬਾਅਦ ਬਾਪ ਦੀਆਂ ਬਾਹਾਂ ਵਿੱਚ ਝੂਟਣ ਦਾ ਮੌਕਾ ਮਿਲਿਆ ਸੀ। ਪਰ ਅੱਜ ਪਰੀ ਨੇ ਉੱਡਣ ਦੀ ਗੱਲ ਨਾ ਕੀਤੀ । ਪਰੀ ਦੀ ਮਾਂ ਵੀ ਪਹਾੜੀ ਦੇ ਸਿਖਰ ਤੇ ਆ ਗਈ। ਉਸ ਨੇ ਸੱਤਿਅਮ ਨੂੰ ਕਿਹਾ ਤੁਸੀ ਥੱਲੇ ਚੱਲੋ।ਮੈਂ ਤੇ ਪਰੀ ਤੁਹਾਡੇ ਪਿੱਛੇ ਪਿੱਛੇ ਆ ਰਹੀਆਂ ਹਾਂ ਮੈੰ ਪਰੀ ਨੂੰ ਕੁੱਝ ਸਮਝਾਉਣਾ ਹੈ । ਸੱਤਿਅਮ ਨੀਚੇ ਵੱਲ ਚੱਲ ਪਿਆ। ਪਰੀ ਨੇ ਮਾਂ ਨੂੰ ਜੱਫੀ ਪਾ ਲਈ। ਮਾਂ ਨੇ ਉਸ ਨੂੰ ਘੁੱਟ ਕੇ ਪਿਆਰ ਕੀਤਾ ਤੇ ਥੱਲੇ ਵੱਲ ਕੁੱਝ ਵੇਖਣ ਨੂੰ ਕਿਹਾ। ਜਿਉਂ ਹੀ ਪਰੀ ਨੇ ਪਹਾੜੀ ਦੇ ਹੇਠਾਂ ਵੇਖਣਾ ਸ਼ੁਰੂ ਕੀਤਾ ਮਾਂ ਨੇ ਉਸ ਨੂੰ ਧੱਕਾ ਮਾਰ ਦਿੱਤਾ। ਮਾਂ ਰੌਲਾ ਪਾ ਰਹੀ ਸੀ ਵੀ ਪਰੀ ਦਾ ਪਹਾੜੀ ਤੋਂ ਪੈਰ ਫਿਸਲ ਗਿਆ ਉਸ ਨੂੰ ਬਚਾ ਲਵੋ। ਸੱਤਿਅਮ ਤੇ ਉਸਦਾ ਬੇਟਾ ਵੀ ਪਹਾੜੀ ਦੇ ਹੇਠਾਂ ਵੱਲ ਭੱਜ ਰਹੇ ਸਨ। ਪਰ ਪਰੀ ਜੋ ਅਸਮਾਨਾਂ ਚ ਉੱਡਣਾ ਚਾਹੁੰਦੀ ਸੀ ਉਸਦੀ ਲਾਸ਼ ਹੇਠਲੀ ਪਹਾੜੀ ਤੇ ਪਈ ਸੀ ਤੇ ਆਸਪਾਸ ਖੂਨ ਦਾ ਦਰਿਆ ਸੀ।

Leave a Reply

Your email address will not be published. Required fields are marked *