ਜਥੇਦਾਰ ਸ਼ਿੰਦਰ | jathedaar shinder

ਇੱਕ ਦਿਨ ਮੰਡੀ ਡੱਬਵਾਲੀ ਦੇ ਇੱਕ ਪੈਟਰੋਲ ਪੰਪ ਤੇ ਮੇਰਾ ਸਹਿਪਾਠੀ ਤੇ ਸਾਡਾ ਗੁਆਂਢੀ ਮੇਰੇ ਪਾਪਾ ਜੀ ਨੂੰ ਮਿਲਿਆ। ਉਹ ਪਾਪਾ ਜੀ ਨੂੰ ਚਾਚਾ ਕਹਿ ਕੇ ਬਲਾਉਂਦਾ ਹੁੰਦਾ ਸੀ। ਉਸਨੇ ਪਾਪਾ ਜੀ ਨੂੰ ਸਾਸਰੀ ਕਾਲ ਬੁਲਾਈ ਅਤੇ ਪੈਰੀ ਪੈਣਾ ਵੀ ਕੀਤਾ। ਪਾਪਾ ਜੀ ਨੇ ਉਸ ਨੂੰ ਆਸ਼ੀਰਵਾਦ ਦੇ ਨਾਲ ਨਾਲ ਪੰਜਾਬੀ ਦੀਆਂ ਦੋ ਤਿੰਨ ਗਾਲ੍ਹਾਂ ਵੀ ਕੱਢੀਆਂ। ਕਿਉਂਕਿ ਪੰਜਾਬੀ ਜਦੋ ਜਿਆਦਾ ਖੁਸ਼ ਹੁੰਦੇ ਹਨ ਤੇ ਕਿਸੇ ਤੇ ਜਦੋਂ ਜਿਆਦਾ ਮੋਹ ਆਉਂਦਾ ਹੈ ਤਾਂ ਗਾਲਾਂ ਨਾਲ ਹੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਉਹ ਪੰਜਾਬ ਦੇ ਕਾਲੇ ਦੌਰ ਦੇ ਦਿਨ ਸਨ। ਸਰਕਾਰੀ ਤੇ ਵਿਦੇਸ਼ੀ ਦਹਿਸ਼ਤਵਾਦ ਪੂਰੇ ਜੋਰਾਂ ਤੇ ਸੀ। ਹਿੰਦੂ ਸਿੱਖਾਂ ਦੇ ਵਿਚਾਲੇ ਇੱਕ ਦਰਾਰ ਪਾਉਣ ਦੀ ਅਸਫਲ ਕੋਸ਼ਿਸ਼ ਵਿਦੇਸ਼ੀ ਹੱਥ ਠੋਕਿਆ ਵੱਲੋਂ ਕੀਤੀ ਜਾ ਰਹੀ ਸੀ। ਮੇਰਾ ਉਹ ਦੋਸਤ ਪੂਰਾ ਗੁਰਸਿੱਖ ਹੈ ਉਸਨੇ ਅੰਮ੍ਰਿਤਪਾਨ ਵੀ ਕੀਤਾ ਹੋਇਆ ਹੈ। ਖੁੱਲ੍ਹਾ ਦਾਹੜਾ ਉੱਚੀ ਆਵਾਜ਼ ਤੇ ਗੋਲ ਪੱਗ ਨਾਲ ਉਹ ਪੂਰਾ ਰੋਹਬਦਾਰ ਲਗਦਾ ਸੀ। ਸਿੱਖੀ ਅਸੂਲਾਂ ਦਾ ਪੱਕਾ ਧਾਰਨੀ ਸੀ ਉਸ ਸਮੇ ਉਸ ਨਾਲ ਤਿੰਨ ਚਾਰ ਗਰਮ ਦਲੀਏ ਸਾਥੀ ਉਸਦੇ ਨਾਲ ਸਨ। ਥੱਪੜ ਮੁੱਕਾ ਤੇ ਹੱਥੋਪਾਈ ਓਹਨਾ ਲਈ ਮਾਮੂਲੀ ਕੰਮ ਸੀ। ਤੇ ਮੇਰਾ ਦੋਸਤ ਓਹਨਾ ਦਾ ਨਿਧੜਕ ਲੀਡਰ ਸੀ। ਜਦੋਂ ਪਾਪਾ ਜੀ ਨੇ ਤਿੰਨ ਚਾਰ ਮਾਂ ਦੀਆਂ ਗਾਲਾਂ ਚੋਂਦੀਆਂ ਚੋਂਦੀਆਂ ਕੱਢੀਆਂ ਤਾਂ ਉਸਦੇ ਉਹ ਸਾਥੀ ਤਾਅ ਖਾ ਗਏ।
“ਯਾਰ ਚੁੱਪ ਕਿਓਂ ਹੈ? ਜੇ ਆਖੇ ਤਾਂ ਲਾਲੇ ਨੂੰ ਖੜਕਾ ਦੇਈਏ।” ਓਹਨਾ ਮੇਰੇ ਦੋਸਤ ਨੂੰ ਇਸ਼ਾਰਾ ਕੀਤਾ।
“ਨਾ ਉਏ ਕੰਜਰਦਿਓ ਕੁਝ ਨਹੀਂ ਕਹਿਣਾ, ਇਹ ਮੇਰਾ ਪਿਓ ਹੈ। ਮੈ ਇਹਨਾਂ ਦੀ ਝੋਲੀ ਵਿੱਚ ਖੇਡਿਆ ਹਾਂ ਬਚਪਨ ਵਿੱਚ।” ਉਹ ਸਾਥੀ ਅਜੇ ਵੀ ਕਚੀਚੀਆਂ ਵੱਟ ਰਹੇ ਸੀ । ਤੇ ਮੇਰਾ ਉਹ ਜਥੇਦਾਰ ਦੋਸਤ ਪਾਪਾ ਜੀ ਵੱਲੋਂ ਦਿੱਤੀਆਂ ਗਾਲਾਂ ਖਾ ਕੇ ਵੀ ਖਿੜ ਖਿੜ ਕੇ ਹੱਸ ਰਿਹਾ ਸੀ।
ਮੇਰੇ ਦੋਸਤ ਵੱਲੋਂ ਦਿੱਤੇ ਸਤਿਕਾਰ ਨੂੰ ਵੇਖ ਕੇ ਪਾਪਾ ਜੀ ਨੂੰ ਸਾਡੇ ਸੰਸਕਾਰਾਂ ਤੇ ਮਾਣ ਹੋਇਆ।
ਅੱਜ ਵੀ ਸਾਡੇ ਮੇਰੇ ਉਸ ਬਚਪਨ ਦੇ ਦੋਸਤ ਬੰ
ਨਾਲ ਬਹੁਤ ਗੂੜੇ ਸਬੰਧ ਹਨ।
#ਰਮੇਸ਼ਸੇਠੀਬਾਦਲ
9876627233

Leave a Reply

Your email address will not be published. Required fields are marked *