ਮੁੰਡੇ ਵਾਲੇ ਝੂਠ ਬੋਲ ਸਾਕ ਲੈ ਗਏ..ਪਤਾ ਲੱਗਾ ਤਾਂ ਕੁੜੀ ਵਾਲੇ ਗਿਲਾ ਕਰਨ..ਇੰਝ ਕਿਓਂ ਕੀਤਾ..ਅੱਗਿਓਂ ਟਿਚਕਰ ਜਿਹੀ ਨਾਲ ਆਖਣ ਲੱਗੇ ਜੇ ਅਸਾਂ ਧੋਖਾ ਕੀਤਾ ਤਾਂ ਗਲਤੀ ਤੁਹਾਡੀ ਵੀ..ਤੁਸੀਂ ਵੇਲੇ ਸਿਰ ਫੜਿਆ ਨਹੀਂ..!
ਅੱਜ ਬਿੱਪਰ ਡੰਗਦਾ ਤਾਂ ਏਧਰੋਂ ਵਾਜ ਨਿੱਕਲਦੀ..ਅਸੀਂ ਅਜਾਦੀ ਦਿਵਾਈ..ਫਾਂਸੀਆਂ..ਕਾਲੇਪਾਣੀ..ਬੇੜੀਆਂ ਲਵਾਈਆਂ..ਤਸ਼ੱਦਤ ਝੱਲੇ..ਤੁਸੀਂ ਵਾਦੇ ਪੂਰੇ ਨਹੀਂ ਕੀਤੇ..ਅਗਿਓਂ ਟਿਚਕਰਾਂ ਕਰਦੇ ਕੇ ਗਲਤੀ ਤੁਹਾਡੀ..ਤੁਹਾਨੂੰ ਧਿਆਨ ਰੱਖਣਾ ਚਾਹੀਦਾ ਸੀ..ਅਸੀਂ ਤੇ ਇੰਝ ਹੀ ਕਰਦੇ ਆਏ..!
ਓਦੋਂ ਬਾਕੀ ਕੌਂਮਾਂ ਆਪਣੇ ਭਵਿੱਖ ਦੀਆਂ ਨੀਤੀਆਂ ਘੜਨ ਵਿਚ ਮਸਰੂਫ ਸਨ ਤੇ ਮਾਸਟਰ ਜੀ ਬਿੱਪਰ ਦੇ ਲਾਏ ਲਾਰਿਆਂ ਦਾ ਸਿਰਹਾਣਾ ਬਣਾ ਲੰਮੀ ਤਾਂਣ ਸੁੱਤੇ ਸਨ..ਜਿਨਾਹ ਨੇ ਆਖਿਆ ਵੀ ਓਏ ਭੋਲਿਓ..ਇਹਨਾਂ ਨੂੰ ਤੁਸਾਂ ਗੁਲਾਮ ਵੇਖਿਆ ਅਜਾਦ ਨਹੀਂ..ਜੀਣਾ ਦੁੱਭਰ ਕਰ ਦੇਣਗੇ..ਅੱਜ ਓਹੀ ਗੱਲ ਹੋਈ..ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ..!
ਹੁਣ ਸਵਾਲ ਉੱਠਦਾ ਕੀਤਾ ਕੀ ਜਾਵੇ?
ਦੁਖਦੀ ਰਗ ਲੱਭਣੀ ਪੈਣੀ..ਬਕੌਲ ਸੰਤ ਜੀ ਦੱਬੋ ਓਥੇ ਜਿਥੇ ਪੀੜ ਮਨਾਵੇ..!
ਚੁਰਾਸੀ ਮਗਰੋਂ ਕੋਈ ਬਾਹਰਲਾ ਗੱਲ ਕਰਨ ਲੱਗਦਾ ਤਾਂ ਉਹ ਆਖਦੀ ਇਹ ਸਾਡਾ ਅੰਦਰੂਨੀ ਮਾਮਲਾ..ਦਖਲ ਨਾ ਦੇਵੋ..ਅਗਲਾ ਚੁੱਪ ਕਰ ਜਾਂਦਾ!
ਪਰ ਅੱਜ ਹਰ ਮੁਲਖ ਵਿਚ ਪੰਜਾਬ ਵੱਸਿਆ ਹੋਇਆ..ਆਪਣਾ ਨੁਕਤਾ-ਏ-ਨਜਰ ਹਰੇਕ ਅਖਬਾਰ..ਮੀਡਿਆ ਹਾਊਸ..ਐਮ ਪੀ..ਐੱਮ ਐਲ ਏ ਨੁਮਾਇੰਦੇ ਸੰਸਥਾ ਮਹਿਕਮੇਂ ਮੋਤਬੇਰ ਨੂੰ ਦੱਸਣਾ ਬਣਦਾ..ਆਹ ਵੇਖ ਲਵੋ ਕੀ ਕਰ ਰਹੇ..ਆਹ ਮਨਸ਼ਾ ਏ ਇਹਨਾਂ ਦੀ..!
ਨਿੱਕੇ ਹੁੰਦਿਆਂ ਇਕ ਮੁੰਡਾ..ਮਾਪੇ ਮਰ ਗਏ..ਨਾਨਕੇ ਰਹਿੰਦਾ..ਬਾਹਰੋਂ ਨਿਆਣਿਆਂ ਕੁੱਟ ਚਾੜ ਦੇਣੀ..ਘਰੇ ਮਾਮੇਂ ਮਾਮੀਆਂ ਰੋਂਦੇ ਹੋਏ ਨੂੰ ਲੱਪ ਦਾਣਿਆਂ ਦੀ ਦੇ ਦੇਣੀ..ਜਾ ਹੱਟੀਓਂ ਮੂੰਗਫਲੀ ਰਿਓੜੀਆਂ ਲੈ ਆ..ਅਸਾਂ ਗੁਆਂਢ ਮੱਥੇ ਨਾਲ ਵਿਗਾੜਨੀ ਨਹੀਂ ਤੇਰੀ ਖਾਤਿਰ..!
ਬਦਲਾਓ ਵਾਲਿਆਂ ਵੀ ਕਰੋੜ ਰੁਪਈਆ ਅਤੇ ਨੌਕਰੀ ਵਾਲੀ ਕੁਲਫੀ ਫੜਾ ਦਿੱਤੀ..ਹੁਣ ਛੇਤੀ ਫੂਕੋ..ਤੇ ਮਿੱਟੀ ਪਾਓ..ਦਿੱਲੀ ਦਾ ਤਬਕਾ ਮਨ ਵਿਚ..ਉਹ ਅੱਗਿਓਂ ਦਸ ਹੋਰ ਮਾਰ ਜਾਵਣ..ਬਾਨਵੇਂ ਕਲਬੂਤ..ਕਿਸੇ ਉੱਚੀ ਸਾਹ ਵੀ ਨਹੀਂ ਲਿਆ..ਮਲੇਰਕੋਟਲੇ ਦਾ ਨਵਾਬ ਤਾਂ ਕੀ ਬਣਨਾ ਸੀ..ਕੁੰਭਕਰਨੀ ਨੀਂਦਰ ਸੁੱਤੇ..!
ਲੇਖਕ ਸਭਾਵਾਂ..ਸਭਿਆਚਾਰਿਕ ਮੰਚ..ਪੰਜਾਬੀ ਸੱਥਾਂ..ਕਾਵਿ ਮੰਚ..ਸਰਕਾਰੀ ਸਭਾਵਾਂ..ਕਵੀ ਕਵਿੱਤਰੀਆਂ ਬੁਧੀਜੀਵੀ ਅਲੰਬਰਦਾਰ..ਓਹਨਾ ਦੀ ਆਪਣੀ ਵੱਖਰੀ ਦੁਨੀਆਂ..ਇਸ ਹਕੀਕੀ ਕਾਫਲੇ ਦੇ ਪਾਤਰ ਤਾਂ ਕੀ ਬਣਨਾ ਸੀ..ਏਧਰ ਝਾਕਦੇ ਵੀ ਨਹੀਂ..ਕਿਧਰੇ ਭਿੱਟ ਹੀ ਨਾ ਚੜ ਜਾਵੇ..ਭਲਾ ਏਨਾ ਧੱਕਾ ਹੋ ਰਿਹਾ ਹੋਵੇ ਤਾਂ ਵੋਟਾਂ ਥੋੜਾ ਸੁੱਝਦੀਆਂ..!
ਪੰਜਾਬ ਵੱਸਦਾ ਗੁਰਾਂ ਦੇ ਨਾਮ..ਪਰ ਉਹ ਆਖਦੇ ਗੁਰਾਂ ਦਾ ਨਾਮ ਇਥੋਂ ਕੱਢ ਦੇਵੋ..ਅਰਦਾਸ ਨਾਲ ਸ਼ੁਰੂਆਤ ਕਿਓਂ ਕੀਤੀ?
ਇਥੇ ਹਰੇਕ ਜੰਮਣੇ ਮਰਨੇ ਵਿਆਹ ਤਿਥ ਤਿਓਹਾਰ..ਅਰਦਾਸ ਨਾਲ ਹੀ ਸ਼ੁਰੂ ਹੁੰਦੇ ਆਏ..ਇਥੋਂ ਤਕ ਸਾਡਾ ਚਾਚਾ ਡੰਗਰਾਂ ਜੋਗੇ ਪੱਠੇ ਵੀ ਵੱਢਣੇ ਹੁੰਦੇ ਤਾਂ ਵੀ ਸੰਖੇਪ ਜਿਹੀ ਕਰ ਲੈਣੀ!
ਇੱਕ ਹੋਰ ਵਰਗ..ਨਿੱਕੀਆਂ ਲੜਾਈਆਂ ਬਹਿਸਾਂ ਵਿਚ ਉਲਝਾ ਦਿੰਦਾ..ਜੇ ਅੱਗਿਓਂ ਇੰਝ ਕਰਨ ਤਾਂ ਹੱਥ ਜੋੜ ਦੇਵੋ..ਭਾਈ ਅਸੀਂ ਹਾਰੇ ਤੁਸੀਂ ਜਿੱਤੇ..!
ਸੰਘਰਸ਼ ਵੇਲੇ ਦੀ ਗੱਲ..ਮੰਡ ਇਲਾਕੇ ਵਿਚ ਵੀਹ ਬਾਈਆਂ ਦਾ ਗਰੁੱਪ..ਕੋਲ ਸਭ ਕੁਝ..ਅੱਧੀ ਰਾਤ ਤੁਰਿਆ ਜਾਵੇ..ਚੁਮਾਸਾ ਗਰਮੀਂ ਅੱਤ ਦੀ..ਤ੍ਰੇਹ ਲੱਗ ਗਈ..ਪਿੰਡੋਂ ਬਾਹਰਵਾਰ ਇੱਕ ਡੇਰੇ ਤੇ ਜਾ ਕੁੰਡੀ ਖੜਕਾਈ..ਪਾਣੀ ਪਿਆ ਦਿਓ..ਅੱਗਿਓਂ ਸ਼ਰਾਬੀ ਹੋਏ..ਅਖ਼ੇ ਸਾਡੇ ਵੀ ਪੂਰਾ ਬੰਦੋਬਸਤ ਏ..ਨਿਕਲ ਜੋ ਕੋਈ ਪਾਣੀ ਪੂਣੀ ਹੈਨੀ..ਏਧਰ ਇੱਕ ਦੋ ਤੱਤੇ ਖੂਨ..ਆਖਣ ਲੱਗੇ ਲਾਈਏ ਸੋਧਾ..ਜਥੇਦਾਰ ਸਿਆਣਾ ਸੰਜਮ ਵਾਲਾ ਸੀ..ਅਖ਼ੇ ਇਥੇ ਨਹੀਂ ਉਲਝਣਾਂ..ਬੱਸ ਤੁਰੇ ਜਾਓ..ਅੱਗੇ ਦਰਿਆ ਤੋਂ ਪੀ ਲੈਂਦੇ ਹਾਂ..!
ਕਈ ਵੇਰ ਸਦੀਵੀਂ ਫਤਹਿ ਲਈਂ ਵਕਤੀ ਤੌਰ ਤੇ ਹਰ ਜਾਣਾ ਕੋਈ ਮਾੜੀ ਗੱਲ ਨਹੀਂ..!
ਕੇਰਾਂ ਮੁੰਡਾ ਸ਼ਰਾਬ ਕੱਢਣੋਂ ਨਾ ਹਟਿਆ ਕਰੇ..ਘਰਦਿਆਂ ਨੇ ਝਾੜ-ਫੂਕ ਲਈਂ ਸਿਆਣਾ ਸੱਦ ਲਿਆ..ਉੱਤੋਂ ਪੁਲਸ ਦਾ ਛਾਪਾ ਪੈ ਗਿਆ..ਮੁੰਡਾ ਚੱਲਦੀ ਭੱਠੀ ਛੱਡ ਕੰਧ ਟੱਪ ਗਿਆ..ਪੁਲਸ ਨੇ ਸਿਆਣਾ ਨੂੜ ਲਿਆ..ਪੁੱਛੀ ਜਾਣ ਤੂੰ ਕੌਣ..?
ਅਖ਼ੇ ਜੀ ਮੈਂ ਤੇ ਸਿਆਣਾ..ਠਾਣੇਦਾਰ ਆਹਂਦਾ ਓਏ ਤੂੰ ਕਾਹਦਾ ਸਿਆਣਾ..ਸਿਆਣਾ ਤੇ ਉਹ ਜਿਹੜਾ ਵੇਲੇ ਸਿਰ ਕੰਧ ਟੱਪ ਗਿਆ..!
ਇਥੇ ਵੀ ਅੱਜ ਸਿਆਣੇ ਉਹ ਜਿੰਨਾ ਦਾ ਨਾ ਕੋਈ ਯੋਗਦਾਨ..ਨਾ ਕੋਈ ਜੀ ਮੁਕਾਬਲੇ ਵਿਚ ਮੁੱਕਿਆ..ਉਲਟਾ ਅਗਲਿਆਂ ਦੇ ਮੋਢੇ ਨਾਲ ਮੋਢਾ ਜੋੜ ਆਪਣਿਆਂ ਦਾ ਹੀ ਘਾਣ ਕਰਵਾਉਂਦੇ ਰਹੇ..ਤੇ ਅੱਜ ਪੱਕੇ ਪੰਥਕ..ਬਾਕੀ ਸਾਰੇ ਦਾ ਸਾਰਾ ਲਾਣਾ ਗੱਦਾਰ..!
ਹਰਪ੍ਰੀਤ ਸਿੰਘ ਜਵੰਦਾ