ਮਿੰਨੀ ਕਹਾਣੀ – ਝੂਠਾ ਵਾਹਦਾ | jhootha vaada

“ਨੀ ਆਹ ਕੀ ਬਣਾਇਆ …ਪਾਣੀ ਧਾਣੀ ਜਾ ਕੀ ਆ ਇਹ?” ਕੁਲਵੰਤ ਦੀ ਦਾਦੀ ਉਸ ਦੀ ਮਾਂ ਨੂੰ ਕਹਿ ਰਹੀ ਸੀ।
” ਬੇਬੇ ਦਾਲ ਆ”
“ਕੁੜੇ ਦਾਲ ਇਹੋ ਜਿਹੀ ਹੁੰਦੀ ਆ ਇਹ ਤੇਰੇ ਪੇਕੇ ਖਾਂਦੇ ਹੋਣਗੇ ਇਹੋ ਜੀ ਦਾਲ। ਸਾਡੇ ਨੀ ਇਹੋ ਜਿਹੀ ਖਾਂਦੇ। ਐਨੇ ਸਾਲ ਹੋਗੇ ਤੈਨੂੰ ਵਿਆਹੀ ਆਈ ਨੂੰ ਅਜੇ ਤੱਕ ਤੇਰੇ ਚੋ ਪੇਕਿਆਂ ਵਾਲਾ ਨੰਗਪੁਣਾ ਨਹੀ ਗਿਆ”  ਕੁਲਵੰਤ ਦੀ ਦਾਦੀ ਟੁੱਟੇ ਛਿੱਤਰ ਵਾਂਗੂ ਵੱਧਦੀ ਹੀ ਜਾਂਦੀ ਸੀ।
“ਬੇਬੇ ਮੇਰੇ ਪੇਕਿਆਂ ਨੂੰ ਕਿਉ ਬੋਲਦੇ ਹੋ ਉਨ੍ਹਾਂ ਨੇ ਵਿਚਾਰਿਆਂ ਨੇ ਕੀ ਗਲਤੀ ਕੀਤੀ ਆ” ਕੁਲਵੰਤ ਦੀ ਮਾਂ ਨੇ ਜਵਾਬ ਦਿੱਤਾ।
” ਆਹ ਤੂੰ ਡੁੰਨ ਵੱਟਾ ਸਾਡੇ ਸਿਰ ਮਾਰਿਆ ਇਹ ਗਲਤੀ ਨੀ? ਨਾ ਅਕਲ ਨਾ ਸ਼ਕਲ ਨਾ ਲੈਣ ਨੂੰ ਕੁਸ਼ ਨਾ ਦੇਣ ਨੂੰ……ਬਥੇਰੇ ਰਿਸ਼ਤੇ ਆਉਦੇਂ ਸੀ ਚੰਗੇ ਘਰਾਂ ਦੇ ਮੇਰੇ ਪੁੱਤ ਨੂੰ ਪਰ ਸਾਡੀ ਕਿਸਮਤ ਮਾੜੀ ਸੀ। ਮਰ ਜਾਣ ਪੁੱਤ ਵਿਚੋਲੇ ਦੇ ਜੀਹਨੇ ਸਾਡੇ ਅੱਖੀ ਘੱਟਾ ਪਾਇਆ”
ਕੁਲਵੰਤ ਦੀ ਦਾਦੀ ਦਾ ਰੋਜ ਦਾ ਇਹੋ ਕੰਮ ਸੀ । ਕੁਲਵੰਤ ਨੇ ਜਦੋਂ ਦੀ ਸੁਰਤ ਸੰਭਾਲੀ ਸੀ ਉਸ ਨੇ ਹਮੇਸ਼ਾ ਦਾਦੀ ਨੂੰ ਮਾਂ ਨਾਲ ਲੜ੍ਹਦੇ ਹੀ ਵੇਖਿਆ ਸੀ। ਮਾਂ ਜੋ ਵੀ ਕੰਮ ਕਰਦੀ ਦਾਦੀ ਨੇ ਉਸ ਵਿੱਚ ਨੁਕਸ ਕੱਢਣਾ ਹੀ ਕੱਢਣਾ। ਦਾਦੀ ਦਾ ਸੁਭਾਅ ਮਾੜਾ ਨਹੀ ਸੀ। ਮਾਂ ਤੋਂ ਬਿਨ੍ਹਾਂ ਬਾਕੀ ਸਭ ਨਾਲ ਉਹ ਵਧੀਆ ਗੱਲ੍ਹਾਂ ਕਰਦੀ। ਕੁਲਵੰਤ ਨੂੰ ਬਹੁਤ ਪਿਆਰ ਕਰਦੀ। ਕੁਲਵੰਤ ਦੇ ਪਿਉ ਨੂੰ ਵੀ ਪੁੱਤ ਪੁੱਤ ਕਰਦੀ। ਜਦੋਂ ਕੁਲਵੰਤ ਦੀ ਭੂਆ ਆਉਦੀਂ ਉਸ ਨਾਲ ਵੀ ਪਿਆਰ ਨਾਲ ਗੱਲ ਕਰਦੀ। ਪਿੰਡ ਵਿੱਚੋ ਕੋਈ ਵੀ ਆਉਦਾਂ ਦਾਦੀ ਉਨ੍ਹਾਂ ਨਾਲ ਪਿਆਰ ਨਾਲ ਗੱਲ ਕਰਦੀ। ਬਸ ਕੁਲਵੰਤ ਦੀ ਮਾਂ ਨਾਲ ਹੀ ਉਸ ਦਾ ਕੋਈ ਵੈਰ ਸੀ। ਕੁਲਵੰਤ ਦਸ ਸਾਲ ਦਾ ਹੋ ਗਿਆ ਸੀ। ਪਰ ਦਾਦੀ ਦੇ ਵਤੀਰੇ ਚ ਕੋਈ ਫ਼ਰਕ ਨਹੀ ਸੀ ਪਿਆ। ਇੱਕ ਦਿਨ ਕੁਲਵੰਤ ਨੇ ਆਪਣੀ ਮਾਂ ਨੂੰ ਪੁੱਛਿਆ “ਮਾਂ ਦਾਦੀ ਸਭ ਨਾਲ ਵਧੀਆ ਗੱਲਾਂ ਕਰਦੀ ਆ ਪਰ ਤੇਰੇ ਨਾਲ ਕਿਉ ਲੜ੍ਹਦੀ ਰਹਿੰਦੀ ਆ”
“ਪੁੱਤ ਇਹ ਮੇਰੀ ਸੱਸ ਆ… ਸੱਸਾਂ ਇਸ ਤਰ੍ਹਾਂ ਹੀ ਨੂੰਹਾਂ ਨਾਲ ਲੜ੍ਹਦੀਆਂ ਨੇ”  ਕੁਲਵੰਤ ਦੀ ਮਾਂ ਨੇ ਜਵਾਬ ਦਿੱਤਾ।
“ਤੂੰ ਕਦੋਂ ਸੱਸ ਬਣੇਗੀ ਮਾਂ”  ਕੁਲਵੰਤ ਨੇ ਪੁੱਛਿਆ।
ਉਸ ਦੇ ਇਸ ਤਰ੍ਹਾਂ ਦੇ ਭੋਲੇਪਣ ਤੇ ਮਾਂ ਹੱਸ ਪਈ ਨਾਲੇ ਕੁਲਵੰਤ ਨੂੰ ਜੱਫ਼ੀ ਵਿੱਚ ਲੈ ਕੇ ਪਿਆਰ ਕਰਦੀ ਹੋਈ ਕਹਿਣ ਲੱਗੀ “ਜਦੋਂ ਤੇਰਾ ਵਿਆਹ ਹੋ ਗਿਆ ਪੁੱਤਰ ਤੇਰੀ ਘਰਵਾਲੀ ਆ ਜਾਉ ਫੇਰ ਮੈਂ ਸੱਸ ਬਣੂ ਗੀ”
“ਮਾਂ ਫੇਰ ਤੂੰ ਮੇਰੀ ਘਰਵਾਲੀ ਨਾਲ ਇਸ ਤਰ੍ਹਾਂ ਈ ਲੜੇਂਗੀ”  ਕੁਲਵੰਤ ਨੇ ਭੋਲੇਪਣ ਵਿੱਚ ਕਿਹਾ।

“ਨਾ ਪੁੱਤ ਮੈਂ ਸੁੱਖੀ ਸਾਂਦੀ ਤੇਰੀ ਘਰਵਾਲੀ ਨਾਲ ਕਿਉ ਲੜ੍ਹੂੰਗੀ। ਮੈ ਕੋਈ ਕਮਲੀ ਆਂ”
” ਪਰ ਮਾਂ ਤੂੰ ਆਪ ਤਾਂ ਕਹਿਨੀ ਐਂ ਵੀ ਸੱਸਾ ਨੂੰਹਾਂ ਨਾਲ ਲੜ੍ਹਦੀਆਂ ਨੇ”
” ਨਹੀ ਮੇਰੇ ਲਾਲ ਮੈਂ ਵਾਅਦਾ ਕਰਦੀ ਆ ਤੇਰੇ ਨਾਲ ਕੇ ਕਦੇ ਵੀ ਤੇਰੀ ਘਰਵਾਲੀ ਨਾਲ ਨਹੀ ਲੜ੍ਹਦੀ”  ਮਾਂ ਨੇ ਭਾਵੁਕ ਹੋ ਕੇ ਕੁਲਵੰਤ ਨੂੰ ਕਿਹਾ।
ਸਮਾਂ ਬੀਤਦਾ ਗਿਆ । ਕੁਲਵੰਤ ਪੜ੍ਹ ਲਿਖ ਕੇ ਸ਼ਹਿਰ ਨੌਕਰੀ ਕਰਨ ਲੱਗ ਗਿਆ ਉਹ ਹਰ ਰੋਜ਼ ਮੋਟਰਸਾਈਕਲ ਤੇ ਪਿੰਡ ਤੋ ਸ਼ਹਿਰ ਨੌਕਰੀ ਕਰਨ ਜਾਂਦਾ। ਉਸ ਦੀ ਦਾਦੀ ਕਾਫ਼ੀ ਬਜ਼ੁਰਗ ਹੋ ਗਈ ਸੀ। ਸਾਰਾ ਦਿਨ ਮੰਜੇ ਤੇ ਹੀ ਪਈ ਰਹਿੰਦੀ। ਮਾਂ ਉਸ ਨੂੰ ਬੈਠੀ ਦੀ ਸੇਵਾ ਕਰਦੀ। ਦਾਦੀ ਦੀ ਨਿਗ੍ਹਾਂ ਵੀ ਘੱਟ ਗਈ ਸੀ। ਮਾਂ ਆਪਣੀ ਕੰਮ ਵਾਲੀ ਦੀ ਮਦਦ ਨਾਲ ਦਾਦੀ ਨੂੰ ਇਸ਼ਨਾਨ ਕਰਵਾਉਂਦੀ। ਰਾਤ ਨੂੰ ਦਾਦੀ ਪਿਸ਼ਾਬ ਕਰਨ ਬਾਹਰ ਨਹੀ ਸੀ ਜਾ ਸਕਦੀ ਇਸ ਲਈ ਉਹ ਮੰਜੇ ਦੇ ਨਾਲ ਰੱਖੇ ਬੱਠਲ ਵਿੱਚ ਹੀ ਰਾਤ ਨੂੰ ਪੇਸ਼ਾਬ ਕਰਦੀ। ਕੁਲਵੰਤ ਦੀ ਮਾਂ ਸਵੇਰੇ ਉੱਠ ਕੇ ਦਾਦੀ ਦਾ ਪਿਸ਼ਾਬ ਵੀ ਬਾਹਰ ਡੋਲ੍ਹਦੀ। ਪਰ ਮਾਂ ਪ੍ਰਤੀ ਦਾਦੀ ਦਾ ਸੁਭਾਅ ਨਹੀ ਸੀ ਬਦਲਿਆ ਉਹ ਉਸੇ ਤਰ੍ਹਾਂ ਮਾਂ ਨੂੰ ਹਰ ਕੰਮ ਵਿੱਚ ਟੋਕਦੀ।
ਕੁਲਵੰਤ ਦੇ ਵਿਆਹ ਦੀ ਗੱਲ ਚੱਲੀ। ਕੁਲਵੰਤ ਦੇ ਮਾਂ ਬਾਪ ਨੇ ਇੱਕ ਕੁੜੀ ਵੇਖੀ। ਪਰ ਕੋਈ ਵੀ ਗੱਲ ਤੋਰਨ ਤੋਂ ਪਹਿਲਾਂ ਕੁਲਵੰਤ ਦੀ ਰਾਇ ਲੈਣੀ ਜਰੂਰੀ ਸੀ। ਮੁੰਡਾ ਪੜ੍ਹਿਆ ਲਿਖਿਆ ਸੀ ਨੌਕਰੀ ਪੇਸ਼ਾ ਸੀ। ਕੁੜੀ ਵੀ ਪੜ੍ਹੀ ਲਿਖੀ ਸੀ। ਕੁਲਵੰਤ ਨੇ ਆਪਣੇ ਮਾਂ ਬਾਪ ਨੂੰ ਕਹਿ ਦਿੱਤਾ ਤੇ ਤੁਸੀਂ ਆਪਣੇ ਪਸੰਦ ਦੀ ਕੁੜੀ ਲੱਭ ਲਵੋ ਜੋਕੁੜੀ ਮਾਂ ਨੂੰ ਪਸੰਦ ਆ ਜਾਵੇ ਮੇਰਾ ਵਿਆਹ ਕਰ ਦੇਣਾ।
ਮੁੰਡੇ ਦਾ ਜਵਾਬ ਸੁਣਕੇ ਮਾਂ ਗਦ ਗਦ ਹੋ ਗਈ। ਉਸ ਨੂੰ ਆਪਣੇ ਪੁੱਤਰ ਦੀ ਸਿਆਣਪ ਤੇ ਫ਼ਖਰ ਹੋਇਆ। ਕੁਲਵੰਤ ਦਾ ਵਿਆਹ ਹੋ ਗਿਆ। ਮਾਂ ਨੇ ਕੁੜੀ ਪਸੰਦ ਕੀਤੀ ਸੀ। ਕੁੜੀ ਸੋਹਣੀ ਸੀ ਪੜ੍ਹੀ ਲਿੱਖੀ ਸੀ ਪਰ ਸ਼ਹਿਰ ਦੀ ਰਹਿਣ ਵਾਲੀ ਸੀ। ਕੁਲਵੰਤ ਨੇ ਆਪਣੀ ਉਹੀ ਰੁਟੀਨ ਰੱਖੀ ਉਹ ਰੋਜ਼ ਸਵੇਰੇ ਨੌਕਰੀ ਕਰਨ ਸ਼ਹਿਰ ਜਾਂਦਾ ਤੇ ਸ਼ਾਮ ਨੂੰ ਵਾਪਿਸ ਆਉਦਾਂ। ਕੁਲਵੰਤ ਦੀ ਪਤਨੀ ਨੂੰ ਸ਼ਹਿਰ ਵਿੱਚ ਰਹਿਣ ਕਰਕੇ ਪਿੰਡ ਦੇ ਕੰਮ ਦਾ ਬਹੁਤਾ ਭੇਤ ਨਹੀ ਸੀ। ਉਹ ਸ਼ਹਿਰ ਵਿੱਚ ਗੈਸ ਤੇ ਕੰਮ ਕਰਦੀ ਸੀ ਪਰ ਏਥੇ ਚੁੱਲੇ ਤੇ ਕੰਮ ਹੁੰਦਾ। ਪਰ ਉਹ ਸਿਆਣੀ ਕੁੜੀ ਸੀ ਉਸ ਨੇ ਹੌਲੀ ਹੌਲੀ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ। ਗਰਮੀ ਦੇ ਮਹੀਨੇ ਉਸ ਨੇ ਚੁੱਲੇ ਮੂਹਰੇ ਬੈਠੀ ਨੇ ਟੇਬਲ ਵਾਲਾ ਪੱਖਾ ਲਾ ਲਿਆ। ਉਸ ਨੂੰ ਰੇਡੀਓ ਸੁਣਨ ਦੀ ਆਦਤ ਸੀ ਨਾਲ ਹੀ ਉਸ ਨੇ  ਸੈੱਲਾਂ ਵਾਲਾ ਛੋਟਾ ਰੇਡੀਉ ਲਾ ਲਿਆ। ਕੁਲਵੰਤ ਦੀ ਮਾਂ ਇਹ ਬਰਦਾਸ਼ਤ ਨਾ ਕਰ ਸਕੀ। ਉਹ ਸਾਰੀ ਉਮਰ ਬਿਨਾਂ ਪੱਖੇ ਤੋਂ ਰੋਟੀ ਪਕਾਉਦੀ ਰਹੀ। ਇਹ ਮਹਾਰਾਣੀ ਹੁਣ ਪੱਖਾਂ ਲਾ ਕੇ ਰੋਟੀ ਪਕਾਉ । ਬਿਜਲੀ ਦਾ ਬਿੱਲ ਇਸ ਦੇ ਪਿਉ ਨੇ ਭਰਨਾ । ਕੁਲਵੰਤ ਦੀ ਮਾਂ ਨੇ ਜਾ ਕੇ ਪੱਖਾਂ ਬੰਦ ਕਰ ਦਿੱਤਾ ਨਾਲੇ ਰੇਡਿਓ ਨੂੰ ਚੱਕ ਕੇ ਲੈ ਗਈ। ਕੁਲਵੰਤ ਦੀ ਪਤਨੀ ਨੂੰ ਇਹ ਗੱਲ ਬੁਰੀ ਲੱਗੀ । ਜਦੋਂ ਕੁਲਵੰਤ ਸ਼ਾਮ ਨੂੰ ਘਰੇ ਆਇਆ ਤਾਂ ਉਸ ਦੀ ਪਤਨੀ ਨੇ ਸਾਰੀ ਗੱਲ ਦੱਸੀ। ਕੁਲਵੰਤ ਨੇ ਉਸ ਨੂੰ ਸਮਝਾਇਆ ਕਿ ਕੋਈ ਗੱਲ ਨਹੀ ਮੈਂ ਮਾਂ ਨਾਲ ਗੱਲ ਕਰਦਾਂ।
” ਮਾਂ ਤੂੰ ਅੱਜ ਰਵਿੰਦਰ ਦਾ ਪੱਖਾ ਕਿਉਂ ਬੰਦ ਕਰ ਦਿੱਤਾ ਨਾਲੇ ਰੇਡੀਓ ਲੈ ਗਈ ਤੂੰ। ਮਾਂ ਤੈਨੂੰ ਪਤਾ ਹੈ ਉਹ ਸ਼ਹਿਰ ਦੀ ਪੜ੍ਹੀ ਲਿਖੀ ਕੁੜੀ ਆ”
” ਲੈ ਤੂੰ ਤਾਂ ਦੋ ਮਹੀਨਿਆਂ ਵਿੱਚ ਹੀ ਉਹਦੇ ਨਾਲ ਹੋ ਗਿਆ ”
” ਮਾਂ ਇਸ ਵਿੱਚ ਨਾਲ ਹੋਣ ਵਾਲੀ ਕੋਈ ਗੱਲ ਨਹੀਂ ਤੂੰ ਤਾਂ ਗੱਲ ਸਮਝਣ ਨੂੰ ਤਿਆਰ ਹੀ ਨਹੀਂ”
” ਜੀਹਨੇ ਤੈਨੂੰ ਪਾਲ ਪੋਸ ਕੇ ਵੱਡਾ ਕੀਤਾ ਪੜ੍ਹਾ ਲਿਖਾ ਕੇ ਨੌਕਰੀ ਤੇ ਲਵਾਇਆ ਉਸ ਨੂੰ ਕਹਿ ਰਿਹਾ ਕਿ ਗੱਲ ਨਹੀ ਸਮਝਦੀ। ਆਹ ਕੱਲ੍ਹ ਦੀ ਛੋਕਰੀ ਦੀ ਗੱਲ ਤੈਨੂੰ ਸਮਝ ਆਉਦੀਂ ਆ”
” ਮਾਂ ਤੇਰੇ ਨਾਲ ਬਹਿਸ ਕਰਨੀ ਬੇਕਾਰ ਹੈ” ਇਨ੍ਹਾਂ ਕਹਿਕੇ ਕੁਲਵੰਤ ਬਾਹਰ ਨਿਕਲ ਗਿਆ
” ਇਹਨੇ ਦੋ ਦਿਨਾਂ ’ਚ ਮੇਰਾ ਪੁੱਤ ਮੇਰੇ ਮੂਹਰੇ ਬੋਲਣ ਲਾ ਦਿੱਤਾ ਉਹ ਤਾਂ ਮੇਰੇ ਨਾਲ ਐਨੇ ਪਿਆਰ ਨਾਲ ਗੱਲ ਕਰਦਾ ਸੀ ਮਾਂ ਮਾਂ ਕਰਦੇ ਦਾ ਮੂੰਹ ਸੁੱਕਦਾ ਸੀ। ਇਹਨੇ ਪਤਾ ਨੀ ਕੀ ਸਿਰ ’ਚ ਪਾ ਤਾ ਮੇਰੇ ਪੁੱਤ ਦੇ ਹੁਣ ਮੂੰਹੋ ਨਹੀ ਬੋਲਦਾ”  ਕੁਲਵੰਤ ਦੀ ਮਾਂ ਕਾਫ਼ੀ ਸਮਾਂ ਬੁੜ ਬੁੜਾਉਦੀ ਰਹੀ।
ਇਹ ਰੋਜ਼ ਦਾ ਕਾਟੋ ਕਲੇਸ਼ ਸੀ ਛੋਟੀ ਛੋਟੀ ਗੱਲ ਤੇ ਕੁਲਵੰਤ ਦੀ ਮਾਂ ਉਸ ਦੀ ਪਤਨੀ ਨਾਲ ਲੜ੍ਹਦੀ ਰਹਿੰਦੀ। ਦਾਦੀ ਮੰਜੇ ਤੇ ਬੈਠੀ ਰਹਿੰਦੀ ਦਾਦੀ ਨੂੰ ਉੱਚਾ ਸੁਣਦਾ ਸੀ ਇਸ ਲਈ ਉਸ ਨੂੰ ਗੱਲ ਸਮਝ ਨਹੀ ਸੀ ਆਉਂਦੀ। ਪਰ ਜਦੋਂ ਵੀ ਕਦੇ ਕੁਲਵੰਤ ਦੀ ਪਤਨੀ ਦਾਦੀ ਕੋਲ ਜਾਂਦੀ ਉਹ ਕੁਲਵੰਤ ਦੀ ਮਾਂ ਦੀਆਂ ਬੁਰਾਈਆਂ ਕਰਨੋ ਨਾ ਹੱਟਦੀ। ਕੁਲਵੰਤ ਦੀ ਪਤਨੀ ਨੂੰ ਦਾਦੀ ਚੰਗੀ ਲੱਗਦੀ ਉਹ ਆਨੇ ਬਹਾਨੇ ਦਾਦੀ ਕੋਲ ਜਾਂਦੀ। ਦੋਨੋਂ ਬੈਠ ਕੇ ਕੁਲਵੰਤ ਦੀ ਮਾਂ ਦੀਆਂ ਬੁਰਾਈਆਂ ਕਰਦੀਆਂ। ਕੁਲਵੰਤ ਦੀ ਮਾਂ ਵੀ ਆਪਣੀ ਨੂੰਹ ਨੂੰ ਮਿਹਣੇ ਮਾਰਨ ਦਾ ਕੋਈ ਮੌਕਾ ਨਾ ਗੁਆਉਂਦੀ । ਘਰ ਦਾ ਮਹੌਲ ਟੈਨਸ਼ਨ ਵਾਲਾ ਹੋ ਗਿਆ। ਕਿਉਂਕਿ ਕੁਲਵੰਤ ਦੀ ਪਤਨੀ ਹਰ ਗੱਲ ਕੁਲਵੰਤ ਨੂੰ ਦੱਸਦੀ ਤੇ ਫੇਰ ਮਾਂ ਨਾਲ ਲੜ੍ਹਦਾ। ਕੁਲਵੰਤ ਦੀ ਪਤਨੀ ਨੇ ਉਸ ਨੂੰ ਸੁਝਾਅ ਦਿੱਤਾ ਕਿ ਮੈਂ ਪੜ੍ਹੀ ਲਿਖੀ ਹਾਂ ਨੌਕਰੀ ਕਰ ਸਕਦੀ ਆਂ ਆਪਾਂ ਸ਼ਹਿਰ ਰਹਿਣਾ ਸ਼ੁਰੂ ਕਰ ਦਿੰਦੇ ਹਾਂ। ਪਰ ਕੁਲਵੰਤ ਇਸ ਲਈ ਤਿਆਰ ਨਹੀ ਸੀ। ਪੌਣੇ ਦੋ ਸਾਲ ਲੰਘ ਗਏ ਕੁਲਵੰਤ ਇੱਕ ਪੁੱਤ ਦਾ ਪਿਉ ਬਣ ਗਿਆ। ਕੁਲਵੰਤ ਦੀ ਪਤਨੀ ਮੁੰਡੇ ਨੂੰ ਲੈ ਕੇ ਪਿੰਡ ਆ ਗਈ। ਪਰ ਉਸ ਦੀ ਮਾਂ ਦੇ ਸੁਭਾਅ ਵਿੱਚ ਫ਼ਰਕ ਨਾ ਆਇਆ। ਮੁੰਡਾ ਛੇ ਮਹੀਨਿਆਂ ਦਾ ਹੋ ਗਿਆ। ਕੁਲਵੰਤ ਦੀ ਪਤਨੀ ਨੇ ਫੇਰ ਉਸ ਨੂੰ ਸ਼ਹਿਰ ਜਾਣ ਦੀ ਸਲਾਹ ਦਿੱਤੀ ਕਿਉਕਿ ਬੱਚੇ ਦੀ ਪੜ੍ਹਾਈ ਦਾ ਵੀ ਮਾਮਲਾ ਸੀ। ਕੁਲਵੰਤ ਨੇ ਵੀ ਸ਼ਹਿਰ ਰਹਿਣ ਦਾ ਮਨ ਬਣਾਇਆ। ਉਹ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਗਏ। ਕੁਲਵੰਤ ਦੀ ਦਾਦੀ ਚਲ ਵੱਸੀ। ਕੁਲਵੰਤ ਦਾ ਬੇਟਾ ਸਕੂਲ ਪੜ੍ਹਨ ਲੱਗ ਗਿਆ। ਕੁਲਵੰਤ ਕਦੇ ਕਦੇ ਪਰਿਵਾਰ ਸਮੇਤ ਪਿੰਡ ਚੱਕਰ ਲਾ ਆਉਦਾ। ਹੌਲੀ ਹੌਲੀ ਉਸ ਨੇ ਸ਼ਹਿਰ ਵਿੱਚ ਆਪਣਾ ਮਕਾਨ ਬਣਾ ਲਿਆ। ਪਿੰਡ ਖੇਤੀਬਾੜੀ ਉਸ ਦੇ ਮਾਂ ਬਾਪ ਕਰਦੇ। ਕੁਲਵੰਤ ਦੀ ਪਤਨੀ ਆਪਣੇ ਬੇਟੇ ਦੇ ਭਵਿੱਖ ਬਾਰੇ ਸਪਨੇ ਲੈਂਦੀ। ਉਹ ਕੁਲਵੰਤ ਨੂੰ ਕਹਿੰਦੀ ਮੈਂ ਆਪਣੇ ਬੇਟੇ ਨੂੰ ਬਹੁਤ ਵੱਡਾ ਅਫ਼ਸਰ ਬਣਾਵਾਂਗੀ। ਫੇਰ ਇਸ ਦਾ ਵਿਆਹ ਕਰ੍ਹਾਂਗੀ। ਆਪਣੀ ਪਸੰਦ ਦੀ ਪਰੀਆਂ ਵਰਗੀ ਨੂੰਹ ਲੈ ਕੇ ਆਉਗੀ। ਉਹ ਹਮੇਸ਼ਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ। ਪਰ ਕੁਲਵੰਤ ਕੁਝ ਨਹੀ ਸੀ ਬੋਲਦਾ ਬਸ ਉਹ ਚੁੱਪਚਾਪ ਸੁਣਦਾ ਰਹਿੰਦਾ।
ੁਸੀਂ ਮੇਰੀ ਗੱਲ ਦਾ ਜਵਾਬ ਕਿਉਂ ਨਹੀ ਦਿੰਦੇ ਆਪਣਾ ਬੇਟਾ ਵੱਡਾ ਅਫ਼ਸਰ ਕਿਉ ਨਹੀ ਬਣ ਸਕਦਾ”
“ਮੈਂ ਕਦੋਂ ਕਹਿਣਾ ਨਹੀ ਬਣ ਸਕਦਾ। ਪਰ ਇਸ ਤੋਂ ਅੱਗੇ ਜੋ ਤੂੰ ਸੋਚਦੀ ਹੈ ਮੈਨੂੰ ਉਸ ਤੇ ਗੁੱਸਾ ਆਉਂਦਾ”
” ਤੁਹਾਨੂੰ ਕੀ ਲੱਗਦਾ ਮੇਰੇ ਪੁੱਤ ਨੂੰ ਪਰੀਆਂ ਵਰਗੀ ਕੁੜੀ ਨਹੀ ਮਿਲ ਸਕਦੀ”
“ਮੁੰਡੇ ਨੂੰ ਤਾਂ ਪਰੀਆਂ ਵਰਗੀ ਕੁੜੀ ਮਿਲ ਜਾਉ ਪਰ ਤੈਨੂੰ ਤੇਰੇ ਪਸੰਦ ਦੀ ਨੂੰਹ ਨਹੀ ਮਿਲਣੀ”
“ਲੈ ਕਿਉ ਨਹੀਂ ਮਿਲਣੀ ਮੈਂ ਆਪਣੀ ਨੂੰਹ ਨੂੰ ਐਨਾ ਪਿਆਰ ਕਰੂੰ ਕਿ ਤੁਸੀਂ ਵੇਖਦੇ ਰਹਿ ਜਾਓਂਗੇ”  ਆਪਣੀ ਪਤਨੀ ਦੀ ਗੱਲ ਸੁਣ ਕੇ ਕੁਲਵੰਤ ਨੂੰ ਹਾਸਾ ਆ ਗਿਆ।
” ਇਹ ਸਭ ਕਹਿਣ ਦੀਆਂ ਗੱਲਾਂ ਨੇ……. ਜਦੋਂ ਤੱਕ ਮੁੰਡੇ ਦਾ ਵਿਆਹ ਨਹੀ ਹੁੰਦਾ ਉਦੋਂ ਤੱਕ ਹੀ ਤੂੰ ਮੁੰਡੇ ਨੂੰ ਪਿਆਰ ਕਰੇਗੀ ਉਸ ਤੋਂ ਪਿੱਛੋਂ ਨਹੀ।”  ਕੁਲਵੰਤ ਆਪਣੇ ਤਜ਼ਰਬੇ ਤੋਂ ਬੋਲ ਰਿਹਾ ਸੀ।
” ਲਉ ਜੀ ਇਹ ਤੁਸੀਂ ਕੀ ਗੱਲ ਕਰਤੀ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕੇ ਆਪਣੀ ਨੂੰਹ ਨੂੰ ਧੀ ਵਾਂਗ ਪਿਆਰ ਕਰੂੰ”  ਕੁਲਵੰਤ ਦੀ ਪਤਨੀ ਨੇ ਕਿਹਾ। ਕੁਲਵੰਤ  ਨੇ ਇਹ ਗਲ਼ ਅਣ ਸੁਣੀ ਕਰ ਦਿੱਤੀ।
    ਕੁਲਵੰਤ ਦਾ ਬੇਟਾ ਸ਼ਹਿਰ ਦੇ ਚੰਗੇ ਸਕੂਲ ਵਿੱਚ ਪੜ੍ਹਦਾ ਸੀ। ਮਾਂ ਬਾਪ ਪੜ੍ਹੇ ਲਿਖੇ ਹੋਣ ਕਰਕੇ ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ। ਕੁਲਵੰਤ ਦੀ ਪਤਨੀ ਉਸ ਨੂੰ ਆਪ ਪੜ੍ਹਾਉਂਦੀ। ਸਮਾਂ ਲੰਘਦਾ ਗਿਆ। ਕੁਲਵੰਤ ਦੇ ਮਾਂ ਬਾਪ ਸਵਰਗ ਸਿਧਾਰ ਗਏ। ਪਿੰਡ ਵਾਲੀ ਜਮੀਨ ਕੁਲਵੰਤ ਨੇ ਠੇਕੇ ਤੇ ਦੇਣੀ ਸ਼ੁਰੂ ਕਰ ਦਿੱਤੀ। ਉਸ ਦਾ ਬੇਟਾ ਵੀ ਡਿਗਰੀ ਕਰ ਗਿਆ ਸੀ। ਉਸ ਨੇ ਸਿਵਲ ਇੰਜਨੀਅਰਿੰਗ ਵਿੱਚ ਪੜ੍ਹਾਈ ਕੀਤੀ ਸੀ। ਕੁਲਵੰਤ ਨੇ ਉਸ ਨੂੰ ਆਪਣੀ ਕੰਸ਼ਟਰਕਸ਼ਨ ਦੀ ਕੰਪਨੀ ਖੋਲਣ ਦੀ ਸਲਾਹ ਦਿੱਤੀ। ਕੁਲਵੰਤ ਕੋਲ ਪੈਸੇ ਸੀ ਇਸ ਲਈ ਉਸ ਨੇ ਮੁੰਡੇ ਨੂੰ ਬਿਜ਼ਨਸ ਖੋਲ ਦਿੱਤਾ। ਮੁੰਡਾ ਹੋਸ਼ਿਆਰ ਸੀ ਦੋ ਸਾਲਾ ਵਿੱਚ ਮੁੰਡੇ ਨੇ ਆਪਣਾ ਕੰਮ ਵਧੀਆਂ ਚਲਾ ਲਿਆ। ਕੁਲਵੰਤ ਨੇ ਵੀ ਪੁਰਾਣਾ ਘਰ ਵੇਚ ਕੇ ਨਵਾਂ ਮੌਡਰਨ ਤਰੀਕੇ ਦਾ ਘਰ ਬਣਾਇਆ। ਵੱਡਾ ਡਰਾਇੰਗ ਰੂਮ, ਹਰ ਬੈਡਰੂਮ ਨਾਲ ਅਟੈਚ ਬਾਥਰੂਮ ਘਰ ਵਿੱਚ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਸੀ। ਦੋਨਾਂ ਪਿਉ ਪੁੱਤਰਾਂ ਕੋਲ ਆਪਣੀਆਂ ਕਾਰਾਂ ਸਨ। ਕੁਲਵੰਤ ਦੀ ਰਿਟਾਇਰਮੈਂਟ ਨੇੜੇ ਸੀ। ਉਸ ਦੀ ਪਤਨੀ ਹੁਣ ਆਪਣੇ ਪੁੱਤਰ ਦਾ ਵਿਆਹ ਕਰਨਾ ਚਾਹੁੰਦੀ ਸੀ। ਉਸ ਨੇ ਆਪਣੀ ਹੋਣ ਵਾਲੀ ਨੂੰਹ ਲਈ ਗਹਿਣੇ ਪਹਿਲਾਂ ਹੀ ਬਣਾ ਰੱਖੇ ਸਨ। ਕੁਲਵੰਤ ਦੇ ਬੇਟੇ ਨੂੰ ਚੰਗੇ ਵੱਡੇ ਵੱਡੇ ਘਰਾਂ ਦੇ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਕਿਉਕਿ ਕੁਲਵੰਤ ਕੋਲ ਜਮੀਨ ,ਸ਼ਹਿਰ ਵਿੱਚ ਕੋਠੀ, ਬੇਟੇ ਦਾ ਚੰਗਾ ਬਿਜ਼ਨਸ, ਕੁਲਵੰਤ ਦੀ ਵਧੀਆਂ ਰੈਪੂਟੇਸ਼ਨ ਹਰ ਉਹ ਗੱਲ ਸੀ ਜੋ ਕੁੜੀ ਵਾਲੇ ਆਮ ਤੌਰ ਤੇ ਰਿਸ਼ਤਾ ਕਰਨ ਵੇਲੇ ਵੇਖਦੇ ਹਨ। ਪਰ ਕੁਲਵੰਤ ਦੇ ਮੁੰਡੇ ਨੂੰ ਕੁੜੀ ਪਸੰਦ ਨਾ ਆਉਦੀ। ਦਰਅਸਲ ਉਸ ਦਾ ਵੀ ਇਹੋ ਮਨ ਸੀ ਕਿ  ਕੁੜੀ ਮਾਂ ਬਾਪ ਦੀ ਪਸੰਦ ਦੀ ਹੋਵੇ। ਉਹ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਲਈ ਸੋਚਦਾ ਸੀ ਇਸ ਲਈ ਉਹ ਸਵੇਰੇ ਜਲਦੀ ਜਾਂਦਾ ਤੇ ਸ਼ਾਮ ਨੂਂ ਲੇਟ ਘਰ ਆਉਦਾਂ। ਉਸ ਨੂੰ ਵੀ ਪਤਾ ਸੀ ਕੇ ਉਸ ਦੀ ਹੋਣ ਵਾਲੀ ਪਤਨੀ ਨੇ ਜਿਆਦਾ ਸਮਾਂ ਪਰਿਵਾਰ ਨਾਲ ਹੀ ਰਹਿਣਾ। ਇਸ ਲਈ ਉਹ ਚਾਹੁੰਦਾ ਸੀ ਕਿ ਕੁੜੀ ਇਨ੍ਹਾਂ ਦੇ ਪਸੰਦ ਦੀ ਹੀ ਆਵੇ। ਕੁਲਵੰਤ ਦੇ ਮਾਂ ਬਾਪ ਨੇ ਸਧਾਰਣ ਪਰਿਵਾਰ ਇੱਕ ਸੋਹਣੀ ਤੇ ਸਮਝਦਾਰ ਕੁੜੀ ਵੇਖੀ ਉਸ ਦੀ ਫੋਟੋ ਕੁਲਵੰਤ ਦੇ ਬੇਟੇ ਨੂੰ ਵੀ ਪਸੰਦ ਆ ਗਈ। ਜਦੋਂ ਗੱਲ ਤੁਰੀ ਤਾ ਕੁੜੀ ਦੇ ਬਾਪ ਨੇ ਕੁਲਵੰਤ ਨੂੰ ਸਾਫ਼ ਲਫ਼ਜ਼ਾਂ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਉਹ ਉਸ ਦੇ ਮੁਕਾਬਲੇ ਦਾ ਨਹੀ ਹੈ। ਨਾ ਹੀ ਕੋਈ ਡਿਮਾਂਡ ਪੂਰੀ ਕਰ ਸਕਦਾ। ਕੁਲਵੰਤ ਨੇ ਆਪਣੀ ਪਤਨੀ ਨਾਲ ਇਹ ਗੱਲ ਸਾਝੀਂ ਕੀਤੀ। ਉਸ ਨੂੰ ਵੀ ਇਹ ਸ਼ਪੱਸ਼ਟ ਕਹੀ ਗੱਲ ਵਧੀਆ ਲੱਗੀ। ਉਸ ਨੂੰ ਵੀ ਕੁੜੀ ਪਸੰਦ ਸੀ। ਕੁਲਵੰਤ ਨੇ ਪਰਿਵਾਰ ਨਾਲ ਸਲਾਹ ਕਰਕੇ ਰਿਸ਼ਤਾ ਪੱਕਾ ਕਰ ਲਿਆਂ। ਕੁਲਵੰਤ ਦੀ ਘਰਵਾਲੀ ਨੂੰ ਬੇਟੇ ਦੇ ਵਿਆਹ ਦਾ ਬਹੁਤ ਚਾਅ ਸੀ । ਉਸ ਨੇ ਆਪਣੇ ਬੇਟੇ ਲਈ ਤੇ ਹੋਣ ਵਾਲੀ ਨੂੰਹ ਲਈ ਵਧੀਆਂ ਮਹਿੰਗੇ ਤੋਂ ਮਹਿੰਗੇ ਕੱਪੜੇ, ਜੁੱਤੇ ਤੇ ਹੋਰ ਸਮਾਨ ਖਰੀਦਿਆ। ਗਹਿਣੇ ਉਸ ਨੇ ਪਹਿਲਾਂ ਹੀ ਬਣਾ ਲਏ ਸਨ। ਵਿਆਹ ਬਹੁਤ ਧੂਮ ਧਾਮ ਨਾਲ ਹੋਇਆ। ਕੁਲਵੰਤ ਦੇ ਘਰ ਨੂੰਹ ਆ ਗਈ। ਕੁਝ ਦਿਨ ਤਾ ਸਭ ਠੀਕ ਚਲਦਾ ਰਿਹਾ ਉਸ ਤੋਂ ਪਿੱਛੋ ਫੇਰ ਉਹੀ ਨੂੰਹ ਸੱਸ ਵਾਲੀ ਲੜ੍ਹਾਈ ਸ਼ੁਰੂ ਹੋ ਗਈ। ਇਸ ਲੜ੍ਹਾਈ ਨਾਲ ਕੁਲਵੰਤ ਤੇ ਉਸਦੇ ਬੇਟੇ ਦੇ ਕੰਮ ਤੇ ਅਸਰ ਪੈਂਣਾ ਲਾਜ਼ਮੀ ਸੀ। ਘਰ ਵਿੱਚ ਕੰਮ ਕਰਨ ਲਈ ਨੌਕਰ ਰੱਖੇ ਹੋਏ ਸਨ। ਰੋਟੀ ਬਣਾਉਣ ਲਈ ਵੀ ਨੌਕਰ ਸੀ। ਹਰ ਸੁਵਿਧਾ ਘਰ ਵਿੱਚ ਸੀ। ਪਰ ਫ਼ੇਰ ਵੀ ਨਿੱਕੀ ਨਿੱਕੀ ਗਲ਼ ਤੇ ਕਲੇਸ਼ ਪੈ ਜਾਂਦਾ ਸੀ। ਕਈ ਵਾਰ ਕੁਲਵੰਤ ਦੇ ਬੇਟੇ ਨੂੰ ਕੰਮ ਵਿਚਾਲੇ ਛੱਡ ਘਰ ਆਉਣਾਂ ਪੈਂਦਾ ਓਧਰ ਕੁਲਵੰਤ ਵੀ ਨੌਕਰੀ ਛੜ੍ਹਕੇ ਘਰ ਵੱਲ ਭੱਜਦਾ। ਇੱਕ ਦਿਨ ਕੁਲਵੰਤ ਦੀ ਘਰਵਾਲੀ ਨੇ ਫੈਸਲਾ ਸੁਣਾ ਦਿੱਤਾ ਵੀ ਉਹ ਇਸ ਘਰ ਵਿੱਚ ਨਹੀ ਰਹੇਗੀ। ਉਸ ਨੇ ਕੁਲਵੰਤ ਤੇ ਜ਼ੋਰ ਪਾਇਆ ਕੇ ਉਹ ਰਿਟਾਇਰਮੈਂਟ ਤੋਂ ਬਾਅਦ ਪਿੰਡ ਵਾਲੇ ਘਰ ਵਿੱਚ ਚੱਲੇ ਜਾਣਗੇ। ਕੁਲਵੰਤ ਨੇ ਵੀ ਹਾਮੀ ਭਰ ਲਈ। ਰਿਟਾਇਰਮੈਂਟ ਤੋਂ ਬਾਅਦ ਕੁਲਵੰਤ ਆਪਣੀ ਪਤਨੀ ਨੂੰ ਲੈ ਕੇ ਪਿੰਡ ਆ ਗਿਆ। ਉਧਰ ਕੁਲਵੰਤ ਦੀ ਨੂੰਹ ਦੇ ਬੇਟਾ ਹੋ ਗਿਆ। ਕੁਲਵੰਤ ਦਾਦਾ ਬਣ ਗਿਆ ਸੀ। ਉਹ ਤੇ ਉਸਦੀ ਪਤਨੀ ਉਸ ਨੂੰ ਵੇਖਣ ਲਈ ਆਏ। ਕੁਲਵੰਤ ਦਾ ਤਾ ਪਿੰਡ ਵਿੱਚ ਜੀਅ ਲੱਗ ਗਿਆ ਸੀ। ਪਰ ਉਸ ਦੀ ਪਤਨੀ ਨੂੰ ਥੋਹੜੀ ਮੁਸ਼ਕਲ ਆਈ। ਪਰ ਕੁਲਵੰਤ ਕੋਲ ਕਾਰ ਸੀ ਉਹ ਦੂਸਰੇ ਤੀਸਰੇ ਦਿਨ ਕਿਧਰੇ ਚੱਕਰ ਲਾ ਆਉਂਦੇ। ਦੂਜੇ ਪਾਸੇ ਕੁਲਵੰਤ ਦੇ ਬੇਟੇ ਤੇ ਨੂੰਹ ਨੂੰ ਥੋਹੜੇ ਦਿਨ ਉਨ੍ਹਾਂ ਦੀ ਕਮੀ ਮਹਿਸੂਸ ਹੋਈ ਹੌਲੀ ਹੌਲੀ ਉਨ੍ਹਾਂ ਨੂੰ ਵੀ ਓਹਨਾਂ ਦੋਨਾਂ ਤੋ ਬਿਨ੍ਹਾਂ ਰਹਿਣ ਦੀ  ਨੂੰ ਵੀ ਆਦਤ ਪੈ ਗਈ। ਦੋਨੋਂ ਆਪਣੀ ਜਗ੍ਹਾ ਵਧੀਆ ਰਹਿ ਰਹੇ ਸਨ। ਕੁਲਵੰਤ ਤੇ ਉਸ ਦੀ ਪਤਨੀ ਕਦੇ ਕਦੇ ਉਨ੍ਹਾਂ ਨੂੰ ਮਿਲ ਜਾਂਦੇ ਤੇ ਉਹ ਵੀ ਬੇਟੇ ਦੀ ਛੁੱਟੀਆ ਚ ਪਿੰਡ ਜਾ ਆਉਦੇ। ਕੁਲਵੰਤ ਨੇ ਪਿੰਡ ਵਾਲੇ ਘਰ ਨੂੰ ਰੈਨੋਵੇਟ ਕਰ ਲਿਆ ਸੀ। ਨਾਲ ਵਾਲੇ ਖਾਲੀ ਥਾਂ ਵਿੱਚ ਉਸ ਨੇ ਇੱਕ ਬਹੁਤ ਸੋਹਣਾ ਬਗੀਚਾ ਬਣਵਾਇਆ ਤੇ ਇੱਕ ਸਵਿੰਮਿੰਗ ਪੂਲ ਵੀ ਬਣਵਾਇਆ। ਗਰਮੀ ਦੀਆਂ ਛੁੱਟੀਆ ਵਿੱਚ ਅਕਸਰ ਕੁਲਵੰਤ ਦਾ ਪੋਤਾ ਪਿੰਡ ਆਉਂਦਾ ਉਸ ਨੂੰ ਪੂਲ ਵਿੱਚ ਨਹਾਉਣਾ ਤੇ ਬਗੀਚੀ ਵਿੱਚ ਖੇਡਣਾ ਚੰਗਾ ਲਗਦਾ। ਕੁਲਵੰਤ ਦੀ ਨੂੰਹ ਵੀ ਆਪਣੇ ਪੁੱਤਰ ਨੂੰ ਬੇਹੱਦ ਪਿਆਰ ਕਰਦੀ। ਇੱਕ ਦਿਨ ਜਦੋਂ ਉਹ ਪਿੰਡ ਆਏ ਸਨ ਤਾ ਕੁਲਵੰਤ ਦੀ ਨੂੰਹ ਆਪਣੇ ਬੇਟੇ ਨਾਲ ਲਾਡ ਲਡਾ ਰਹੀ ਸੀ।
” ਬੇਟਾ ਮੈਂ ਤੈਨੂੰ ਜਿੰਦਗੀ ਦੀ ਹਰ ਖੁਸ਼ੀ ਦੇਣਾ ਚਾਹੁੰਦੀ ਹਾਂ ਤੂੰ ਮੇਰੀ ਜਾਨ ਵੀ ਮੰਗ ਲਵੇ ਤਾਂ ਮੈਂ ਦੇ ਦੇਵਾਂਗੀ”  ਉਹ ਭਾਵੁਕ ਹੋਈ ਕਹਿ ਰਹੀ ਉਸ ਨੂੰ ਨਹੀ ਸੀ ਪਤਾ ਕਿ ਕੁਲਵੰਤ ਇਹ ਸਭ ਪਿੱਛੇ ਖੜ੍ਹਾ ਸੁਣ ਰਿਹਾ ਹੈ। ਉਸ ਦੀ ਗੱਲ ਸੁਣਕੇ ਕੁਲਵੰਤ ਹੱਸਿਆ।
“ਪਾਪਾ ਤੁਸੀਂ ਹੱਸੇ ਕਿਉ”  ਨੂੰਹ ਨੇ ਕੁਲਵੰਤ ਨੂੰ ਪੁੱਛਿਆ।
“ਪੁੱਤਰ ਮਾਵਾਂ ਦਾ ਪਿਆਰ ਪੁੱਤਰਾਂ ਨਾਲ ਸਿਰਫ਼ ਉਦੋ ਤੱਕ ਹੀ ਹੁੰਦਾ ਜਦੋਂ ਤੱਕ ਉਹ ਵਿਆਹੇ ਨਹੀ ਜਾਂਦੇ”
“ਨਹੀ ਪਾਪਾ ਮੈਂ ਐਸਾ ਨਹੀ ਕਰ੍ਹਾਂਗੀ ਮੈਂ ਵਿਆਹ ਤੋਂ ਬਾਅਦ ਵੀ ਇਸ ਨੂੰ ਤੇ ਇਸ ਦੀ ਪਤਨੀ ਨੂੰ ਉਨ੍ਹਾਂ ਹੀ ਪਿਆਰ ਕਰਾਂਗੀ
ਇਹ ਮੇਰਾ ਵਾਅਦਾ ਹੈ ਤੁਹਾਡੇ ਨਾਲ” ਨੂੰਹ ਨੇ ਕੁਲਵੰਤ ਨੂੰ ਕਿਹਾ।
“ਸਭ ਝੂਠ ਇਹ ਸਭ ਝੂਠਾ ਵਾਅਦਾ ਹੈ ਜੋ ਮੈ ਬਹੁਤ ਵਾਰ ਸੁਣਿਆਂ” ਐਨੀ ਗੱਲ ਕਹਿਕੇ ਕੁਲਵੰਤ ਗੁੱਸੇ ਚ ਬਾਹਰ ਨੂੰ ਤੁਰ ਗਿਆ।

Leave a Reply

Your email address will not be published. Required fields are marked *