ਮਿੰਨੀ ਕਹਾਣੀ – ਧੀ | dhee

  ਗੁੱਡੀ  ਦਾ ਕਈ ਦਿਨਾਂ ਦਾ ਮਨ ਸੀ ,ਕਿ ਪੇਕੀਂ ਜਾ ਕੇ ਆਵੇ ।ਗੁੱਡੀ ਦੇ ਵਿਆਹ ਨੂੰ ਦਸ ਸਾਲ ਹੋ ਗਏ ਸਨ। ਉਸ ਦੇ ਦੋ ਕੁੜੀਆਂ ਹੀ ਸਨ ਸ਼ਰਾਬੀ ਪਤੀ ਸ਼ਰਾਬ ਪੀ ਕੇ ਤਿੰਨਾਂ ਮਾਵਾਂ ਧੀਆਂ ਦੀ ਕੁੱਟ ਮਾਰ ਕਰਦਾ। ਗੁੱਡੀ ਉਸ ਨੂੰ ਧੀਆਂ ਦਾ ਵਾਸਤਾ ਪਾ ਸ਼ਰਾਬ ਨਾ ਪੀਣ ਦੀ ਨਸੀਅਤ ਦਿੰਦੀ ਸੀ ਪਰ ਉਸਦੇ ਪਤੀ ਨੂੰ ਇਹ ਗਲ਼ ਚੰਗੀ ਨਹੀ ਲੱਗਦੀ ਸੀ।ਗੁੱਡੀ ਨੂੰ ਆਪਣੇ ਮਾਂ ਬਾਪ ਨਾਲ ਸ਼ਿਕਵਾ ਸੀ ਕੇ ਸ਼ਰਾਬੀ ਦੇ ਗਲ ਲਾ ਦਿੱਤੀ।ਉਹ ਸੋਚਦੀ ਦੱਸ ਕੇ ਆਉਂ ਕਰਤੂਤਾਂ ਸ਼ਰਾਬੀ ਜਵਾਈ ਦੀਆਂ ।ਕਦੇ ਉਹ ਸੋਚਦੀ ਚੱਲ ਪਤੀ ਤਾਂ ਚੰਗਾ ਮਾੜਾ ਮੇਰੀ ਕਿਸਮਤ ਪਰ ਗੇੜਾ ਤਾਂ ਮਾਰਨਾ ਮਾਪਿਆਂ ਦਾ ਫ਼ਰਜ ਆ। ਜਦ ਕੰਮ ਕਾਰ ਕਰਦੀ ਗੁੱਡੀ ਦੇ ਦਿਮਾਗ ਵਿੱਚ ਮਾਂ ਦੀ ਯਾਦ ਫੇਰੀ ਪਾਉਂਦੀ ਆਂਦਰਾਂ ਨੂੰ ਖਿੱਚ  ਜੀ ਪੈਂਦੀ ।ਝੱਟ ਫੋਨ ਤੇ ਹਾਲ ਚਾਲ ਪੁੱਛ ਢਿੱਡ ਹੋਲਾ ਕਰ ਲੈਂਦੀ ।ਜਦ ਮਾਂ ਮਿੱਲ  ਕੇ ਜਾਣ ਨੂੰ ਆਖ ਦਿੰਦੀ ਤਾਂ ਅੰਦਰੋ ਅੰਦਰੀ ਗੁੱਸੇ ਨਾਲ ਚੁੱਪ ਕਰ ਜਾਂਦੀ ਸੋਚਦੀ ਮਾਂ ਨੇ ਖੁਦ ਤਾਂ ਕਦੇ ਗੇੜਾ ਮਾਰਿਆ ਨੀ। ਪਰ ਬੋਲ ਨਾਂ ਸਕਦੀ ,,,ਮਾਂ ਜਿਉਂ ਹੋਈ।ਅੱਜ ਸਵੇਰ ਦੇ ਤਿੰਨ ਵਜੇ ਦਾ ਟਾਇਮ ਗੁੱਡੀ ਭੜੱਕ ਕੇ ਮੰਜੇ ਤੋਂ ਉੱਠੀ ।ਸੁਪਨਾ ਆਇਆ ਮਾਂ ਸਖਤ ਬਿਮਾਰ ਹੈ ।ਮੰਜੇ ਤੇ ਪਈ ਗੁੱਡੋ  ਗੁੱਡੋ ਕਰੀ ਜਾਂਦੀ ਆ। ਟਾਇਮ ਦੇਖਿਆ ਸਵੇਰ ਦੇ ਤਿੰਨ ਵੱਜੇ ਸੋਚਿਆ ਮਨਾ ਸਵੇਰ ਦਾ ਸੁਪਨਾ ਕਦੇ ਸੱਚਾ ਹੀ ਨਾਂ ਹੋਵੇ ।”ਰੱਬਾ ਸੁੱਖ ਰੱਖੀ ,,ਮੇਰੀ ਮਾਂ ਨੂੰ ਤੱਤੀ ਵਾ ਨਾ ਲੱਗੇ ” ਆਖ ਗੁੱਡੀ ਘਰ ਕੰਮਾਂ ਵਿੱਚ ਜੁਟ ਗਈ ।ਪਹਿਲਾਂ ਸੋਚਿਆਂ ਵੀ ਫੋਨ ਕਰਕੇ ਮਾਂ ਦਾ ਪਤਾ ਲਵੇ ਫੇਰ ਖਿਆਲ  ਆਇਆ ਕਿਉਂ ਸੁੱਖੀ ਸਾਂਦੀ ਸਵੇਰੇ ਸਵੇਰੇ ਮਾਂ ਨੂੰ ਫਿਕਰ ਪਾਉਣਾ ਅੱਜ ਗੇੜਾ ਕੱਢ ਹੀ ਆਉੱਦੀ ਹਾਂ ਪੇਕੀਂ ।ਗੁੱਡੀ ਨੂੰ ਦਿਨ ਮਸਾਂ ਚੜਿਆ। ਸਾਰਾ ਕੰਮ ਨਬੇੜ ਆਪਣੀਆਂ  ਦੋਨੇਂ ਧੀਆਂ ਨੂੰ ਸਕੂਲ ਵਾਸਤੇ ਤਿਆਰ ਕਰਕੇ ਸਕੂਲ ਵੈਨ ਤੇ ਚੜ੍ਹਾਂ, ਘਰਵਾਲੇ ਦੀ ਦੁਪਿਹਰ ਦੀ ਰੋਟੀ ਬੱਣਾ ਕੇ ਅਤੇ ਆਥਣ ਤੋਂ ਪਹਿਲਾਂ ਮੁੜ ਆਉਣ ਦਾ ਵਾਧਾ ਕਰ ਕੇ ਗੁੱਡੀ ਪਹਿਲੀ ਬੱਸ ਪੇਕਿਆਂ ਨੂੰ ਚੜ ਗਈ।ਘਰ ਵੜੀ ਮਾਂ ਗੋਹੇ ਦਾ ਟੋਕਰਾ ਭਰੀ ਜਾਵੇ ।ਧੀ ਨੂੰ ਦੇਖ ਮਾਂ ਚੇਹਰੇ ਤੇ ਰੌਣਕਾਂ ਆ ਗਈਆਂ ।ਮਾਂ ਨੂੰ ਤੰਦਰੁਤ ਫਿਰਦੀ ਦੇਖ ਜਾਣੀ ਉਸ ਨੂੰ ਵੀ ਚਾਅ ਚੜ ਗਿਆ।”ਤਕੜੀ ਆਂ ਧੀਏ??””ਹਾਂ ਬੇਬੇ ਤਕੜੀ ਆਂ ,ਲਿਆ ਮੈਨੂੰ ਚਕਾ ਟੋਕਰਾ ਮੈਂ ਸੁੱਟ ਆਉਨੀ ਆ ਦੋ ਟੋਕਰੇ ਫੇਰ ਵੇਹਲੀਆਂ ਹੋਕੇ ਗੱਲਾਂ ਕਰਾਂਗੀਆਂ ,ਜੇ ਗੱਲੀ ਪੈ ਗੀਆਂ ਤਾਂ ਤੈਨੂੰ ਧੁੱਪ ਚੜ ਜੂ। “ਗੁਡੀ ਨੇ ਮੱਲੋ ਮੱਲੀ ਮਾਂ ਦੇ ਸਿਰ ਤੋਂ ਈਨੂੰ ਤੇ ਚੁੰਨੀ ਲਾਹ ਆਪਣੇ ਸਿਰ ਤੇ ਰੱਖ ਲਈ ਅਤੇ ਆਪਣੀ ਚੁੰਨੀ ਮਾਂ ਨੂੰ ਦੇ ਦਿੱਤੀ ।”ਪਾਣੀ ਤਾਂ ਪੀ ਲਾ ਕਮਲੀਏ।”ਧੀ ਦਾ ਮੋਹ ਦੇਖ ਮਾਂ ਆਪਣੇ ਅੱਥਰੂ ਅੰਦਰੇ ਹੀ ਘੁੱਟ ਗਈ।”ਬੇਬੇ ਤੂੰ ਪਾਣੀ ਲਿਆ ਮੈਂ ਟੋਕਰਾ ਸਿੱਟ ਕੇ ਆਈ”ਪਾਣੀ ਦਾ ਗਿਲਾਸ ਲੈਣ ਚੱਲੀ ਮਾਂ ਦਾ ਸਬਰ ਜਵਾਬ ਦੇ ਗਿਆ ।ਧੀ ਦੇ ਮੋਹ ਦੇਖ ਮਾਂ ਦੇ ਅੰਦਰਲੇ ਵਿਰਾਗ ਦੇ ਸਮੁੰਦਰ ਨੇ ਅਚਾਨਕ ਵੱਡੀ ਛੱਲ ਮਾਰੀ ।ਮਾਂ ਦੀ ਭੁੱਬ ਨਿੱਕਲ ਗਈ।ਜਦ ਤੱਕ ਮਾਂ ਰਸੋਈ ਚੋਂ ਪਾਣੀ ਲੈਕੇ ਆਈ ਤਦ ਤੱਕ ਗੁਡੀ ਨੇ ਬਾਕੀ ਦਾ ਇੱਕ ਟੋਕਰਾ ਵੀ ਰੂੜੀ ਤੇ ਸੁੱਟ ਆਂਦਾ।ਟੂਟੀ ਤੋਂ ਹੱਥ ਧੋ ਉਹ ਮਾਂ ਕੋਲ ਆ ਖੜੋਤੀ ।ਮਾਂ ਨੇ ਪਾਣੀ ਪਲਾ ਕੇ ਧੀ ਨੂੰ ਗਲ ਨਾਲ ਲਾ ਲਿਆ।ਬੱਸ ਫਿਰ ਮਾਂ ਆਖਰ ਅੰਦਰ ਦਾ ਲਾਵਾ ਕਿੰਨਾ ਕੁ ਚਿਰ ਘੁੱਟ ਕੇ ਰੱਖਦੀ ,ਵਹਿ ਤੁਰਿਆ ਅੱਖਾਂ ਰਾਹੀਂ ਮੀਹ ਬਣ ਕੇ ਹੰਜੂਆ ਦਾ ।ਧੀ ਨੂੰ ਗਲ ਨਾਲ ਲਾ ਕੇ ਮਾਂ ਹਾਉਕੇ ਲੈ ਲੈ ਕੇ ਰੋਈ। ਮਾਂ ਸ਼ਾਇਦ ਰੋ ਰੋ ਕੇ ਸਾਰੀ ਉਮਰ ਦੇ ਪਾਪ ਧੋਣਾ ਚਾਹੁੰਦੀ ਸੀ ।ਦੋਨੇ ਹੱਥਾਂ ਨਾਲ ਧੀ ਦਾ ਚਿਹਰਾ ਫੜ ਮਾਂ ਨੇ ਦੋ ਤਿੰਨ ਵਾਰ ਚੁੰਮਿਆ ।ਫਿਰ ਕਹਿਣ ਲੱਗੀ ,”ਚੰਦਰੀਏ,,ਤੈਨੂੰ ਦਿੱਤਾ ਹੀ ਕੀ ਆ ਤੇਰੀ ਮਾਂ ਨੇ ਹੁਣ ਤੱਕ,ਜਿਹੜਾ ਤੈਥੋਂ ਮੇਰੇ ਕੰਡਾ ਵੱਜਿਆ ਨਹੀਂ ਸਹਾਰਿਆ ਜਾਂਦਾ।ਇਹੀ ਟੋਕਰਾ ਕੱਲ ਤੇਰੇ ਭਰਾ ਨੂੰ ਵੱਸ ਚਕਵਾਉਣ ਵਾਸਤੇ ਹੀ ਵਾਜ ਮਾਰੀ ਸੀ,ਕਹਿੰਦਾ ,,ਆਪੇ ਚੱਕ ਲਾ।ਮੈਂ ਹੱਸਦੀ ਨੇ ਕਹਿ ਦਿੱਤਾ ,ਵਿਆਹ ਕਰਾ ਲੈ ,ਤੇਰੀ ਮਾਂ ਦੇ ਸਿਰੋਂ ਟੋਕਰਾ ਲਹਿ ਜੂ ।ਕਹਿੰਦਾ,ਜੀਹਦੇ ਨਾਲ ਮੈਂ ਵਿਆਹ ਕਰਾਉਣਾ ,ਓਹਨੇ ਤੇਰਾ ਗੋਲਾ ਧੰਦਾ ਨੀ ਕਰਨਾ।ਕੀ ਦੱਸਾਂ ਧੀਏ ਸਵੇਰੇ ਨਿੱਕਲ ਜਾਂਦਾ ,ਪਹਿਣ ਪੱਚਰ ਕੇ ਆਧਣੇ ਘਰ ਵੜਦਾ ਮੂੰਹ ਨੇਰੇ ।ਕੋਈ ਪਤਾ ਟਿਕਾਣਾ ਨਹੀਂ ਕਿੱਥੇ ਜਾਂਦਾ ???”””ਮਾਂ ਨੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਜ ਕੇ ਫੇਰ ਗੱਲ ਅੱਗੇ ਤੋਰੀ।”ਜਦ ਤੂੰ ਜੰਮੀ ਸੀ ਮੈਂ ਦਸ ਦਿਨ ਰੋਂਦੀ ਰਹੀ ਸੀ,ਸੋਚਿਅਾ ਪੱਥਰ ਸੁੱਟ ਦਿੱਤਾ ਰੱਬ ਨੇ ਸਾਡੇ ਘਰ।ਸੋਚਦੀ ਰਹੀ ਬੜਾ ਮਾੜਾ ਕੰਮ ਕੀਤਾ ਰੱਬ ਨੇ,ਸਾਡੇ ਨਾਲ ਜੋ ਆ ਕੁੜੀ ਦੇ ਦਿੱਤੀ,ਮੈਂ ਲਾਹੇ ਪਲਾਹੇ ਲੀੜਿਆ ਨਾਲ ਪਾਲ ਦਿੱਤਾ ਤੈਨੂੰ ।ਤੇਰੇ ਮੂੰ ਚੋਂ ਚੀਜ਼ ਕੱਢ ਕੇ ਵੀ ਪਾਉਦੀ ਰਹੀ ਤੇਰੇ ਵੀਰ ਦੇ ਮੂੰਹ ਵਿੱਚ।ਪਤਾ ਨਹੀਂ ਕਿਵੇਂ ਪਲ ਗਈ ਤੂੰ ।ਤੈਨੂੰ ਤਾਂ ਵਿਅਾਹੁਣ ਲੱਗਿਆਂ ਨੇ ਵੀ ਫਾਹਾ ਵੱਡਣ ਵਾਲੀ ਗੱਲ ਕੀਤੀ ।ਦੱਸ ਕਿਹੜਾ ਮੂੰਹ ਲੈਕੇ ਜਾਵਾਂ ਤੇਰੇ ਕੋਲ??”ਮਾਂ ਅੱਜ ਧੀ ਤੋਂ ਸਾਰੇ ਗੁਨਾਹ ਬਕਸ਼ਾ ਲੈਣਾਂ ਚਾਹੁੰਦੀ ਸੀ । ਗੁਡੀ ਪੱਥਰ ਬਣੀ ਮਾਂ ਦੀਆਂ ਗੱਲਾਂ ਸੁਣਦੀ ਰਹੀ।ਅੱਖਾਂ ਦੇ ਅੱਥਰੂ ਆਪ ਮੁਹਾਰੇ ਹੋਏ ਫਿਰਦੇ ਸਨ ।ਮਾਂ ਦੇ ਦੁੱਖ ਸੁਣ ਧੀ ਤੋਂ ਫੇਰ ਰਿਹਾ ਨਾਂ ਗਿਆ  ।ਕਹਿਣ ਲੱਗੀ ,”ਨਾਂ ਤੈਨੂੰ ਕੌਣ ਕਹਿੰਦਾ ਮੈ ਔਖੀ ਆ ਮੈਂ ਤਾਂ ਮੌਜਾਂ ਕਰਦੀ ਆ ਆਪਣੇ ਘਰ ।ਮੈਂ ਤੈਨੂੰ ਮਿਲਣ ਆਈ ਸੀ ਤੂੰ ਬੇਬੇ ਹੋਰ ਈ ਗੱਲਾਂ ਲੈਕੇ ਬੈਠ ਗੀ। “ਤਦ ਬੂਹੇ ਤੇ ਬਾਪੂ ਦਾ ਸਾਇਕਲ ਖੜਕਿਆ ।ਉਹ ਛਾਲ ਮਾਰ ਮੰਜੇ ਤੋਂ ਉੱਠੀ ।ਜਦ ਤੱਕ ਬਾਪੂ ਵਿਹੜੇ ਦੇ ਵਿਚਕਾਰ ਆਇਆ ।ਗੁਡੀ ਨੇ ਪਾਣੀ ਦਾ ਗਿਲਾਸ ਬਾਪੂ ਦੇ ਹੱਥ ਵਿੱਚ ਫੜਾ ਦਿੱਤਾ ਤੇ ਬਾਪੂ ਦੇ ਹੱਥੋ ਸਾਇਕਲ ਫੜ ਲਿਆ।”ਤਕੜਾਂ ਬਾਪੂ???””ਹਾਂ ਪੁੱਤ ਤਕੜਾਂ ,ਤੂੰ ਦੱਸ ਪਰਿਵਾਰ ਕਿਵੇਂ ਅਾ??ਛਿੰਦਰ ਸਿਓਂ ਦਾ ਕੀ ਹਾਲ ਆ??”ਬਾਪੂ ਨੇ ਧੀ ਦੇ ਮੋਡੇ ਤੇ ਹੱਥ ਰੱਖ ਕੇ ਕਿਹਾ।” ਬਾਪੂ ਵਧੀਆ  ਮੌਜਾਂ ਕਰਦੀ ਆ ।”ਬਾਪੂ ਨੂੰ ਅੱਜ ਮੁੱਦਤਾਂ ਬਾਅਦ ਕਿਸੇ ਨੇ ਵੇਹੜੇ ਦੇ ਵਿਚਾਲੇ ਪਾਣੀ ਦਾ ਗਿਲਾਸ ਦਿੱਤਾ ਸੀ ।ਪਰ ਬਾਪੂ,,, ਧੀ ਅੱਗੇ  ਰੋ ਨਾ ਸਕਿਆ ।ਬੈਠੇ ਗੱਲਾਂ ਬਾਤਾਂ ਕਰਦੇ ਪਤਾ ਨਹੀਂ ਕਦ ਦੁਪਿਹਰਾ ਬੀਤ ਗਿਆ।ਅਚਾਨਕ ਗੁਡੀ ਨੇ ਵਰਾਂਡੇ ਵਿੱਚ ਲੱਗੀ ਕੰਧ ਘੜੀ ਵੱਲ ਨਜਰ ਮਾਰੀ ਅਤੇ ਲਫਾਫਾ ਚੁੱਕ ਖੜੀ ਹੋ ਗਈ।”ਬੇਬੇ ਮੈਂ ਚਲਦੀ ਆ ,ਛੁੱਟੀਆ ਚ ਆਊਗੀ ,ਨਾਲੇ ਚਾਰ ਦਿਨ ਲਾ ਕੇ ਜਾਊ,ਨਾਲੇ ਵੀਰ ਨੂੰ ਸਮਝਾ ਕੇ ਜਾਊਂ ,ਹੁਣ ਬੱਚੀਆਂ ਸਕੂਲੋਂ ਆਉਣ ਆਲੀਆਂ,ਕਿਥੇ ਵਿਲਕਦੀਆਂ ਫਿਰਨਗੀਆਂ ??”ਮਾਂ ਦਾ ਅੱਜ ਦਿਲ ਨਹੀਂ ਸੀ ਕਰਦਾ ਕਿ ਉਹ ਧੀ ਨੂੰ ਜਾਣ ਲਈ ਕਹੇ ਪਰ ਮਜਬੂਰੀ ਸੀ ਹੋਰ ਕਰ ਵੀ ਕੀ ਸਕਦੀ ਸੀ । ਉੱਠੀ ਸੰਦੂਖ ਵਿੱਚੋਂ ਸੋ ਦਾ ਨੋਟ ਕੱਢ ਲਿਆਈ ਅਤੇ ਧੀ ਦੀ ਮੁੱਠੀ ਵਿੱਚ ਪੈਸੇ ਦੇਕੇ ਕਹਿਣ ਲੱਗੀ,”ਜਾਹ ਧੀਏ ,ਵਸਦੀ ਰਹਿ ।ਇੱਕ ਗੱਲ ਯਾਦ ਰੱਖੀਂ ,ਕਦੇ ਪੁੱਤਾਂ ਵਾਸਤੇ ਸੁੱਖਾਂ ਨਾ ਸੁੱਖਦੀ ਫਿਰੀਂ ।ਦੋਨਾਂ ਧੀਆਂ ਨੂੰ ਪਾਲ ਲਾ ।ਪੁੱਤ ਦੁੱਖ ਵਧਾ ਤਾਂ ਸਕਦੇ ਆ ,ਧੀਆਂ ਵਾਂਗ ਵੰਡਾਂ ਨੀ ਸਕਦੇ। “ਗੁਡੀ ਆਈ ਤਾਂ ਸੀ ਆਪਣੇ ਦੁੱਖ ਦੱਸਣ ਪਰ ਮਾਂ ਦੇ ਦੁੱਖਾਂ ਦਾ ਟੋਕਰਾ ਲੈ ,ਪਿੰਡ ਵਾਲੀ ਬੱਸ ਚੜ ਗਈ।

Leave a Reply

Your email address will not be published. Required fields are marked *