ਮੁਰਕੀਆਂ | murkian

ਛੋਟੀ ਹੁੰਦੀ ਜਦੋਂ ਸਕੂਲੇ ਪੜ੍ਹਦੀ ਸੀ ਤਾਂ ਨਾਲ ਦੀਆਂ ਕੁੜੀਆਂ ਦੇ ਕੰਨੀਂ ਪਾਈਆਂ ਮੁਰਕੀਆਂ ਦੇਖਦੀ ਉਹ ਜਦੋਂ ਉਹਨਾਂ ਦੇ ਕੰਨੀਂ ਪਾਈਆਂ ਝੂਲਦੀਆਂ ਤਾਂ ਬਹੁਤ ਸੋਹਣੀਆਂ ਲੱਗਦੀਆਂ, ਮੈਂ ਦੇਖ ਦੇਖ ਬੜ੍ਹੀ ਖੁਸ਼ ਹੁੰਦੀ। ਇੱਕ ਦਿਨ ਨਾਲ ਦੀ ਕੁੜੀ ਨੂੰ ਪੁੱਛਿਆ ਤੂੰ ਏ ਮੁਰਕੀਆਂ ਕਿੱਥੋਂ ਲਈਆਂ?
ਉਸਨੇ ਜਬਾਬ ਦਿੱਤਾ ਮੇਰੇ ਪਾਪਾ ਨੇ ਸੁਨਿਆਰੇ ਤੋਂ ਲੈ ਕੇ ਦਿੱਤੀਆਂ ਨੇ। ਘਰ ਆ ਕੇ ਮੈਂ ਆਪਣੀ ਮਾਂ ਨੂੰ ਕਿਹਾ ਮਾਂ ਮੈਂਨੂੰ ਵੀ ਮੁਰਕੀਆਂ ਲੈ ਕੇ ਦੇ ਉਸ ਟਾਇਮ ਮੈਂ ਬੱਚੀ ਸੀ ਘਰ ਦੇ ਹਲਾਤਾਂ ਵਾਰੇ ਜ਼ਿਆਦਾ ਪਤਾ ਨਹੀਂ ਸੀ।ਮੈਂ ਜ਼ਿੱਦ ਤੇ ਅੜ ਗਈ।ਉਹ ਕਹਿੰਦੇ ਨੇ ਨਾ ਕੇਵਲ ਮਾਂ ਬਾਪ ਦੇ ਘਰ ਹੀ ਹਰ ਰੀਝ ਪੂਰੀ ਹੁੰਦੀ ਏ।ਬਾਪ ਦਾ ਤਾਂ ਨਹੀਂ ਪਤਾ ਪਰ ਮੇਰੀ ਮਾਂ ਸਾਡੇ ਲਈ ਮਾਂ ਅਤੇ ਬਾਪ ਦੋਨੋਂ ਬਣੀ। ਮੇਰੀ ਜ਼ਿੱਦ ਪੂਰੀ ਕਰਨ ਲਈ ਮਾਂ ਨੇ ਮੈਨੂੰ ਚਾਂਦੀ ਦੀਆਂ ਵਾਲੀਆਂ ਲੈ ਕੇ ਦਿੱਤੀਆਂ ਮੈਂ ਵੀ ਸੁਨਿਆਰੇ ਦੀ ਦੁਕਾਨ ਤੇ ਮਾਂ ਨਾਲ ਗਈ ਦੇਖਿਆ ਮਾਂ ਨੇ ਚੁੰਨੀ ਲੜ੍ਹ ਬੰਨ੍ਹੇ ਪੈਸੇ ਸੁਨਿਆਰੇ ਨੂੰ ਦਿੱਤੇ । ਮੈਨੂੰ ਬਹੁਤ ਚਾਅ ਚੜ੍ਹਿਆ ਮੈਂ ਸੱਤਵੇਂ ਅਸਮਾਨ ਤੇ ਪਹੁੰਚ ਗਈ ਉਹ ਮੁਰਕੀਆਂ ਕੰਨੀਂ ਪਾ ਕੇ। ਦੂਜੇ ਦਿਨ ਜਦੋਂ ਸਕੂਲੇ ਗਈ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਕਿਸੇ ਮਹਿਲਾਂ ਦੀ ਰਾਜਕੁਮਾਰੀ ਹੋਵਾਂ। ਮੈਂ ਬੜੇ ਚਾਅ ਨਾਲ ਆਪਣੇ ਨਾਲ ਦੀਆਂ ਕੁੜੀਆਂ ਨੂੰ ਆਪਣੀਆਂ ਮੁਰਕੀਆਂ ਦਿਖਾਈਆਂ। ਮੇਰੇ ਲਈ ਇਹ ਬਹੁਤ ਕੀਮਤੀ ਸੀ ਮਾਂ ਦੁਆਰਾ ਦਿੱਤਾ ਗਿਆ ਬੇਸ਼ਕੀਮਤੀ ਤੋਹਫ਼ਾ। ਮੈਂ ਖੋ ਜਾਣ ਦੇ ਡਰ ਤੋਂ ਆਪਣੀਆਂ ਬਾਲੀਆਂ ਉਤਾਰ ਕੇ ਚੁੰਨੀ ਲੜ੍ਹ ਬੰਨ੍ਹ ਕੇ ਰੱਖ ਦਿੱਤੀਆਂ। ਕਈ ਦਿਨ ਪਹਿਲਾਂ ਬੈਠੀ ਨੂੰ ਉਹ ਮੁੱਰਕੀਆਂ ਦਾ ਖਿਆਲ ਆਇਆ ਸਭ ਜਗ੍ਹਾ ਲੱਭੀਆਂ ਪਰ ਕਿਤੋਂ ਨਾ ਮਿਲੀਆਂ ਅਚਾਨਕ ਉਸੇ ਟਾਇਮ ਮੇਰੀ ਸਹੇਲੀ ਅਤੇ ਜੋ ਮੇਰੀ ਵੱਡੀ ਮਾਂ ਵੀ ਏ ਪਾਲੋ ਦਾ ਫੌਨ ਆਇਆ।ਮੈਂ ਫੌਂਨ ਚੁਕਿਆ ਰੋਜ਼ ਦੀ ਤਰ੍ਹਾਂ ਸਾਡੀਆਂ ਗੱਲਾਂ ਦਾ ਸਿਲਸਿਲਾ ਸ਼ੁਰੂ ਹੋਇਆ ਗੱਲਾਂ ਗੱਲਾਂ ਵਿਚ ਮੁਰਕੀਆਂ ਦੀ ਗੱਲ ਤੁਰ ਪਈ। ਵੱਡੀ ਮਾਂ (ਪਾਲੋ) ਨੇ ਦੱਸਿਆ ਕਿ ਕਿਸ ਤਰ੍ਹਾਂ ਪਾਈ ਪਾਈ ਕਰ ਮੇਰੀ ਮਾਂ ਦਾ ਵਿਆਹ ਕੀਤਾ ਮੇਰੀ ਮਾਂ ਸਭ ਤੋਂ ਛੋਟੀ ਹੋਣ ਕਰਕੇ ਸਭ ਤੋਂ ਲੇਟ ਵਿਆਹੀ ਚੰਦਰੀ ਦੀ ਕਿਸਮਤ ਰੱਬ ਨੇ ਐ ਲਿਖੀ ਜਿਵੇਂ ਪੂਰੀ ਦੁਨੀਆਂ ਦੇ ਮਾੜੇ ਕਰਮਾਂ ਦੀ ਸਜ਼ਾ ਮੇਰੀ ਮਾਂ ਦੇ ਲੇਖਾਂ ਵਿਚ ਲਿਖੀ ਹੋਵੇ। ਵੱਡੀ ਮਾਂ ਦੇ ਦੱਸਣ ਤੇ ਪਤਾ ਲੱਗਾ ਕਿ ਮੇਰੀ ਮਾਂ ਨੂੰ ਵੀ ਕੋਈ ਗਹਿਣਾ ਨਹੀਂ ਜੁੜਿਆ , ਭਾਈ ਵਿਆਹ ਕਰਵਾ ਕੇ ਆਪੋ-ਆਪਣੇ ਘਰਾਂ ਦੇ ਹੋ ਗਏ।ਮੇਰੀ ਮਾਂ ਦੀ ਲਾਜ ਰੱਖਣ ਲਈ ਮੇਰੀ ਵੱਡੀ ਮਾਂ ਨੇ ਕੰਨ੍ਹਾਂ ਦੀਆਂ ਵਾਲੀਆਂ ਮੇਰੀ ਮਾਂ ਨੂੰ ਉਸਦੇ ਵਿਆਹ ਤੇ ਪਾਈਆਂ।ਏ ਸਭ ਸੁਣ ਕੇ ਜਿਵੇਂ ਮੇਰੇ ਅੰਦਰੋਂ ਇੱਕ ਹਾਉਕਾ ਨਿਕਲ਼ਿਆ ਹੋਵੇ।ਉਸ ਦਿਨ ਤੋਂ ਮੇਰੇ ਸਾਰੇ ਚਾਅ ਤੇ ਸ਼ੌਕ ਮਰ ਗਏ। ਹੁਣ ਮੈਨੂੰ ਕੁੜੀਆਂ ਵਾਂਗ ਸੱਜਣਾਂ ਸੰਵਰਨਾ ਚੰਗਾ ਨਹੀਂ ਲੱਗਦਾ।ਹੁਣ ਜਦੋਂ ਵੀ ਮੈਂ ਕਿਸੇ ਦੇ ਕੰਨੀਂ ਪਾਈਆਂ ਮੁਰਕੀਆਂ ਝੂਲਦੀਆਂ ਦੇਖਦੀ ਆ ਇੰਝ ਲੱਗਦਾ ਜਿਵੇਂ ਉਹ ਮੇਰੇ ਅੰਦਰ ਡੰਗ ਮਾਰਦੀਆਂ ਹੋਣ, ਜਿਵੇਂ ਉਹ ਮੇਰੀ ਮਾਂ ਤੇ ਮੇਰੇ ਲਿਖੇ ਲੇਖਾਂ ਤੇ ਹੱਸਦੀਆਂ ਹੋਣ ….
ਲਿਖਤ-ਰਾਜਵਿੰਦਰ ਕੌਰ ਬੰਨੂੰ
ਫੋਨ ਨੰ-9878798826

Leave a Reply

Your email address will not be published. Required fields are marked *