ਹਮਲਾ | hamla

ਹਮਲਾ ਸ਼ਬਦ ਆਪਣੇ ਆਪ ਵਿੱਚ ਹੀ ਦਹਿਸ਼ਤ ਭਰਿਆ ਸ਼ਬਦ ਹੈ। ਹਮਲਾ ਅਚਾਨਕ ਹੁੰਦਾ ਹੈ। ਜਿਸ ਤੇ ਹੁੰਦਾ ਹੈ ਉਸਨੂੰ ਸੰਭਲਣ ਦਾ ਮੌਕਾ ਨਹੀਂ ਮਿਲਦਾ। ਤੇ ਉਹ ਜਲਦੀ ਹੀ ਇਸਦੀ ਮਾਰ ਹੇਠ ਆ ਜਾਂਦਾ ਹੈ। ਫੌਜ਼, ਦੁਸ਼ਮਣ, ਜਾਨਵਰ ਯ ਲੁਟੇਰੇ ਹੀ ਹਮਲਾ ਕਰਦੇ ਹਨ। ਪਰ ਕੁਝ ਲੋਕ ਬਹੁਤ ਫੁਰਤੀਲੇ ਹੁੰਦੇ ਹਨ ਜੋ ਹਮਲੇ ਤੋਂ ਸਾਫ ਬਚ ਨਿਕਲ ਜਾਂਦੇ ਹਨ। ਅੱਜ ਕੱਲ ਅਚਾਨਕ ਹਮਲਾ ਮੋਬਾਈਲ ਪਰਸ ਚੈਨ ਖੋਹਣ ਵਾਲੇ ਕਰਦੇ ਹਨ ਯ ਅਵਾਰਾ ਗਾਵਾਂ ਢੱਠੇ ਢੁੱਡ ਮਾਰਦੇ ਹਨ ਯ ਬਾਂਦਰ ਹਮਲਾ ਕਰਕੇ ਹੱਥ ਚ ਫੜੇ ਕੇਲੇ ਯ ਕੋਈ ਲਿਫਾਫਾ ਖੋਹ ਲੈਂਦੇ ਹਨ।
ਅਸੀਂ ਨੋਇਡਾ ਦੇ 56 ਸੈਕਟਰ ਵਾਲੇ ਵਿਸ਼ਾਲ ਪਾਰਕ ਵਿੱਚ ਵਿਸ਼ਕੀ ਨੂੰ ਘੁਮਾਉਣ ਗਏ। ਆਰਾਮ ਨਾਲ ਘਰ ਵਾਪਿਸ ਆ ਰਹੇ ਸੀ। ਬੇਗਮ ਤੇ ਵਿਸਕੀ ਨਾਲ ਨਾਲ ਚੱਲ ਰਹੇ ਸਨ ਤੇ ਮੈਂ ਥੋੜਾ ਅੱਗੇ ਕਿਸੇ ਨਾਲ ਗੱਲਬਾਤ ਕਰਨ ਲਈ ਸਾਹਮਣੇ ਪਏ ਬੈੰਚ ਵੱਲ ਵੱਧ ਰਿਹਾ ਸੀ। ਮੈਡਮ ਹਰਸ਼ਾ ਅਗਰਵਾਲ ਜੋ ਅਕਸ਼ਰ ਆਪਣੇ ਮਰਫੀ ਨਾਮ ਦੇ ਲੈਬਰਾ ਕੁੱਤੇ ਨਾਲ ਫੁੱਟਬਾਲ ਖੇਡਦੀ ਰਹਿੰਦੀ ਹੈ ਉਹ ਵੀ ਸਾਡੇ ਨਜ਼ਦੀਕ ਹੀ ਸੀ। ਉਸ ਦੇ ਪਤੀ ਮਿਸਟਰ ਅਗਰਵਾਲ ਜੋ ਸੀ ਏ ਹੈ ਵੀ ਨਾਲ ਹੀ ਸੜਕ ਕੇ ਜੋਗਿੰਗ ਕਰ ਰਿਹਾ ਸੀ। ਅਗਰਵਾਲ ਪਰਿਵਾਰ ਕੋਲ ਇੱਕ ਹੈਰੀ ਨਾਮ ਦਾ ਲੈਬਰਾ ਕੁੱਤਾ ਹੋਰ ਵੀ ਹੈ ਜੋ ਓਹਨਾ ਨੇ ਇੱਕ ਦੂਜੇ ਕੁੱਤੇ ਦਾ ਜੀਅ ਲਵਾਉਣ ਲਈ ਰਖਿਆ ਹੈ। ਓਹ ਥੋੜਾ ਹਮਲਾਵਰ ਕਿਸਮ ਦਾ ਕੁੱਤਾ ਹੈ।ਇਸ ਲਈ ਹੀ ਉਹ ਉਸਨੂੰ ਸਵੇਰੇ ਪਾਰਕ ਵਿੱਚ ਨਹੀਂ ਲਿਆਉਂਦੇ। ਦੁਪਹਿਰੇ ਲਿਆਉਂਦੇ ਹਨ ਜਦੋਂ ਪਾਰਕ ਲਗਭਗ ਖਾਲੀ ਹੁੰਦਾ ਹੈ। ਪਰ ਉਸ ਦਿਨ ਓਹਨਾ ਦਾ ਬੇਟਾ ਹੈਰੀ ਨੂੰ ਬੈਲਟ ਪਾਕੇ ਘੁੰਮਾਉਣ ਲਈ ਲਿਆਇਆ। ਜੋ ਸਾਡੇ ਤੋਂ ਬਹੁਤ ਦੂਰ ਸੀ। ਹੈਰੀ ਵਿਸ਼ਕੀ ਨੂੰ ਦੂਰੋਂ ਵੇਖਕੇ ਬੈਲਟ ਤੁੜਵਾਕੇ ਸਾਡੇ ਵੱਲ ਵਧਿਆ ਤੇ ਵਿਸਕੀ ਤੇ ਹਮਲਾ ਕਰ ਦਿੱਤਾ। ਉਸਨੇ ਆਪਣੇ ਦੰਦ ਵਿਸ਼ਕੀ ਦੀ ਗਰਦਨ ਦੇ ਗੱਡ ਦਿੱਤੇ। ਉਹ ਸੋਟੀਆਂ ਮਾਰਨ ਦੇ ਬਾਵਜੂਦ ਵੀ ਛੱਡ ਨਹੀਂ ਸੀ ਰਿਹਾ। ਇਹ ਵੇਖਕੇ ਮੈਡਮ ਉੱਚੀ ਉੱਚੀ ਰੋਣ ਲੱਗ ਪਏ। ਘਬਰਾਹਟ ਨਾਲ ਮੇਰੀਆਂ ਵੀ ਲੱਤਾਂ ਕੰਬਨ ਲੱਗੀਆਂ ਤੇ ਮੇਰਾ ਵੀ ਰੋਣਾ ਨਿਕਲ ਗਿਆ। ਉਸਦੇ ਮਾਲਿਕ ਨੇ ਵਿਸਕੀ ਨੂੰ ਛੱਡਵਾ ਦਿੱਤਾ। ਵਿਸਕੀ ਦੀ ਗਰਦਨ ਤੇ ਦੋ ਜਖਮ ਹੋ ਗਏ। ਭਾਵੇ ਅਸੀਂ ਤਰੁੰਤ ਬਾਈ ਸੈਕਟਰ ਵਾਲੇ VET PET ਹਸਪਤਾਲ ਜਾਕੇ ਉਸ ਨੂੰ ਦਵਾਈ ਦਿਵਾ ਦਿੱਤੀ। ਉਹ ਠੀਕ ਵੀ ਹੋ ਗਿਆ। ਪਰ ਕਈ ਦਿਨ ਅਸੀਂ ਡਰ ਨਾਲ ਕੰਬਦੇ ਰਹੇ। ਉਸ ਹਮਲੇ ਨੂੰ ਯਾਦ ਕਰਕੇ ਅੱਜ ਵੀ ਰੂਹ ਕੰਬ ਜਾਂਦੀ ਹੈ।
ਇਹ ਗੱਲ ਨਹੀਂ ਕਿ ਹਮਲਾ ਕੋਣ ਕੌਣ ਕਰਦਾ ਹੈ। ਬਹੁਤੇ ਵਾਰੀ ਕਿਸੇ ਵਿਚਾਰਧਾਰਾ ਸੱਤਾਧਾਰੀ ਪਾਰਟੀ ਯ ਨੇਤਾ ਵਿਸ਼ੇਸ਼ ਦੇ ਹੱਕ ਵਿਚ ਨਾ ਲਿਖਣ ਕਰਕੇ ਪਾਰਟੀ ਦੇ ਵਰਕਰ ਜਿੰਨਾ ਨੂੰ ਉਹ ਆਪਣੀ ਭਾਸ਼ਾ ਵਿਚ ਕਾਰਿਆਕਰਤਾ ਕਹਿੰਦੇ ਹਨ ਸ਼ਬਦੀ ਹਮਲਾ ਕਰ ਦਿੰਦੇ ਹਨ। ਆਮਕਰ ਕਰਕੇ ਉਹ ਹਮਲਾਵਰ ਤਿੰਨ ਚਾਰ ਹੁੰਦੇ ਹਨ ਤੇ ਉਹ ਆਪਸੀ ਮਿਲੀ ਭਗਤ ਕਰਕੇ ਹਮਲਾ ਕਰਦੇ ਹਨ। ਬਹੁਤੇ ਵਾਰੀ ਆਧਾਰਹੀਣ ਤਰਕ ਬੇਤੁੱਕੇ ਸਵਾਲਾਂ ਨਾਲ ਕੀਤੇ ਇਹ ਹਮਲੇ ਵਿਸਕੀ ਤੇ ਹੋਏ ਹਮਲੇ ਨਾਲੋਂ ਵੀ ਜਿਆਦਾ ਠੇਸ ਪਚਾਉਂਦੇ ਹਨ। ਕਿਉਂਕਿ ਇਹ ਹਮਲੇ ਕਿਸੇ ਵਹਿਸ਼ੀ ਜਾਨਵਰ ਯ ਸਮਾਜਿਕ ਤੱਤ ਨੇ ਨਹੀਂ ਉਹਨਾਂ ਪੜ੍ਹੇ ਲਿਖੇ ਸਮਝਦਾਰ ਲੋਕਾਂ ਨੇ ਕੀਤੇ ਹੁੰਦੇ ਹਨ ਜੋ ਅੱਗੇ ਤੋਂ ਸਾਡੇ ਹਾਕਮ ਬਣਨ ਦੇ ਸੁਫ਼ਨੇ ਲੈਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ

Leave a Reply

Your email address will not be published. Required fields are marked *