ਗਲਤੀਆਂ | galtiyan

ਤੀਜਾ ਘੱਲੂ ਕਾਰਾ ਹੋ ਕੇ ਹਟਿਆ ਸੀ..ਮੌਜੂਦਾ ਸੁਨੀਲ ਜਾਖੜ ਦਾ ਪਿਤਾ ਬਲਰਾਮ ਜਾਖੜ ਓਦੋਂ ਕਾੰਗ੍ਰੇਸ ਪਾਰਟੀ ਵੱਲੋਂ ਲੋਕ ਸਭਾ ਦਾ ਸਪੀਕਰ ਸੀ..ਬਿਆਨ ਦਿੱਤਾ ਕੇ ਜੇ ਦੇਸ਼ ਦੀ ਏਕਤਾ ਅਖੰਡਤਾ ਨੂੰ ਬਚਾਉਣ ਖਾਤਿਰ ਦੋ-ਢਾਈ ਕਰੋੜ ਸਿੱਖ ਮਾਰਨਾ ਵੀ ਪਿਆ ਤਾਂ ਕੋਈ ਹਰਜ ਨੀ..!
ਆਰ.ਐੱਸ.ਐੱਸ ਦੀ ਇੱਕ ਨੌਜੁਆਨ ਪ੍ਰਵਕਤਾ ਬੀਬੀ..ਤਿੰਨ ਕੂ ਸਾਲ ਪਹਿਲਾਂ ਦਾ ਬਿਆਨ ਕੇ ਜੇ ਸਾਡੇ ਏਜੰਡੇ ਦੇ ਰਾਹ ਵਿਚ ਸਾਡਾ ਆਪਣਾ ਬੱਚਾ ਵੀ ਰੁਕਾਵਟ ਬਣ ਰਿਹਾ ਹੋਵੇਗਾ ਤਾਂ ਸਾਨੂੰ ਉਸਨੂੰ ਲੱਤੋਂ ਫੜ ਕੰਧ ਨਾਲ ਮਾਰ ਕੇ ਮਾਰ ਦੇਣ ਵਿਚ ਕੋਈ ਹਰਜ ਨਹੀਂ..!
ਜਿਹੜੇ ਆਪਣੀ ਔਲਾਦ ਬਾਰੇ ਇੰਝ ਦੇ ਵਿਚਾਰ ਰੱਖਦੇ ਓਹਨਾ ਨੂੰ ਬੇਗਾਨਿਆਂ ਨਾਲ ਕੀ..!
ਇਹੋ ਗੱਲ ਸਰਦਾਰ ਭਰਪੂਰ ਸਿੰਘ ਬਲਬੀਰ ਆਖਿਆ ਕਰਦੇ ਸਨ..ਏਕਤਾ ਅਖੰਡਤਾ ਦੇ ਨਾਮ ਹੇਠ ਜੇ ਬਹੁਗਿਣਤੀ ਨੂੰ ਦਸ ਵੀਹ ਲੱਖ ਘੱਟ ਗਿਣਤੀ ਮਾਰਨੀ ਵੀ ਪੈ ਗਈ ਤਾਂ ਕਾਹਦਾ ਗੁਰੇਜ..!
ਅੰਨ੍ਹੇ ਬੋਲੇ ਹੋ ਗਏ ਇਸ ਸਿਆਸੀ ਮਾਹੌਲ ਵਿਚ ਭਾਈ ਅਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਜਾਨ ਬਚਾਉਣੀ ਹਰੇਕ ਪੰਥਿਕ ਦਰਦੀ ਦਾ ਫਰਜ ਏ!
ਭੁੱਖ ਹੜਤਾਲ ਵਾਲਾ ਪੈਂਤੜਾ ਸ਼ਾਇਦ ਵੱਧ ਅਸਰਦਾਰ ਹੋ ਸਕਦਾ ਜੇ ਸਾਰੀਆਂ ਸੁਹਿਰਦ ਧਿਰਾਂ ਇੱਕ ਝੰਡੇ ਥੱਲੇ ਇਕੱਠੀਆਂ ਹੋ ਗਈਆਂ ਹੁੰਦੀਆਂ..!
ਰੱਬ ਨਾ ਕਰੇ ਜੇ ਕੋਈ ਅਬੀ-ਨਬੀ ਹੋ ਜਾਂਦੀ ਏ ਤਾਂ ਉਸਨੂੰ ਸਹੀ ਦਰਸਾਉਣ ਲਈ ਪੂਰੇ ਮੁਲਖ ਦੇ ਤੀਹ ਦੇ ਕਰੀਬ ਮੀਡਿਆ ਹਾਊਸ ਤਿਆਰ ਬੈਠੇ ਨੇ..!
ਸੱਪ ਲੰਘਣ ਮਗਰੋਂ ਲਕੀਰ ਪਿੱਟਣ ਦਾ ਕੋਈ ਤਰਕ ਨਹੀਂ..!
ਜੱਗੀ ਜੋਹਲ..ਬਰਤਾਨੀਆ ਦਾ ਨਾਗਰਿਕ..ਸੱਤ ਵਰੇ ਹੋਣ ਲੱਗੇ..ਅਜੇ ਤੱਕ ਟ੍ਰਾਇਲ ਦਾ ਮੁਢਲਾ ਪੜਾਅ ਵੀ ਸ਼ੁਰੂ ਨਹੀਂ ਹੋ ਸਕਿਆ..!
ਆਪਣੀ ਆਪਣੀ ਡਫਲੀ ਆਪਣਾ ਆਪਣਾ ਰਾਗ ਪਾਸੇ ਰੱਖ..ਸ੍ਰੀ ਅਕਾਲ ਤਖ਼ਤ ਸਾਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਬ ਇੱਕ ਸਾਂਝੇ ਪ੍ਰੋਗਰਾਮ ਦਾ ਐਲਾਨ ਕਰਨ..!
ਇੱਕ ਸਾਂਝਾ ਇਮਾਨਦਾਰ ਫਰੰਟ ਕਾਇਮ ਕੀਤਾ ਜਾਵੇ..ਜਿਸ ਵਿਚ ਦਾਨਿਸ਼ਵਰ ਫੌਜੀ ਰਿਟਾਇਰਡ ਪ੍ਰਫੈਸਰ..ਅਫਸਰ..ਅਧਿਆਪਕ..ਵਿਗਿਆਨੀ..ਅਫਸਰਸ਼ਾਹੀ..ਲਿਖਾਰੀ..ਵਿਦਵਾਨ..ਅੰਦਰ ਬਾਹਰ ਦੇ ਸੁਹਿਰਦ..ਸਪੇਸ਼ੀਲਿਸ੍ਟ..ਡਾਕਟਰ..ਜੱਜ..ਸਾਰੇ ਸ਼ਾਮਲ ਹੋਵਣ!
ਫੇਰ ਯੋਜਨਾ ਬੱਧ ਤਰੀਕੇ ਨਾਲ ਸ੍ਰੀ ਅਕਾਲ ਤਖ਼ਤ ਦੀ ਕਮਾਨ ਹੇਠ ਇੱਕ ਮੀਟਿੰਗ ਬੁਲਾਈ ਜਾਵੇ..ਵਿਚਾਰ ਵਟਾਂਦਰੇ ਮਗਰੋਂ ਸਾਂਝਾ ਪ੍ਰੋਗਰਾਮ ਉਲੀਕ ਅਗਲੇ ਪੜਾਅ ਦੀ ਸੁਹਿਰਦ ਰਣਨੀਤੀ ਨੂੰ ਅਮਲੀ ਰੂਪ ਦਿੱਤਾ ਜਾਵੇ..!
ਕੇਂਦਰੀ ਕਮਾਨ ਦੀ ਸਥਾਪਨਾ..ਸਾਂਝਾ ਕੋ-ਅਰਡੀਨੇਸ਼ਨ..ਆਪਸੀ ਸੰਪਰਕ..ਦੇਸ਼ ਵਿਦੇਸ਼ ਵਿਚ ਬੈਠੀ ਸੰਗਤ ਨਾਲ ਰਾਬਤਾ..ਜੋ ਹੁਣ ਤੀਕਰ ਹੋ ਗਿਆ ਉਸ ਤੇ ਅਫਸੋਸ ਕਰਨ ਨਾਲੋਂ ਅੱਗੇ ਦੀ ਜਥੇਬੰਦਕ ਰਣਨੀਤੀ ਘੜਨ ਵੱਲ ਖਾਸ ਤਵੱਜੋ ਦਿੱਤੀ ਜਾਵੇ..!
ਗੋਂਗਲੂਆਂ ਤੋਂ ਸਿਰਫ ਮਿੱਟੀ ਝਾੜਨ ਨਾਲੋਂ ਇੱਕ ਪੱਕੀ ਸਾਰਥਿਕ ਰਣਨੀਤੀ ਅਪਣਾਈ ਜਾਵੇ..ਜਿਹੜਾ ਬੋਲੇ ਓਹੀ ਕੁੰਡਾ ਖੋਲ੍ਹੇ ਵਾਲੀ ਨੀਤੀ ਨਾਲੋਂ ਸਮਰੱਥਾ ਮੁਤਾਬਿਕ ਹਰੇਕ ਦੀਆਂ ਡਿਊਟੀਆਂ ਲਾਈਆਂ ਜਾਣ!
ਜੇ ਇੰਝ ਨਾ ਹੋਇਆ ਤਾਂ ਵਰਤਮਾਨ ਦੇ ਲਮਹਿਆਂ ਵੱਲੋਂ ਕੀਤੀਆਂ ਜਾਂ ਰਹੀਆਂ ਗਲਤੀਆਂ ਤੇ ਆਉਣ ਵਾਲੀਆਂ ਸਦੀਆਂ ਕੋਲ ਸਿਵਾਏ ਵੈਣ ਪਾਉਣ ਦੇ ਹੋਰ ਕੋਈ ਰਾਹ ਬਾਕੀ ਨਹੀਂ ਰਹਿ ਗਿਆ ਹੋਵੇਗਾ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *