ਕਬਰਾਂ | kabra

ਵਰਤਾਰਾ ਅਜੋਕਾ ਨਹੀਂ..ਜਦੋਂ ਦੇ ਬਿੱਪਰ ਵੱਸ ਪਏ..ਓਦੋਂ ਤੋਂ ਵਰਤਾਇਆ ਜਾ ਰਿਹਾ..ਲੰਮੀ ਰੇਸ ਦੇ ਘੋੜੇ ਨੂੰ ਧੋਖੇ ਨਾਲ ਜਿੱਲਣ ਵਿਚ ਫਸਾ ਦਿੱਤਾ ਜਾਂਦਾ..!
ਫੈਸਲਾਕੁਨ ਜੰਗ ਦੇ ਲੜਾਕੇ ਦਾ ਪੈਰ ਘਾਹ ਫੂਸ ਹੇਠ ਦੱਬੀ ਕੁੜਿੱਕੀ ਵਿੱਚ ਦੇ ਕੇ ਉੱਪਰ ਨੂੰ ਟੰਗ ਦਿੱਤਾ ਜਾਂਦਾ..!
ਕਸੂਤਾ ਲਮਕਿਆ ਜਦੋਂ ਛੁੱਟਣ ਲਈ ਹੱਥ ਪੈਰ ਮਾਰਨ ਲੱਗੇ ਤਾਂ ਬਿੱਪਰ ਹੱਸਦਾ..ਇਹ ਤਾਂ “ਕੋਹ ਨਾ ਚੱਲੀ ਬਾਬਾ ਤਿਰਹਾਈ” ਵਾਲੀ ਹੋ ਗਈ..ਵੱਡੀਆਂ ਗੱਲਾਂ ਕਰਦਾ ਸੀ ਏਡੀ ਛੇਤੀ ਥੱਕ ਵੀ ਗਿਆ..!
ਕਈ ਬੁੱਕਲ ਦੇ ਸੱਪ ਵੀ ਨਾਲ ਹੋ ਤੁਰਦੇ..ਚੰਗਾ ਕੀਤਾ ਦੂਰ ਜਾ ਡੱਕਿਆ..ਪਿਆ ਰਹਿਣ ਦਿਓ..ਆਪੇ ਮਰ ਮੁੱਕ ਜਾਵੇਗਾ..ਮਗਰੋਂ ਘੋਗਲ ਕੰਨੇ ਜਿਹੇ ਬਣ ਵਿਛੇ ਸੱਥਰ ਦੀ ਮਗਰਲੀ ਕਤਾਰ ਵਿਚ ਜਾ ਬੈਠਾਂਗੇ..ਫੇਰ ਰਾਤ ਗਈ ਬਾਤ ਗਈ..!
ਸੂਲ ਤੇ ਓਦੋਂ ਉੱਠੀ ਜਦੋਂ ਦਿੱਲੀਓਂ ਆਏ ਧੁਰੰਤਰ ਟੇਬਲ ਟਾਕ ਤੇ ਕੁਝ ਨਾ ਵਿਗਾੜ ਸਕੇ..!
ਉਸ ਕੋਲ ਹਰ ਗੱਲ ਹਰ ਨੁਕਤੇ ਦਾ ਜੁਆਬ ਸੀ..ਅਖੀਰ ਹਾਰ ਹੰਬ ਵਾਪਿਸ ਪਰਤ ਗਏ..ਸਲਾਹ ਦਿੱਤੀ ਇਸ ਭੁੱਬਲ ਨੂੰ ਹੁਣੇ ਹੁਣੇ ਦੱਬ ਲਵੋ..ਭਾਂਬੜ ਬਣ ਗਈ ਤਾਂ ਪਾਣੀ ਪਾਇਆਂ ਵੀ ਨੀ ਬੁੱਝਣੀ..ਚਾਰ ਦਹਾਕੇ ਪਹਿਲੋਂ ਅੱਗ ਦਾ ਸੜਿਆ ਬਿੱਪਰ ਅੱਜ ਵੀ ਲੱਸੀ ਨੂੰ ਫੂਕਾਂ ਮਾਰ ਮਾਰ ਪੀਂਦਾ..!
ਲੱਸੀ ਤੋਂ ਯਾਦ ਆਇਆ..ਏਧਰ ਲਿਆਉਣ ਦੀ ਗੱਲ ਚੱਲੀ ਤਾਂ ਬਦਲਾਵ ਨੇ ਦਲੀਲ ਦਿੱਤੀ..ਲੋਕਾਂ ਤਾਂ ਜੇਲ ਬਾਹਰ ਇਕੱਠ ਕਰ ਕਰ ਕਮਲੇ ਕਰ ਦਿਆ ਕਰਨਾ..ਅਸਾਂ ਦਿੱਲੀ ਨੂੰ ਕੋਈ ਬਹਾਨਾ ਨਹੀਂ ਦੇਣਾ ਕੇ ਉਹ ਸਖਤੀ ਕਰੇ..!
ਕਮਲੇ ਨਹੀਂ ਜਾਣਦੇ ਕੇ ਨਾਗ ਵਲ ਤੇ ਇਥੇ ਵੀ ਪਈ ਜਾਂਦਾ..ਸੁਪ੍ਰੀਮੋ ਨੂੰ ਈਡੀ ਦਾ ਬੁਲਾਵਾ..ਬੱਕਰੇ ਦੀ ਮਾਂ ਕਦ ਤੀਕਰ ਖੈਰ ਮਨਾਵੇਗੀ..ਜਦੋਂ ਜੀ ਕੀਤਾ ਝੋਟਾ ਮਾਰ ਲੈਣਾ..ਮਗਰੋਂ ਜੂੰਆਂ ਆਪੇ-ਆਪ ਮੁੱਕ ਜਾਣੀਆਂ..ਖੈਰ ਗੱਲ ਦੂਜੇ ਪਾਸੇ ਜਾ ਪੈਣੀ..!
ਵਰਤਮਾਨ ਹਮੇਸ਼ਾਂ ਹੀ ਇਤਿਹਾਸ ਕੋਲੋਂ ਸੇਧ ਲੈ ਕੇ ਭਵਿੱਖ ਸਿਰਜਦਾ ਆਇਆ..ਬਹੁਤੀ ਪਿੱਛੇ ਜਾਣ ਦੀ ਲੋੜ ਨਹੀਂ..ਜਿਹਨਾਂ ਵਕਤੀ ਸਮਝੌਤੇ ਕਰ ਕਰ ਘਰ ਭਰੇ..ਅੱਜ ਓਹਨਾ ਘਰਾਂ ਵਿਚ ਘਾਹ ਉੱਗਿਆ ਪਿਆ..ਕੋਲੋਂ ਲੰਘਦੇ ਆਪਣੇ ਨਿਆਣਿਆਂ ਨੂੰ ਇਹਨਾਂ ਵੱਲੋਂ ਕੀਤੇ ਧੋਖੇ ਫਰੇਬਾਂ ਦੀਆਂ ਕਹਾਣੀਆਂ ਦੱਸਦੇ!
ਦੀਪ ਆਖਿਆ ਕਰਦਾ ਸੀ ਪੰਥ ਦਾ ਮੇਹਣਾ ਅਖੀਰ ਨੂੰ ਲੈ ਹੀ ਬਹਿੰਦਾ..!
ਘਾਹ ਤੇ ਓਥੇ ਵੀ ਉੱਗਿਆ ਪਿਆ ਜਿਥੋਂ ਦੇ ਕਿੰਨੇ ਚਿਰਾਗ ਸਭ ਕੁਝ ਛੱਡ ਛਡਾ ਰਣ ਤੱਤੇ ਵਿੱਚ ਜਾ ਰਲੇ ਸਨ..ਫੇਰ ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ..ਨੀ ਮੈਂ ਫੇਰ ਤਾਰੀ ਲਾਊਂ ਸਿਵਿਆਂ ਚ੍ਹ ਸੜ ਕੇ..!
ਪਰ ਓਹਨਾ ਉੱਗੇ ਹੋਏ ਘਾਹਾਂ ਕੋਲੋਂ ਲੰਘਦੇ ਲੋਕ ਮੱਥੇ ਟੇਕਦੇ..ਸਿਜਦੇ ਕਰਦੇ..ਮੁੱਕ ਕੇ ਅਮਰ ਜੂ ਹੋ ਗਏ..ਧਰੂ ਤਾਰੇ ਬਣ ਅੱਜ ਵੀ ਚਮਕਦੇ..ਲੋਕ ਦੱਸਦੇ ਇਥੋਂ ਫਲਾਣਾ ਯੋਧਾ ਉੱਠਿਆ ਸੀ..ਥੋੜ ਚਿਰਾ ਜੁਗਨੂੰ ਹਨੇਰੇ ਦੀ ਹਿਕ ਤੇ ਚੜ ਖੂਬ ਚਮਕਿਆ..ਹਨੇਰੇ ਨੂੰ ਹੱਥਾਂ ਪੈਰਾਂ ਦੀ ਪੈ ਗਈ..ਫੇਰ ਹਨੇਰੀਆਂ ਨਾਲ ਭਿਆਲੀ ਪਾ ਬੁਝਾ ਦਿੱਤਾ ਗਿਆ!
ਇਥੇ ਪੱਕਾ ਪਟਾ ਕਿਸੇ ਨੀ ਕਰਾਇਆ..ਅੱਗਿਓਂ ਪਿੱਛੋਂ ਹਰੇਕ ਨੇ ਜਾਣਾ ਹੀ ਜਾਣਾ..ਕੁਝ ਅਖੌਤੀ ਰੰਗ ਤਮਾਸ਼ਿਆਂ ਵਿੱਚ ਖਲਲ ਨੀ ਪੈਣ ਦੇਣਾ ਚਾਹੁੰਦੇ..ਕੰਬ ਜਾਂਦੇ..ਸਾਨੂੰ ਨੀ ਲੋੜ ਇਸ ਸਭ ਕੁਝ ਵਿੱਚ ਪੈਣ ਦੀ..ਕੰਮ ਤੋਂ ਸਿੱਧਾ ਘਰੇ ਆਇਆ ਕਰੋ..ਮਗਰੋਂ ਬੂਹਾ ਬੰਦ..ਹੁਣ ਦਿਨ ਚੜੇ ਹੀ ਖੁੱਲੂ..ਪਰ ਅੱਜ ਉਹ ਵੀ ਮੁੱਕ ਗਏ..ਅਗਲੀ ਪੀੜੀ ਵੀ ਬੱਗੀ ਚਿੱਟੀ ਹੋਈ ਪਈ..ਜੱਗ ਜੰਕਸ਼ਨ ਰੇਲਾਂ ਦਾ..ਗੱਡੀ ਇੱਕ ਆਵੇ ਇੱਕ ਜਾਵੇ!
ਕਬਰਿਸਤਾਨ ਵਿਚ ਕੁਝ ਕਬਰਾਂ ਓਹਨਾ ਦੀਆਂ ਵੀ ਸਨ ਜੋ ਸਿਰਫ ਇਹ ਸੋਚ ਕੇ ਚੁੱਪ ਰਹੇ ਕੇ ਕਿਧਰੇ ਮਾਰੇ ਹੀ ਨਾ ਜਾਈਏ..!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *