ਬਾਪ ਇੱਕ ਸੂਰਜ | baap ikk suraj

ਮੌਜੂਦਾ ਦੌਰ ਵਿੱਚ ਬਾਪ ਨੂੰ ਸੂਰਜ ਦਾ ਦਰਜਾ ਦਿੱਤਾ ਜਾਂਦਾ ਹੈ ਤੇ ਮਾਂ ਨੂੰ ਚੰਦ ਦਾ। ਸੂਰਜ ਬਹੁਤ ਗਰਮ ਹੁੰਦਾ ਹੈ। ਉਸ ਦੀ ਤਪਸ ਨੂੰ ਬਰਦਾਸ਼ਤ ਕਰਨਾ ਔਖਾ ਹੁੰਦਾ ਹੈ। ਉਸ ਦੀ ਤਪਸ ਤੇ ਧੁੱਪ ਤੋਂ ਬਚਣ ਲਈ ਲੋਕ ਛੱਤਰੀ ਦਾ ਸਹਾਰਾ ਲੈਂਦੇ ਹਨ। ਅੱਖਾਂ ਵੀ ਸਿੱਧੇ ਰੂਪ ਵਿੱਚ ਉਸ ਵੱਲ ਵੇਖ ਨਹੀਂ ਸਕਦੀਆਂ। ਫਿਰ ਕਾਲੀਆਂ ਯ ਰੰਗੀਨ ਐਨਕਾਂ ਲਾਉਣੀਆਂ ਪੈਂਦੀਆਂ ਹਨ। ਇਸ ਤਰ੍ਹਾਂ ਸ਼ਿਸ਼ਟਾਚਾਰ ਦੇ ਨਾਤੇ ਕੋਈਂ ਵੀ ਪੁੱਤਰ ਬਾਪ ਨਾਲ ਅੱਖਾਂ ਚ ਅੱਖਾਂ ਪਾਕੇ ਗੱਲ ਨਹੀਂ ਕਰਦਾ। ਸਿੱਧੀ ਗੱਲ ਕਰਨ ਤੋਂ ਝਿਜਕਦਾ ਹੈ। ਜਿਵੇਂ ਰਾਤ ਨੂੰ ਸੂਰਜ ਆਪਣੀ ਰੋਸ਼ਨੀ ਚੰਦ ਦੇ ਜਰੀਏ ਜਮੀਨ ਤੇ ਭੇਜਦਾ ਹੈ। ਓਵੇਂ ਹੀ ਪੁੱਤ ਦੁਆਰਾ ਮਾਂ ਰੂਪੀ ਚੰਦ ਨੂੰ ਵਿਚੋਲਾ ਪਾਇਆ ਜਾਂਦਾ ਹੈ। ਪਿਓ ਪੁੱਤ ਵਿੱਚ ਸਿੱਧਾ ਸੰਵਾਦ ਘੱਟ ਹੀ ਹੁੰਦਾ ਹੈ ਬਹੁਤੇ ਕੇਸਾਂ ਵਿੱਚ ਮਾਂ ਜਰੀਏ ਹੀ ਗੱਲਬਾਤ ਹੁੰਦੀ ਹੈ। ਪੁੱਤ ਆਪਣੀ ਮਾਂ ਦੇ ਜਰੀਏ ਪਿਓ ਤੱਕ ਆਪਣੀ ਮੰਗ ਰੱਖਦਾ ਹੈ। ਬਹੁਤੇ ਵਾਰੀ ਪਿਓ ਵੀ ਪੁੱਤ ਨਾਲ ਸਿੱਧੀ ਗੱਲ ਕਰਨ ਤੋਂ ਕਤਰਾਉਂਦਾ ਹੈ। ਸੂਰਜ ਸੂਰਜ ਨਾਲ ਨਹੀਂ ਵਾਇਆ ਚੰਦ ਹੀ ਰਾਬਤਾ ਬਣਾਉਂਦੇ ਹਨ। ਮਾਂ ਨੂੰ ਚੰਦ ਇਸ ਲਈ ਕਹਿੰਦੇ ਹਨ ਕਿਉਂਕਿ ਉਸ ਵਿੱਚ ਸੀਤਲਤਾ ਹੁੰਦੀ ਹੈ। ਮਮਤਾ ਦੀ ਮਿਠਾਸ ਹੁੰਦੀ ਹੈ। ਪਰ ਪਿਓ ਕੋਲ੍ਹ ਤਾਂ ਗੁੱਸਾ ਝਿੜਕਾਂ ਹੀ ਹੁੰਦੀਆਂ ਹਨ । ਮਾਂ ਪੁੱਤ ਦੀਆਂ ਗਲਤੀਆਂ ਤੇ ਪਰਦੇ ਪਾਉਂਦੀ ਹੈ। ਗੱਲ ਗੱਲ ਤੇ ਪੁੱਤ ਦੀ ਵਾਹਰ ਲੈਂਦੀ ਹੈ। ਪਿਓ ਕੋਲੋਂ ਪੁੱਤ ਦੀਆਂ ਜਾਇਜ਼ ਨਜਾਇਜ਼ ਮੰਗਾਂ ਮਨਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਤੇ ਕਈ ਵਾਰੀ “ਆਉਣ ਦੇ ਤੇਰੇ ਪਤੰਦਰ ਨੂੰ” ਵਰਗੇ ਡਰਾਵੇ ਵੀ ਦਿੰਦੀ ਹੈ। “ਤੇਰੇ ਲਾਡਲੇ ਨੂੰ ਪੁੱਛੀ ਆਹ ਕਿਵੇਂ ਹੋਇਆ?” ਪਿਓ ਵੀ ਪੁੱਤ ਤੋਂ ਕੋਈਂ ਗੱਲ ਸਿੱਧੀ ਪੁੱਛਣ ਤੋਂ ਬਚਦਾ ਹੈ ਤੇ ਉਸਦੀ ਮਾਂ ਰਾਹੀਂ ਜਾਣਕਾਰੀ ਹਾਸਿਲ ਕਰਦਾ ਹੈ। ਮਤਲਬ ਦੋਨੇ ਪੱਖ ਡਾਇਰੈਕਟ ਮੂਹਰੇ ਆਉਣ ਤੋਂ ਪਾਸਾ ਵੱਟਦੇ ਹਨ। ਪਤਾ ਨਹੀਂ ਇਹ ਵਾਇਆ ਮੰਮੀ ਵਾਲਾ ਰਸਤਾ ਕਿੰਨਾ ਕੁ ਸਹੀ ਹੈ ਤੇ ਕਿੰਨਾ ਕੁ ਗਲਤ ਪਰ ਇਸ ਨਾਲ ਘਰ ਦੇ ਹਰ ਮਸਲੇ ਨਾਲ ਪੂਰਾ ਪਰਿਵਾਰ ਜੁੜਿਆ ਰਹਿੰਦਾ ਹੈ। ਮੁੰਡੇ ਦੇ ਵਿਆਹੇ ਹੋਣ ਦੀ ਸੂਰਤ ਵਿੱਚ ਕਈ ਵਾਰੀ ਘਰ ਦੀ ਬਹੂ ਨੂੰ ਵਾਇਆ ਮੀਡੀਆ ਬਣਾਇਆ ਜਾਂਦਾ ਹੈ। ਆਪਣੇ ਹੀ ਬੇਟੇ ਦੇ ਦੋਸ਼, ਕਮੀਆਂ ਤੇ ਸ਼ਿਕਾਇਤਾਂ ਘਰ ਦੀ ਅਖੌਤੀ ਮਾਲਕਿਨ ਜ਼ਰੀਏ ਆਪਣੇ ਹੀ ਪੁੱਤ ਤੱਕ ਪਹੁੰਚਾਈਆਂ ਜਾਂਦੀਆਂ ਹਨ। ਕਈ ਵਾਰੀ ਤਾਂ ਪੁੱਤ ਦੀਆਂ ਗਲਤੀਆਂ ਲਈ ਬਹੂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਉਲਾਂਭਾ ਤਾਂ ਦਿੱਤਾ ਹੀ ਜਾਂਦਾ ਹੈ। ਇਹ ਕਹਾਣੀ ਬਹੁਤ ਥੌੜੇ ਘਰਾਂ ਦੀ ਹੋ ਸਕਦੀ ਹੈ। ਕਿਉਂਕਿ ਪੁਰਾਣੀ ਪੀੜ੍ਹੀ ਦੇ ਘਰਾਂ ਵਿੱਚ ਇਹ ਆਜ਼ਾਦੀ ਨਹੀਂ ਆਈ ਅਜੇ। ਮੂਲ ਰੂਪ ਵਿੱਚ ਤਾਂ ਮਸਲੇ ਚੰਦ ਦੇ ਜਰੀਏ ਹੀ ਨਿਪਟਾਏ ਜਾਂਦੇ ਹਨ। ਹਾਂ ਇੱਕ ਗੱਲ ਹੋਰ ਜੋ ਯੂਨੀਵਰਸ ਨਾਲ ਮੇਲ ਖਾਂਦੀ ਹੈ। ਧਰਤੀ ਰੂਪੀ ਪੁੱਤਰ ਆਪਣੀ ਮੰਗ ਮਨਵਾਉਣ ਲਈ ਚੰਦ ਦੁਆਲੇ ਚੱਕਰ ਲਾਉਂਦਾ ਹੈ। ਫਿਰ ਚੰਦ ਸੂਰਜ ਦੁਆਲੇ।
ਇਹ ਦੁਨੀਆਦਾਰੀ ਇਹ੍ਹਨਾਂ ਚੱਕਰਾਂ ਅਨੁਸਾਰ ਹੀ ਚੱਲ ਰਹੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *