ਮਾਸਟਰ ਬਸੰਤ ਰਾਮ ਗਰੋਵਰ ਨੂੰ ਯਾਦ ਕਰੜੀਆਂ | master basant

ਮੇਰੇ ਸਹੁਰਾ ਸਾਹਿਬ ਮਾਸਟਰ ਬਸੰਤ ਰਾਮ ਨੂੰ ਯਾਦ ਕਰਦਿਆਂ।

ਕਈ ਲੋਕ ਇਸ ਸੰਸਾਰ ਤੇ ਗਰੀਬੀ ਦੀ ਹਾਲਤ ਵਿੱਚ ਜਨਮ ਲੈੱਦੇ ਹਨ ਪਰ ਉਹ ਜਿੰਦਗੀ ਵਿੱਚ ਇੰਨੀ ਦੌਲਤ ਕਮਾ ਲੈੱਦੇ ਹਨ ਤੇ ਅਮੀਰ ਹੋ ਜਾਂਦੇ ਹਨ ਕਿ ਉਹਨਾ ਦਾ ਨਾਮ ਸਦੀਆਂ ਤੱਕ ਯਾਦ ਰੱਖਿਆ ਜਾਂਦਾ ਹੈ। ਇਸੇ ਤਰਾਂ ਕਈ ਲੋਕ ਰੁਤਬੇ ਚ ਇੰਨੀ ਤਰੱਕੀ ਕਰਦੇ ਹਨ ਕਿ ਉਹ ਯਾਦਗਾਰੀ ਹਸਤੀ ਬਣ ਜਾਂਦੇ ਹਨ।ਗਰੀਬੀ ਵਿੱਚ ਪੈਦਾ ਹੋ ਕੇ ਅਮੀਰੀ ਚ ਮਰਨਾ ਜਾਂ ਆਮ ਜਿਹੇ ਘਰ ਵਿੱਚ ਜਨਮ ਲੈਕੇ ਉੱਚ ਅਹੁਦਾ ਪਾ੍ਰਪਤ ਕਰਨਾ ਕਾਮਜਾਬੀ ਮੰਨਿਆ ਜਾਂਦਾ ਹੈ ਪਰ ਜੇ ਕੌਈ ਆਦਮੀ ਗਰੀਬੀ ਵਿੱਚ ਪੈਦਾ ਹੋ ਕੇ ਗਰੀਬੀ ਤੇ ਆਮ ਲੋਕਾਂ ਜਿਹੀ ਜਿੰਦਗੀ ਜਿਉਂਦਾ ਹੋਇਆ ਇਸ ਸੰਸਾਰ ਤੋਂ ਰੁਖਸਤ ਹੋ ਜਾਵੇ ਤੇ ਫਿਰ ਵੀ ਜੱਗ ਤੇ ਆਪਣਾ ਨਾਮ ਕਮਾ ਜਾਵੇ ਤਾਂ ਉਸ ਨੂੰ ਸਿਜਦਾ ਕਰਨ ਨੂੰ ਤਾਂ ਦਿਲ ਕਰਦਾ ਹੀ ਹੈ। ਅਜਿਹੀ ਸਖਸ਼ੀਅਤ ਦੇ ਮਾਲਕ ਸਨ ਮੇਰੇ ਸਹੁਰਾ ਸਾਹਿਬ ਮਾਸਟਰ ਬਸੰਤ ਰਾਮ ਗਰੋਵਰ।
ਮਾਲਵੇ ਦੇ ਛੋਟੇ ਜਿਹੇ ਪਿੰਡ ਮਹਿਮਾ ਸਰਕਾਰੀ (ਗੋਨਿਆਣਾ) ਦੇ ਗਰੀਬ ਮਹਾਜਨ ਪਰਿਵਾਰ ਘਰੇ ਜਨਮ ਲੈ ਕੇ ਮਿਹਨਤ ਮਜਦੂਰੀ ਕਰਕੇ ਦੱਸਵੀ ਪਾਸ ਕਰਨਾ ਵੀ ਉਸ ਜਮਾਨੇ ਵਿੱਚ ਕਿਸੇ ਕਰਿਸਮੇ ਤੋ ਘੱਟ ਨਹੀ ਸੀ। ਤੇ ਭਲਾ ਵੇਲਾ ਸੀ ਉਹ ਜਦੋ ਦਸ ਪੜ੍ਹੇ ਨੂੰ ਸਰਕਾਰ ਮਾਸਟਰ ਤਾਂ ਲਾ ਹੀ ਦਿੰਦੀ ਸੀ । ਆਪਣੀ ਇਸੇ ਯੋਗਤਾ ਕਰਕੇ ਹੀ ਉਹ ਨਜਦੀਕੀ ਪਿੰਡ ਵਿੱਚ ਜੇ ਬੀ ਟੀ ਮਾਸਟਰ ਲੱਗ ਗਏ। ਉਸ ਜਮਾਨੇ ਵਿੱਚ ਸੱਠ ਸੱਤਰ ਰੁਪਿਆ ਦੀ ਬੰਨ੍ਵੀ ਤਨਖਾਹ ਇੱਕ ਘਰ ਨੂੰ ਚਲਾਉਣ ਲਈ ਕਾਫੀ ਹੁੰਦੀ ਸੀ। ਘਰ ਦਾ ਤੋਰਾ ਚੰਗਾ ਤੁਰ ਪਿਆ ਤੇ ਦਸ ਦਸ ਪੜ੍ਹ ਕੇ ਦੂਜੇ ਦੋਨੋ ਛੋਟੇ ਭਰਾ ਵੀ ਮਾਸਟਰ ਲੱਗ ਗਏ। ਤੇ ਤਿੰਨੇ ਭਰਾ ਹੀ ਵਿਆਹੇ ਗਏ। ਉਹਨਾ ਵੇਲਿਆਂ ਵਿੱਚ ਆਮ ਘਰਾਂ ਦੇ ਸਾਰੇ ਭਰਾਵਾਂ ਨੂੰ ਸਾਕ ਨਹੀ ਸਨ ਹੁੰਦੇ। ਬਹੁਤੇ ਘਰਾਂ ਦੇ ਇੱਕ ਦੋ ਮੁੰਡੇ ਅਕਸਰ ਕੰਵਾਰੇ ਰਹਿ ਹੀ ਜਾਂਦੇ ਸਨ।ਮੇਰੇ ਸਹੁਰਾ ਸਾਹਿਬ ਦੇ ਸਿਰ ਪੰਜ ਭੈਣਾਂ ਦਾ ਬੋਝ ਵੀ ਸੀ। ਇੰਨੀ ਲੰਬੀ ਚੋੜੀ ਕਬੀਲਦਾਰੀ ਨੂੰ ਸੰਭਾਲਣਾ ਖਾਲਾ ਜੀ ਦਾ ਵਾੜਾ ਨਹੀ ਸੀ। ਪਰ ਉਹਨਾ ਦੀ ਨੇਕ ਨੀਤੀ ਅਤੇ ਮਿਹਨਤੀ ਸੁਭਾਅ ਕਦੇ ਵੀ ਉਹਨਾ ਨੂੰ ਤਲਖ ਨਹੀ ਸੀ ਹੋਣ ਦਿੰਦਾ।
ਮਾਸਟਰ ਜੀ ਇੱਕਲੇ ਆਪ ਹੀ ਨਹੀ ਪੜੇ ਸਗੋ ਮਿਹਨਤ ਤੇ ਪ੍ਰੇਰਨਾ ਨਾਲ ਆਪਣੇ ਸਰੀਕੇ ਨੂੰ ਵੀ ਪੜਾਇਆ ਤੇ ਰੋਜਗਾਰ ਵਲ ਤੋਰਿਆ। ਇਹ ਉਹਨਾ ਦੀ ਲਗਨਸੀਲਤਾ ਤੇ ਪ੍ਰੇਰਨਾ ਦਾ ਹੀ ਫਲ ਸੀ ਕਿ ਉਹਨਾ ਦੇ ਖਾਨਦਾਨ ਨੇ ਸਮਾਜ ਨੂੰ ਸਤਾਈ ਅਧਿਆਪਕ ਦਿੱਤੇ, ਭੈਣਾਂ ਧੀਆਂ ਤੇ ਨੂੰਹਾਂ ਨੂੰ ਵੀ ਵਿੱਦਿਅਕ ਖੇਤਰ ਨਾਲ ਜੋੜਿਆ ।ਜੋ ਅੱਜ ਵੀ ਰਾਜੀ ਖੁਸ਼ੀ ਵੱਸਦੀਆਂ ਹਨ।
ਮੇਰੇ ਸਹੁਰਾ ਸਾਹਿਬ ਦਾ ਵਿਆਹ ਮੁਕਤਸਰ ਜਿਲੇ ਦੇ ਗੱਗੜ ਪਿੰਡ ਵਿੱਚ ਹੋਇਆ। ਪਿੰਡ ਗੱਗੜ ਵਿੱਚ ਬੱਬਰ ਗੋਤ ਦੇ ਬਹੁਤ ਘਰ ਸਨ ਜਿਹਨਾਂ ਵਿੱਚੋ ਬਹੁਤੇ ਘਰ ਅੱਜ ਕਲ੍ ਮੰਡੀ ਡੱਬਵਾਲੀ ਰਹਿੰਦੇ ਹਨ। ਬੱਬਰ ਪਰਿਵਾਰ ਵਿੱਚ ਮਾਸਟਰ ਬਸੰਤ ਰਾਮ ਦੀ ਲਿਆਕਤ ਤੇ ਹਲੀਮੀ ਦੇ ਕਾਫੀ ਚਰਚੇ ਸਨ। ਹਰ ਕੋਈ ਉਹਨਾ ਦੇ ਸਾਧੂ ਸੁਭਾਅ ਅਤੇ ਹੱਸ ਮੁੱਖ ਚਿਹਰੇ ਤੋ ਪ੍ਰਭਾਵਿਤ ਸੀ। ਹੁਣ ਵੀ ਇਹ ਲੋਕ ਮੇਰੀ ਮਾਸਟਰ ਬਸੰਤ ਰਾਮ ਦਾ ਜਵਾਈ ਹੋਣ ਕਰਕੇ ਬਹੁਤ ਇੱਜਤ ਕਰਦੇ ਹਨ। ਉਹਨਾ ਦੇ ਜਾਣ ਤੋ ਕਾਫੀ ਸਾਲ ਬਾਅਦ ਵੀ ਬੱਬਰਾਂ ਦੀ ਹਰ ਮਹਿਫਿਲ ਜਾ ਸਮਾਜਿਕ ਇੱਕਠ ਵਿੱਚ ਮਾਸਟਰ ਜੀ ਦੀ ਚਰਚਾ ਜਰੂਰ ਹੁੰਦੀ ਹੈ।
ਮਾਸਟਰ ਜੀ ਦੇ ਘਰ ਵਿੱਚ ਜਨਮ ਲੈਣ ਵਾਲੇ ਅੱਜ ਚਾਹੇ ਐਕਸੀਅਨ, ਪਟਵਾਰੀ ਕਾਨੂਨਗੋ ਜਾ ਲੈਕਚਰਰ ਪਰਿੰਸੀਪਲ ਕਿਉ ਨਾ ਬਣ ਗਏ ਹੋਣ ਪਰ ਉਹ ਇਹਨੇ ਵੱਡੇ ਅਹੁਦਿਆਂ ਤੇ ਪਹੁੰਚਣ ਦੇ ਬਾਵਜੂਦ ਵੀ ਸਮਾਜ ਵਿੱਚ ਉਸ ਮੁਕਾਮ ਨੂੰ ਹਾਸਿਲ ਨਹੀ ਕਰ ਸਕੇ ਜੋ ਮੇਰੇ ਸਹੁਰਾ ਸਾਹਿਬ ਨੇ ਇੱਕ ਪ੍ਰਾਇਮਰੀ ਸਕੂਲ ਆਧਿਆਪਕ ਹੋ ਕੇ ਹਾਸਿਲ ਕੀਤਾ ਹੈ। ਮੇਰੇ ਸਹੁਰਾ ਸਾਹਿਬ ਨੇ ਆਪਣੀ ਪਹਿਚਾਣ ਮਾਸਟਰ ਬਸੰਤ ਰਾਮ ਵਜੋ ਹੀ ਬਰਕਰਾਰ ਰੱਖੀ ਕਦੇ ਐਕਸੀਅਨ, ਪ੍ਰਿੰਸੀਪਲ ਜਾਂ ਪਟਵਾਰੀ ਸਾਹਿਬ ਦੇ ਬਾਪ ਦੇ ਰੂਪ ਵਿੱਚ ਨਹੀ। ਸਗੋ ਅੱਜ ਵੀ ਇਹਨਾ ਪਟਵਾਰੀ ਸਾਹਿਬ, ਪ੍ਰਿੰਸੀਪਲ ਤੇ ਐਕਸੀਅਨ ਸਾਹਿਬ ਨੂੰ ਆਪਣੀ ਪਹਿਚਾਣ ਮਾਸਟਰ ਬਸੰਤ ਰਾਮ ਦੇ ਮੁੰਡੇ ਆਖ ਕੇ ਕਰਵਾਉਣੀ ਪੈਦੀ ਹੈ।
ਜਿੰਦਗੀ ਦੇ ਆਖਰੀ ਪੜਾਅ ਤੇ ਪਹੁੰਚ ਕੇ ਚਾਹੇ ਮਾਸਟਰ ਜੀ ਨੂੰ ਸਾਰੀਆਂ ਸੁਖ ਸੁਵਿਧਾਵਾਂ ਮਿਲ ਗਈਆਂ ਸਨ ਪਰ ਉਹਨਾ ਨੇ ਆਪਣੀ ਸਾਦਗੀ ਤੇ ਹਲੀਮੀ ਦਾ ਪੱਲਾ ਨਹੀ ਛੱਡਿਆ।ਸਿਹਤ ਪ੍ਰਤੀ ਉਹ ਸਦਾ ਜਾਗਰੂਕ ਰਹਿੰਦੇ ਸਨ।ਸੱਤਰ ਅੱਸੀ ਸਾਲ ਦੀ ਉਮਰ ਵਿੱਚ ਸੈਰ ਕਰਨਾ ਯੋਗਾ ਕਰਨਾ ਤੇ ਖੁੱਲ੍ ਕੇ ਹੱਸਣਾ ਹੀ ਉਹਨਾ ਦੀ ਚੰਗੀ ਸਿਹਤ ਦਾ ਰਾਜ ਸੀ। ਉਹ ਇਸ ਗੱਲ ਨੂੰ ਵੀ ਚੰਗੀ ਤਰਾਂ ਜਾਣਦੇ ਸਨ ਕਿ ਅੱਜ ਦੇ ਜਮਾਨੇ ਵਿੱਚ ਬੀਮਾਰ ਬਜੁਰਗਾਂ ਦੀ ਸੇਵਾ ਸੰਭਾਲ ਕਰਨ ਦਾ ਅੋਲਾਦ ਕੋਲੇ ਸਮਾਂ ਹੀ ਨਹੀ ਹੁੰਦਾ ਤੇ ਨਾ ਹੀ ਕੋਈ ਕਰਦਾ ਹੈ । ਸੋ ਸਿਹਤ ਪ੍ਰਤੀ ਉਹਨਾ ਦੀ ਜਾਗਰੂਕਤਾ ਉਹਨਾ ਦੀ ਅਗੇਤੀ ਸੋਚ ਦੀ ਨਿਸ਼ਾਨੀ ਸੀ ਤੇ ਹੋਇਆ ਵੀ ਇੰਜ ਹੀ ਉਹ ਚਲਦੇ ਫਿਰਦੇ ਹੀ ਬਿਨਾ ਮੰਜੇ ਤੇ ਪਏ ਹੀ ਇਸ ਸੰਸਾਰ ਵਿੱਚੋ ਰੁਖਸਤ ਹੋ ਗਏ।
ਕਿਸੇ ਵੀ ਸਖਸ ਦੀ ਲੋਕਪ੍ਰੀਅਤਾ ਦਾ ਪਤਾ ਉਸ ਦੀ ਸੇਵਾ ਮੁਕਤੀ ਜਾ ਦੁਨੀਆ ਤੋ ਵਿਦਾ ਹੋਣ ਮੋਕੇ ਹੋਏ ਇੱਕਠ ਤੋ ਵੀ ਚਲਦਾ ਹੈ। ਜਦੋ ਸੈਤੀ ਅਠੱਤੀ ਸਾਲ ਦੀ ਸਰਕਾਰੀ ਸੇਵਾ ਤੋ ਬਾਅਦ ਉਹਨਾ ਦਾ ਸੇਵਾ ਮੁਕਤੀ ਸਮਾਗਮ ਕਈ ਪਿੰਡਾਂ ਦੀ ਪੰਚਾਇਤ ਨੇ ਮਿਲਕੇ ਕੀਤਾ ਤਾਂ ਲੋਕਾਂ ਦਾ ਉਹਨਾ ਪ੍ਰਤੀ ਪਿਆਰ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ । ਲੋਕਾਂ ਵਲੋਂ ਮਿਲੇ ਤੋਹਫੇ ਤੇ ਪ੍ਰੇਮ ਨਿਸ਼ਾਨੀਆਂ ਨੂੰ ਇੱਕ ਟਰੱਕ ਰਾਹੀ ਘਰੇ ਲਿਆਂਦਾ ਗਿਆ।ਤੇ ਆਹੀ ਹਾਲ ਉਹਨਾ ਦੀ ਅੰਤਿਮ ਅਰਦਾਸ ਵੇਲੇ ਸੀ ਅਥਾਹ ਲੋਕਾਂ ਦੀ ਭੀੜ ਵਿੱਚ ਬਹੁਤੇ ਉਹ ਹੀ ਲੋਕ ਸਾਮਿਲ ਸਨ ਜੋ ਉਹਨਾ ਕੋਲੋ ਪੜੇ ਸਨ ਜਾ ਉਹਨਾ ਦੇ ਸਹਿ ਕਰਮੀ ਰਹੇ ਸਨ।ਕੁੜਮ ਕਬੀਲੇ ਨਾਲੋ ਮਾਸਟਰ ਜੀ ਦੇ ਹੋਰ ਰਿਸਤੇਦਾਰ ਜਿਆਦਾ ਸਨ ਤੇ ਦੂਰ ਦੀਆਂ ਰਿਸਤੇਦਾਰੀਆਂ ਚੋ ਆਏ ਉਹਨਾ ਦੇ ਜਾਣੂ ਵੀ ਬਹੁਤ ਸਨ। ਲੋਕਾਂ ਦੇ ਇਕੱਠ ਨੂੰ ਦੇਖਕੇ ਇਉ ਭਾਸਦਾ ਸੀ ਜਿਵੇ ਕਿਸੇ ਵੱਡੇ ਨੇਤਾ ਦਾ ਭੋਗ ਹੋਵੇ।
ਇਸ ਸਾਦਗੀ ਦੀ ਮੂਰਤ ਤੇ ਉਚ ਵਿਚਾਰਾਂ ਦੇ ਮਾਲਕ ਅਤੇ ਗੁਣਾਂ ਦੇ ਖਜਾਨੇ ਦਾ ਕਰੀਬੀ ਹੋਣ ਤੇ ਮੈਨੂੰ ਵੀ ਮਾਣ ਹੁੰਦਾ ਹੈ ਤੇ ਮੇਰਾ ਉਸ ਬਹ-ਮੁਲੀ ਸਖਸੀਅਤ ਨੂੰ ਬਾਰ ਬਾਰ ਸਿਜਦਾ ਕਰਨ ਨੁੰ ਦਿਲ ਕਰਦਾ ਹੈ।
ਰਮੇਸ ਸੇਠੀ ਬਾਦਲ
ਮੋ 98 766 27 233

Leave a Reply

Your email address will not be published. Required fields are marked *