ਜਾਦੂਗਰ | jaadugar

ਵਿਆਹ ਤੋਂ ਮਗਰੋਂ ਮੈਂ ਸਕੂਲ ਵਿੱਚ ਪੜਾਉਣ ਦੀ ਜਿੱਦ ਕੀਤੀ ਕਿਉਂ ਕਿ ਪੜਾਉਣਾ ਮੇਰਾ ਸ਼ੌਕ ਸੀ ।ਸਭ ਕਹਿੰਦੇ ਟਿਊਸ਼ਨ ਪੜਾ ਲਾ ,ਪਰ ਮੈਨੂੰ ਲੱਗਦਾ ਸੀ ਜੋ ਮਜ਼ਾ ਕਲਾਸ ਨੂੰ ਪੜਾ ਕੇ ਆਉਦਾ ਉਹ ਟਿਊਸ਼ਨ ਵਿੱਚ ਨਹੀਂ ਆਉਦਾ।ਮੇਰੇ ਪਤੀ ਨੇ ਨੇੜੇ ਦੇ ਸਕੂਲਾਂ ਦੇ ਨਾਮ ਦੱਸੇ ਤਾਂ ਮੈਂ ਉਹਨਾਂ ਸਕੂਲਾਂ ਵਿੱਚ ਨੌਕਰੀ ਲਈ ਅਪਲਾਈ ਕੀਤਾ।

ਉਹ ਸਕੂਲ ਅੱਠਵੀਂ ਤੱਕ ਸੀ ।ਪਰ ਉਥੇ ਦਾ ਮਾਹੌਲ ਵੀ ਬਹੁਤ ਵਧੀਆ ਸੀ ।ਮੈਨੂੰ ਹਰ ਜਮਾਤ ਦੇ ਹੀ ਤਕਰੀਬਨ ਇਕ ਜਾਂ ਦੋ ਪੀਰੀਅਡ ਮਿਲਦੇ ਸੀ ਪੰਜਾਬੀ ਅਤੇ ਸਮਾਜਿਕ ਸਿੱਖਿਆ ਲਈ।

ਅੱਠਵੀਂ ਜਮਾਤ ਸਾਰੀ ਬਹੁਤ ਵਧੀਆ ਸੀ ।ਪਰ ਲਵਪ੍ਰੀਤ  ਸ਼ਾਤ ਸੁਭਾਅ ਤੇ ਵਧੀਆ ਪੜ੍ਹਨ ਕਰਕੇ ਹਰ ਇਕ ਅਧਿਆਪਕ  ਨੂੰ ਵਧੀਆ ਲੱਗਦਾ ਸੀ ।ਅੱਠਵੀਂ ਪਾਸ ਕਰਨ ਉਪਰੰਤ ਅਸੀਂ ਸਭ ਆਧਿਆਪਕਾਂ ਨੇ ਸਾਰੇ ਬੱਚਿਆਂ ਨੂੰ ਸੁਭਕਾਮਨਾਵਾਂ ਦਿੱਤੀਆਂ ਅਤੇ ਅੱਗੇ ਵੀ ਵਧੀਆ ਪੜ੍ਹਨ ਲਈ ਦੁਆਵਾਂ ਦਿੱਤੀਆਂ  ।ਅਸੀਂ ਸਭ ਆਪਣੀਆਂ ਅਗਲੀਆਂ ਜਮਾਤਾਂ ਨੂੰ ਪੜਾਉਣ ਵਿੱਚ ਵਿਅਸਤ ਹੋ ਗਏ।

ਦੋ ਸਾਲ ਲੰਘ ਗਏ।ਇਕ ਦਿਨ ਸਕੂਲ ਜਾਂਦੇ ਸਮੇਂ ਲਵਪ੍ਰੀਤ ਮਿਲਿਆ ।ਜਦ ਮੈਂ ਪੁੱਛਿਆ ,ਕਿ ਪੁੱਤ,ਪੜ੍ਹਾਈ ਕਿਵੇਂ ਚੱਲਦੀ? ਲਵਪ੍ਰੀਤ ਕਹਿੰਦਾ ਜੀ ,ਮੈਂ ਪੜ੍ਹਨੋ ਹੱਟ ਗਿਆ ।

ਮੈਂ ਪੁੱਛਿਆ ਕਿਉਂ ?
ਲਵਪ੍ਰੀਤ ਬੋਲਿਆ  ਮੈਡਮ  ਜੀ,,ਪਾਪਾ ਦੇ ਸੱਟ ਲੱਗ ਗਈ ਸੀ ਤਾਂ ਉਹਨਾਂ ਦੇ ਸਾਹਬ ਨੇ ਮੈਨੂੰ ਕੰਮ ਕਰਨ ਲਈ ਰੱਖ ਲਿਆ।

ਮੈਂ ਸਮਝਾਦੇ ਕਿਹਾ ,ਪੁੱਤ ਕੰਮ ਵੀ ਕਰਨੇ ਹੋਏ, ਸਾਹਬ ਤੋਂ ਪੁੱਛ ਕੇ ਕਿਸੇ ਸਕੂਲ ਵਿੱਚ ਲੱਗ ਜਾ ਪੜ੍ਹਨਾ ਵੀ ਤਾਂ ਜਰੂਰੀ ਆ।

ਲਵਪ੍ਰੀਤ ਨੇ ਕਿਹਾ ,ਠੀਕ ਆ ਮੈਡਮ ਜੀ ,ਮੈਂ ਗੱਲ ਕਰਾਗਾਂ ।
ਫਿਰ ਲਵਪ੍ਰੀਤ ਆਪਣੇ ਕੰਮ ਤੇ ਮੈਂ ਸਕੂਲ ਲਈ ਚੱਲ ਪਈ।ਉਸ ਦਿਨ ਮੇਰਾ ਮਨ ਨਹੀਂ ਲੱਗਾ ਸਕੂਲ ਵਿੱਚ ਵੀ ।ਮੈ ਸਾਰਾ ਦਿਨ ਲਵਪ੍ਰੀਤ ਬਾਰੇ ਸੋਚਦੀ ਰਹੀ ।ਯਾਦ ਆਇਆ ਕਿ ਜਦ ਉਹ ਸਕੂਲ ਆਉਦਾ ਹੁੰਦਾ ਸੀ ਤਾਂ ਕਦੀ ਵੀ ਉਹ ਰੋਟੀ ਨੀ ਖਾ ਕੇ ਆਉਦਾ ਸੀ ਤੇ ਗਰਮੀ ਵਿੱਚ ਚੱਕਰ ਅਤੇ ਪੇਟ ਦਰਦ ਦੀ ਸਮੱਸਿਆ ਆਮ ਹੀ ਰਹਿੰਦੀ ਸੀ ।ਜਦ ਇਸ ਨੂੰ ਪੁੱਛਿਆ  ਸੀ ਤਾਂ ਕਿੰਨਾ ਗੁੱਸਾ ਆਇਆ ਸੀ ਇਸੇ ਸਾਹਬ ਤੇ ।ਆਪਣੇ ਬੱਚੇ ਦੇ ਸਕੂਲ ਜਾਣ ਲਈ ਵੀ ਤਾਂ ਰੋਟੀ ਪਕਾਉਦੇ ਹੋਣੇ ਉਦੋ ਦੋ ਇਸ ਮਾਸੂਮ ਨੂੰ ਵੀ ਲਾਹ ਦਿਆਂ ਕਰਦੇ । ਕਿਦਾਂ ਸਾਰਾ ਦਿਨ ਭੁੱਖਣ ਭਾਣਾ ਤੁਰਿਆ ਫਿਰਦਾ ਰਹਿੰਦਾ ਸੀ ਕਿੱਥੇ ਜਾ ਕੇ ਦੋ ਵੱਜਦੇ ਸੀ ਤੇ ਉਦੋਂ ਘਰ ਜਾ ਕੇ ਰੋਟੀ ਖਾਂਦਾ ਸੀ ।ਮਨ ਭਰ ਆਇਆ ਸੀ ਕਿ ਜਵਾਕ ਇੰਨਾ ਸਮਾਂ ਭੁੱਖਾ ਹੀ ਗੁਜ਼ਾਰਦਾ ਸੀ ।ਉਦੋ ਹੀ ਪਤਾ ਚਲਿਆ ਸੀ ਕਿ ਲਵਪ੍ਰੀਤ ਦੀ ਮਾਂ ਦੀ ਮੌਤ ਮਗਰੋਂ ਦੋਨੋਂ ਪਿਓ ਪੁੱਤ ਸਾਹਬ ਦੇ ਘਰ ਹੀ ਇਕ ਕਮਰੇ ਵਿੱਚ ਰਹਿੰਦੇ ਆ ।ਫਿਰ ਹਰ ਰੋਜ ਹੀ ਸਕੂਲ ਵਿੱਚ ਹੀ ਲਵਪ੍ਰੀਤ ਨੂੰ ਸਵੇਰੇ ਰੋਟੀ ਦਿੰਦੇ ਜੋ ਅਧਿਆਪਕ ਜਾਂ ਕੁੱਕ ਕੋਈ ਵੀ ਲੈ ਆਉਦਾ ਸੀ ।ਮੈਂ ਸੋਚ ਹੀ ਰਹੀ ਸੀ ਕਿ ਸਕੂਲ ਦੀ ਛੁੱਟੀ ਦਾ ਸਮਾਂ ਹੋ ਗਿਆ ਤੇ ਮੈਂ ਘਰ ਆ ਗਈ।

ਮੈਂ ਸਾਰੀ  ਰਾਤ  ਬੇਚੈਨ ਸੀ ।ਰਾਤ ਨੂੰ ਆਪਣੇ ਪਤੀ ਨਾਲ ਵੀ ਗੱਲ ਕੀਤੀ  ਪਰ ਮਨ ਨੂੰ ਸਕੂਨ ਨਹੀਂ ਮਿਲ ਰਿਹਾ ਸੀ ਕਿ ਇਨ੍ਹਾਂ ਹੋਣਹਾਰ ਬੱਚਾ ਪੜ੍ਹਨਾ ਕਿੱਦਾ ਛੱਡ ਸਕਦਾ ।ਕਦੇ ਮਨ ਕਰਦਾ ਕਿ ਘਰ ਲਿਆ ਕੇ ਪੜ੍ਹਨ ਲਗਾ ਦੇਵਾ ।

ਕੁਝ ਸਮਾਂ ਬੀਤ ਗਿਆ ਪਰ ਮੈਨੂੰ ਅਜੇ ਵੀ ਲਵਪ੍ਰੀਤ ਦੇ ਪੜ੍ਹਨ ਲੱਗਣ ਦੀ ਕੋਈ ਖਬਰ ਨਾ ਮਿਲੀ ।ਫਿਰ ਮੈਂ ਗੱਲਾਂ ਗੱਲਾਂ ਵਿੱਚ ਬੱਚਿਆਂ ਤੋਂ ਲਵਪ੍ਰੀਤ ਬਾਰੇ ਪੁੱਛਿਆ ,ਉਸ ਦੇ ਘਰ ਦੇ ਨੇੜੇ ਰਹਿੰਦੇ ਬੱਚਿਆਂ ਨੂੰ ਕਿਹਾ ਕਿ ਲਵਪ੍ਰੀਤ ਨੂੰ ਕਹਿਣਾ ਮੈਨੂੰ ਮਿਲ ਕੇ ਜਾਵੇ ।

ਮੈਂ ਹਰ ਰੋਜ਼ ਲਵਪ੍ਰੀਤ ਦੀ ਉਡੀਕ ਕਰਦੀ ।ਇਕ ਹਫਤਾ ਬੀਤ ਗਿਆ ਪਰ ਲਵਪ੍ਰੀਤ ਨਹੀਂ ਆਇਆ ।ਮੈਨੂੰ ਲੱਗਾ ਹੁਣ ਨਹੀਂ ਆਏਗਾ ।ਮੈਂ ਆਪਣੇ ਕੰਮੀ ਰੁਝ ਗਈ।

ਅਚਾਨਕ ਇਕ ਦਿਨ ਲਵਪ੍ਰੀਤ ਨੇ ਆ ਕੇ  ਸਤਿ ਸ਼੍ਰੀ ਅਕਾਲ ਕਹੀ ।ਮੈਂ ਗੁੱਸੇ ਹੁੰਦੇ ਕਿਹਾ ਕਦ ਦਾ ਬੁਲਾਇਆ ਸੀ ਆਇਆ ਕਿਉਂ ਨੀ ।ਤਾਂ ਕਹਿੰਦਾ ਮੈਡਮ ਜੀ ਸਾਹਬ ਨੇ ਰਿਸ਼ਤੇਦਾਰੀ ਵਿੱਚ ਕੰਮ ਲਈ ਕੁਝ ਦਿਨ ਭੇਜ ਦਿੱਤਾ ਸੀ ।ਰਾਤ ਹੀ  ਆਇਆ ਤੇ ਅੱਜ ਤੁਹਾਨੂੰ ਮਿਲਣ ਆ ਗਿਆ ।

ਮੈਂ ਸਟਾਫ ਰੂਮ ਵਿੱਚ ਬਿਠਾ ਕੇ ਲਵਪ੍ਰੀਤ ਨਾਲ ਗੱਲ ਕੀਤੀ ।ਕਿਹਾ ਕਿ ਦੇਖ  ਪੁੱਤ ਧਿਆਨ ਨਾਲ ਗੱਲ ਸੁਣ ,ਇਦਾ ਕੰਮ ਕਰ ਕੇ ਕਿੰਨਾ ਚਿਰ ਜਿਲਤ ਭਰੀ ਜਿੰਦਗੀ ਜਿਊਦਾ ਰਹੇਗਾ ।ਕਿਸੇ ਤਰ੍ਹਾਂ ਵੀ ਪੜ ਲਾ ਪੁੱਤ , ਫਿਰ ਕੋਈ ਵਧੀਆ ਨੌਕਰੀ ਕਰੀ ਤੈਨੂੰ ਇਨਕਮ ਵੀ ਜਿਆਦਾ ਮਿਲੂ ,ਇਜੱਤ ਵੀ ਮਿਲੂ ।
ਅਸੀਂ ਤੁਹਾਨੂੰ ਤੁਹਾਡੇ ਮਾਂ ਬਾਪ ਦੀ ਤਰ੍ਹਾਂ ਪਿਆਰ ਕਰਦੇ ਆ ਤੇ ਸਾਡਾ ਹੱਕ ਵੀ ਆ ਕਿ ਤੁਹਾਨੂੰ ਸਮਝਾ ਕੇ ਸਹੀ ਰਾਹ ਦਿਖਾਉਣਾ । ਅਸੀਂ ਤੁਹਾਨੂੰ ਆਪਣੇ ਬੱਚਿਆਂ ਵਾਂਗ ਹੀ ਪਿਆਰ ਕਰਦੇ ਹਾਂ ਅਤੇ ਆਪਣੇ ਹੀ ਬੱਚੇ ਸਮਝਦੇ ਹਾਂ ।ਜੇ ਤੇਰਾ ਸਾਹਬ ਨਹੀਂ ਮੰਨਦਾ ਤੇ ਦੱਸ ਮੈਂ ਗੱਲ ਕਰ ਲਵਾਗੀ ਉਹਨਾਂ ਨਾਲ । ਕਿੰਨੀਆਂ ਛੁੱਟੀਆਂ ਆ ਜਾਦੀਆਂ , ਛੇ ਘੰਟੇ ਦੀ ਗੱਲ ਆ ਸਿਰਫ ਪੁੱਤ ਤੇਰੀ  ਜਿੰਦਗੀ ਬਣ ਜਾਊਗੀ ।ਅੱਜ ਜਿਸ ਸਾਹਬ ਦੇ ਲਈ ਕੰਮ ਕਰਦਾ ਪੁੱਤ ਪੜ੍ਹ ਕੇ ਕਲ ਨੂੰ ਤੂੰ ਖੁਦ ਵੀ ਓਹੀ ਸਾਹਬ ਬਣ ਸਕਦਾ ਏ । ਸਮਝਾਉਣਾ ਮੇਰਾ ਫਰਜ਼ ਸੀ ਹੁਣ ਅੱਗੇ ਤੇਰੀ ਮਰਜ਼ੀ ।

ਜਦ ਨਵਾ ਸ਼ੈਸ਼ਨ ਸ਼ੁਰੂ ਹੋਇਆ ਤਾਂ ਆਪ ਦੱਸ ਕੇ ਗਿਆ ਕਿ ਮੈਡਮ ਜੀ ਮੈਂ ਪੜ੍ਹਨ ਲੱਗ ਗਿਆ ।ਬਹੁਤ ਖੁਸ਼ੀ ਹੋਈ ਸੀ ਉਸ ਦੇ ਮੂੰਹੋਂ ਇਹ ਸੁਣ ਕੇ ।

ਕਾਫੀ ਸਮਾਂ ਬੀਤ ਗਿਆ।ਮੈਂ ਵੀ ਇਸ ਗੱਲ ਨੂੰ ਭੁੱਲ ਗਈ।ਫਿਰ ਇਕ ਦਿਨ ਮੈਂ ਬੈਕ ਵਿੱਚ ਕੰਮ ਗਈ। ਲਵਪ੍ਰੀਤ ਨੇ ਮੈਨੂੰ ਬੈਠਣ ਲਈ ਕਿਹਾ ,ਮੇਰੇ ਲਈ ਪਾਣੀ ਅਤੇ ਚਾਹ ਲਿਆਉਣ ਦੀ ਆਵਾਜ਼ ਦਿੱਤੀ ।ਮੈ ਹੈਰਾਨ ਸੀ ।ਇਹ ਚਿਹਰਾ ਜਾਣਿਆ ਪਹਿਚਾਣਿਆ ਲੱਗ ਰਿਹਾ ਪਰ ਸੋਚ ਰਹੀ  ਮਨਾਂ ਹੈ ਕੌਣ ?ਯਾਦ ਕਿਉਂ ਨੀ ਆ ਰਿਹਾ ।ਮੈਂ ਪੁੱਛ ਹੀ ਲਿਆ  ਕਿ ਕੌਣ ਆ ਪੁੱਤ ,ਤਾਂ ਉਹ ਕਹਿੰਦਾ ਮੈਡਮ ਜੀ ,ਮੈਂ ਲਵਪ੍ਰੀਤ ਹਾਂ।ਕੀ ਗੱਲ ਪਹਿਚਾਣਿਆ ਨਹੀਂ ।ਮੈਂ ਕਿਹਾ  ਬਚਪਨ ਵਿੱਚ ਦੇਖਿਆ ਸੀ ਹੁਣ  ਤੂੰ ਜਵਾਨ ਹੋ ਗਿਆ ਤਾਂ ਪਹਿਚਾਣ ਨਹੀਂ ਆਈ ।

ਫਿਰ ਗੱਲਾਂ ਕਰਦਾ ਕਰਦਾ ਕਹਿੰਦਾ ,ਮੈਡਮ ਜੀ ਤੁਸੀਂ ਉਹ ਜਾਦੂਗਰ ਹੋ ਜਿਨ੍ਹਾਂ ਨੇ ਮੇਰੇ ਵਰਗੇ ਗਰੀਬ ਦੀ ਕਿਸਮਤ ਹੀ ਪਲਟ ਦਿੱਤੀ ।ਤੁਸੀਂ ਮੈਨੂੰ  ਦੁਬਾਰਾ ਸੱਦ ਕੇ ਸਮਝਾਉਦੇ ਸਮੇਂ ਹੀ ਆਪਣੇ ਸ਼ਬਦੇ ਦੇ ਜਾਦੂ ਨਾਲ ਕੀਲ ਲਿਆ ਸੀ ।ਤੁਹਾਡੇ ਉਹਨਾਂ ਸ਼ਬਦਾਂ ਦਾ ਜਾਦੂ ਮੇਰੇ ਮਨ ਵਿੱਚ ਇਸ ਕਦਰ  ਘਰ ਕਰ ਗਿਆ ਸੀ ।ਮੈਂ ਸੋਚ ਲਿਆ ਸੀ ਕਿ ਸਾਹਬ ਦਾ ਕੰਮ ਛੱਡਣਾ ਮਨਜੂਰ ਪਰ ਹੁਣ ਪੜ ਕੇ ਖੁਦ ਸਾਹਬ ਬਣਨਾ ।

ਫਿਰ ਮੈਡਮ ਜੀ ਮੈਂ ਬਾਰਵੀਂ  ਕਰਨ ਮਗਰੋਂ  ਬਿਜ਼ਨਸ ਦੀ ਤਿੰਨ ਸਾਲ ਦੀ ਡਿਗਰੀ ਕੀਤੀ । ਫਿਰ ਬੈਕ ਦੇ ਪੇਪਰ ਭਰ ਦਿੱਤੇ ਤੇ ਤਿਆਰੀ ਕਰਨ ਲੱਗ ਗਿਆ ।ਕਿਸਮਤ ਵਲੋਂ ਹੀ ਮੈ ਪੇਪਰ ਪਹਿਲੀ ਵਾਰ ਹੀ ਪਾਸ ਕਰ ਲਿਆ ।ਕੁਝ ਦਿਨ ਪਹਿਲਾਂ ਹੀ ਮੈਨੇਜਰ ਬਣ ਕੇ ਇਸ ਬੈਕ ਵਿੱਚ ਆਇਆ ।

ਇੰਨੇ ਨੂੰ ਚਾਹ ਆ ਗਈ।ਚਾਹ ਪੀਦੇ ਵੀ ਗੱਲਾਂ ਕਰ ਰਹੇ ਸੀ ।ਮੈਂ ਕਿਹਾ ,ਲਵਪ੍ਰੀਤ ਸਾਡੀ ਜਿੰਦਗੀ ਵਿੱਚ ਤਿੰਨ ਉਹ ਜਾਦੂਗਰ ਹੁੰਦੇ ਜੋ ਸਾਨੂੰ ਆਪਣੇ ਆਪਣੇ ਢੰਗ ਨਾਲ ਬਦਲ ਦਿੰਦੇ ।ਪਹਿਲੇ ਮਾਂ ਬਾਪ ਜੋ ਪਿਆਰ ਦੇ ਜਾਦੂਗਰ ਹਨ ਤੇ ਬੱਚੇ ਲਈ ਆਪਣੀ ਜਾਨ ਤੱਕ ਕੁਰਬਾਨ ਕਰਨ ਲਈ ਜਾਂਦੇ ਹਨ ਤੇ ਆਪਣੇ ਬੱਚੇ ਦੀ ਹਰ ਜਰੂਰਤ ਪੂਰੀ ਕਰਦੇ ਹਨ  ।ਦੂਜੇ ਜਾਦੂਗਰ ਅਧਿਆਪਕ ਹੁੰਦੇ ਹਨ ਜੋ ਕਈ ਵਾਰ ਬੱਚਿਆਂ ਲਈ ਕਰ ਕੁਝ ਨਹੀਂ ਸਕਦੇ। ਪਰ ਅਧਿਆਪਕ  ਸ਼ਬਦਾਂ ਦੇ ਜਾਦੂਗਰ ਹੋਣ ਕਰਕੇ ਹੀ ਦਿਲ ਨੂੰ ਟੁੰਬ ਜਾਂਦੇ ਤੇ ਬੱਚਿਆਂ ਨੂੰ ਸਹੀ ਸੇਧ ਦਿੰਦੇ ਹਨ ।ਤੀਜਾ ਸਭ ਤੋਂ ਵੱਡਾ ਜਾਦੂਗਰ ਹੈ ਸਮਾਂ ,ਜੇ ਇਸ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ ਫਰਸ਼ ਤੋਂ ਅਰਸ਼ ਤੇ ਪਹੁੰਚਾ ਦਿੰਦਾ ਪਰ ਜੇ ਇਸ ਦੀ ਵਰਤੋਂ ਗਲਤ ਹੋਜੇ ਤਾਂ ਇਹ ਅਰਸ਼ ਤੋਂ ਫਰਸ਼ ਤੱਕ ਵੀ ਲੈ ਆਉਦਾ ।
ਫਿਰ ਮੈਂ ਆਪਣਾ ਕੰਮ ਕਰਵਾ ਕੇ ਘਰ ਆ ਗਈ।ਸੱਚ ਵਿੱਚ ਮੈਂ ਬਹੁਤ ਖੁਸ਼ ਸੀ ।ਮੈਨੂੰ ਲੱਗ ਰਿਹਾ ਸੀ ਕਿ ਲਵਪ੍ਰੀਤ ਲਈ ਤਿੰਨੋ ਜਾਦੂਗਰ ਹੀ ਖੁਸ਼ੀਆਂ ਲੈ ਕੇ ਆਏ ਸਨ ।

Leave a Reply

Your email address will not be published. Required fields are marked *