ਸੂਰਜ ਢੱਲ ਗਿਆ ਗੱਲਾਂ ਗੱਲਾਂ ਵਿੱਚ | sooraj dhal gya gallan gallan vich

ਮੈਨੂੰ ਪੜ੍ਹਾਈ ਪੂਰੀ ਕਰਨ ਉਪਰੰਤ ਸ਼ਹਿਰ ਵਿੱਚ ਨੌਕਰੀ ਮਿਲ ਗਈ। ਮੈ ਪਰਿਵਾਰ ਸਮੇਤ ਸ਼ਹਿਰ ਹੀ ਰਹਿਣ ਲੱਗ ਪਿਆ ,ਜਿਸ ਕਰਕੇ ਮੇਰਾ ਪਿੰਡ ਨਾਲੋ ਮੇਰਾ ਨਾਤਾ ਬਿਲਕੁੱਲ ਹੀ ਟੁੱਟ ਗਿਆ ।ਕੁਝ ਸਾਲਾਂ ਬਾਦ ਮੈਂ ਸਾਰੇ ਪਰਿਵਾਰ ਨਾਲ ਦਸੰਬਰ ਦੀਆਂ ਛੁੱਟੀਆ ਕੱਟਣ ਲਈ ਪਿੰਡ ਆਇਆਂ ।ਇੱਕ ਦਿਨ  ਮੈਂ ਤਿੰਨ ਕੁ ਵਜੇ ਘਰੋਂ ਬਾਹਰ ਟਹਿਲਣ ਚੱਲ ਗਿਆ ,ਉਥੇ ਇੱਕ ਘਰ ਦੇ ਬਾਹਰ ਬਜੁਰਗ ਜੋੜਾ ਬੈਠਾ ਸੀ ।ਮੇਰੀ  ਆਦਤ ਸੀ ਕਿ ਰਾਹ ਵਿੱਚ ਮੈਨੂੰ ਕੋਈ ਬਜੁਰਗ ਮਿਲਦਾ ਤਾਂ ਉਸ ਨੂੰ  “ਹੱਸ ਕੇ”    “ਸਤਿ ਸ੍ਰੀ ਆਕਾਲ ਬਜੁਰਗੋ ” ਕਹਿ ਜਰੂਰ ਬੁਲਾਉਦਾ   ਸੀ।   ਅੱਜ ਵੀ ਜਦ ਮੈਂ ਬਜੁਰਗ ਜੋੜੇ ਨੂੰ ਬੁਲਾ ਅੱਗੇ ਜਾਣ ਲੱਗਾ ਤਾਂ ਉਹਨਾਂ ਮੈਨੂੰ ਕੋਲ ਬੁਲਾ ਪੁੱਛਿਆ   ” ਪੁੱਤਰਾਂ ”  ਕੌਣ ਆ ਪਹਿਚਾਣਿਆ ਨਹੀਂ। ਮੇਰੇ ਦੱਸਣ ਤੇ ਉਹ ਖੁਸ਼ ਹੋ ਕੇ  ਕਹਿੰਦੇ ਪੁੱਤ ਤੇਰਾ ਚਾਚਾ ਲੱਗਦਾ ਮੈਂ , ਤੇਰੇ ਵੱਡਿਆਂ ਨਾਲ ਬਹੁਤ ਸਾਂਝ ਸੀ ਪਹਿਲਾਂ ।ਫਿਰ ਸਮੇਂ ਅਤੇ ਹਾਲਾਤਾਂ ਹੱਥੋਂ ਹਾਰੇ ਪੁੱਤ ਸਭ ਤੋਂ ਦੂਰ ਹੋ ਗਏ।ਉਨ੍ਹਾਂ ਮੈਨੂੰ ਆਪਣੇ  ਕੋਲ ਹੀ ਬਿਠਾ ਲਿਆ ।

ਫਿਰ ਚਾਚੀ ਚਾਹ ਬਣਾ ਕੇ ਲੈ ਆਈ,ਮੇਰੇ ਮਨਾਂ ਕਰਨ ਤੇ ਚਾਚੀ ਮਨ ਜਿਹਾ ਭਰ ਕਹਿੰਦੀ ਪੀ ਲਾ ਪੁੱਤ ਤੇਰੇ ਬਹਾਨੇ ਅਸੀਂ ਵੀ ਪੀ ਲਵਾਂਗੇ ਘੁੱਟ ਚਾਹ ਨਹੀਂ ਤੇ ਹੁਣ ਪੁੱਤ ਭੁੱਖ ਪਿਆਸ ਮੁੱਕੀ ਪਈ  ਆ ।ਮੈਨੂੰ ਬੇਚੈਨੀ ਜਿਹੀ ਹੋਈ ਤਾਂ ਮੈਂ ਪੁੱਛ ਹੀ ਲਿਆ ਕਿ ਐਨੇ ਉਦਾਸ ਕਿਉ ਹੋ?ਚਾਚਾ ਜੀ, ਫਿਰ ਦੱਸਦੇ ਕਿ ਪੁੱਤ ਜਦ ਤੋਂ ਘਰ ਸੁੰਨਾ ਹੋਇਆ ਇਹ ਉਦੋਂ ਤੋਂ ਐਵੇਂ ਕਮਲੀਆਂ  ਮਾਰਦੀ ਰਹਿੰਦੀ । ਹੁਣ ਮੇਰਾ ਮਨ ਜਾਨਣਾ ਚਾਹੁੰਦਾ ਸੀ ਕਿ ਪਿੰਡਾਂ ਦੇ ਖੁੱਲ੍ਹੇ ਮਾਹੌਲ ਵਿਚ ਵੀ ਇਹ ਉਦਾਸ ਤੇ ਬੁਝੇ -ਬੁਝੇ ਕਿਉਂ  ਹਨ ? ਮੈ ਬਹਾਨੇ ਨਾਲ ਕਿਹਾ ਘਰ ਵਿਚ  ਹੋਰ ਕੋਈ ਨੀ ਦਿਖਦਾ,ਕੀ ਗੱਲ ਬੱਚੇ  ਛੁੱਟੀਆ ਕੱਟਣ ਗਏ ਜਾਂ ਘੁੰਮਣ ਫਿਰਨ।ਫਿਰ ਚਾਚਾ ਜੀ ਦੱਸਣ ਲੱਗੇ ਪੁੱਤ ਇਹ ਦਾਤ   ਰੱਬ ਕਿਸਮਤ ਵਾਲਿਆਂ ਨੂੰ ਦਿੰਦਾ ।ਸਾਡੀ ਕਿਸਮਤ ਵਿੱਚ ਤਾਂ ਰੱਬ  ਔਲਾਦ ਦਾ ਸੁੱਖ ਲਿਖਣਾ ਭੁੱਲ ਗਿਆ ਸੀ, ਪੁੱਤ।
ਚਾਚਾ ਦੱਸਦਾ ਕਿ ਵਿਆਹ ਤੋਂ ਕੁਝ ਸਾਲ  ਸਾਡੇ ਕੋਈ ਬੱਚਾ ਨਹੀਂ ਹੋਇਆ ।ਬਹੁਤ ਡਾਕਟਰਾਂ ਨੂੰ ਦਿਖਾਇਆ ਮਹਿੰਗੇ ਮਹਿੰਗੇ ਇਲਾਜ ਕਰਵਾਏ  , ਥਾਂ ਥਾਂ ਤੀਰਥਾਂ ਤੇ ਜਾਂ ਅਰਦਾਸਾਂ ਕੀਤੀਆਂ, ਮੱਥੇ ਰਗੜੇ ਕਿ ਰੱਬਾ ਧੀ ਹੀ ਦੇ ਦੇ ਸਾਡੀ ਲਾਸ਼ ਨੂੰ ਸਾਂਭਣ ਵਾਲੀ ਤਾਂ ਹੋਊ ,ਪਰ  ਉਹਨੇ ਵੀ ਸਾਡੀ ਅਰਦਾਸ ਨਹੀਂ ਸੁਣੀ ,ਪੁੱਤ । ਫਿਰ ਵੀਹ ਵਰ੍ਹੇ ਬਾਦ ਅਸੀਂ ਅਨਾਥ ਆਸ਼ਰਮ ਵਿਚੋਂ ਪੁੱਤ ਗੋਦ ਲੈ ਲਿਆ ।ਉਹਨੂੰ ਪਾਲਿਆ ਤੇ ਉਹ ਹਰ ਸੈਅ ਲੈ ਕੇ ਦਿੱਤੀ ,ਜਿਸ ਤੇ ਵੀ ਉਹਨੇ ਹੱਥ ਧਰਿਆ ।ਅੱਖਾਂ ਭਰਦਾ ਚਾਚਾ ਕਹਿੰਦਾ ਪੁੱਤ ਮੈਂ ਉਹਦਾ ਮਿੰਟ ਦਾ ਵਸਾਹ ਨਾ ਖਾਂਦਾ ਤੇ ਉਹਨੂੰ ਆਪ ਸਕੂਲ ਛੱਡਣ ਜਾਂਦਾ ਸੀ ਮੈਂ ,ਜਦ ਤੱਕ ਛੁੱਟੀ ਨਹੀਂ ਹੁੰਦੀ ਸੀ ਉਥੇ ਬੈਠਾ ਰਹਿਣਾ ਇਕ ਦੁਕਾਨ ਤੇ ,ਜੇ ਉਹਨਾਂ ਚਾਹ ਦੇ ਦੇਣੀ ਤਾਂ ਪੀ ਲੈਣੀ , ਪੁੱਤ  ।ਰੋਜ ਉਥੇ ਬੈਠਦਾ ਸੀ ਤਾਂ ਸ਼ਰਮ ਦੇ ਮਾਰੇ ਮੰਗੀ ਨਹੀਂ ਸੀ ਕਦੇ ।ਸੱਤਵੀ ਜਮਾਤ ਤੱਕ ਮੈ ਉਦੇ ਨਾਲ ਹੀ ਸਕੂਲ ਤੋਂ ਬਾਹਰ ਰਹਿ ਬੈਠਾ ਰਿਹਾ ਕਰਨਾ ।

ਫਿਰ ਉਹ ਕਹਿੰਦਾ ਪਾਪਾ ਮੈ ਵੱਡਾ ਹੋ ਗਿਆ ਹੁਣ ਮੈਂ ਇਕੱਲਾ ਸਕੂਲ ਜਾਇਆ ਕਰੂ। ਹੁਣ ਪਛਤਾਉਦਾ ਹਾਂ ,ਕਿਉ ਮੰਨੀ ਮੈਂ ਉਹਦੀ ਇਹ ,ਕੀ ਪਤਾ ਮੇਰਾ ਪੁੱਤ ਮੇਰੇ ਕੋਲ ਹੁੰਦਾ । ਮੈਂ ਹੁਣ ਚਾਚਾ ਚਾਚੀ ਨਾਲ ਕੀ ਹੋਇਆ ,ਜਾਣੇ ਬਿਨਾਂ ਘਰ ਵਾਪਸ ਨਹੀਂ ਜਾਣਾ ਚਾਹੁੰਦਾ ਸੀ ।ਹੁਣ ਚਾਚੀ ਦੱਸਦੀ ਕਿ ਮੇਰਾ ਪੁੱਤ ਘਰੋਂ ਸਕੂਲ ਤੇ ਸਕੂਲੋਂ ਸਿੱਧਾ ਘਰ ਆਉਂਦਾ ਤੇ ਸਾਰਾ ਸਮਾਂ ਘਰ ਹੀ ਗੁਜਾਰਦਾ ।ਇਵੇਂ ਹੀ ਦੱਸਵੀਂ ਤੱਕ ਦੀ ਪੜ੍ਹਾਈ ਪੂਰੀ ਕਰ ਲੈਂਦਾ ।ਫੇਰ ਜਿੱਦ ਕਰ ਕੇ ਹੋਰ ਸਕੂਲ ਬਦਲ ਲੈਂਦਾ, ਜਿਥੇ ਉਹਦੇ ਦੋਸਤ ਲੱਗੇ ਸੀ ਪੜ੍ਹਨ ।ਉਹਨਾਂ ਦੀ ਮਾੜੀ ਸੰਗਤ ਵਿੱਚ ਪੁੱਤ ਨਸ਼ੇ ਕਰਨ ਲੱਗ ਗਿਆ ,ਸਾਨੂੰ ਪਤਾ ਹੀ ਨੀ ਲੱਗਿਆਂ।
ਹੌਲੀ ਹੌਲੀ ਕਿਤੇ ਜਦ ਉਹ ਖਸਮਾ ਖਾਣਾ  ਚਿੱਟਾ ਖਾਣ ਲੱਗ ਗਿਆ ਤੇ ਦੋਸਤਾਂ ਨਾਲ ਮਿਲ ਚੋਰੀਆਂ  ਕਰਨ ਲੱਗ ਗਿਆ ਤਾਂ ਉਲਾਂਭੇ ਆਉਣ ਤੇ ਪਤਾ ਲੱਗਾ।ਹੁਣ ਉਹਦਾ ਡਰ ਜਾਂਦਾ ਰਿਹਾ ਤੇ ਚੋਰੀ ,ਠੱਗੀ ਨਾਲ ਵੀ  ਕੁਝ ਨਾ ਬਣਦਾ ਤਾਂ, ਪੁੱਤ ਸਾਨੂੰ ਦੋਹਾਂ ਨੂੰ ਕੁੱਟ ਕੇ ਲੈ ਜਾਂਦਾ ਜਿਨ੍ਹੇ ਰੁਪਈਏ ਚਾਹੀਦੇ ਹੁੰਦੇ।ਚਾਚੀ ਦਾ ਗੱਚ ਭਰ ਆਇਆ।
ਹੁਣ ਚਾਚਾ ਬੋਲਦਾ ਫੇਰ ,ਪੁੱਤ ਹੁਣ ਤੇ ਥਾਂ ਥਾਂ ਮੇਰੇ ਸਿਰ ਵਿਚ ਸਵਾਹ ਪਾਉਣ ਲੱਗ ਗਿਆ ਸੀ ਰੋਜ਼ ਵਾਗੂੰ ਮੈਨੂੰ ਬਿਨਾਂ ਗਲਤੀ ਤੋਂ ਪੰਚਾਇਤ ਦੀ ਨਮੋਸ਼ੀ ਸਹਿਣੀ ਪੈਂਦੀ ਸੀ ।ਲੋਕ ਹੱਸਦੇ ਸੀ ਸਾਡੇ ਤੇ ਪਰ ਪੁੱਤ ਕੀ ਪਤਾ ਇਹ ਚੰਦਰੇ ਨਸ਼ੇ ਨੇ ਕੀਹਦੇ ਪੁੱਤ ਨੂੰ ਖਾ ਜਾਣਾ ।

ਪੁੱਤ ਮੈਂ ਅੱਕੇ ਨੇ ਉਹਨੂੰ ਨਸ਼ਾ ਛਡਾਉਣ ਵਾਲੇ ਸੈਟਰ ਵਿਚ ਜਮ੍ਹਾਂ ਕਰਾ ਦਿੱਤਾ  ।ਮੇਰੇ ਲਈ ਮੇਰਾ ਪੁੱਤ ਜਰੂਰੀ ਸੀ ਮੈ ਕੀ ਕਰਨੀ ਸੀ ਇਹ ਜ਼ਮੀਨ ਜਾਇਦਾਦ । ਮੈਂ ਲੱਖਾਂ ਰੁਪਏ ਖਰਚਤੇ ਇਨ੍ਹਾਂ ਸੈਟਰਾ ਵਿਚ ,ਪਰ ਉਹਦਾ ਨਸ਼ਾ ਤੇ ਘੱਟਣ ਦੀ ਥਾਂ ਵੱਧਦਾ ਹੀ ਜਾਂਦਾ ਸੀ ।ਹੁਣ ਸਾਲ ਬਾਦ ਅਸੀਂ ਉਹਨੂੰ ਘਰ ਲੈ ਆਏ ।ਮੈਂ ਹਰ ਸਮੇਂ ਇਕ ਸਾਏ ਵਾਂਗ ਉਦੇ  ਨਾਲ ਰਹਿੰਦਾ, ਜਿਥੇ ਵੀ ਜਾਣਾ ਇਕੱਠੇ ਹੀ ਜਾਣਾ ।ਫਿਰ ਕੁਝ ਫਰਕ ਲੱਗਾ ਉਹਦਾ ,ਵੀ ਸਾਇਦ ਹੁਣ ਉਹ ਨਸ਼ਾ ਛੱਡ ਗਿਆ ।ਉਸ ਲਈ ਰਿਸ਼ਤਾ ਆਇਆ ਤੇ ਅਸੀਂ ਉਹਦਾ ਵਿਆਹ ਕਰ ਦਿੱਤਾ।ਹੁਣ ਪਤਾ ਨੀ ਇਹ ਵੀ ਭੁੱਲ ਸੀ ਜਾ ਗਲਤੀ ।ਭੁੱਲ ਪੁੱਤ ਅਣਜਾਣੇ ਵਿਚ ਹੋਈ ਵੀ ਮੈਂ ਸਦਾ ਨਾਲ ਰਹਿੰਦਾ ਸੀ ਇਕ ਪਲ ਵੀ ਅੱਖੋ ਉਹਲੇ ਨਹੀਂ ਸੀ  ਹੋਣ ਦਿੰਦਾ, ਵੀ ਉਹ ਛੱਡ ਗਿਆ ਨਸ਼ਾ।ਗਲਤੀ ਇਸ ਲਈ ਵੀ ਉਹ ਧੀ ਵੀ ਰੁਲ ਗਈ  ਮੇਰੇ ਪੁੱਤ ਕਰਕੇ।
ਵਿਆਹ ਤੋਂ ਬਾਦ ਪੁੱਤ ਉਹ ਨੂੰਹ ਬਹਾਨੇ ਪੈਸੇ ਮੰਗਦਾ ।ਹੁਣ ਉਹਨੂੰ ਖੱਲ੍ਹ ਮਿਲ ਗਈ ਸੀ ਤੇ ਉਹ ਮੇਰੀ ਕੈਦ ਚੋ ਵੀ ਤਾਂ ਰਿਹਾ ਹੋ ਗਿਆ ਸੀ ।ਸਹੁਰੇ ਜਾਣ  ਜਾਂ ਨੂੰਹ ਨੂੰ ਬਜ਼ਾਰ  ਲਿਜਾਣ ਬਹਾਨੇ ਮੋਟੀ ਰਕਮ ਲੈਣੀ । ਹੁਣ ਰੁਪਏ ਪੈਸੇ ਦੀ ਖੁੱਲ੍ਹ ਵਿਚ ਉਹ ਫੇਰ ਨਸ਼ਾ ਕਰਨ ਲੱਗ ਗਿਆ ।ਹੁਣ ਤਾਂ ਘਰ ਦਾ ਸਮਾਨ ਵੀ ਵੇਚਣ ਲੱਗ ਗਿਆ ਸੀ ।ਇਕ ਸਵੇਰ ਉਹਨੂੰ ਫੋਨ ਆਇਆ ਮੇਰੇ ਪੁੱਛਣ ਤੇ ਕਹਿੰਦਾ ਦੋਸਤ ਦਾ ਏ ।ਉਸ ਦਿਨ ਤੇਰੀ ਚਾਚੀ ਕਿਤੇ ਵਾਡੇ ਗਈ ਸੀ ।ਮੇਰੇ ਤੋਂ ਪੰਜ ਹਜ਼ਾਰ ਮੰਗਿਆ ਮੈ ਨਹੀਂ ਦਿੱਤਾ ਤਾਂ ਮੈਨੂੰ ਕੁੱਟਣ ਲੱਗਾ,ਤਾਂ ਨੂੰਹ ਨੇ ਹਜ਼ਾਰ ਕੁ ਦੇ ਕੇ ਮੈਨੂੰ ਛੁਡਾਇਆ, ਉਸ ਹੱਥੋਂ ਕੁੱਟ ਖਾਂਦੇ ਨੂੰ।ਉਸ ਦਿਨ  ਪੱਕੀ ਰੋਟੀ ਵੀ ਕਿਸੇ ਨਹੀਂ ਖਾਧੀ, ਇਦਾਂ ਪਹਿਲਾਂ ਵੀ  ਬਹੁਤ ਵਾਰ ਹੁੰਦਾ ਸੀ ।ਫੇਰ ਮੁੰਡੇ ਦਾ ਫੋਨ ਆਉਂਦਾ ਉਹਦੇ ਨਾਲ ਮੋਟਰਸਾਈਕਲ ਤੇ ਚੱਲ ਜਾਂਦਾ ।ਕੌਣ ਸੀ ਉਹ ਮੁੰਡਾ ,ਕਿਥੇ ਗਏ,ਕਿਸੇ ਨੂੰ ਕੁਝ ਨਹੀਂ ਪਤਾ । ਪਰ ਦੋ ਕੁ ਘੰਟੇ ਬਾਦ ਇਕ ਫੋਨ ਆਇਆ ਜਿਸ ਨੇ ਸਾਡੇ ਹੋਸ਼ ਉਡਾ ਦਿੱਤੇ । ਉਸ ਦਿਨ ਸਾਡੇ ਘਰ ਦਾ ਚੰਨ ਸਦਾ ਲਈ ਛੁਪ ਗਿਆ ।ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਆਪਣੀ ਕਾਰਵਾਈ ਕਰ ਅਗਲੇ ਦਿਨ ਲਾਸ਼ ਦਿੱਤੀ । ਉਹ ਤੇ ਆਖਰੀ ਵਾਰ ਮੂੰਹ ਵੇਖਣਾ ਵੀ ਨਸੀਬ ਨਹੀਂ ਹੋਇਆ , ਕਹਿੰਦੇ ਉਹਦਾ ਸਾਰਾ ਸਰੀਰ ਹੀ  ਨਸ਼ੇ ਦੀ ਓਵਰਡੋਜ਼ ਕਰਕੇ ਫਟ ਗਿਆ ਸੀ।ਮੈਂ ਆਪਣੇ ਹੱਥੀਂ ਪੁੱਤ ਦੀ ਦੇਹ ਨੂੰ  ਲਾਂਬੂ ਲਾਇਆ ।ਉਸ ਦਿਨ ਕੱਖੋਂ ਹੌਲਾ ਹੋ ਗਿਆ ਸੀ ਮੈਂ। ਜਿੱਦ ਕਰ ਅਸੀਂ ਨੂੰਹ ਨੂੰ ਭੋਗ ਤੱਕ ਆਪਣੇ ਕੋਲ ਰੱਖਿਆ ,ਭੋਗ ਤੋਂ ਬਾਦ ਨੂੰਹ ਨੂੰ  ਉਹਦੇ ਪੇਕੇ ਲੈ ਗਏ । ਫਿਰ ਕੀ ਕਹਿ ਰੋਕਦੇ ਅਸੀਂ ਤੇ ਆਪਣੇ ਪੁੱਤ ਨੂੰ ਵੀ ਗਵਾ ਲਿਆ ਤੇ ਉਸ ਮਲੂਕ ਜਿੰਦ ਦਾ  ਸਰਾਪ ਵੀ  ਲੈ ਲਿਆ ਜੋ ਭਰ ਜਵਾਨੀ ਵਿਧਵਾ ਹੋ ,ਸਾਰੇ ਰੰਗਾਂ ਤੋਂ ਬੇਮੁੱਖ ਹੋ ਗਈ ਸੀ। ਅਜੇ ਤੇ ਛੇ ਮਹੀਨੇ ਹੋਏ ਸੀ ਵਿਆਹ ਨੂੰ ਉਹਦੀ ਤੇ ਸ਼ਗਨਾਂ ਦੀ ਮਹਿੰਦੀ ਤੇ ਚੂੜਾ ਵੀ ਨਹੀਂ ਉਤਰਿਆ ਸੀ।ਫਿਰ ਉਹਦਾ ਝੋਰਾ ਵੀ ਖਾਂਂਦਾ ਕੀ ਦੇਖਿਆ ਸੀ ਅਜੇ ਜਵਾਕੜੀ ਨੇ ।ਇਹ ਕਹਿੰਦੇ ਹੋਏ ਦੋਹਾਂ ਦੀਆਂ ਅੱਖਾਂ ਵਿਚੋਂ ਵਹਿੰਦੇ ਹੰਝੂਆਂ ਨੂੰ ਵੇਖ ਮੇਰਾ ਮਨ ਭਰ ਆਇਆ ।ਕੁਝ ਰੁਕ ਚਾਚਾ ਫਿਰ ਬੋਲਿਆਂ,ਉਸ ਦਿਨ ਤੋਂ ਬਾਦ ਅਸੀਂ ਘਰ ਵਿਚ ਦੋਵੇਂ ਰਹਿੰਦੇ ਹਾਂ ਰੋਜ਼ ਤੇਰੀ ਚਾਚੀ ਉਹਦੇ ਕਮਰੇ ਵਿਚ ਜਾਕੇ ਉਹਦੀ ਤਸਵੀਰ   ਨਾਲ ਗੱਲਾਂ ਕਰਦੀ ਰਹਿੰਦੀ ,ਕਦੇ ਉਹਦੇ ਕੱਪੜੇ ਠੀਕ ਕਰਦੀ ਆ । ਉਦੋਂ ਪੁੱਤ ਪੱਕੀ ਰੋਟੀ ਕਲੇਸ਼ ਕਰਕੇ ਨਹੀਂ ਖਾਂਦੇ ਸੀ ਤੇ ਹੁਣ ਉਹਦੇ ਬਿਨਾਂ ਰੋਟੀ ਬਣਾਉਣ ਦਾ ਦਿਲ ਨਹੀਂ ਕਰਦਾ । ਇਦਾਂ ਸੂਰਜ ਢੱਲ ਗਿਆ ਗੱਲਾਂ ਹੀ ਗੱਲਾਂ ਵਿਚ ।ਮੈੰ  ਇਜਾਜ਼ਤ ਲੈ ਘਰ ਆ ਗਿਆ ਪਰ ਮੇਰਾ ਦਿਲ ਦਿਮਾਗ਼ ਅਜੇ ਵੀ ਉਥੇ ਹੀ ਸੀ ।ਫਿਰ ਮੈਨੂੰ ਵਜੀਦ ਜੀ ਦਾ “ਸਲੋਕ” ਯਾਦ ਆਇਆ

ਇਕਨਾ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ ,
ਇਕਨਾਂ ਦੇ ਘਰ ਧੀਆਂ, ਧੀਆਂ ਘਰ ਦੋਹਤਰੇ,
ਇਕਨਾਂ ਦੇ ਘਰ ਇਕ ਹੀ, ਜੰਮ ਕੇ ਜਾਏ ਮਰ,
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ।

ਸੱਚੀ ਜਿਨ੍ਹਾਂ ਨੂੰ ਇੱਕ ਦੇ ਕੇ ਵੀ ਉਸ ਸਾਹਿਬ ਨੇ ਖੋਹ ਲਿਆ ਹੋਵੇ ਉਹ ਮਾਪੇ ਕਿਦਾਂ ਦਿਨ ਕੱਟਦੇ ਆ ।ਪਰ ਉਸ ਡਾਹਡੇ ਅੱਗੇ ਕਿਸ ਦਾ ਜੋਰ ਚੱਲਦਾ ਕੌਣ ਜੋ ਉਸ ਨੂੰ ਆਖੇ ਵੀ ਇਦਾਂ ਨਾ ਇਦਾਂ  ਕਰ।
ਸਾਰੀ ਰਾਤ ਮੈਂ ਬੇਚੈਨੀ ਵਿਚ ਕੱਟੀ ।  ਇਹ ਹਾਲਾਤ  ਸਾਡੇ ਪੰਜਾਬ ਦੇ ਘਰ ਘਰ ਦੀ  ਤਰਾਸਦੀ ਹੈ ਪਤਾ ਨਹੀਂ ਕਿੰਨੇ ਕੁ ਮਾਂ ਬਾਪ ਆਪਣੇ ਪੁੱਤਰਾਂ ਨੂੰ ਯਾਦ ਕਰ ,ਚਾਚਾ ਚਾਚੀ ਵਾਂਗ ਦਿਨ ਕੱਟ ਰਹੇ ਹੋਣਗੇ ।

Leave a Reply

Your email address will not be published. Required fields are marked *