ਗਿਰਝਾਂ | girzan

ਨੇਕ ਸਿੰਹਾਂ, ਤੂੰ ਵੀ ਅੜੀ ਛੱਡਦੇ। ਆਹ ਕਰਮੋਂ ਕਾ ਜੱਦੀ ਪੁਸ਼ਤੀ ਕੰਮ ਆ ,ਕਿੰਨੀ ਕੁ ਕਮਾਈ ਕਰ ਲਈ ਭਲਾ, ਉਨ੍ਹਾਂ ਨੇ, ਇਸ ਕੰਮ ‘ਚੋਂ।ਸਾਰਾ ਦਿਨ ਮਰੇ ਪਸ਼ੂਆਂ ਦੀਆਂ ਖੱਲਾਂ ਲਾਉਣੀਆਂ ਕੋਈ ਸੁਖਾਲਾ ਕੰਮ ਆ।
ਤੂੰ ਐਵੇਂ ਵਾਲਾ ਹਮਾਇਤੀਆਂ ਨਾ ਬਣ,
ਆਹ ਮੂੰਹ ਖੋਰ ਦੀ ਬਿਮਾਰੀ ਨੇ ਪਿੰਡ ਦੇ ਕਿੰਨੇ ਪਸ਼ੂ ਮਾਰ ‘ਤੇ,ਉੱਤੋਂ ਆ ਕਰਮੇ ਦਾ ਮੁੰਡਾ ਨੇਕ ਪਸ਼ੂ ਚੁੱਕਣ ਦਾ ਪੰਜ ਸੌ ਮੰਗਦਾ।ਨਾਲੇ ਖੱਲਾਂ ਦੀ ਕਮਾਈ ‘ਤੇ ਨਾਲੇ ਘਰੋਂ ਮਰਿਆ ਪਸ਼ੂ ਚੁੱਕਣ ਦੇ ਅਲੱਗ ਪੈਸੇ।ਇਹ ਕਿਧਰਲੀ ਗੱਲ ਭਲਾ।ਅਸੀਂ ਤਾਂ ਹਿਸਾਬ ਲੈਣਾ, ਪੰਚੈਤ ਨੂੰ ਠੇਕਾ ਭਰਿਆ ਕਰੇ।ਪਿੰਡੋਂ ਬਾਹਰ ਹੱਡਾਰੋੜੀ ਦਾ ਮਸਲਾ ਪੰਚਾਇਤ ਤਕ ਅੱਪੜ ਗਿਆ ਸੀ।ਕੁਝ ਨੇਕ ਦੇ ਹਮਾਇਤੀ ਸੀ ‘ਤੇ ਕੁਝ ਵਿਰੋਧੀ।
ਨੇਕ ਪੰਚਾਇਤ ਵਿੱਚ ਬੈਠਾ ਚੁੱਪ ਚਾਪ ਸਭ ਸੁਣੀ ਜਾ ਰਿਹਾ ਸੀ।
ਉਏ ਨੇਕ ਸਿੰਹਾਂ, ਤੈਨੂੰ ਇੱਕ ਮਰੇ ਪਸ਼ੂ ਦਾ ਪੰਜ ਸੌ ਤਾਂ ਦੇ ਦਿਆ ਕਰਾਂਗੇ ,ਪਰ ਤੈਨੂੰ ਮਹੀਨੇ ਬਾਅਦ ਪਿੰਡ ਵਿੱਚ ਕਿੰਨੇ ਪਸ਼ੂ ਮਰੇ,ਕਿੰਨੀਆਂ ਖੱਲਾਂ ਲਈਆਂ, ਕਿੰਨੀ ਕਮਾਈ ਹੋਈ। ਸਾਨੂੰ ਆ ਕੇ ਹਿਸਾਬ ਦੇਣਾ ਪਿਆ ਕਰਨਾ ।ਦੂਜੀ ਧਿਰ ਤੋਂ ਕੜਕਵੀਂ ਜਿਹੀ ਆਵਾਜ਼ ਆਈ।
ਉਏ ਕਾਹਦੀਆਂ ਕਮਾਈਆਂ।
ਜਾ ਵੇਖ ਲਓ ਜਾ ਕੇ, ਕਿਹੜੀ ਨੇਕ ਨੇ ਤਿੰਨ ਮੰਜ਼ਿਲੀ ਕੋਠੀ ਪਾ ਲਈ ‘ਤੇ ਮੁੰਡਾ ਕਨੇਡੇ ਤੋਰਦਾ।ਉਏ ਸਾਰਾ ਦਿਨ ਮੁਸ਼ਕ ਨ੍ਹੀਂ ਜਾਂਦਾ ਹੱਥਾਂ ਵਿੱਚੋਂ ਮਰਿਆਂ ਪਸ਼ੂਆਂ ਦਾ,ਆ ਨੇਕ ਦਾ ਇੱਕ ਮੁੰਡਾ ਹਾਲੇ ਪੜ੍ਹਦਾ ‘ਤੇ ਦੂਜਾ ਔਖੇ ਸੌਖੇ ਦੁਬਈ ਚਲਾ ਗਿਆ।ਹੋਰ ਦੱਸੋ ਇਨ੍ਹਾਂ ਕੋਲ ਕੀ ਆ।ਨਾਲੇ ਨੰਬਰਦਾਰ ਸਾਬ ,ਜਿਹੜੀ ਤੁਸੀਂ ਕਮਾਈਆਂ ਦੀ ਗੱਲਾਂ ਕਰਦੇ ਹੋ ਨਾ,ਇਹ ਤਾਂ ਇਨ੍ਹਾਂ ਗ਼ਰੀਬ ਲੋਕਾਂ ਦਾ ਹੱਕ ਆ।ਤੇਰੇ ਵੱਡੇ ਮੁੰਡੇ ਨੇ ਸ਼ਰਾਬ ਪੀ ਪੀ ਪੰਜ ਕਿੱਲੇ ਉਡਾ ‘ਤੇ ਸ਼ਰਾਬ ਵਿਚ ‘ਤੇ ਅਖੀਰ ਲਿਵਰ ਗਾਲ ਲਿਆ।
‘ਤੇ ਹੁਣ ਨੰਬਰਦਾਰਾਂ ਆ ਗ਼ਰੀਬ ਲੋਕਾਂ ਦੀ ਕਮਾਈ ਨਾਲ ਘਰ ਤਾਂ ਪੂਰੇ ਹੋਣੇ ਨੀਂ।
ਭਾਈ ਐਵੇਂ ਆਪਸੀ ਭਾਈਚਾਰਾ ਖ਼ਰਾਬ ਨਾ ਕਰੋ ।ਜਿਹੜੀ ਵੀ ਗੱਲ ਕਰਨੀ ਆਂ ਠਰ੍ਹਮੇ ਨਾਲ ਕਰੋ। ਇਕੱਠ ਵਿੱਚੋਂ ਫਿਰ ਇੱਕ ਆਵਾਜ਼ ਆਈ।
ਦੱਸ ਬਈ ਨੇਕ ਸਿੰਹਾਂ, ਤੇਰਾ ਕੀ ਕਹਿਣਾ, ਅਖੀਰ ਸਰਪੰਚ ਨੇ ਨੇਕ ਨੂੰ ਕਿਹਾ।
ਸਰਪੰਚ ਸਾਬ ਸਾਡੇ ਦਾਦੇ ਪੜਦਾਦੇ ਵੀ ਮਰੇ ਪਸ਼ੂ ਚੁੱਕਣ ਦਾ ਹੀ ਕੰਮ ਕਰਦੇ ਸੀ ‘ਤੇ ਇਸ ਤੋਂ ਬਾਅਦ ਇਹ ਕੰਮ ਮੈਂ ਕਰਨ ਲੱਗ ਪਿਆ।ਪਿੰਡ ‘ਚ ਜਦੋਂ ਕਿਸੇ ਦਾ ਪਸ਼ੂ ਮਰ ਜਾਂਦਾ ਤਾਂ, ਅਗਲਾ ਇਕ ਘੰਟਾ ਪਸ਼ੂ ਘਰੇ ਨ੍ਹੀਂ ਰੱਖਦਾ।ਆਖਦੇ ਮੁਸ਼ਕ ਮਾਰਨ ਲੱਗ ਜੂ ਘਰ ਵਿੱਚੋਂ।ਸਮੇਂ ਦੇ ਨਾਲ ਸਭ ਕੁਝ ਬਦਲ ਗਿਆ ਸਰਪੰਚ ਸਾਬ।ਹੁਣ ਭਲਾ ਚਮੜੇ ਤੋਂ ਬਣੀਆਂ ਕਿੰਨੀਆਂ ਕੁ ਜੁੱਤੀਆਂ ਪਾਉਂਦੇ ਨੇ ਲੋਕ ਪੈਰਾਂ ਵਿੱਚ।
ਐਵੇਂ ਗ਼ਰੀਬ ਲੋਕਾਂ ‘ਤੇ ਧੱਕੇ ਨਾਲ ਮੋਹਰ ਲਾਈ ਪਈ ਆ, ਬਈ ਨੌਕਰੀਆਂ ਲੈ ਜਾਂਦੇ ਆ।ਸਰਪੰਚ ਸਾਬ ਸਾਡੇ ਜੁਆਕ ਪੜ੍ਹਾਈਆਂ ਕਰਨ ਸਮੇਂ ਤਾਂ ਦਿਹਾੜੀਆਂ ਕਰਨ ਲੱਗ ਜਾਂਦੇ ਆ।ਗ਼ਰੀਬ ਨੂੰ ਤਾਂ ਦੋ ਟਾਈਮ ਦੀ ਰੋਟੀ ਹੀ ਸਾਹ ਨਹੀਂ ਲੈਣ ਦਿੰਦੀ।
ਬਾਕੀ ਸਰਪੰਚ ਸਾਬ੍ਹ ਤੁਸੀਂ ਇਸ ਤਰ੍ਹਾਂ ਕਰੋ।ਅਸੀਂ ਵੀ ਕਿੰਨਾ ਕੁ ਚਿਰ ਗੰਦ ਵਿੱਚ ਹੱਥ ਮਾਰੀ ਜਾਈਏ।ਆਹ ਹੱਡਾ ਰੋੜੀ ਦਾ ਠੇਕਾ ਤੁਸੀਂ ਜੀਹਨੂੰ ਮਰਜ਼ੀ ਦੇ ਦਿਓ।
ਏਨੀ ਗੱਲ ਸੁਣ ਨੰਬਰਦਾਰ ਮੁੱਛਾਂ ਨੂੰ ਤਾਅ ਦੇਣ ਲੱਗਿਆ।ਵਿਰੋਧੀ ਧਿਰ ਆਪਣੀ ਜ਼ਿੱਦ ਪੁਗਾਉਣ ਵਿਚ ਕਾਮਯਾਬ ਹੋਣ ਲੱਗੀ।
ਪਰ ਸਰਪੰਚ ਸਾਬ੍ਹ ਇਕ ਸ਼ਰਤ ਆ ।
ਆ ਜਿਹੜੀ ਹੁਣ ਤਕ ਪੰਚਾਇਤੀ ਜ਼ਮੀਨ, ਥੋਡੇ ਲੋਕਾਂ ਨੇ ਵਾਹੀ ਆ, ਉਹ ਹੁਣ ਸਾਨੂੰ ਠੇਕੇ ‘ਤੇ ਦੇ ਦਿਓ।ਹਿਸਾਬ ਕਿਤਾਬ ਭਲਾ ਰੋਜ਼ ਕਰ ਲਿਆ ਕਰੋ।
ਸਾਰੇ ਨੇਕ ਦੇ ਮੂੰਹ ਵੱਲ ਵੇਖਣ ਲੱਗੇ।ਹੌਲੀ ਹੌਲੀ ਪੰਚੈਤ, ਬਿਨਾਂ ਫ਼ੈਸਲੇ ਤੋਂ ਖਿੰਡਣ ਲੱਗੀ।ਜੋਗੇ ਨੇ ਆਸਮਾਨ ਵੱਲ ਨਜ਼ਰ ਮਾਰੀ।ਅੱਜ ਤਾਂ ਕੋਈ ਮਰਿਆ ਪਸ਼ੂ ਵੀ ਹੱਡਾ ਰੋੜੀ ‘ਚ ਨਹੀਂ ਸੁੱਟਿਆ।ਲੱਗਦਾ ਗਿਰਝਾਂ ਦਾ ਝੁੰਡ ਭੁੱਖਾ ਹੀ ਉੱਡ ਗਿਆ।
ਕੁਲਵੰਤ ਘੋਲੀਆ
95172-90006

Leave a Reply

Your email address will not be published. Required fields are marked *