ਹਾਦਸਾ | haadsa

ਗੱਲ ਵੀਹ ਮਾਰਚ ਵੀਹ ਸੌ ਵੀਹ ਦੀ ਹੈ। ਅਜੇ ਕਰੋਨਾ ਦੇ ਆਉਣ ਦੀ ਘੁਸਰ ਮੁਸਰ ਸ਼ੁਰੂ ਹੀ ਹੋਈ ਸੀ। ਸਭ ਕਾਰੋਬਾਰ ਧੰਦੇ ਉਸ ਤਰ੍ਹਾਂ ਹੀ ਚੱਲ ਰਹੇ ਸਨ। ਅਸੀਂ ਵਿਸ਼ਕੀ ਨੂੰ ਅਕਸ਼ਰ ਪਾਰਕ ਘੁੰਮਾਉਣ ਲੈ ਜਾਂਦੇ ਸੀ। ਉਸ ਦਿਨ ਅਸੀਂ ਪਾਰਕ ਨਾ ਜ਼ਾਕੇ ਮੇਨ ਸੜਕ ਤੇ ਹੀ ਉਸਨੂੰ ਘੁੰਮਾਉਣ ਦਾ ਫੈਸਲਾ ਕੀਤਾ। ਹਾਲਾਂਕਿ ਸਾਡੇ ਸਾਥੀ ਸੀ ਏ ਕ੍ਰਿਸ਼ਨ ਅਗਰਵਾਲ ਤੇ ਉਸਦੀ ਪਤਨੀ ਹਰਿਤਾ ਅਗਰਵਾਲ ਮਰਫ਼ੀ ਵਾਲੇ, ਸ੍ਰੀ ਆਤਮਾ ਰਾਮ ਸੇਵਾ ਮੁਕਤ ਖਜ਼ਾਨਾ ਅਫਸਰ ਬਰੂਨੋ ਵਾਲੇ, ਈ ਟੀਂ ਓੰ ਸਾਹਿਬ ਬੈਨ ਵਾਲੇ, ਸਭ ਪਾਰਕ ਪਹੁੰਚੇ ਹੋਏ ਸਨ। ਪਰ ਸਾਨੂੰ ਬੱਚਿਆਂ ਵੱਲੋਂ ਪਾਰਕ ਨਾ ਜਾਣ ਦੀ ਸਖਤ ਹਦਾਇਤ ਸੀ। ਸੜਕ ਦੇ ਕਿਨਾਰੇ ਹੀ #ਵਿਸ਼ਕੀ ਨੇ ਆਪਣਾ ਕੰਮ ਨਿਬੇੜ ਲਿਆ। ਅਸੀਂ ਵਾਪਿਸ ਮੁੜਨ ਹੀ ਲੱਗੇ ਸੀ ਨਾਲੇ ਸੋਚਿਆ ਚੌਹਾਨ ਕੋਲੋ ਰੋਜ਼ ਦੀ ਤਰਾਂ ਨਾਰੀਅਲ ਪਾਣੀ ਪੀਵਾਂਗੇ। ਮੈਨੂੰ ਦੋ ਜੁਆਕ ਸੜਕ ਦੇ ਪਰਲੇ ਪਾਸੇ ਆਪਣੇ ਸਾਈਕਲਾਂ ਤੇ ਜਾਂਦੇ ਨਜ਼ਰ ਆਏ। ਓਹਨਾ ਕੋਲ ਛੋਟੇ ਸਾਈਕਲ ਸਨ। ਮੇਰਾ ਦਿਲ ਸਾਈਕਲ ਚਲਾਉਣ ਨੂੰ ਕੀਤਾ ਤੇ ਮੈਂ ਦੂਰੋਂ ਹੀ ਓਹਨਾ ਨੂੰ ਆਵਾਜ਼ ਮਾਰ ਲਈ। ਪਹਿਲਾਂ ਤਾਂ ਉਹਨਾਂ ਨੇ ਮੇਰੀ ਆਵਾਜ਼ ਨੂੰ ਅਣ ਸੁਣਿਆ ਕਰ ਦਿੱਤਾ। ਫਿਰ ਸੰਸਕਾਰਾਂ ਵਿਚ ਬੰਨੇ ਉਹ ਦੋਨੇ ਸਾਡੇ ਕੋਲ ਆ ਗਏ। ਮੈਂ ਸਾਈਕਲ ਬਾਰੇ ਗੱਲ ਕੀਤੀ। ਕਹਿੰਦੇ ਐਂਕਲ ਬਾਰਾਂ ਬਾਈ ਨੇੜੇ ਹੀ ਦੁਕਾਨ ਹੈ ਓਥੋਂ ਮਿਲ ਜਾਵੇਗਾ। ਜਦੋਂ ਮੈਂ ਸਾਈਕਲ ਚਲਾ ਕੇ ਵੇਖਣ ਦਾ ਆਖਿਆ ਤਾਂ ਉਹ ਮੈਨੂੰ ਆਪਣਾ ਸਾਈਕਲ ਦੇਣਾ ਮੰਨ ਗਏ। ਪਰ ਓਹ ਲੇਡੀ ਸਾਈਕਲ ਨਹੀਂ ਸੀ ਮੇਰੀ ਲੱਤ ਉਪਰ ਨਹੀਂ ਸੀ ਜਾਂਦੀ। ਮੈਂ ਉਹ ਸਾਈਕਲ ਵਾਪਿਸ ਕਰ ਦਿੱਤਾ। ਦੂਸਰਾ ਲੇਡੀ ਸਾਈਕਲ ਸੀ ਮੈਂ ਉਹ ਪਕੜ ਲਿਆ ਤੇ ਫੁੱਟ ਪਾਥ ਦਾ ਸਹਾਰਾ ਲੈ ਕੇ ਉਸ ਉਪਰ ਬੈਠ ਗਿਆ। ਵਿਸ਼ਕੀ ਮੈਨੂੰ ਖੂਬ ਭੋਂਕਿਆ। ਸ਼ਾਇਦ ਉਸਨੂੰ ਕਿਸੇ ਅਣਹੋਣੀ ਦਾ ਅਹਿਸਾਸ ਹੋ ਗਿਆ ਸੀ। ਉਹ ਮੈਨੂੰ ਸਾਈਕਲ ਚਲਾਉਣ ਤੋਂ ਵਰਜਦਾ ਸੀ। ਪਰ ਮੈਂ ਉਸ ਦੀ ਇੱਕ ਨਾ ਸੁਣੀ। ਫਿਰ ਉਹ ਉਹਨਾਂ ਮੁੰਡਿਆ ਤੇ ਜੋਰ ਨਾਲ ਭੌਂਕਣ ਲੱਗਿਆ। ਮੁੰਡੇ ਵਿਸ਼ਕੀ ਤੋਂ ਡਰ ਗਏ। ਵੈਸੇ ਮੁੰਡਿਆ ਨੂੰ ਆਪਣਾ ਡਰ ਵੀ ਸੀ ਕਿ ਅੰਕਲ ਸਾਈਕਲ ਖੋਹ ਕੇ ਭੱਜ ਹੀ ਨਾ ਜਾਣ। ਖੈਰ ਸਹਾਰਾ ਜਿਹਾ ਲੈ ਕੇ ਮੈਂ ਪੈਡਲ ਮਾਰਨ ਦੀ ਕੋਸ਼ਿਸ਼ ਹੀ ਕੀਤੀ ਸੀ ਕਿ ਮੈਂ ਸਾਈਕਲ ਸਮੇਤ ਫੁੱਟ ਪਾਥ ਦੇ ਕਿਨਾਰੇ ਤੇ ਡਿੱਗ ਪਿਆ। ਇੰਨੀ ਜ਼ੋਰ ਦੀ ਅਵਾਜ ਆਈ ਜਿਵੇ ਮੇਰੀ ਖੋਪੜੀ ਪਾੜ ਗਈ ਹੋਵੇ। ਮੇਰਾ ਦਿਮਾਗ ਸੁੰਨ ਹੋ ਗਿਆ। ਮੇਰੀ ਐਨਕ ਟੁੱਟ ਗਈ। ਮੈਨੂੰ ਨੇੜੇ ਖੜੇ ਰਿਕਸ਼ੇ ਵਾਲਿਆਂ ਨੇ ਫੜ੍ਹ ਕੇ ਖੜਾ ਕੀਤਾ। ਮੈਂ ਚੈਕ ਕੀਤਾ ਮੈਨੂੰ ਦੋਹਾਂ ਅੱਖਾਂ ਵਿਚੋਂ ਨਜ਼ਰ ਆ ਰਿਹਾ ਸੀ। ਦਿਮਾਗ ਨੂੰ ਵਰਤਿਆ ਉਹ ਵੀ ਠੀਕ ਹੀ ਲੱਗਿਆ। ਮੇਰਾ ਚੇਹਰਾ ਖੂਨ ਨਾਲ ਭਰ ਗਿਆ। ਮੈਂ ਹੱਥ ਲਾਕੇ ਵੇਖਿਆ ਮੇਰੀ ਖੋਪੜੀ ਵੀ ਸਬੁਤ ਸੀ। ਪਰ ਅੱਖ ਦੇ ਉਪਰ ਵਾਲਾ ਮਾਸ ਬੁਰੀ ਤਰਾਂ ਪਾਟ ਗਿਆ ਸੀ। ਕਿਸੇ ਨੇ ਰੁਮਾਲ ਦਿੱਤਾ ਗਿੱਲਾ ਕਰਕੇ ਮੈਂ ਜਖਮ ਉੱਤੇ ਰੱਖ ਲਿਆ। ਮੈਂ ਤੁਰਕੇ ਚੌਹਾਨ ਦੀ ਫਰੂਟ ਦੀ ਦੁਕਾਨ ਤੇ ਆ ਗਿਆ। ਮੈਂ ਮੰਗਕੇ ਪਾਣੀ ਪੀਤਾ।ਉਹ ਬੇਟੇ ਨੂੰ ਬੁਲਾ ਲਿਆਏ। ਅਸੀਂ ਵਿਸ਼ਕੀ ਨੂੰ ਘਰੇ ਛੱਡ ਕੇ ਹਸਪਤਾਲ ਨੂੰ ਚਲੇ ਗਏ। ਨੇੜੇ ਕੋਈ ਫਸਟ ਏਡ ਵਾਲਾ ਡਾਕਟਰ ਨਹੀਂ ਸੀ ਇਸ ਲਈ ਅਸੀਂ ਸਿੱਧੇ ਮੈਟਰੋ ਹਸਪਤਾਲ ਨੂੰ ਚੱਲ ਪਏ। ਸਾਡੀ ਰੋਜ਼ਾਨਾ ਦੀ ਸੈਰ ਦੀ ਸਾਥੀ ਡਾਇਰੈਟਕਟਰ ਲੇਡੀ ਤਰਸ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ। ਮੈਟਰੋ ਵਾਲਿਆਂ ਨੇ ਕਾਗਜ਼ੀ ਕਾਰਵਾਈ ਵਿਚ ਅੱਧਾ ਘੰਟਾ ਲਗਾ ਦਿੱਤਾ। ਫਿਰ ਓੰ ਟੀਂ ਵਿਚ ਲਿਜਾ ਕੇ ਸੱਤ ਟਾਂਕੇ ਲਗਾ ਕੇ ਸਾਨੂੰ ਫਾਰਿਗ ਕਰ ਦਿੱਤਾ। ਮੇਰੇ ਗੱਟ ਤੇ ਵੱਜੀ ਸੱਟ ਵੀ ਦਰਦ ਕਰ ਰਹੀ ਸੀ। ਬੇਟੇ ਨੇ ਉਸਤੇ ਗਰਮ ਪੱਟੀ ਬੰਨ ਦਿੱਤੀ। ਦੁਪਹਿਰੇ ਜਿਹੇ ਅਸੀਂ ਡੱਬਵਾਲੀ ਵੀ ਫੋਨ ਕਰ ਦਿੱਤਾ। ਦਿਲ ਜਿਹਾ ਨਹੀਂ ਮੰਨਿਆ। ਅਗਲੇ ਦਿਨ ਹੀ ਅਸੀਂ ਸਾਰੇ ਵਰਕ ਫਰਾਮ ਹੋਮ ਦਾ ਆਪਸ਼ਨ ਲੈ ਕੇ ਡੱਬਵਾਲੀ ਆ ਗਏ। ਦੋ ਦਿਨਾਂ ਬਾਅਦ ਹੀ ਮੋਦੀ ਜੀ ਨੇ ਦੇਸ਼ ਵਿਚ ਪੂਰਨ ਤਾਲਾਬੰਦੀ ਦਾ ਐਲਾਨ ਕਰ ਦਿੱਤਾ।ਦਸ ਦਿਨਾਂ ਵਿਚ ਜਖਮ ਠੀਕ ਹੋ ਗਏ। ਫੈਮਿਲੀ ਡਾਕਟਰ ਨੇ ਟਾਂਕੇ ਵੀ ਕੱਟ ਦਿੱਤੇ ਪਰ ਕਰੋਨਾ ਤਾਲਾਬੰਦੀ ਸੈਨੀਟਾਈਜ਼ਰ ਸ਼ਬਦਾਂ ਨੇ ਦਿਮਾਗ ਨੂੰ ਉਲਝਣ ਵਿਚ ਪਾ ਰੱਖਿਆ ਹੈ। ਚਾਹੇ ਸਰੀਰ ਦੇ ਜਖਮ ਠੀਕ ਹੋ ਗਏ ਹਨ। ਪਰ ਇੱਕ ਖੌਫ ਅਜੇ ਵੀ ਬਰਕਰਾਰ ਹੈ। ਸਟੇ ਹੋਮ ਸਟੇ ਸੇਫ ਹੀ ਚਲ ਰਿਹਾ ਹੈ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *