ਬੰਸੀ ਤੇ ਗੁੰਦੂ | bansi te gundu

ਬੰਸੀ ਤੇ ਗੰਦੂ ਮੇਰੇ ਪਾਪਾ ਜੀ ਦੇ ਮਾਮੇ ਦੇ ਮੁੰਡੇ ਸਨ। ਉਹਨਾਂ ਦੇ ਘਰ ਦੇ ਹਾਲਾਤ ਤੰਗੀ ਤੁਰਸੀ ਵਾਲੇ ਸਨ। ਕੋਈ ਖਾਸ ਕੰਮ ਨਹੀਂ ਸੀ। ਪਰ ਰਿਸ਼ਤਿਆਂ ਦੀ ਕਦਰ ਕਰਨ ਵਾਲੇ। ਦੁੱਖ ਸੁੱਖ ਤੇ ਕੰਮ ਆਉਣ ਵਾਲੇ। ਮੋਹ ਦੀਆਂ ਤੰਦਾਂ ਨੂੰ ਜੋੜਨ ਵਾਲੇ ਸਨ। ਮਾਂ ਦੇ ਆਗਿਆਕਾਰੀ ਪੁੱਤ। ਪਾਪਾ ਜੀ ਨੂੰ ਬਾਈ ਆਖਦੇ। ਪਤਾ ਨਹੀਂ ਕਿਉਂ ਸਾਨੂੰ ਵੀ ਉਹਨਾਂ ਤੇ ਮੋਹ ਆਉਂਦਾ। ਬਸ ਦੋਨੇ ਭਰਾ ਬੱਸਾਂ ਵਿੱਚ ਕੰਨਾਂ ਦੀ ਅੱਖਾਂ ਦੀ ਤੇ ਹੋਰ ਤਰਾਂ ਦੀ ਦਵਾਈ ਵੇਚਦੇ। ਸਵੇਰੇ ਸੱਤ ਵਜੇ ਤਿਆਰ ਹੋਕੇ ਕੰਮ ਤੇ ਚਲੇ ਜਾਂਦੇ। ਸਾਰਾ ਦਿਨ ਬੱਸਾਂ ਵਿੱਚ ਪੰਜ ਪੰਜ ਰੁਪਏ ਦੀਆਂ ਸ਼ੀਸ਼ਿਆਂ ਵੇਚਕੇ ਸ਼ਾਮ ਤੱਕ ਮਸਾਂ ਦੋ ਗੁੱਲੀਆਂ ਦਾ ਜੁਗਾੜ ਕਰ ਪਾਉਂਦੇ। “ਵੀਰ ਜੀ, ਭਰਾ ਜੀ, ਭਾਈ ਸਾਹਿਬ, ਸਰਦਾਰ ਜੀ, ਬਾਬੂ ਜੀ, ਮੈਂ ਪਿਛਲੇ ਕਈ ਸਾਲਾਂ ਤੋਂ ਇਸੇ ਅੱਡੇ ਤੇ ਲੋਕ ਸੇਵਾ ਕਰਦਾ ਹੈ। ਕਿਸੇ ਨੂੰ ਕੰਨਾਂ ਤੋਂ ਉੱਚੀ ਸੁਣਦਾ ਹੋਵੇ। ਢੋਲ ਦੀ ਆਵਾਜ਼ ਨਾ ਸੁਣਦੀ ਹੋਵੇ, ਕੰਨ ਵਗਦਾ ਹੋਵੇ, ਕੰਨ ਦੁੱਖਦਾ ਹੋਵੇ, ਕਿੰਨਾ ਹੀ ਪੁਰਾਣਾ ਦਰਦ ਹੋਵੇ, ਜਮਾਂਦਰੂ ਬੋਲਾ ਹੋਵੇ , ਬਸ ਆਹ ਦਵਾਈ ਦੀਆਂ ਦੋ ਬੂੰਦਾ ਪਾਓ। ਦਰਦ ਗਾਇਬ ਜਿਵੇ ਗਧੇ ਦੇ ਸਿਰ ਤੋਂ ਸਿੰਗ। ਦੋ ਬੂੰਦਾ ਪਾਓ ਤੇ ਆਹ ਘੜੀ ਦੀ ਟਿੱਕ ਟਿੱਕ ਸੁਣਾਈ ਨਾ ਦੇਵੇ ਤਾਂ ਅਖਿਓ। ਕੰਪਨੀ ਦੀ ਮਸ਼ਹੂਰੀ ਤੇ ਪ੍ਰਚਾਰ ਵਾਸਤੇ ਆਹ ਦਵਾਈ ਦੀ ਸ਼ੀਸ਼ੀ ਲਓ। ਵੱਡੀ ਸ਼ੀਸ਼ੀ ਦਸ ਰੁਪਏ ਦੀ ਤੇ ਛੋਟੀ ਸ਼ੀਸ਼ੀ ਪੰਜ ਰੁਪਏ ਦੀ।ਕੋਈ ਭਰਾ ਪਹਿਲਾ ਸ਼ੀਸ਼ੀ ਲੈ ਗਿਆ ਹੋਵੇ, ਦਵਾਈ ਨੇ ਅਸਰ ਨਹੀ ਕੀਤਾ, ਫਾਇਦਾ ਨਹੀਂ ਹੋਇਆ, ਦਰਦ ਨਹੀਂ ਰੁਕਿਆ ਖਾਲੀ ਸ਼ੀਸ਼ੀ ਵਿਖਾਕੇ ਪੈਸੇ ਵਾਪਿਸ ਲੈ ਸਕਦਾ ਹੈ।” “ਹਾਂਜੀ ਵੀਰ ਜੀ ਆ ਗਿਆ, ਭਰਾ ਜੀ ਆਹ ਲਵੋ।” ਫਿਰ ਸਾਰੀ ਬਸ ਚ ਗੇੜਾ ਦੇਕੇ ਪੰਜ ਸੱਤ ਸ਼ੀਸ਼ਿਆਂ ਵੇਚ ਦਿੰਦੇ। “ਤੇਰੀ ਮਾਸੀ ਦੇ ਮੁੰਡੇ ਦਾ ਕੀ ਹਾਲ ਹੈ। ਕੋਈ ਫਰਕ ਪਿਆ। ਭੋਰਾ ਸੁਣਨ ਲਗਿਆ ਉਸ ਨੂੰ।” ਸਵਾਰੀ ਨੇ ਸ਼ੀਸ਼ਿਆਂ ਵੇਚਦੇ ਬੰਸੀ ਨੂੰ ਪੁੱਛਿਆ। “ਨਹੀਂ ਉਹ ਤਾਂ ਉਸੇ ਤਰਾਂ ਹੀ ਹੈ। ਜਵਾਂ ਵੀ ਸੁਣਨ ਨਹੀਂ ਲੱਗਿਆ ਉਸਨੂੰ।” ਕਹਿਕੇ ਬੰਸੀ ਬੱਸ ਦੀ ਪਿਛਲੀ ਬਾਰੀ ਉਤਰ ਗਿਆ ਤੇ ਕਿਸੇ ਹੋਰ ਬਸ ਤੇ ਫਿਰ ਤੋਂ ਕੰਨਾਂ ਦੀ ਦਵਾਈ ਦਾ ਹੋਕਾ ਦੇਣ ਲੱਗ ਪਿਆ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *