ਜਦੋਂ ਕਿਸੇ ਵੀ ਦੁਕਾਨ ਤੋਂ ਰਵਾ ਨਾ ਮਿਲਿਆ | jado kise dukan to rava na milya

ਮਾਝੇ, ਮਾਲਵੇ, ਦੁਆਬੇ ਜਾਂ ਪੁਆਧ ਵਿਚ ਕ਼ਈ ਚੀਜ਼ਾਂ ਦੇ ਨਾਂ ਵੱਖ ਵੱਖ ਹੁੰਦੇ ਹਨ। ਮਾਝੇ ਵਿਚ ਮੂੰਗੀ, ਮਸਰ, ਮਾਂਹ, ਛੋਲਿਆਂ ਦੀ ਦਾਲ ਬਣਾਈ ਜਾਂਦੀ ਹੈ ਜਦ ਕਿ ਮਾਲਵੇ ਵਿਚ ਸ਼ਲਗਮ, ਬਤਾਉਂ, ਕੱਦੂ, ਟੀਂਡੇ ਆਦਿ ਦੀ ਵੀ ਜੇ ਸਬਜ਼ੀ ਬਣਾਈ ਜਾਵੇ ਤਾਂ ਉਸ ਨੂੰ ਦਾਲ ਕਹਿੰਦੇ ਹਨ ਜਿਵੇਂ ਸ਼ਲਗਮ ਦੀ ਦਾਲ, ਕੱਦੂ ਦੀ ਦਾਲ ਆਦਿ। ਅਸੀਂ ਮਾਝੇ ਵਾਲੇ ਜੇ ਕਿਸੇ ਚਾਹ ਵਾਲੀ ਦੁਕਾਨ ‘ਤੇ ਚਾਹ ਛਕਣ ਜਾਈਏ ਤਾਂ ਉਸ ਨੂੰ ਕਹੀਦਾ ਹੈ – ਭਾਊ, ਇਕ ਗਲਾਸ ਚਾਹ ਧਰੀਂ ਪਰ ਦੁਆਬੇ ਵਿਚ ‘ਚਾਹ ਰੱਖੀਂ ‘ ਕਹਿ ਦਿੰਦੇ ਹਨ। ਮਾਝੇ ਵਾਲੇ ਅਕਸਰ ‘ਜ਼ਰਾ ਕੁ’ ਜਾਂ ‘ ਭੋਰਾ ਕੁ’ ਸ਼ਬਦਾਂ ਨੂੰ ‘ਮਾਸਾ ਕੁ’ ਕਹਿ ਦਿੰਦੇ ਹਨ। ਭਾਵੇਂ ਜਲੰਧਰ ਰਹਿੰਦਿਆਂ ਮੈਨੂੰ ਤਕਰੀਬਨ ਢਾਈ ਕੁ ਦਹਾਕੇ ਹੋ ਗਏ ਹਨ ਤੇ ਦੁਆਬੀ ਦੇ ਸ਼ਬਦ ਮੇਰੀ ਬੋਲੀ ਵਿਚ ਰਲ਼ ਗਏ ਹਨ ਪਰ ਅਕਸਰ ਲੋਕ ਮੇਰੀ ਬੋਲੀ ਵਿਚਲੇ ਕਈ ਸ਼ਬਦਾਂ ਤੋਂ ਮੈਨੂੰ ਪਛਾਣ ਲੈਂਦੇ ਹਨ ਕਿ ਭਾਊ ਮਾਝੇ ਵੱਲ ਦਾ ਹੈ ਤੇ ਉਹ ਵੀ ਤਰਨਤਾਰਨ ਦੇ ਇਲਾਕ਼ੇ ਦਾ। ਖ਼ੈਰ, ਆਪਣੀ ਮਾਸੀ ਦੀ ਗੱਲ ਸੁਣਾ ਰਿਹਾ ਹਾਂ। ਮੇਰੀ ਮਾਸੀ ਭਾਵੇਂ ਗੁਰਦਾਸਪੁਰ ਜ਼ਿਲ੍ਹੇ ਵਿਚ ਵਿਆਹੀ ਗਈ ਪਰ ਮੇਰੇ ਮਾਸੜ ਜੀ ( ਸਵਰਗੀ ਹਰਜੀਤ ਸਿੰਘ ਅਚਿੰਤ) ਸ੍ਰੀ ਆਨੰਦਪੁਰ ਸਾਹਿਬ ਵਿਖੇ ਡਰਾਇੰਗ ਮਾਸਟਰ ਸਨ, ਇਸ ਲਈ ਉਹ ਓਥੇ ਰਹਿਣ ਲੱਗੇ। ਮਾਸੀ ਦੱਸਦੀ ਹੈ ਕਿ ਓਨ੍ਹਾਂ ਨੂੰ ਅਨੰਦਪਰ ਗਿਆਂ ਨੂੰ ਅਜੇ ਕੁਛ ਹੀ ਮਹੀਨੇ ਹੋਏ ਸਨ ਕਿ ਇਕ ਦਿਨ ਮਾਸੀ ਦਾ ਜੀਅ ਕੀਤਾ ਕਿ ਕੜਾਹ ਬਣਾਇਆ ਜਾਵੇ। ਉਸ ਨੇ ਗੁਆਂਢ ਰਹਿੰਦੇ ਇਕ ਪਰਿਵਾਰ ਦੇ ਬੱਚੇ ਨੂੰ ਸੱਦ ਕੇ ਪੈਸੇ ਦੇ ਕੇ ਕਿਹਾ ਕਿ ਬਿੱਟੂ ਜਾਹ ਬਾਜ਼ਾਰੋਂ ਰਵਾ ਲੈ ਕੇ ਆ। ਸਾਡੇ ਮਾਝੇ ਵਿਚ ਸੂਜ਼ੀ ਨੂੰ ‘ ਰਵਾ ‘ ਕਹਿੰਦੇ ਹਨ। ਬਿੱਟੂ ਬਾਜ਼ਾਰ ਚਲੇ ਗਿਆ ਤੇ ਤਕਰੀਬਨ ਇਕ ਘੰਟੇ ਬਾਅਦ ਵਾਪਸ ਆਇਆ। ਮੇਰੀ ਮਾਸੀ ਤੇ ਬਿੱਟੂ ਦੀ ਮਾਂ ਉਸ ਨੂੰ ਉਡੀਕ ਰਹੀਆਂ ਸਨ ਕਿ ਮੁੰਡਾ ਅਜੇ ਤੱਕ ਨਹੀਂ ਆਇਆ। ਖ਼ੈਰ, ਬਿੱਟੂ ਆਇਆ ਤੇ ਪੈਸੇ ਮੇਰੀ ਮਾਸੀ ਨੂੰ ਵਾਪਸ ਕਰਦਿਆਂ ਕਹਿਣ ਲੱਗਾ, ‘ ਆਂਟੀ ਜੀ, ਮੈਂ ਸਾਰੀਆਂ ਦੁਕਾਨਾਂ ਤੋਂ ਪੁੱਛ ਆਇਆਂ ਹਾਂ, ਇੱਥੋਂ ਤੱਕ ਕਿ ਲੋਹੇ ਦੀਆਂ ਦੁਕਾਨਾਂ ਤੋਂ ਵੀ ਪਤਾ ਕੀਤਾ ਪਰ ‘ ਰਵਾ ‘ ਕਿਸੇ ਦੁਕਾਨ ਤੋਂ ਨਹੀਂ ਮਿਲ਼ਿਆ ।’ ਮਾਸੀ ਹੈਰਾਨ ਪਰੇਸ਼ਾਨ ਕਿ ਇਹ ਕਿਹੋ ਜਿਹਾ ਸ਼ਹਿਰ ਹੈ ਜਿੱਥੇ ਰਵਾ ਈ ਨਹੀਂ ਮਿਲਿਆ। ਮਾਸੀ ਨੇ ਬਿੱਟੂ ਦੀ ਮਾਂ ਨੂੰ ਪੁੱਛਿਆ, ‘ ਭੈਣ ਜੀ, ਇੱਥੇ ਗੋਲਗੱਪੇ ਕਾਹਦੇ ਬਣਦੇ ਨੇ।’ ਓਹਨੇ ਕਿਹਾ , ‘ ਜੀ, ਸੂਜ਼ੀ ਦੇ ‘ । ਮਾਸੀ ਨੇ ਪੈਸੇ ਬਿੱਟੂ ਨੂੰ ਵਾਪਸ ਫੜਾਏ ਤੇ ਕਿਹਾ, ‘ ਜਾਹ ਫਿਰ ਸੂਜ਼ੀ ਹੀ ਲੈ ਆ।’
ਸਬੱਬ ਵੇਖੋ ਕਿ ਮਾਸੀ ਨੇ ਬਾਅਦ ਵਿਚ ਮੇਰਾ ਰਿਸ਼ਤਾ ਵੀ ਆਨੰਦਪੁਰ ਸਾਹਿਬ ਕਰਵਾ ਦਿੱਤਾ। ਮੇਰੇ ਵਿਆਹ ਤੋਂ ਬਾਅਦ ਮੈਨੂੰ ਤੇ ਮੇਰੀ ‘ ਅਨੰਦਪੁਰੀ ਬੀਵੀ ‘ ਨੂੰ ਜਲੰਧਰ ਰਹਿੰਦਿਆਂ ਲਗਪਗ ਢਾਈ ਵੀਹ ਸਾਲ ਹੋ ਗਏ ਹਨ। ਮੈਂ ਅਜੇ ਵੀ ਉਸ ਨੂੰ ਕਈ ਵਾਰ ‘ ਰਵੇ ‘ ਦਾ ਕੜਾਹ ਖੋਪਾ ਗਿਰੀ ਪਾ ਕੇ ਜਦੋਂ ਬਨਾਉਣ ਲਈ ਕਹਿੰਦਾ ਹਾਂ ਤਾਂ ਉਹ ਫੌਰਨ ਮੈਨੂੰ ਟੁੱਟੇ ਪੈਸੇ ਹੱਥ ਫੜਾ ਕੇ ਕਹਿੰਦੀ ਹੈ, ‘ਜਾਓ, ਫਿਰ ਜਾ ਕੇ ਸ਼ੰਟੀ ਦੀ ਹੱਟੀ ਤੋਂ ‘ਸੂਜ਼ੀ ‘ ਲੈ ਆਓ।’
ਡਾ. ਗੁਰਪ੍ਰੀਤ ਲਾਡੀ

Leave a Reply

Your email address will not be published. Required fields are marked *