ਮਜਬੂਰੀ ਦਾ ਫਾਇਦਾ | majboori da fayda

ਵੀਹ ਕੂ ਸਾਲ ਉਮਰ ਸੀ..
ਕਿਸੇ ਮਜਬੂਰੀ ਵੱਸ ਉਸਨੂੰ ਪਹਿਲੀ ਬੇਸਮੇਂਟ ਛੱਡਣੀ ਪਈ..
ਜਦੋਂ ਦੀ ਸਾਡੇ ਇਥੇ ਸ਼ਿਫਟ ਹੋਈ ਸੀ..ਹਮੇਸ਼ਾਂ ਥੋੜਾ ਪ੍ਰੇਸ਼ਾਨ ਜਿਹੀ ਦਿਸਿਆ ਕਰਦੀ..ਇੱਕ ਦਿਨ ਉਸਨੇ ਕਿਰਾਇਆ ਪੁੱਛਿਆ..
ਆਖਿਆ ਬੇਟਾ ਬੱਸ ਬੱਤੀ ਪਾਣੀ ਦੇ ਹੀ ਦੇ ਦਿਆ ਕਰ..ਹੈਰਾਨ ਹੋਈ..ਆਖਣ ਲੱਗੀ ਅੰਕਲ ਏਨੇ ਘੱਟ..!
ਆਖਿਆ ਬੇਟਾ ਮਜਬੂਰੀ ਮੂਹੋਂ ਭਾਵੇਂ ਕੁਝ ਨਹੀਂ ਬੋਲਦੀ ਪਰ ਅੱਖੀਆਂ ਰਾਹੀਂ ਪ੍ਰਕਟ ਜਰੂਰ ਹੋ ਜਾਂਦੀ..ਤੂੰ ਆਪਣੀ ਪ੍ਰੇਸ਼ਾਨੀ ਦੀ ਵਜਾ ਦੱਸ?
ਅੱਗੋਂ ਰੋ ਪਈ ਅਖ਼ੇ ਮਾਂ ਹੈ ਨਹੀਂ ਤੇ ਬਾਪ ਰਿਟਾਇਰਡ ਫੌਜੀ ਏ..
ਕਾਰਗਿਲ ਯੁੱਧ ਵੇਲੇ ਲੱਤ ਕੱਟੀ ਗਈ ਸੀ..ਸਰਕਾਰ ਨੇ ਜਿੰਨੇ ਲਾਰੇ ਲਾਏ ਕੋਈ ਪੂਰਾ ਨਹੀਂ ਕੀਤਾ..ਹੁਣ ਪਿੰਡ ਵਿਚ ਹੀ ਨਿੱਕੀ ਜਿਹੀ ਦੁਕਾਨ ਕਰਦਾ ਏ!

ਕੁਝ ਹੋਰ ਪਏ ਘਾਟਿਆਂ ਕਰਕੇ ਸਦਾ ਲਈ ਥੱਲੇ ਲੱਗ ਗਿਆ..
ਮਸਾਂ ਏਧਰੋਂ ਓਧਰੋਂ ਕਰਕੇ ਮੈਨੂੰ ਏਧਰ ਭੇਜਿਆ..ਹੁਣ ਫੀਸ ਵਿਚੋਂ ਪੰਦਰਾਂ ਕੂ ਸੌ ਡਾਲਰ ਘਟਦੇ ਨੇ..ਤੇ ਕੱਲ ਜਮਾ ਕਰਾਉਣ ਦਾ ਆਖਰੀ ਦਿਨ ਏ!

ਬਿੰਦ ਕੂ ਸੋਚ ਅੰਦਰੋਂ ਚੈੱਕ ਬੁਕ ਲਿਆਂਧੀ ਤੇ ਪੰਦਰਾਂ ਸੌ ਡਾਲਰ ਦਾ ਚੈਕ ਕੱਟ ਉਸਨੂੰ ਫੜਾ ਦਿੱਤਾ..
ਹੱਕੀ ਬੱਕੀ ਹੋਈ ਕਦੀ ਚੈਕ ਵੱਲ ਤੇ ਕਦੀ ਮੇਰੇ ਵੱਲ ਵੇਖੀ ਜਾਵੇ..ਫੇਰ ਜ਼ਾਰੋ-ਜਾਰ ਰੋਂਦੀ ਹੋਈ ਮੇਰੇ ਨਾਲ ਲੱਗ ਗਈ..!
ਮੈਂ ਸ਼ਾਇਦ ਇਸ ਘਟਨਾਕ੍ਰਮ ਵਾਸਤੇ ਬਿਲਕੁਲ ਵੀ ਤਿਆਰ ਨਹੀਂ ਸਾਂ..
ਫੇਰ ਵੀ ਉਸਦੇ ਸਿਰ ਤੇ ਹੱਥ ਫੇਰ ਪੁੱਛਿਆ..ਜਿਉਂਣ ਜੋਗੀਏ ਹੁਣ ਕਿਓਂ ਰੋਈ ਜਾਂਦੀ ਏ..ਹੁਣ ਤੇ ਤੇਰਾ ਕੰਮ ਵੀ ਹੋ ਗਿਆ?
ਆਖਣ ਲੱਗੀ ਅੰਕਲ ਜੀ ਡੈਡੀ ਚੇਤੇ ਆ ਗਿਆ..ਤੋਰਨ ਵੇਲੇ ਦੋ ਗੱਲਾਂ ਆਖੀਆਂ ਸਨ ਉਸਨੇ..
ਪਹਿਲੀ ਕੇ ਕੋਈ ਐਸਾ ਕੰਮ ਨਾ ਕਰੀਂ ਕੇ ਤੇਰੇ ਕੱਲੇ ਕਾਰੇ ਪਿਓ ਨੂੰ ਲੋਕਾਂ ਸਾਹਵੇਂ ਅੱਖਾਂ ਨੀਵੀਆਂ ਕਰਨੀਆਂ ਪੈਣ ਤੇ ਦੂਜੀ ਜਦੋਂ ਵੀ ਕਿਸੇ ਮੁਸ਼ਕਿਲ ਵਿਚ ਹੋਵੇਂ..ਵਾਹਿਗੁਰੂ ਆਖ ਚੇਤੇ ਜਰੂਰ ਕਰ ਲਵੀਂ..ਇੱਕ ਲੱਤ ਵਾਲਾ ਇਹ ਭਾਈ ਜਰੂਰ ਤੇਰੇ ਲਾਗੇ ਚਾਗੇ ਹੀ ਹੋਊ..!

ਅੱਜ ਤੁਹਾਨੂੰ ਵੇਖ ਇੰਝ ਲੱਗਿਆ ਸਹੀ ਆਖਦਾ ਸੀ ਉਹ..ਤੁਹਾਡੇ ਵਿਚੋਂ ਮੈਨੂੰ ਮੇਰਾ ਡੈਡੀ ਨਜ਼ਰੀਂ ਪਿਆ..!
ਇਸ ਵਾਰ ਰੋਣ ਦੀ ਵਾਰੀ ਸ਼ਾਇਦ ਮੇਰੀ ਸੀ..ਮੈਂ ਰੋਇਆ ਵੀ ਜਰੂਰ..ਪਰ ਦੋ ਵਾਰੀ..ਦੂਜੀ ਵਾਰੀ ਓਦੋਂ ਜਦੋਂ ਉਹ ਉਧਾਰ ਲਏ ਵਾਪਿਸ ਮੋੜਨ ਆਈ..!

ਦੋਸਤੋ ਟੋਰੰਟੋਂ ਵਾਪਰੀ ਇਸ ਸੱਚੀ ਘਟਨਾ ਨੂੰ ਤੁਹਾਡੇ ਤੱਕ ਅਪੜਾਉਣ ਦਾ ਮਕਸਦ ਸਿਰਫ ਏਨੀ ਗੱਲ ਦੱਸਣਾ ਹੈ ਕੇ ਹਾਲਾਤ ਅਜੇ ਏਨੇ ਵੀ ਨਹੀਂ ਵਿਗੜੇ ਕੇ ਹਰ ਮਜਬੂਰੀ ਦਾ ਫਾਇਦਾ ਹੀ ਚੁੱਕਿਆ ਜਾਂਦਾ ਹੋਵੇੇ..ਕੁਝ ਦੇਵ ਪੁਰਸ਼ਾਂ ਨੂੰ ਬੇਗਾਨੀਆਂ ਵਿਚੋਂ ਅਜੇ ਵੀ ਮਾਵਾਂ ਭੈਣਾਂ ਤੇ ਧੀਆਂ ਹੀ ਨਜਰ ਆਉਂਦੀਆਂ ਨੇ!

ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *