ਕਾਲੇ ਅੰਗਰੇਜ | kaale angrej

ਸੰਦੀਪ ਨੰਗਲ ਅੰਬੀਆਂ ਦਾ ਵੱਡਾ ਸਾਰਾ ਬੁੱਤ..ਬੁੱਤ ਦੀਆਂ ਲੱਤਾਂ ਨਾਲ ਖੇਡਦੇ ਦੋਵੇਂ ਪੁੱਤਰ..ਕੋਲ ਬੈਠੀ ਵਿਧਵਾ ਕਰ ਦਿੱਤੀ ਗਈ ਭੈਣ..!
ਦੋ ਅਪ੍ਰੈਲ 84 ਦੀਪ ਸਿੱਧੂ ਦਾ ਜਨਮ ਦਿਨ..ਓਹੀ ਦੀਪ ਜਿਸ ਬਾਰੇ ਆਖਿਆ ਜਾਂਦਾ ਸੀ ਇਹ ਐਕਟਰ ਜਾਂ ਵਕੀਲ ਬਣੂ..ਖਿਡਾਰੀ ਤੇ ਜਾਂ ਫੇਰ ਕੋਈ ਸਿਆਸਤਦਾਨ..ਪਰ ਹਰ ਵੇਰ ਅੱਗਿਓਂ ਹਸ ਪੈਂਦਾ ਅਖ਼ੇ ਮੇਰਾ ਨਿਸ਼ਾਨਾ ਅਜੇ ਸਪਸ਼ਟ ਨਹੀਂ..ਫੇਰ ਜਿਸ ਦਿਨ ਛੱਬੀ ਜਨਵਰੀ ਕੇਸ ਵਿਚ ਅਦਾਲਤ ਲਿਜਾ ਰਹੇ ਸਨ ਤਾਂ ਨਾਲ ਤੁਰਿਆਂ ਜਾਂਦਾ ਵੱਡੇ ਚੈਨਲ ਦਾ ਇੱਕ ਰਿਪੋਰਟਰ ਇੱਕ ਕਾਰ ਵਾਲੇ ਨਾਲ ਲੜ ਪੈਂਦਾ..ਅਖ਼ੇ ਸਾਨੂੰ ਰਾਹ ਕਾਹਤੋਂ ਨਹੀਂ ਦਿੱਤਾ..ਤੈਨੂੰ ਪਤਾ ਨਹੀਂ ਕਿੱਡੇ ਵੱਡੇ ਆਤੰਕਵਾਦੀ ਨੂੰ ਕਵਰ ਕਰ ਰਹੇ ਹਾਂ..ਇਹ ਸਭ ਕੁਝ ਜਾਲੀਆਂ ਵਿਚੋਂ ਸਾਫ-ਸਾਫ ਵੇਖਦਾ ਹੋਇਆ ਆਖ ਰਿਹਾ ਸੀ..ਅੱਜ ਮੇਰਾ ਨਿਸ਼ਾਨਾ ਸਪਸ਼ਟ ਹੋ ਗਿਆ..ਮੈਨੂੰ ਸਭ ਕੁਝ ਸਾਫ ਸਾਫ ਦਿਸ ਪਿਆ..ਜਦੋਂ ਨਿਸ਼ਾਨੇ ਸਪਸ਼ਟ ਹੋ ਜਾਣ ਓਦੋਂ ਦਿੱਲੀ ਬਹੁਤ ਚਿਰ ਜਿਉਂਦੇ ਨਹੀਂ ਰਹਿਣ ਦਿੰਦੀ..!
ਰਾਮ ਨੌਮੀ ਦੇ ਪਵਿੱਤਰ ਦਿਹਾੜੇ ਤੇ ਜੁਲੂਸ ਦੌਰਾਨ ਰਾਹ ਵਿਚ ਪੈਂਦੀ ਮਸਜਿਦ ਮੂਹਰੇ ਖਲੋ ਕੇ ਭੜਕਾਊ ਨਾਹਰੇ ਲੌਂਦੀ ਰਾਸ਼ਟਰਵਾਦੀ ਭੀੜ..ਅਤੇ ਕੋਲ ਚੁਪਚਾਪ ਤਮਾਸ਼ਾ ਵੇਖਦੀ ਹੋਈ ਪੁਲਸ ਦੀ ਵੱਡੀ ਧਾੜ..!
ਮੁਹਾਲੀ ਆਈ.ਪੀ.ਐੱਲ ਮੈਚ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਬੈਨਰ ਚੁੱਕ ਸ਼ਾਂਤਮਈ ਮੁਜਾਹਰਾ ਕਰਦਾ ਇੱਕ ਸਿੰਘ..ਫੇਰ ਉਸ ਨੂੰ ਓਸੇ ਵੇਲੇ ਹਿਰਾਸਤ ਵਿਚ ਲੈ ਬਾਹਰ ਲਿਜਾਉਂਦੀ ਹੋਈ ਪੁਲਸ..!
ਬਾਪੂ ਬਲਕੌਰ ਸਿੰਘ ਦੀ ਰਿਟਾਇਰਮੈਂਟ ਦਾ ਦਿਨ..ਗਰੁੱਪ ਫੋਟੋ ਵੇਲੇ ਭਾਵੁਕ ਹੋ ਗਿਆ..ਪੁੱਤਰ ਜੇ ਤੂੰ ਜਿਉਂਦਾ ਹੁੰਦਾ ਤਾਂ ਇਸ ਰਿਟਾਇਰਮੈਂਟ ਦਾ ਸਵਾਦ ਹੀ ਕੁਝ ਹੋਰ ਹੋਣਾ ਸੀ..ਜਦੋਂ ਦਿਨ ਢਲਦਾ ਤੂੰ ਚੇਤੇ ਆਉਣਾ ਸ਼ੁਰੂ ਹੋ ਜਾਂਦਾ..ਜਿਵੇਂ ਅਮਲੀ ਨੂੰ ਤੋਟ ਲੱਗਦੀ ਉਂਝ ਹੀ ਤੇਰੀ ਵੀ ਭੰਨ ਲੱਗਦੀ..ਕੋਈ ਗੱਡੀ ਆਉਂਦੀ ਤਾਂ ਲੱਗਦਾ ਤੂੰ ਹੁਣੇ ਉੱਤਰ ਆਊ..ਕੋਈ ਬਾਰ ਖੜਕਾਉਂਦਾ ਤਾਂ ਲੱਗਦਾ ਹੁਣੇ ਅੰਦਰ ਤੁਰਿਆ ਆਊ ਤੇ ਨਾਲ ਪੈ ਜਾਊ..ਪਰ ਮੇਰਿਆ ਪੁੱਤਰਾ ਇਹ ਸਭ ਭੁਲੇਖੇ ਨੇ..ਝੌਲੇ ਗਲਤਫਹਿਮੀਆਂ ਨੇ..ਉਸ ਦਿਨ ਵੀ ਤੇਰੇ ਨਾਲ ਹੁੰਦਾ ਤਾਂ ਸਾਰੀਆਂ ਆਪਣੇ ਤੇ ਹੀ ਵਰਾ ਲੈਂਦਾ..!
ਕਦੇ ਸਰਕਾਰਾਂ ਨੂੰ ਕੋਸਦਾ ਤੇ ਕਦੇ ਹਾੜੇ ਕੱਢਦਾ..ਮੋਹਰੇ ਪਿਆਦੇ ਅੱਗੇ ਨਾ ਕਰੋ..ਅਸਲ ਮਾਸਟਰ ਮਾਈਂਡ ਦਾ ਪਤਾ ਕਰੋ..!
ਦੂਜੇ ਪਾਸੇ ਚੜ੍ਹਦੀ ਕਲਾ ਨਾਮ ਦੇ ਪਿੰਡ ਵਿਚ ਛਾਪੇ ਮਾਰਨ ਲਈ ਜ਼ੋਰ ਪਉਂਦਾ ਮੀਡਿਆ..ਇੱਕ ਬਿਰਤਾਂਤ ਵਿੱਚ ਕਿੰਨੇ ਸਾਰੇ ਵਰਤਾਰੇ!
ਅਠਾਰਾਂ ਸੌ ਉਂਣੀਨੱਜਾ ਜਦੋਂ ਕਬਜਾ ਹੋਇਆ ਤਾਂ ਉਸ ਵੇਲੇ ਪੰਜਾਬ ਦਾ ਵਿਦਿਅਕ ਸਿਸਟਮ ਕਮਾਲ ਦਾ ਸੀ..ਇੰਗਲੈਂਡੋ ਇੱਕ ਗੋਰਾ ਦਾਨਿਸ਼ਵਰ ਲਿਆਂਦਾ..ਅਖ਼ੇ ਐਜੂਕੇਸ਼ਨ ਢਾਂਚਾ ਤਹਿਸ ਨਹਿਸ ਕਰਨਾ..ਅੱਗਿਓਂ ਆਖਣ ਲੱਗਾ ਪੂਰੇ ਪੰਜਾਹ ਸਾਲ ਲੱਗਣਗੇ..ਪਰ ਅਗਲੇ ਨੇ ਤੇਤੀ ਸਾਲ ਬਾਅਦ ਹੀ ਸਭ ਕੁਝ ਪੁੱਠਾ ਕਰ ਦਿੱਤਾ..ਸਿਆਲਕੋਟ ਲਾਗੇ ਚੂਹੜ ਚੱਕ ਪਿੰਡ ਦਾ ਹਵਾਲਾ ਦਿੱਤਾ..ਸੰਨ ਉਂਣੀਨਜਾ ਵਿੱਚ ਪੰਦਰਾਂ ਸੌ ਅਬਾਦੀ ਵਾਲਾ ਇਹ ਸਾਰਾ ਪਿੰਡ ਪੜਿਆ ਲਿਖਿਆ ਸੀ ਪਰ ਹੁਣ ਸਾਰੇ ਪਿੰਡ ਵਿਚੋਂ ਸਿਰਫ ਗਿਆਰਾਂ ਬੰਦੇ ਹੀ ਪੜਨਾ ਲਿਖਣਾ ਜਾਣਦੇ..ਅਖ਼ੇ ਘਰਾਂ ਵਿਚੋਂ ਇੱਕ ਬੰਦੂਕ ਲਈ ਜਾਂਦੀ ਤਾਂ ਬਦਲੇ ਵਿੱਚ ਦੋ ਆਨੇ ਦਿੱਤੇ ਜਾਂਦੇ..ਅਤੇ ਜਦੋਂ ਕੇ ਇੱਕ ਕੈਤੇ(ਕਿਤਾਬ)ਬਦਲੇ ਪੂਰੇ ਛੇ ਆਨੇ..!
ਪੁੱਛਿਆ ਬੰਦੂਕ ਨਾਲੋਂ ਕਿਤਾਬ ਮਹਿੰਗੀ ਕਿਓਂ?
ਆਖਣ ਲੱਗਾ ਕੇ ਕਿਤਾਬ ਦੇ ਵਿਸ਼ੇ-ਵਸਤੂ,ਵਿਆਕਰਨ ਅਤੇ ਕੇਂਦਰੀ ਭਾਵ ਵਿਚੋਂ ਸ਼੍ਰੀ ਗੁਰੂ ਗ੍ਰੰਥ ਸਾਬ ਦੀ ਖੁਸ਼ਬੂ ਆਇਆ ਕਰਦੀ ਤੇ..ਸੋ ਲੰਮੀਂ ਖੇਡ ਖੇਡਣ ਲਈ ਗੁਰੂਆਂ ਦੇ ਨਾਮ ਤੇ ਵੱਸਦੇ ਪੰਜਾਬ ਨੂੰ ਗੁਰੂ ਗ੍ਰੰਥ ਸਾਬ ਤੋਂ ਤੋੜਨਾ ਬਹੁਤ ਜਰੂਰੀ ਸੀ..!
ਧਿਆਨ ਨਾਲ ਵਿਚਾਰਿਓਂ..ਅੱਜ ਦੇ ਕਾਲੇ ਅੰਗਰੇਜਾਂ ਦਾ ਵੀ ਪੂਰਾ ਜ਼ੋਰ ਲੱਗਾ ਪਿਆ ਕੇ ਪੰਜਾਬ ਨੂੰ ਸ਼੍ਰੀ ਗੁਰੂ ਗ੍ਰੰਥ ਸਾਬ ਨਾਲੋਂ ਕਿੱਦਾਂ ਤੋੜਿਆ ਜਾਵੇ..!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *