ਪੰਜਾਬੀ ਤਾਂ ਪੰਜਾਬੀ ਹੁੰਦਾ | punjabi ta punjabi hunda

ਸ਼ਾਇਦ ਇਹ ਸਿੱਖਾਂ ਨੂੰ ਵਿਰਸੇ ਵਿੱਚ ਹੀ ਮਿਲਿਆ ਹੈ, ਅਤੇ ਇਹ ਹੁਣ ਸਾਡੇ ਖੂਨ ਯਾ ਡੀ ਐਨ ਏ ਵਿੱਚ ਆ ਗਿਆ ਹੈ ਕਿ ਪੰਜਾਬੀ ਰਹਿਮ ਦਿਲ , ਨਿਡਰ ਅਤੇ ਸੱਚੇ ਸੰਜਮ ਵਾਲੇ ਇਨਸਾਨ ਵੀ ਹੁੰਦੇ ਹਨ।ਕੁਝ ਦਿਨ ਪਹਿਲਾਂ ਦੇ ਦੋ ਵਾਕਿਆ ਦੱਸਦੀ ਹਾਂ।
ਅੰਡੇਮਾਨ ਦੇ ਕੋਲ ਇੱਕ ਟਾਪੂ ਦੇਖਣ ਸਾਰੇ ਦੇਸ਼ ਵਿਚੋ ਟੂਰਿਸਟ ਆਉਂਦੇ ਹਨ। ਜਿਨ੍ਹਾਂ ਵਿੱਚ ਜ਼ਿਆਦਾਤਰ ਦੱਖਣ ਦੇ ਰਾਜਾਂ ਤੋਂ ਅਤੇ ਬੰਗਾਲ ਵਾਲੇ ਪਾਸਿਓਂ ਹੁੰਦੇ ਹਨ। ਪੰਜਾਬ ਤੋਂ ਬਹੁਤ ਘੱਟ , ਕਾਰਨ ਸਕੂਲ ਸ਼ੁਰੂ ਹੋ ਗਏ ਹਨ ਅਤੇ ਛੁੱਟੀਆਂ ਨਹੀਂ । ਅਤੇ ਅੰਡੇਮਾਨ ਪਹੁੰਚਣ ਵਾਸਤੇ ਪੰਜਾਬ ਅਤੇ ਇਸ ਦੇ ਆਸਪਾਸ ਦੇ ਰਾਜਾਂ ਤੋਂ ਬਹੁਤ ਸਮਾਂ ਲੱਗਦਾ ਹੈ। ਇਕ ਦਿਨ ਕੁਝ ਯਾਤਰੀ ਸਮੁੰਦਰ ਦੇ ਕੰਢੇ ਬਣੀਆਂ ਚੱਟਾਨਾਂ ਦੇ ਅਕਾਰ ਦੇਖਣ ਜਾ ਰਹੇ ਸਨ, ਇਕ ਪੰਜਾਬੀ ਪਰਿਵਾਰ ਵੀ ਜਾ ਰਿਹਾ ਸੀ, ਜਦੋਂ ਉਥੇ ਪਹੁੰਚਿਆ ਤਾਂ ਉਥੇ ਰੌਲਾ ਪਿਆ ਹੋਇਆ ਸੀ ਕਿ ਇਕ ਤਮਿਲ ਬੰਦਾ ਬੇਹੋਸ਼ ਹੋ ਗਿਆ ਹੈ ਅਤੇ ਡਿੱਗ ਪਿਆ ਹੈ, ਉਸ ਦੇ ਆਲੇ-ਦੁਆਲੇ ਕੁਝ ਖੂਨ ਦੇ ਛਿੱਟੇ ਵੀ ਸਨ ਜੋ ਕਿ ਡਿੱਗਣ ਨਾਲ ਉਸ ਦੀ ਜੀਭ ਦੰਦਾਂ ਥੱਲੇ ਆਉਣ ਕਰਕੇ ਹੋ ਗਏ ਹੋਣਗੇ।ਉਸ ਦੇ ਆਲੇ-ਦੁਆਲੇ ਉਸ ਦਾ ਪਰਿਵਾਰ ਸੀ ਅਤੇ ਕੁਝ ਗ਼ਾਇਡ ਸਨ, ਬਾਕੀ ਲੋਕ ਦੇਖ ਕੇ ਅੱਗੇ ਲੰਘੀ ਜਾ ਰਹੇ ਸਨ, ਕਿਉਂਕਿ ਸੂਰਜ ਛਿਪਣ ਵਾਲਾ ਸੀ ਅਤੇ ਅੱਗੇ ਦਾ ਮਨਮੋਹਕ ਦ੍ਰਿਸ਼ ਦੇਖਣ ਨੂੰ ਸਾਰੇ ਆਓਂਦੇ ਸਨ। ਜਦੋਂ ਉਹ ਸਾਬਕਾ ਫੌਜੀ ਉਥੇ ਪਹੁੰਚਿਆ, ਉਸਦੇ ਪਰਿਵਾਰ ਨੇ
ਗਰਮੀ ਤੋਂ ਬਚਣ ਲਈ ਪਾਈਆਂ ਟੋਪੀਆਂ ਲਾਹ ਕੇ ਉਸ ਬੰਦੇ ਨੂੰ ਹਵਾ ਝੱਲਣੀ ਸ਼ੁਰੂ ਕਰ ਦਿੱਤੀ। ਘਬਰਾਏ ਹੋਏ ਬੱਚਿਆਂ ਨੂੰ ਸਮਝਾਇਆ। ਉਸ ਦਾ ਨੋਕਰੀ ਕਰਦਾ ਬੇਟਾ ਭੱਜ ਕੇ ਮੈਡੀਕਲ ਮਦਦ ਵਾਸਤੇ ਗਿਆ । ਇਲਾਕਾ ਸੁੰਨਸਾਨ ਹੋਣ ਕਰਕੇ ਉਥੇ ਮੈਡੀਕਲ ਮੌਜ਼ੂਦ ਨਹੀਂ ਸੀ ।ਥੋੜ੍ਹੀ ਦੇਰ ਬਾਅਦ ਉਸ ਬੰਦੇ ਨੂੰ ਹੋਸ਼ ਆ ਗਈ, ਉਸ ਦੇ ਉਲਟੀ ਕੀਤੀ ਅਤੇ ਉਠ ਕੇ ਬੈਠ ਗਿਆ। ਜਦੋ ਤੱਕ ਉਹ ਬੰਦਾ ਸੁਰੱਖਿਅਤ ਵਾਪਸ ਨਹੀ ਚਲਾ ਗਿਆ ਪੰਜਾਬੀ ਪਰਿਵਾਰ ਉੱਥੋ ਨਹੀਂ ਹਿਲਿਆ। ਬੀਚ ਉੱਤੇ ਹਨੇਰਾ ਹੋ ਗਿਆ ਅਤੇ ਗਾਇਡ ਨੂੰ ਦਿੱਤਾ ਪੈਸਾ ਵੀ ਅਜਾਈਂ ਗਿਆ, ਪਰ ਮੈਂ ਉਸ ਪੰਜਾਬੀ ਸਰਦਾਰ ਦੇ ਚਿਹਰੇ ਉੱਤੇ ਸਕੂਨ ਦੇਖਿਆ ਕਿ ਚਲੋ ਬੰਦਾ ਤੇ ਬਚ ਗਿਆ।
ਪਾਣੀ ਦੀਆਂ ਖੇਡਾਂ ਲਈ ਮਸ਼ਹੂਰ ਟਾਪੂ ਵਿੱਚ ਬਹੁਤ ਟੂਰਿਸਟ ਲੋਕ ਆਉਂਦੇ ਹਨ। ਬੱਚੇ ਅਤੇ ਜਵਾਨ ਉਮਰ ਦੇ ਲੋਕ ਕਈ ਕਿਸਮਾਂ ਦੀਆਂ ਪਾਣੀ ਦੀਆਂ ਖੇਡਾਂ ਦਾ ਅਨੰਦ ਲੈਂਦੇ ਹਨ। 50 ਸਾਲ ਤੋਂ ਵੱਧ ਉਮਰ ਦੇ ਲੋਕ ਉਹਨਾਂ ਨੂੰ ਬੈਠ ਕੇ ਦੇਖਦੇ ਹਨ । ਕਈ ਸਮੁੰਦਰ ਦੇ ਘੱਟ ਡੂੰਘੇ ਪਾਣੀਆਂ ਵਿੱਚ ਜਿੱਥੇ ਕਿ ਕਿਸ਼ਤੀਆ ਨਹੀਂ ਆਉਂਦੀਆ ਬੈਠ ਜਾਂਦੇ ਹਨ। ਇਉਂ ਹੀ ਸਭ ਰੌਣਕ ਮੇਲੇ ਦਾ ਆਨੰਦ ਲੈ ਰਹੇ ਸਨ ਕਿ ਕਿਧਰਿਓ ਇਕ ਕਿਸ਼ਤੀ ਆ ਗਈ ਅਤੇ ਇਕ ਨਖ਼ਰੇਲੋ ਜਿਹੀ ਔਰਤ ਉਸ ਵਿਚੋਂ ਉੱਤਰੀ। ਕਈ ਲੋਕਾਂ ਦੀ ਉਸ ਕਿਸ਼ਤੀ ਵੱਲ ਪਿੱਠ ਹੋਣ ਕਰ ਕੇ ਪਤਾ ਹੀ ਨਹੀਂ ਚਲਿਆ, ਕਿ ਇੱਕ ਸਰਦਾਰ ਮੁੰਡੇ ਨੇ ਉੱਚੀ ਅਵਾਜ਼ ਵਿੱਚ ਰੌਲਾ ਪਾ ਦਿੱਤਾ , ਜਿਸ ਕਾਰਨ ਬੱਚੇ ਅਤੇ ਹੋਰ ਨਹਾ ਰਹੇ ਲੋਕ ਚੌਕੰਨੇ ਹੋ ਕੇ ਫਟਾਫਟ ਪਾਣੀ ਵਿਚੋਂ ਬਾਹਰ ਨਿਕਲ ਗਏ । ਫਿਰ ਉਸ ਨੇ ਮਲਾਹ ਨੂੰ ਵੀ ਡਾਂਟਿਆ ਕਿ ਇਥੇ ਤਾਂ ਕੋਈ ਕਿਸ਼ਤੀ ਆਉਂਦੀ ਨਹੀਂ ਤੂੰ ਕਿਵੇਂ ਲੈ ਆਇਆ,ਜੇ ਇਸਦੀ ਨੁੱਕਰ ਨਾਲ ਕਿਸੇ ਨੂੰ ਸੱਟ ਵੱਜ ਜਾਂਦੀ। ਮਲਾਹ ਅੱਗੋਂ ਨਿੰਮਾ ਨਿੰਮਾ ਮੁਸਕਰਾਉਂਦਾ ਹੋਇਆ ਚਲਾ ਗਿਆ ਅਤੇ ਲੋਕ ਇਕ ਦਮ ਹੈਰਾਨ ਹੋ ਕੇ ਦੇਖਦੇ ਰਹੇ।
ਰਿਪਨਜੋਤ ਕੌਰ ਸੋਨੀ ਬੱਗਾ
ਪਟਿਆਲਾ।

Leave a Reply

Your email address will not be published. Required fields are marked *