ਟਿੱਬਿਆਂ ਦਾ ਪੁੱਤ | tibbeyan da putt

ਵਿੰਨੀਪੈਗ ਸ਼ਹਿਰ ਦਸ਼ਮੇਸ਼ ਪਿਤਾ ਦੇ ਨਾਮ ਤੇ ਖੁੱਲਿਆ ਪਹਿਲਾ ਪੰਜਾਬੀ ਸਕੂਲ..ਅਰਸੇ ਬਾਅਦ ਬੇਹਤਰੀਨ ਪੇਸ਼ਕਾਰੀ ਵੇਖਣ ਨੂੰ ਮਿਲੀ..ਵਰਨਾ ਬਰਫ਼ਾਂ ਦੇ ਢੇਰ ਤੇ ਹੱਡ ਚੀਰਵੀਂ ਠੰਡ ਨਾਲ ਹੋ ਗਏ ਰੁੱਖੇ ਮਿੱਸੇ ਮਜਾਜਾਂ ਨਾਲ ਹੀ ਵਾਹ ਪੈਂਦਾ..!
ਮੰਤਰ ਮੁਘਦ ਹੋ ਆਪਣੀ ਥਾਂ ਬੈਠਾ ਹੋਇਆ ਸਾਂ ਕੇ ਮੁੱਖ ਪ੍ਰਬੰਧਕ ਕੋਲ ਆਏ ਤੇ ਆਖ ਗਏ ਸਟੇਜ ਤੇ ਕੁਝ ਵੀ ਬੋਲਣਾ ਪੈਣਾ..ਉਧੇੜ ਬੁਣ ਸ਼ੁਰੂ ਹੋ ਗਈ ਹੁਣ ਕੀ ਬੋਲਿਆ ਜਾਵੇ?
ਕਦੇ ਸੋਚਾਂ ਧੀਆਂ ਦੀ ਗੱਲ ਛੇੜ ਲਵਾਂ..ਕਦੇ ਪੜਾਈ ਬਾਰੇ..ਤੇ ਕਦੇ ਕਨੇਡਾ ਦੇ ਪਰਵਾਸ ਉੱਤੇ..ਫੇਰ ਸੋਚਿਆ ਪਹਿਲੋਂ ਵਾਸ਼ਰੂਮ ਹੋ ਆਵਾਂ ਤਾਂ ਅੱਗਿਓਂ ਦੌੜੀਆਂ ਅਉਂਦੀਆਂ ਨਿੱਕੀਆਂ ਬੱਚੀਆਂ ਵਿੱਚ ਆਣ ਵੱਜੀਆਂ..ਤੋਤਲੀ ਬੋਲੀ ਵਿੱਚ ਸੌਰੀ ਮੰਗੀ..ਵੱਡੀ ਭੈਣ ਦਾ ਗਿੱਧਾ ਸ਼ੁਰੂ ਹੋ ਗਿਆ ਸੀ..ਓਧਰ ਜਾਣ ਦੀ ਕਾਹਲੀ ਸੀ..ਔਕੜ ਵੇਲੇ ਮੱਥਾ ਚੁੰਮ ਦਿਲਾਸੇ ਦਿੰਦੀਆਂ ਵੱਡੀਆਂ ਭੈਣਾਂ..ਮਾਵਾਂ ਹੀ ਹੁੰਦੀਆਂ ਨੇ ਅਸਲ ਵਿੱਚ..!
ਚਾਦਰੇ ਬੰਨੀ ਚੜ੍ਹਦੀ ਉਮਰ ਦੇ ਚੋਬਰ..ਫੇਰ ਗੀਤਾਂ ਵਿੱਚ ਮੂਸੇਵਾਲੇ ਦੀ ਪੱਟ ਤੇ ਮਾਰੀ ਥਾਪੀ..ਦੋ ਸੋ ਪੰਚਨਵੇਂ..ਧਰਮਾਂ ਦੇ ਨਾਮ ਤੇ ਡੀਬੇਟ..ਫੇਰ ਹੋਰ ਵੀ ਕਿੰਨਾ ਕੁਝ..!
ਤਸੱਲੀ ਹੋਈ ਕੇ ਟਿੱਬਿਆਂ ਦਾ ਪੁੱਤ ਮੋਇਆ ਨਹੀਂ..ਅਜੇ ਜਿਉਂਦਾ ਏ..ਬਾਲ ਮਨਾਂ ਅੰਦਰ ਕਿੰਨਾ ਕੁਝ ਸਦੀਵੀਂ ਬੀਜ ਗਿਆ..ਸੈਲਫੀਆਂ ਫੋਟੋਆਂ ਖਿੱਚਦੇ ਮਾਪੇ..ਵਾਰੀ ਸਦਕੇ ਜਾਂਦੀਆਂ ਅਤੇ ਬਲਾਵਾਂ ਲੈਂਦੀਆਂ ਮਾਵਾਂ..ਦੁਆਵਾਂ ਮੰਗਦੀਆਂ ਦਾਦੀਆਂ ਨਾਨੀਆਂ..ਮੁੱਛਾਂ ਦਾਹੜੀਆਂ ਤੇ ਹੱਥ ਫੇਰਦੇ ਦਾਦੇ ਤੇ ਨਾਨੇ..ਲਹਿੰਦੀ ਉਮਰ ਦਾ ਸਰੂਰ ਜਦੋਂ ਦੋਹਤੇ ਪੋਤਰੀਆਂ ਸਾਮਣੇ ਬਿਜਲੀ ਵਾਂਙ ਨੱਚ ਰਹੀਆਂ ਹੁੰਦੀਆਂ..ਮੂਹਰਲੀ ਕਤਾਰ ਵਿੱਚ ਬੈਠੇ ਕਨੇਡੀਅਨ ਪ੍ਰਾਹੁਣੇ..ਬਿਨਾਂ ਅੱਖ ਝਪਕਿਆਂ ਸਭ ਕੁਝ ਵੇਖੀ ਜਾ ਰਹੇ ਸਨ..ਜਰੂਰ ਸੋਚ ਰਹੇ ਹੋਣੇ ਕਿੰਨੀ ਚੜ੍ਹਦੀ ਕਲਾ ਏ ਕੌਂਮ ਵਿੱਚ..ਹਜਾਰਾਂ ਕਿਲੋਮੀਟਰ ਦੂਰ ਆ ਕੇ ਵੀ ਸਭ ਕੁਝ ਸਾਂਭੀ ਬੈਠੇ..ਭੰਗੜੇ ਗਿੱਧੇ ਦੀ ਤਾਲ ਤੇ ਥਿਰਕਦੇ ਹੱਥ ਪੈਰ..!
ਦੋਸਤੋ ਆਖ ਦੇਣਾ ਸੌਖਾ ਪਰ ਅਮਲੀ ਰੂਪ ਦੇਣਾ ਬੜਾ ਔਖਾ..ਹਰ ਪੱਖ ਦਾ ਖਿਆਲ ਰੱਖਣਾ ਪੈਂਦਾ..ਭਰਿਆ ਹੋਇਆ ਹਾਲ..ਖੁੱਲ੍ਹਾ ਖਾਣ ਪੀਣ..ਪੈਂਦੀਆਂ ਲਾਈਟਾਂ..ਪੈਰ ਪੈਰ ਤੇ ਹੁੰਦੀ ਪੰਜਾਬ ਪੰਜਾਬੀਅਤ ਦੀ ਗੱਲ..!
ਸਭ ਤੋਂ ਵੱਧ ਉਤੇਜਨਾ ਓਦੋਂ..ਜਦੋਂ ਕੁਝ ਸਾਲ ਪਹਿਲੋਂ ਤੀਕਰ ਆਪਣੇ ਪਿਤਾ ਦੀ ਉਂਗਲ ਫੜ ਤੁਰੀ ਫਿਰਦੀ ਨਿੱਕੀ ਜਿਹੀ ਮੰਨਤ ਕੌਰ ਅੱਜ ਕਦ ਕਾਠ ਪੱਖੋਂ ਉਸਦੇ ਬਰੋਬਰ ਹੋ ਕੇ ਉਸ ਨਾਲ ਹੀ ਖਲੋਤੀ ਛੱਲਾ ਗਾ ਰਹੀ ਸੀ..ਬੜੀ ਵੱਡੀ ਗੱਲ ਹੁੰਦੀ ਏ ਦੋਸਤੋ..ਮੈਨੂੰ ਚੇਹਰੇ ਪੜਨ ਦਾ ਸ਼ੌਕ..ਸਟੇਜ ਤੇ ਚੜਿਆਂ ਨੂੰ ਮਾਪਿਆਂ ਦੀ ਝਾਕ ਤੇ ਸਾਮਣੇ ਬੈਠਿਆਂ ਨੂੰ ਆਪਣੀ ਅਗਲੀ ਪੀੜੀ ਦੀ ਉਡੀਕ..!
ਸਟੇਜ ਸੰਚਾਲਕ ਭੈਣ ਦਾ ਉਚੇਚਾ ਯੋਗਦਾਨ..ਹਰੇਕ ਦੀ ਹੋਂਸਲਾ ਹਫਜਾਈ..ਨਿੱਕੇ ਬਾਲਾਂ ਕੋਲੋਂ ਗਲਤੀ ਹੋਣ ਤੇ ਮਾਸੂਮ ਜਿਹਾ ਹਾਸਾ ਹੱਸ ਮੁਆਫੀ ਮੰਗ ਲੈਣ ਦੀ ਦਿਲਕਸ਼ ਕਲਾ..ਸਟੇਜ ਦੇ ਮਗਰ ਤਿਆਰੀ ਕਰਵਾ ਰਿਹਾ ਅਦ੍ਰਿਸ਼ ਸਟਾਫ ਅਤੇ ਅਵਾਜ ਅਤੇ ਮਿਊਜ਼ਿਕ ਦਾ ਸੰਤੋਲਕ ਕੰਟਰੋਲ..ਇਹ ਸਮੂਹਕ ਉਪਰਾਲੇ ਹੁੰਦੇ..!
ਅਖੀਰ ਵਿੱਚ ਅਰਦਾਸ ਨਿੱਕਲੀ..ਰੱਬਾ ਬੱਚਿਆਂ ਦੇ ਮਾਪੇ ਸਦੀਵੀਂ ਜਿਉਂਦੇ ਰਹਿਣ..ਮਾਣਕ ਦਾ “ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ..ਬੱਚਿਆਂ ਦੀ ਮਾਂ ਮਰੇ ਨਾ ਕੋਈ..ਰੱਬਾ ਦੇਵ ਕਰੇ ਅਰਜੋਈ..ਤੇਰੇ ਟਿੱਲੇ ਉੱਤੋਂ ਸੂਰਤ ਦਿਸਦੀ ਹੀਰ ਦੀ”
ਸੂਫ਼ੀਆਨਾ ਰੰਗ..ਰਾਵੀ ਕੋਲੋਂ ਸਤਲੁਜ ਦੀ ਖੈਰ ਖੈਰੀਅਤ ਪੁੱਛਦਾ ਚਨਾਬ..ਲਹਿੰਦੇ ਚੜ੍ਹਦੇ ਦੀ ਵੀ ਗੱਲ..!
ਪਰ ਅਸਲੀਅਤ..ਸਦਾ ਨਾ ਬਾਗੀਂ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ..ਸਦਾ ਨਾ ਹੁਸਨ ਜਵਾਨੀ ਮਾਪੇ..ਸਦਾ ਨਾ ਸੋਹਬਤ ਯਾਰਾਂ..ਹੱਸਦੇ ਰਹੋ..ਵੱਸਦੇ ਰਹੋ..ਘਾਟੇ ਵਾਧਿਆਂ ਦੀ ਪ੍ਰਵਾਹ ਕੀਤੇ ਬਗੈਰ..ਸਭ ਕੁਝ ਇਥੇ ਰਹਿ ਜਾਣਾ..ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੇ..ਪਤਾ ਨੀ ਸੁਵੇਰ ਦਾ..!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *