ਚੀਸਾਂ | cheesan

ਨਿੱਕੇ ਹੁੰਦੀ ਭੈਣ ਜੀ ਦੇ ਮਾੜੀ ਜਿਹੀ ਸੱਟ ਵੀ ਲੱਗ ਜਾਇਆ ਕਰਦੀ ਤਾਂ ਹਾਲ ਦੁਹਾਈ ਮਚਾ ਕਿੰਨੀ ਸਾਰੀ ਖਲਕਤ ਇਕੱਠੀ ਕਰ ਲਿਆ ਕਰਦੀ..!
ਪਹਿਲੋਂ ਗਲੀ ਦੇ ਮੋੜ ਤੇ ਬੈਠ ਲੱਗੀ ਸੱਟ ਨੂੰ ਘੁੱਟ-ਘੁੱਟ ਕਿੰਨਾ ਸਾਰਾ ਲਹੂ ਕੱਢ ਲੈਂਦੀ ਤੇ ਮਗਰੋਂ ਹਰ ਆਉਂਦੇ ਜਾਂਦੇ ਨੂੰ ਉਹ ਲਹੂ ਰੋ ਰੋ ਕੇ ਵਿਖਾਇਆ ਕਰਦੀ..!
ਕੋਲੋਂ ਲੰਘਦਾ ਪਹਿਲੋਂ ਲਾਡ-ਪਿਆਰ ਕਰਦਾ ਤੇ ਮਗਰੋਂ ਕਦੀ ਗੁੜ ਦੀ ਪੇਸੀ,ਤਿੱਲਾਂ ਦੇ ਲੱਡੂ ਤੇ ਕਦੀ ਤਾਜੀਆਂ ਪੁੱਟੀਆਂ ਮੁੱਲੀਆਂ ਗਾਜਰਾਂ ਦੀ ਗੰਢ ਫੜਾ ਜਾਇਆ ਕਰਦਾ..!
ਫੇਰ ਓਦੋਂ ਤੀਕਰ ਓਥੇ ਹੀ ਬੈਠੀ ਰਹਿੰਦੀ ਜਦੋਂ ਤੀਕਰ ਦਿਨ ਢਲੇ ਭਾਪਾ ਜੀ ਡੰਗਰ ਲੈ ਕੇ ਘਰ ਆਉਂਦੇ ਹੋਏ ਨਾ ਦਿਸ ਪਿਆ ਕਰਦੇ..!
ਫੇਰ ਲੱਗੀ ਸੱਟ ਵਿਖਾ ਪਹਿਲੋਂ ਢੇਰ ਸਾਰਾ ਪਿਆਰ ਲੈਂਦੀ ਤੇ ਮੁੜਕੇ ਕਿੰਨੇ ਸਾਰੇ ਪੈਸੇ..ਅਗਲੇ ਹੀ ਪਲ ਇੱਕਠੇ ਹੋਏ ਪੈਸੇ ਲੈ ਹੱਟੀ ਤੇ ਅੱਪੜ ਝੋਲੀ ਭਰ ਕੇ ਮੁੜਦੀ!
ਭਾਪਾ ਜੀ ਰਿਸ਼ਤੇ ਕਰਵਾਉਣਾ ਪੁੰਨ ਸਮਝਿਆ ਕਰਦੇ ਸਨ..ਨਾ ਕਦੇ ਮਿਲਣੀ ਦਾ ਕੰਬਲ ਤੇ ਨਾ ਕਦੇ ਸ਼ਾਪ ਹੀ ਪਵਾਈ..ਕਿੰਨੇ ਰਿਸ਼ਤੇ ਕਰਵਾਏ ਪਰ ਆਪਣੀ ਧੀ ਦੀ ਵਾਰੀ ਵੱਡਾ ਧੋਖਾ ਪਤਾ ਨੀ ਕਿੱਦਾਂ ਖਾ ਗਏ..!
ਪਹਿਲੋਂ ਆਖਣ ਲੱਗੇ ਬਰਾਤ ਦੀ ਸੇਵਾ ਨਹੀਂ ਹੋਈ..ਫੇਰ ਮੋਟਰ ਸਾਈਕਲ ਤੇ ਹੋਰ ਵੀ ਕਿੰਨਾ ਕੁਝ..ਅਗਲੇ ਪਾਸੇ ਜਮੀਨ ਵੀ ਓਨੀ ਨਹੀਂ ਸੀ ਨਿੱਕਲੀ ਜਿੰਨੀ ਆਖ ਰਿਸ਼ਤਾ ਤਹਿ ਹੋਇਆ ਸੀ!
ਹੌਲੀ ਹੌਲੀ ਪੇਕੇ ਆਉਣੋ ਹਟਾ ਦਿੱਤਾ..ਆਖਦੇ ਜੇ ਮੇਲ ਜੋਲ ਰਖਿਆ ਤਾਂ ਪੱਕੀ ਹੀ ਘੱਲ ਦੇਣੀ..ਉਹ ਫੇਰ ਵੀ ਚੋਰੀ ਚਿੱਠੀ ਲਿਖ ਦਿਆ ਕਰਦੀ..ਇੱਕ ਵੇਰ ਸੁਨੇਹੇ ਦਾ ਰੁੱਕਾ ਫੜਿਆ ਗਿਆ ਤਾਂ ਵੱਡਾ ਬਖੇੜਾ ਖੜਾ ਕਰ ਦਿੱਤਾ!
ਬੀਜੀ ਭਾਪਾ ਜੀ ਨੂੰ ਵੀ ਸ਼ਾਇਦ ਇਹੋ ਝੋਰਾ ਲੈ ਬੈਠਾ ਸੀ..ਛੇ ਮਹੀਨਿਆਂ ਵਿਚ ਹੀ ਅੱਗੜ ਪਿੱਛੜ ਰਵਾਨਗੀ ਪਾ ਗਏ!
ਇੱਕ ਵੇਰ ਮੈਂ ਖਾਦ ਲੈਣ ਸ਼ਹਿਰ ਗਿਆ..ਮੁੜਦੇ ਹੋਏ ਨੂੰ ਲੱਗਿਆ ਜਿੱਦਾਂ ਸੜਕ ਤੇ ਇੱਕ ਪਾਸੇ ਦੋ ਭਾਰੇ ਝੋਲੇ ਚੁੱਕੀ ਭੈਣ ਜੀ ਤੁਰੀ ਜਾ ਰਹੀ ਹੋਵੇ..ਮੈਂ ਕੋਲ ਜਾ ਬ੍ਰੇਕ ਮਾਰ ਲਈ..ਤ੍ਰਬਕ ਗਈ ਤੇ ਆਖਣ ਲੱਗੀ ਮੇਰਾ ਟਾਂਗਾ ਨਿੱਕਲ ਗਿਆ ਸੀ..ਤਾਂ!
ਮੈਂ ਖਾਦ ਦੀ ਬੋਰੀ ਮਗਰੋਂ ਲਾਹ ਕੋਲ ਕਿਸੇ ਵਾਕਿਫ ਦੇ ਰਖਵਾ ਦਿੱਤੀ ਤੇ ਫੇਰ ਉਸਦੇ ਦੋਵੇਂ ਝੋਲੇ ਹੈਂਡਲ ਨਾਲ ਟੰਗ ਲਏ..ਪਿਛਲੇ ਕੈਰੀਅਰ ਤੇ ਬੈਠਣ ਲਈ ਆਖਿਆ ਤਾਂ ਅੱਗਿਓਂ ਰੋ ਪਈ..ਅਖ਼ੇ ਥੋੜੀ ਵਾਟ ਹੀ ਤਾਂ ਰਹਿ ਗਈ ਸੀ..ਆਪੇ ਚਲੀ ਜਾਂਦੀ..ਜੇ ਕਿਧਰੇ ਵੇਖ ਲਿਆ ਤਾਂ ਗੁੱਸਾ ਕਰਨਗੇ..!
ਮੇਰੇ ਅੰਦਰੋਂ ਵੱਡਾ ਉਬਾਲ ਉੱਠਿਆ ਤੇ ਜ਼ੋਰ ਦੀ ਬਾਹੋਂ ਫੜ ਮਗਰ ਬਿਠਾ ਲਿਆ..ਉੱਚੀ ਸਾਰੀ ਆਖਿਆ ਵੀਰ ਹਾਂ ਕੋਈ ਬੇਗਾਨਾ ਥੋੜੀ ਆਂ..ਵੇਖੀ ਜਾਊ ਜੋ ਹੋਊ!
ਸਾਰੀ ਵਾਟ ਕੁਝ ਨਾ ਬੋਲੀ ਬਸ ਚੁੱਪ ਹੀ ਰਹੀ..ਹੈਰਾਨ ਸਾਂ ਕੇ ਨਿੱਕੀਆਂ ਨਿੱਕੀਆਂ ਸੱਟਾਂ ਖਾ ਕੇ ਪੂਰੀ ਖਲਕਤ ਇਕੱਠੀ ਕਰ ਲੈਣ ਵਾਲੀ ਅੱਜ ਏਡੇ ਵੱਡੇ ਫੱਟ ਖਾ ਕੇ ਵੀ ਚੁੱਪ ਕਿੱਦਾਂ ਸੀ..!
ਫੇਰ ਪੈਡਲ ਮਾਰਦੇ ਨੂੰ ਖਿਆਲ ਆਇਆ ਕੇ ਕਮਲੀ ਹੱਸਣ ਖੇਡਣ ਬੋਲਣ ਦੱਸਣ ਦਾ ਆਪਣਾ ਸਾਰਾ ਖਜਾਨਾ ਤੇ ਵਿਆਹ ਤੋਂ ਪਹਿਲੋਂ ਹੀ ਮੁਕਾ ਆਈ ਸੀ..ਨਾਲੇ ਸਰੀਰ ਤੇ ਲਗੀਆਂ ਅਤੇ ਜਮੀਰ ਤੇ ਲੱਗੀਆਂ ਵਿਚ ਬੜਾ ਵੱਡਾ ਫਰਕ ਹੁੰਦਾ..!
ਬਾਹਰੀ ਸੱਟਾਂ ਵਿਚੋਂ ਲਹੂ ਸਿੰਮਦਾ ਪਰ ਦਿਲ ਤੇ ਲਗੀਆਂ ਵਿਚੋਂ ਤੇ ਸਿਰਫ ਚੀਸਾਂ ਹੀ ਉਠਦੀਆਂ..ਉਹ ਚੀਸਾਂ ਜਿਹੜੀਆਂ ਆਪਣਿਆਂ ਤੋਂ ਬਗੈਰ ਹੋਰ ਕਿਸੇ ਨੂੰ ਸੁਣਾਈ ਨਹੀਂ ਦਿੰਦੀਆਂ!
ਤਿੰਨ ਦਹਾਕੇ ਪਹਿਲਾਂ ਅਸਲ ਵਾਪਰਿਆ ਬਿਰਤਾਂਤ
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *