ਕਿਰਾਇਆ | kiraya

ਮੋਗਾ ਬਾਘਾਪੁਰਾਣਾ, ਲੁਧਿਆਣਾ ਲੁਧਿਆਣਾ ਨਾਨ ਸਟਾਪ ਕੋਈ ਰਾਹ ਦੀ ਸਵਾਰੀ ਨਾ ਹੋਵੇ। ਕਡੰਕਟਰ ਇਕੋ ਸਾਹ ਹੀ ਲੱਗਿਆ ਪਿਆ ਸੀ । ਮੈਂ ਵੀ ਪਿਛਲੇ ਅੱਡੇ ਤੋਂ ਮੋਗੇ ਜਾਣ ਲਈ ਟਿਕਟ ਕਟਵਾ ਲਈ ਸੀ । ਪਿਛਲੀ ਬਾਰੀ ਦੇ ਸਾਹਮਣੇ ਵਾਲੀ ਸੀਟ ‘ਤੇ ਮੈਂ ਬੈਠਾ ਹੋਇਆ ਸਾਂ। ਹਾਂ ਭਾਈ ਕਿੱਥੇ ਜਾਣਾ ਤੂੰ ਉਹਨੇ ਹੱਥ ਵਿਚ ਝੋਲਾ ਫੜ੍ਹੀ ਘੁਸਮੈਲੇ ਜੇ ਲੀੜਿਆਂ ‘ਚ ਮੇਰੀ ਬੇਬੇ ਦੀ ਉਮਰ ਦੀ ਮਾਈ ਨੂੰ ਕਿਹਾ, ਪੁੱਤ ਮੈਂ ਤਾਂ ਮੋਗੇ ਹੀ ਜਾਣਾ ਏ । ਚੰਗਾ ਚੰਗਾ ਬਾਰੀ ਤੋਂ ਗਾਂਹ ਨੂੰ ਹੋ ਜਾ ਹੋਰ ਸਵਾਰੀਆਂ ਵੀ ਚੜਾਉਣੀਆਂ ਅਸੀਂ । ਮੈਨੂੰ ਉਹਦੀ ਲੋੜ ਤੋਂ ਵੱਧ ਕੀਤੀ ਜਾ ਰਹੀ ਬਕ-ਬਕ ਪਰੇਸ਼ਾਨ ਕਰ ਰਹੀ ਸੀ। ਉਹ ਮਾਈ ਮੇਰੇ ਤੋਂ ਦੂਜੇ ਪਾਸੇ ਇੱਕ ਕੰਨਾਂ ਵਿੱਚ ਟੂਟੀਆਂ ਤੁੰਨ ਕੇ ਬੈਠੇ ਪਾੜ੍ਹੇ ਨਾਲ ਝੋਲਾ ਬੁੱਕਲ ਵਿੱਚ ਰੱਖ ਕੇ ਬੈਠ ਗਈ । ਆਹ ਰਾਹ ਤੋਂ ਆਵਦੇ ਝੋਲੇ ਲਿਫਾਫੇ ਚੱਕ ਤਾਂਹ ਰੱਖੋ , ਉਹ ਇੱਕ ਵਾਰ ਫੇਰ ਉੱਚੀ ਦੇਣੇ ਚੀਕਿਆ।ਲਿਆ ਭਾਈ ਟਿਕਟ, ਲੈ ਪੁੱਤ ਇੱਕ ਮੋਗੇ ਦੀ ਕੱਟ ਦੇ , ਉਹਨੇ ਮੁੱਠੀ ਵਿੱਚ ਘੁੱਟ ਕੇ ਰੱਖਿਆ ਪਜਾਂਹ ਦਾ ਨੋਟ ਉਹਨੂੰ ਫੜ੍ਹਾ ਦਿੱਤਾ, ਪੰਜਾਹ ਦਾ ਨੋਟ ਵੇਖ ਉਹ ਅਲੀ ਅਲੀ ਕਰਕੇ ਮਾਈ ਨੂੰ ਪੈ ਨਿਕਲ਼ਿਆ, ਜੇ ਪੈਸੇ ਟੁੱਟੇ ਨਹੀਂ ਹੁੰਦੇ ਨਾ ਚੜ੍ਹਿਆ ਕਰੋ …. ਪੁੱਤ ਮੇਰੇ ਕੋਲ ਟੁੱਟੇ ਹੈਨੀ ਨਹੀਂ ਦੇ ਦੇਣੇ ਸੀ ਮੈਂ।”ਆਹ ਚੱਕ ! ਬਕਾਇਆ ਲਿਖ ਦਿੱਤਾ ਗਾਂਹ ਜਾ ਕੇ ਦਿੰਨਾ। ਉਹ ਟਿਕਟ ਕੱਟ ਕੇ ਅੱਗੇ ਟਿਕਟਾਂ ਕੱਟਣ ਚਲਾ ਗਿਆ।
ਹੁਣ ਬੱਸ ਮੋਗੇ ਵਿੱਚ ਦਾਖਲ ਹੋਣ ਹੀ ਵਾਲੀ ਸੀ, ਕਿ ਬੇਬੇ ਨੇ ਉਹਨੂੰ ਕੋਲੋਂ ਲੰਘਦੇ ਨੂੰ ਕਿਹਾ,” ਪੁੱਤ ਬਾਕੀ ਪੈਸੇ ਮੋੜ ਦੇ ਮੈਂ ਅੱਡੇ ‘ਚ ਉਤਰਨਾ ਫੇਰ ।” ਕੋਈ ਨੀ ਪੈਸੇ ਦੇ ਕੇ ਹੀ ਘੱਲੂ ਤੈਨੂੰ ਅੱਡਾ ਹਾਲੇ ਦੂਰ ਆ। ਏਸ ਤੋਂ ਪਹਿਲਾਂ ਵੀ ਉਹ ਇੱਕ ਦੋ ਵਾਰ ਉਹਨੂੰ ਲੰਘਦੇ ਨੂੰ ਕਹਿ ਚੁੱਕੀ ਸੀ ਪਰ ਉਹਦੇ ਕੰਨ ‘ਤੇ ਜੂੰ ਨੀ ਸਰਕੀ ਸੀ । ਓਸ ਬੇਬੇ ਦੇ ਮੂੰਹ ‘ਤੇ ਬਕਾਏ ਦਾ ਫ਼ਿਕਰ ਸਾਫ ਝਲਕ ਰਿਹਾ ਸੀ , ਉਹ ਕਦੇ ਨੇੜ ਆ ਰਹੇ ਅੱਡੇ ਵੱਲ ਤੇ ਕਦੇ ਕਡੰਕਟਰ ਵੱਲ ਦੇਖੀ ਜਾਂਦੀ ਸੀ।ਮੈਨੂੰ ਬੈਠੇ ਨੂੰ ਉਹਦੀ ਏਸ ਹਰਕਤ ‘ਤੇ ਬਹੁਤ ਗੁੱਸਾ ਆ ਰਿਹਾ ਸੀ ਜੀ ਕਰਦਾ ਉਠ ਕੇ ਦੋ ਮਾਰਾਂ ਮੌਰਾਂ ‘ਚ ਮਗਰੋਂ ਜੋ ਬਣਦਾ ਦੇਖੀ ਜਾਉ।ਫੇਰ ਪਤਾ ਨੀ ਕਿਹੜੇ ਸ਼ੈਅ ਨੇ ਮੈਨੂੰ ਰੋਕੀ ਰੱਖਿਆ। ਬੱਸ ਅੱਡੇ ‘ਤੇ ਪਹੁੰਚ ਗਈ ਤੇ ਸਾਰੀਆਂ ਸਵਾਰੀਆਂ ਵਾਹੋ ਦਾਹੀ ਉਤਰਨ ਲੱਗੀਆਂ, ਉਹ ਬੇਬੇ ਵੀ ਕਾਹਲ ਨਾਲ ਉਤਰ ਕੇ ਉਹਦੇ ਕੋਲ਼ ਜਾਣ ਲੱਗੀ ਤੇ ਉਹ ਸਵਾਰੀਆਂ ਨੂੰ ਅਵਾਜ਼ਾਂ ਮਾਰਦਾ ਪਾਸੇ ਚਲਾ ਗਿਆ ਤੇ ਉਹਨੇ ਓਸ ਬੇਬੇ ਨੂੰ ਵੇਖ ਕੇ ਵੀ ਅਣਗੌਲਿਆਂ ਕਰ ਦਿੱਤਾ। ਮੈਨੂੰ ਗੁੱਸਾ ਚੜ੍ਹ ਗਿਆ ਮੈਂ ਗੁੱਸੇ ‘ਚ ਉਹਦੀ ਬਾਂਹ ਨੂੰ ਫੜ੍ਹ ਕਿਹਾ , ਕਿਉਂ ਨੀ ਮੋੜਦਾ ਬਕਾਇਆ ਵਿਚਾਰੀ ਦਾ ਕਦੋਂ ਦੀ ਲੇਲੜੀਆਂ ਕੱਡੀ ਜਾਂਦੀ ਏ । ਉਹ ਮੇਰੀ ਪੱਗ ਤੇ ਥੱਪੀ ਹੋ ਦਾਹੜੀ ਨੂੰ ਵੇਖ ਕੇ ਡਰ ਗਿਆ ‘ਤੇ ਝੱਟ ਬੈਗ ‘ਚੋਂ ਦਸਾਂ ਦਾ ਨੋਟ ਕੱਢ ਕੇ ਉਹਨੂੰ ਫੜ੍ਹਾ ਦਿੱਤਾ। ਉਹ ਵਿਚਾਰੀ ਬੇਬੇ ਦਸਾਂ ਦਾ ਨੋਟ ਫੜ੍ਹ ਜਿਉਂਦਾ ਰਹਿ , ਤੇਰੀ ਵੱਡੀ ਉਮਰ ਹੋਵੇ ਜੀਹਨੇ ਮੈਨੂੰ ਆਹ ਦਸ ਰੁਪਏ ਦਵਾ ਤੇ ‌ਮੈਨੂੰ ਇਹਨੇ ਕਿੱਥੇ ਦੇਣੇ ਸੀ । ਮੈਂ ਤਾਂ ਪੈਲੇਸ ‘ਚ ਰੋਟੀਆਂ ਲਾਉਣ ਦੀ ਦਿਹਾੜੀ ਲਾ ਕੇ ਆਈ ਹਾਂ ਉਹ ਕਹਿੰਦੇ ਪੈਸੇ ਕੱਲ ਨੂੰ ਦੇਵਾਂਗੇ, ਆਹ ਹੀ ਪੰਜਾਹ ਰੁਪਏ ਸੀ । ਜਿਹੜੇ ਦਸ ਬਚਦੇ ਆ ਟੈਂਪੂ ਵਾਲੇ ਨੇ ਲੈ ਲੈਣੇ ਆ , ਮੈਨੂੰ ਤਾਂ ਇਹੋ ਹੀ ਫ਼ਿਕਰ ਸੀ ਵੀ ਉਧਰੋਂ ਕੁਵੇਲਾ ਹੋਈ ਜਾਂਦਾ ਜੇ ਇਹਨੇ ਪੈਸੇ ਨਾ ਮੋੜੇ ਤਾਂ ਪਿੰਡ ਕਿਵੇਂ ਅੱਪੜਾਂਗੀ ..। ਬੇਬੇ ਦੀ ਕਹਾਣੀ ਸੁਣ ਮੇਰੀਆਂ ਅੱਖਾਂ ‘ਚ ਪਾਣੀ ਆ ਗਿਆ ਕਿ ਉਹਨੂੰ ਬਕਾਏ ਦਾ ਨੀ ਆਵਦੇ ਕਿਰਾਏ ਦਾ ਫ਼ਿਕਰ ਸਤਾ ਰਿਹਾ ਸੀ । ਮੈਂ ਉਹਨੂੰ ਕਿਹਾ ਬੇਬੇ ਆਹ ਹੋਰ ਪੈਸੇ ਲੈ ਲਾ ਮੇਰੇ ਕੋਲੋਂ… ਨਾ ਨਾ ਪੁੱਤ ਆਹ ਤਾਂ ਕੋਲੋਂ ਦਿੱਤਿਆਂ ਵਰਗੇ ਹੋ ਗਏ , ਏਨਾ ਕਹਿ ਉਹ ਮੇਰਾ ਮੋਢਾ ਪਲੋਸਦੀ ਟੈਂਪੂ ਵੱਲ ਤੁਰ ਪਈ ਤੇ ਮੈਂ ਉਹਨੂੰ ਜਾਂਦੀ ਨੂੰ ਦੂਰ ਤੱਕ ਦੇਖਦਾ ਰਿਹਾ।
ਸਤਨਾਮ ਸਿੰਘ ਸ਼ਦੀਦ
ਸੰਪਰਕ 9914298580

One comment

Leave a Reply

Your email address will not be published. Required fields are marked *