ਸੁਫ਼ਨੇ | sufne

ਸੁਫ਼ਨੇ ਅੰਦਰ ਦੇ ਮਨ ਦੀ ਅੱਖ਼ ਹਨ।….ਹਰ ਇਨਸਾਨ ਸੌਂਦੇ ਜਾਗਦੇ ਸੁਫ਼ਨੇ ਲੈਂਦਾ ਹੈ । ਇਹ ਸੁਫ਼ਨੇ ਪਾਣੀ ਵਾਂਙੂੰ ਹੁੰਦੇ ਨੇ… ਜਿਹਨਾਂ ਦਾ ਨਾ ਕੋਈ ਆਕਾਰ, ਨਾ ਰੰਗ ਰੂਪ , ਨਾ ਕੋਈ ਲੜੀ ..ਉਹ. ਟੁੱਟਦੇ ਭੱਜਦੇ ਅਤੇ ਜੁੜਦੇ ਹਨ ਭਾਵੇਂ ਉਹਨਾਂ ਦਾ ਸਿਰ ਪੈਰ ਨਹੀਂ ਹੁੰਦਾ ਹੈ …
ਹੱਸਦੇ ਰੁਲਾਉਂਦੇ ਜਾਂ ਅਥਾਹ ਖ਼ੁਸ਼ੀ ਦਿੰਦੇ ਨੇ ਕਈਂ ਵਾਰ ਇਹ ਸੁਫ਼ਨੇ … ਕੲੀ ਲੋਕ ਤਾਂ ਸੁਪਨੇ ਵਿੱਚ ਹੀ ਜ਼ਿੰਦਗੀ ਜੀ ਲੈਦੇ ਨੇ ।
…….ਸੁਫ਼ਨਿਆਂ ਬਾਬਤ ਮੈਂ ਆਪਣੀ ਗੱਲ ਦੱਸਣਾ ਚਾਹੁੰਦੀ ਹਾਂ …
……ਸੌਂਦਿਆ ਮੈਨੂੰ ਜਿਹੜੇ ਵੀ ਸੁਫ਼ਨੇ ਆਉਂਦੇ ਹਨ , ਅਕਸਰ ਯਾਦ ਰਹਿੰਦੇ ਹਨ । ਮੈਂ ਸੋਚਦੀ ਹਾਂ ਕਈਂ ਵਾਰੀ ਤਾਂ ਦਿਨੇ ਅਸੀਂ ਜੋ ਸੋਚਦੇ ਹਾਂ , ਉਹ ਗੱਲਾਂ ਰੰਗ ਰੂਪ ਵਟਾ ਕੇ ਸੁਫ਼ਨਿਆਂ ‘ਚ ਥਾਂ ਮੱਲ ਲੈਂਦੇ ਹਨ।
ਮੈਨੂੰ ਇੱਕ ਸੁਫ਼ਨਾ ਵਾਰ ਵਾਰ ਆਉਂਦਾ ਹੈ । ਉਹ ਇਵੇਂ ਹੈ ਕਿ ਸੁਫ਼ਨੇ ‘ਚ ਨਵਾਂ ਖ਼ਰੀਦਿਆ ਪੁਰਾਣਾ ਘਰ ਜੋ ਕਿ ਦਰਿਆ ਦੇ ਕਿਨਾਰੇ ਹੈ ਜਿਸ ਦੇ ਦੋ ਗੇਟ ਹਨ ਇੱਕ ਦਰਿਆ ਵਲ ਖੁਲਦਾ ਹੈ ਦੂਜੇ ਗੇਟ ਦੇ ਸਾਹਮਣੇ ਹਰਿਆਵਲ ਭਰਿਆ ਕਸ਼ਮੀਰ ਦੇ ਗੁਲਮਰਗ ਵਰਗਾ ਮੈਦਾਨ ਹੈ । ਮੈਦਾਨ ਵਿੱਚ ਬੜੇ ਗੋਭਲੇ ਗੋਭਲੇ ਬੱਚੇ ਹੁੰਦੇ ਨੇ , ਮੈਂ ਵੀ ਉਹਨਾਂ ‘ਚ ਇੱਕ ਬੱਚਾ ਹੀ ਹਾਂ ਉਹਨਾਂ ਦੇ ਨਾਲ ਮੈਂ ਵੀ ਸਲਾਈਡ ਵਾਲਾ ਝੂਲਾ ਲੈਂਦੀ ਹਾਂ ।
ਇਸ ਘਰ ਦੇ ਕਈਂ ਉਪਰ ਹੇਠਾਂ ਅਗੜ ਪਿਛੜ ਕਮਰੇ ਹੁੰਦੇ ਨੇ ।ਅਕਸਰ ਇਸ ਘਰ ‘ਚ ਮੈਨੂੰ ਜਾਈ ਜੀ ਭਾਪਾ ਜੀ ਨਾਲ ਦਿੱਸਦੇ ਹਨ । ਘਰ ਦੇ ਅੰਦਰ ਮੈਂ ਆਪਣੇ ਆਪ ਨੂੰ ਵੱਡਾ ਦੇਖਦੀ ਹਾਂ । ਸ਼ਾਮ ਦੇ ਸਮੇਂ ਮੈਂ ਬੰਸਰੀ ਦੀ ਅਵਾਜ਼ ਸੁਣ ਕਿਸੇ ਨੂੰ ਢੂੰਢਣਾ ਸ਼ੁਰੂ ਕਰਦੀ ਹਾਂ , ਕਦੀ ਕਮਰੇ ਦੀ ਦਰਿਆ ਵਲ ਖੁਲਦੀ ਖਿੜਕੀ ਜਾਂ ਫ਼ਿਰ ਪਹਾੜ ਵਲ ਖੁਲਦੀ ਖਿੜਕੀ ਖੋਲਦੀ ਹਾਂ ।ਜਦੋਂ ਕੋਈ ਦਿੱਖਦਾ ਨਹੀਂ ਤਾਂ ਉਦਾਸ ਜਿਹੀ ਹੋ ਮਾਂ ਕੋਲ ਆ ਬੈਠਦੀ ਹਾਂ ਭਾਵੇਂ ਇਸ ਸੁਫ਼ਨੇ ਦਾ ਕੋਈ ਕਾਰਣ ਨਹੀਂ ਹੈ ਪਰ ਅਕਸਰ ਹੂਬਹੂ ਇਹ ਸੁਫ਼ਨਾ ਮੈਨੂੰ ਅਕਸਰ ਆਉਂਦਾ ਹੈ ।
ਅਸਲੀਅਤ ਵਿੱਚ ਜਦੋਂ ਵੀ ਕਦੀ ਕਿਸੇ ਸਥਾਨ ਤੇ ਘੁੰਮਣ ਲਈ ਅਸੀਂ ਜਾਂਦੇ ਹਾਂ ਤਾਂ ਮੈਂ ਅਕਸਰ ਆਪਣੇ ਸੁਫ਼ਨੇ ਦੇ ਸਥਾਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹਾਂ ।
ਸੁਫ਼ਨਿਆਂ ‘ਚ ਕਦੀ ਮੈਂ ਗੁਰਦੁਆਰੇ ਮੰਦਰ ਘੁੰਮਦੀ ਹਾਂ ਜਾਂ ਸਕੂਲ ਜਾਂ ਪ੍ਰੀਖਿਆ ਹਾਲ ਦੇ ‘ਚ ਗੁੰਮੀ ਰਹਿੰਦੀ ਹਾਂ ਜਾਂ…ਕਈਂ ਵਾਰੀ ਸੁਫ਼ਨੇ ‘ ਚ ਹੀ ਕਵਿਤਾ ਲਿਖ ਲੈਂਦੀ ਹਾਂ । ਕਦੀ ਕੁੱਝ ਲਾਈਨਾਂ ਸਵੇਰ ਤੱਕ ਯਾਦ ਰਹਿੰਦੀਆਂ ਹਨ , ਅਤੇ ਕੁੱਝ ਅਣਜੰਮੀਆਂ ਕਵਿਤਾਵਾਂ ਮਰ ਜਾਂਦੀਆਂ ਹਨ।
ਕਈਂ ਵਾਰੀ ਧਰਤੀ ਦੀ ਹਲਚਲ ਗਤੀਵਿਧੀਆਂ ਬਾਰੇ ਸੁਫ਼ਨੇ ਆਉਂਦੇ ਹਨ ਤਾਂ ਉਹ ਸੱਚ ਹੋ ਜਾਂਦੇ ਨੇ ਜਿਵੇਂ ਪਟਿਆਲਾ ਦੇ 93 ਦੇ ਹੜ ਦਾ ਸੁਫ਼ਨਾ ਮੈਨੂੰ ਦੋ ਦਿਨ ਪਹਿਲਾਂ ਆਇਆ ਸੀ , ਸਾਰੇ ਪਾਸੇ ਮੈਨੂੰ ਪਾਣੀ ਹੀ ਪਾਣੀ ਦਿਸ ਰਿਹਾ ਸੀ । ਹੜ ਵਾਲੀ ਰਾਤ ਮੈਂ ਇੱਕ ਆਫ਼ਿਸ ਦੀ ਲੈਜਰ ਘਰ ਲੈ ਆਈ ਸੀ , ਤਾਂ ਮੈਂ ਸ਼ਾਮ ਨੂੰ ਹੀ ਅਲਮਾਰੀ ਉਪਰ ਰੱਖ ਦਿੱਤਾ ਕਿ ਕਿਧਰੇ ਮੇਰੇ ਸੁਫ਼ਨੇ ਮੁਤਾਬਿਕ ਹੜ ਨਾ ਆ ਜਾਵੇ। ਸੱਚਮੁੱਚ ਰਾਤੀਂ ਹੜ ਆ ਗਿਆ ਘਰ ਪਾਣੀ ਨਾਲ ਭਰ ਜਾਣ ਕਾਰਣ ਸਾਨੂੰ ਘਰ ਸਵੇਰੇ ਹੀ ਇੱਕ ਦਮ ਛੱਡਣਾ ਪਿਆ ।
……ਇਵੇਂ ਹੀ ਭੁਚਾਲ ਦੇ ਸੁਫ਼ਨੇ ਵਿੱਚ ਮਹਿਸੂਸ ਹੁੰਦਾ ਹੈ ਤਾਂ ਜਿਵੇਂ ਮੈਂਨੂੰ ਸੁੱਤੇ ਹੋਏ ਜਾਪਦਾ ਜਿਵੇਂ ਧਰਤੀ ਹਿਲ ਰਹੀ ਹੈ , ਕਿੱਥੇ ਅਨਜਾਣ ਅਣਦੇਖੀ ਜਗਾਹ ਵਿੱਚ ਭੁਚਾਲ ਆ ਰਿਹਾ ਹੈ ਤਾਂ ਕਈਂ ਵਾਰ ਉਹ ਸੁਫ਼ਨਾ ਸੱਚ ਹੋ ਜਾਂਦਾ ਹੈ ।
…… ਇਵੇਂ ਹੀ ਬੇਟੀ ਹੋਣ ਤੋਂ ਪਹਿਲਾਂ ਮਾਈ ਭਾਗੋ ਦਾ ਸੁਫ਼ਨੇ ‘ਚ ਆਉਣਾ ਸੱਚ ਜਾਪਿਆ। ਬੇਟੀ ਜਦੋਂ ਜੰਮੀ ਤਾਂ ਉਸ ਦੇ ਦੋਵੇਂ ਹੱਥਾਂ ਦੀਆਂ ਛੇ ਛੇ ਉਂਗਲਾਂ ਸਨ ।ਸਾਰੇ ਕਹਿਣ ਲੱਗੇ ਕੁੜੀ ਛਾਂਗੀ ਭਾਗਾਂ ਵਾਲੀ ਹੁੰਦੀ ਹੈ ।
ਇੱਕ ਇੱਕ ਵਾਧੂ ਚੀਚੀ ਉਂਗਲ ਦੋਵੇਂ ਹੱਥਾਂ ਦੀਆਂ ਚੀਚੀਆਂ ਨਾਲ ਲਟਕ ਰਹੀਆਂ ਸਨ ਜੋ ਕਿ ਬਾਅਦ ‘ਚ ਡਾਕਟਰ ਭਾਪਾ ਜੀ ਨੇ ਦੋਵੇਂ ਉਂਗਲਾਂ ਦੇ ਦੁਆਲੇ ਘੋੜੇ ਦੀ ਪੂੰਛ ਦੇ ਵਾਲ ਬੰਨ ਦਿੱਤੇ ਇਸ ਤਰਹਾਂ ਕਰਨ ਨਾਲ ਦੋਵੇਂ ਵਾਧੂ ਚੀਚੀਆਂ ਝੜ ਗਈਆਂ । ਬੇਟੀ ਦੇ ਹੋਣ ਤੋਂ ਬਾਅਦ ਮੇਰੀ ਸਰਕਾਰੀ ਨੌਕਰੀ ਲੱਗੀ ਤਾਂ ਸਾਰੇ ਘਰ ਦੇ ਜੀਅ ਕਹਿਣ ਲੱਗੇ ਸੱਚਮੁਚ ਬਿੱਟੀ ਭਾਗਾਂ ਵਾਲੀ ਹੈ ।
ਪਰ ਮੈਨੂੰ ਸੌਂਦੇ ਜਾਗਦੇ ਸੁਫ਼ਨੇ ਲੈਣਾ ਅੱਛਾ ਲੱਗਦਾ ਹੈ । ਕਿਉਂਕਿ ਕਈ ਵਾਰ ਚਿਰਾਂ ਦੇ ਵਿੱਛੜੇ ਜਾਂ ਹਮੇਸ਼ਾ ਲਈ ਵਿੱਛੜ ਗਏ ਆਪਣੇ ਪਿਅਾਰਿਅਾਂ ਦਾ ਸੁਪਨਿਆਂ ‘ਚ ਮਿਲ ਜਾਣਾ ਬੇਹੱਦ ਸੁਅਾਦਲੇ ਜਿਹੇ ਅਹਿਸਾਸ ਨਾਲ ਭਰ ਦਿੰਦਾ !
…….ਖ਼ੈਰ ਸੁਫ਼ਨੇ ਤਾਂ ਸੁਫ਼ਨੇ ਹੀ ਹੁੰਦੇ ਨੇ , ਸ਼ਾਇਦ ਇਹ ਸਾਡੀਆਂ ਅਧੂਰੀਆਂ ਖ਼ਵਾਇਸ਼ਾਂ ਦਾ ਰੂਪ ਹਨ ਜਾਂ ਪਿੱਛਲੇ ਜਨਮ ਨਾਲ ਸੰਬੰਧਤ ਹਨ ।
ਸ਼ਾਇਦ ਕੋਈ ਪਿੱਤਰ ਰਿਣ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਭੈੜੇ ਸੁਫ਼ਨੇ ਆਉਂਦੇ ਹਨ ਜਾਂ ਦੁੱਖ਼ ਦਿੰਦੇ ਜਾਂ ਨੁਕਸਾਨ ਹੁੰਦਾ ਹੈ । ਦਾਦੀ ਦੱਸਦੇ ਸਨ ਕਿ ਤੁਸੀਂ ਉਹਨਾਂ ਦੇ ਨਮਿੱਤ ਪਾਠ ਜਾਂ ਦਾਨ ਕਰਨਾ ਜਾਂ ਖ਼ਾਣਾ ਖੁਆਉਣ ਨਾਲ ਫ਼ਿਰ ਇਹੋ ਜਿਹੇ ਸੁਫ਼ਨੇ ਨਹੀਂ ਆਉਂਦੇ।
ਮੈਂ ਸੁਫ਼ਨਿਆਂ ਬਾਬਤ ਇੱਕ ਮਨੋਵਿਗਿਆਨਕ ਕਿਤਾਬ ਵੀ ਪੜੀ ਸੀ । ਉਸ ਵਿੱਚ ਹਰ ਸੁਫ਼ਨੇ ਦਾ ਵਿਸ਼ਲੇਸ਼ਣ ਕੀਤਾ ਹੋਇਆ ਸੀ ਜਿਵੇਂ ਦਰਿਆ ਪਾਰ ਨਾ ਕਰ ਸਕਣ ਦਾ ਸੁਫ਼ਨਾ ਕਿਸੀ ਜ਼ਰੂਰੀ ਕੰਮ ਦੀ ਅਸਫ਼ਲਤਾ ਦਰਸਾਉਂਦਾ ਹੈ।ਜਾਂ ਸੁਫ਼ਨੇ ਚ ਸੱਪਾਂ ਦਾ ਦਿੱਸਣਾ ਕੋਈ ਸੋਚੀ ਮੰਨਤ ਪੂਰੀ ਨਾ ਕਰਨਾ ਆਦਿ ..
ਸ਼ਾਇਦ ਕੁੱਝ ਤਾਂ ਇੰਨਾ ਦਾ ਅਧਾਰ ਹੁੰਦਾ ਹੋਵੇਗਾ। ਹੋ ਸਕਦਾ ਹੈ ਸਾਡੇ ਚੇਤਨ ਜਾਂ ਅਚੇਤਨ ਮਨ ਦੀ ਉਪਜ ਹੋਣ ।
……ਤੁਹਾਨੂੰ ਵੀ ਜ਼ਰੂਰ ਸੁਫ਼ਨੇ ਆਉਂਦੇ ਹੋਣਗੇ … ਸਾਂਝੇ ਕਰਨਾਂ ।
Suraj Kiran miley … (Autobiography unpublished )

Leave a Reply

Your email address will not be published. Required fields are marked *