ਇੱਕ ਬੇਵੱਸ ਮਾਂ | ikk bewas maa

ਇਕੱਲੇ ਭਰਾ ਦੀ ਇਕੱਲੀ ਭੈਣ ਵਾਬੀ ਮਾਪਿਆਂ ਦਾ ਤਕੜਾ ਘਰ, ਲੱਗਭਗ 25 ਏਕੜ ਜ਼ਮੀਨ ਤੇ ਹੋਰ ਵੀ ਜ਼ਇਦਾਦ। ਇਸੇ ਤਰ੍ਹਾਂ ਬਰਾਬਰ ਦੇ ਚੰਗੇ ਘਰ ‘ਚ ਹੀ ਵਾਬੀ ਦਾ ਵਿਆਹ ਕੀਤਾ। ਘਰ ਭਾਵੇਂ ਚੰਗਾ ਸੀ ਪਰ ਘਰ ਦੇ ਜੀਅ ਚੰਗੇ ਨਹੀਂ ਸਨ। ਵਿਆਹ ਤੋਂ ਬਾਅਦ ਵਾਬੀ ਨੂੰ ਸੌਹਰੇ ਘਰ ਵਿੱਚ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ। ਉਹ ਮੂੰਹੋਂ ਕੁਝ ਨਾ ਬੋਲਦੀ ਬੱਸ ਚੁੱਪ ਕਰਕੇ ਸਹਿੰਦੀ ਰਹਿੰਦੀ। ਬਹੁਤ ਸ਼ਰੀਫ ਸੀ ਵਾਬੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਸ਼ਰੀਫ਼ਾ ਦਾ ਜ਼ਮਾਨਾ ਨਹੀਂ। ਜੇ ਕੋਈ ਚੁੱਪ ਕਰਕੇ ਹਲੀਮੀ ਨਾਲ ਜੀਣਾ ਚਾਹੁੰਦਾ ਜ਼ਾਲਮ ਉਸ ਨੂੰ ਜੀਣ ਨਹੀਂ ਦਿੰਦੇ। ਹੁਣ ਤਾਂ ਉਸਦਾ ਪਤੀ ਸ਼ਰਾਬ ਪੀਕੇ ਉਸ ਨੂੰ ਕੁੱਟਣ ਵੀ ਲੱਗਿਆ ਸੀ। ਇੱਕ ਦਿਨ ਵਾਬੀ ਨੇ ਦੁੱਖੀ ਹੋਕੇ ਸਭ ਕੁੱਝ ਅਪਣੀ ਮਾਂ ਨੂੰ ਦੱਸ ਦਿੱਤਾ। ਮਾਂ ਕਹਿੰਦੀ,“ ਪੁੱਤ! ਕੋਈ ਨਾ, ਆਪੇ ਸਮਝ ਜੁਗਾ। ਤੂੰ ਬੱਸ ਚੁੱਪ ਕਰਕੇ ਕੰਮ ਕਰਦੀ ਰਹਿ। ਧੀਆਂ ਅਪਦੇ ਘਰ ਹੀ ਵਸਦੀਆ ਚੰਗੀਆਂ ਲੱਗਦੀਆਂ ਨੇ।” “ਮਾਂ! ਕਿਹੜਾ ਮੇਰਾ ਅਪਦਾ ਘਰ? ਇੱਥੇ ਤੁਸੀਂ ਨੀ ਰੱਖ ਸਕਦੇ ਤੇ ਉੱਥੇ ਓਹ ਵੱਸਣ ਨੀ ਦਿੰਦੇ।”
ਧੀਏ! ਤੂੰ ਸਾਨੂੰ ਕਿਤੇ ਧੱਕੀ ਥੋੜੀ ਹੋਈਏ। ਮੈਂ ਤਾਂ ਪੁੱਤ ਤਾਂ ਕਹਿੰਦੀ ਆ ਵੀ ਲੋਕ ਭਲ੍ਹਾ ਕੀ ਕਹਿਣਗੇ ਵੀ ਏਨ੍ਹੇ ਵੱਡੇ ਘਰ ਦੀ ਕੁੜੀ ਬਾਰ ਚ’ ਬੈਠੀਆ।” ਫਿਰ ਵਾਬੀ ਨੇ ਕਦੇ ਸ਼ਿਕਾਇਤ ਨਾ ਕੀਤੀ।
ਸਾਲ ਕੁ ਬਾਅਦ ਵਾਬੀ ਦੇ ਇੱਕ ਧੀ ਹੋਈ ਤੇ ਉਹ ਬਹੁਤ ਖੁਸ਼ ਸੀ ਕਿ ਚਲੋ ਹੁਣ ਤਾਂ ਸ਼ਾਇਦ ਬਦਲ ਜਾਵੇਗਾ। ਪਰ ਉਹ ਨਹੀਂ ਬਦਲਿਆ। ਕਹਿੰਦਾ,” ਤੂੰ ਅਪਦੇ ਪੇਕੇ ਚਲੀ ਜਾ,ਮੈਂ ਕਨੈਡਾ ਜਾ ਜਾਣਾ।” ਵਾਬੀ ਨੂੰ ਰੋਂਦੀ-ਕਰਲਾਉਂਦੀ ਨੂੰ ਨੰਨੀ ਧੀ ਸਮੇਤ ਪੇਕੇ ਭੇਜ ਦਿੱਤਾ। ਦੋ ਸਾਲ ਸਮਝਾਉਤੇ ਦੀ ਗੱਲ ਚਲਦੀ ਰਹੀ ਪਰ ਉਹ ਨਾ ਮੰਨੇ ਕਹਿੰਦੇ, “ਅਪਦੀ ਕੁੜੀ ਲੈਜੋ ਤੇ ਉਸ ਦਾ ਸਮਾਨ ਵੀ ਲੈਜੋ ਚੁੱਕ ਕੇ।” ਵਾਬੀ ਦੇ ਭਾਈ ਭਰਜਾਈ ਕਹਿੰਦੇ,”ਤੁਸੀ ਵੀ ਅਪਦੀ ਕੁੜੀ ਲੈਜੋ। ਅਸੀਂ ਅਪਦੀ ਕੁੜੀ ਨੂੰ ਕਿਤੇ ਹੋਰ ਵਿਆਹ ਦਿਆਂਗੇ।” ਆਖਿਰ ਫੈਸਲਾ ਤਲਾਕ ਦਾ ਹੋਇਆ। ਵਾਬੀ ਕਹਿੰਦੀ,”ਮੈਂ ਅਪਦੀ ਧੀ ਨਹੀਂ ਦੇਣੀ।” ਮਾਪੇ ਕਹਿੰਦੇ,”ਧੀਏ ਤੈਨੂੰ ਕੀਤੇ ਹੋਰ ਵਿਆਹ ਕਰਕੇ ਤੋਰ ਦਿਆਂਗੇ ਫਿਰ ਇਸ ਨੰਨੀ ਜਾਣ ਦਾ ਕੀ ਬਣੂੰ। ਅਸੀਂ ਕਿਹੜਾ ਸਦਾ ਹੀ ਰਹਿਣਾ ਜੱਗ ਤੇ।” ਵਾਬੀ ਰੋਂਦੀ ਝਲੀ ਨਹੀਂ ਜਾਂਦੀ ਸੀ ਉਹ ਤਰਲੇ ਕਰ ਰਹੀ ਸੀ, “ਪਾਪਾ! ਮੈਂ ਕੀਤੇ ਹੋਰ ਨਹੀਂ ਜਾਣਾ, ਮੈਂ ਇੱਥੇ ਰਹਿਣਾ ਤੁਹਾਡੇ ਕੋਲ। ਮੈਂ ਪਾਲ਼ ਲੂੰਗੀ ਅਪਦੀ ਧੀ ਨੂੰ। ਮੈੰਨੂੰ ਕੋਈ ਜਾਇਦਾਦ ਵੀ ਨਹੀਂ ਚਾਹੀਦੀ। ਬਸ ਦੋ ਵੇਲੇ ਦੀ ਰੋਟੀ ਹੀ ਚਾਹਿਦੀ ਆ।” ਪਰ ਭਾਈ ਭਰਜਾਈ ਨੇ ਉਸਦੀ ਇੱਕ ਨਾ ਸੁਣੀ। ਭਰਜਾਈ ਸੋਚਦੀ ਸੀ ਕਿ ਇਹ ਕਿਤੇ ਅੱਧ ਦੀ ਮਾਲਕਣ ਹੀ ਨਾ ਬਣ ਜਾਵੇ। ਉਸ ਨੇ ਵਾਬੀ ਨਾਲੋਂ ਤੋੜਕੇ ਰੋਂਦੀ- ਕੁਰਲਾਉਂਦੀ ਨੰਨੀ ਧੀ ਨੂੰ ਟਰੱਕ ਵਿੱਚ ਮਾਮੇ ਦੀ ਗੋਦੀ ਚ’ ਬਿਠਾ ਦਿੱਤਾ। ਉਹੀ ਟਰੱਕ ਵਾਬੀ ਦੇ ਦਾਜ ਦੇ ਸਮਾਨ ਦਾ ਭਰਕੇ ਵਾਪਸ ਲਿਆਦਾਂ ਤੇ ਭਰਜਾਈ ਸਾਰਾ ਸਮਾਨ ਪੂਰਾ ਢੋਹ-ਢੋਹ ਕੇ ਦੇਖ ਰਹੀ ਸੀ ਕਿ ਕਿਤੇ ਕੁਝ ਰਹਿ ਤਾਂ ਨਹੀਂ ਗਿਆ। ਦਾਜ ਦਾ ਸਮਾਨ ਅੱਜ ਨੰਨੀ ਧੀ ਨਾਲੋਂ ਕਿਮਤੀ ਜਾਪ ਰਿਹਾ ਸੀ। ਵਾਬੀ ਨੂੰ ਧੀ ਦੇ ਵਿਛੋੜੇ ਕਾਰਨ ਕੋਈ ਸੁੱਧ-ਬੁੱਧ ਨਹੀਂ ਸੀ।
ਸਾਲ ਦੇ ਅੰਦਰ ਹੀ ਵਾਬੀ ਨੂੰ ਕਿਤੇ ਹੋਰ ਤੋਰ ਦਿੱਤਾ। ਉਸ ਦੀ ਘਰ ਵਾਲੀ ਮਰ ਚੁੱਕੀ ਸੀ, ਪਿੱਛੇ ਦੋ ਸਾਲ ਦੇ ਪੁੱਤ ਬੱਬੂ ਨੂੰ ਛੱਡਗੀ ਸੀ ਵਿਚਾਰੀ। ਇਹ ਪਰਿਵਾਰ ਬਹੁਤ ਚੰਗਾ ਸੀ, ਵਾਬੀ ਨੂੰ ਪੂਰਾ ਆਦਰ ਮਿਲਿਆ। ਵਾਬੀ ਬੱਚੇ ਨੂੰ ਬਹੁਤ ਪਿਆਰ ਕਰਦੀ, ਉਸਦੀ ਪੂਰੀ ਦੇਖ-ਭਾਲ਼ ਕਰਦੀ, ਕਦੇ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਉਹ ਇੱਕ ਮਿੰਟ ਵੀ ਵਾਬੀ ਤੋਂ ਦੂਰ ਨਾ ਹੁੰਦਾ। ਵਾਬੀ ਅਪਣੇ ਹੱਥੀਂ ਉਸਨੂੰ ਖਾਣਾ ਖਵਾਉਂਦੀ ਤੇ ਆਪ ਉਸ ਨੂੰ ਨਹਾਉਂਦੀ, ਕੇਸ ਵਾਅ ਕੇ ਉਸਦੇ ਦੋ ਗੁੱਤਾਂ ਕਰਦੀ ਦਿੰਦੀ। ਅਪਣੀ ਪਿੱਛੇ ਛੱਡੀ ਧੀ ਨੂੰ ਉਸ ਪੁੱਤ ਚੋਂ ਲੱਭਦੀ ਤੇ ਅਪਦੇ ਅਧੂਰੇ ਚਾਏ ਪੂਰੇ ਕਰਨ ਦੀ ਕੋਸ਼ਿਸ਼ ਕਰਦੀ। ਉਹ ਅਪਣੀ ਧੀ ਲਈ ਬਹੁਤ ਤੜਫਦੀ ਕਿ ਪਤਾ ਨਹੀਂ ਚੰਦਰੀ ਮਾਂ ਬਿਨ੍ਹਾਂ ਕਿਵੇਂ ਰਹਿੰਦੀ ਹੋਣੀ, ਫਿਰ ਉਹ ਬੱਬੂ ਨੂੰ ਘੁੱਟਕੇ ਕਲੇਜੇ ਨਾਲ਼ ਲਾ ਲੈਂਦੀ ਤੇ ਸੋਚਦੀ, “ਇਹਦੀ ਮਾਂ ਤਾਂ ਇਹਨੂੰ ਮਰਕੇ ਛੱਡਗੀ ਪਰ ਮੈਂ ਤਾਂ ਜਿਊਂਦੀ ਹੀ ਮੇਰੀ ਧੀ ਨੂੰ ਛੱਡ ਆਈ। ਉਹ ਮੈਨੂੰ ਕਦੇ ਮਾਫ਼ ਨਹੀਂ ਕਰੇਗੀ।” ਧੀ ਦੇ ਗਮ ਵਿੱਚ ਉਹ ਅੱਧੀ ਰਹਿ ਗਈ ਸੀ। ਪਰ ਉਸ ਨੂੰ ੳਮੀਦ ਸੀ ਕਿ ਇੱਕ ਦਿਨ ਉਸਦੀ ਧੀ ਉਸ ਨੂੰ ਮਿਲਜੇਗੀ। ਇੱਕ ਦਿਨ ਉਸ ਨੇ ਜਕਦੀ-ਜਕਦੀ ਨੇ ਅਪਦੇ ਪਤੀ ਨਾਲ਼ ਗੱਲ ਕੀਤੀ, “ਜੀ! ਮੈਂ ਸੋਚਦੀਆਂ ਕਿ ਜੇ ਆਂਪਾ ਅਪਣੇ ਬੱਬੂ ਦੀ ਭੈਣ ਵੀ ਇਥੇ ਲੈ ਆਈਏ। “ਭੈਣ, ਕਿਹੜੀ ਭੈਣ? ਪਤੀ ਨੇ ਹੈਰਾਨੀ ਨਾਲ ਪੁੱਛਿਆ। “ਧੀ ਰਾਣੀ…ਜਿਹੜੀ ਮੇਰੇ ਤੋਂ ਵੱਖ ਕਰਤੀ ਜਾਲਮਾਂ ਨੇ। ਆਪਣੇ ਕਿਹੜਾ ਕੋਈ ਕਮੀ ਆ ਕਿਸੇ ਚੀਜ਼ ਦੀ। ਉਸ ਵਿਚਾਰੀ ਨੇ ਤਾਂ ਇੱਕ ਦਿਨ ਅਪਦੇ ਸੌਹਰੇ ਘਰ ਚਲੇ ਜਾਣਾ। ਵਿਚਾਰੀਆਂ ਕੁੜੀਆਂ ਦਾ ਕੀ ਏ ਜਿਥੇ ਮਾਪੇ ਤੋਰ ਦਿੰਦੇ ਨੇ ਤੁਰ ਜਾਂਦੀਆਂ ਨੇ।” ਵਾਬੀ ਨੇ ਵੱਡਾ ਹੋਂਕਾ ਲੈਕੇ ਕਿਹਾ। ਉਸ ਦਾ ਪਤੀ ਸੋਚਾਂ ਵਿੱਚ ਪੈ ਗਿਆ। ਕਹਿੰਦਾ, “ਕੋਈ ਨਾ ਸੋਚ ਨਾ ਕਰ ਠੀਕ ਹੀ ਹੋਉ ਉਹ।” “ਮੈਂ ਬੱਬੂ ਦੇ ਪਿਆਰ ਵਿੱਚ ਕੋਈ ਕਮੀ ਨਹੀਂ ਆਉਣ ਦਿਉਂਗੀ। ਬਸ ਮੇਰੀ ਤੜਫਣ ਮੁੱਕਜੁ, ਨਹੀਂ ਤਾਂ ਮੈਂ ਦਿਨ ਰਾਤ ਉਸ ਬਾਰੇ ਸੋਚਦੀ ਰਹਿੰਦੀਆ।” ਵਾਬੀ ਨੇ ਉਸ ਨੂੰ ਵਿਸਵਾਸ਼ ਦਿਵਾਉਣ ਦੀ ਕੋਸਿਸ਼ ਕੀਤੀ।
ਜਦੋਂ ਉਸਦੇ ਪਤੀ ਨੇ ਅਪਣੀ ਮਾਂ ਨਾਲ ਇਹ ਗੱਲ ਕੀਤੀ, ਉਹ ਇੱਕ ਦਮ “ਬੋਲੀ ਨਾ ਪੁੱਤ ਨਾਂਹ, ਲੋਕ ਕੀ ਕਹਿਣਗੇ, ਇਨ੍ਹਾਂ ਵੱਡਾ ਕਹਿੰਦਾ ਕਹਾਉਂਦਾ ਘਰ-ਬਾਰ ਤੇ ਨੂੰਹ ਪਿਛੋਂ ਕੁੜੀ ਲੈਕੇ ਆਈ ਆ। ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਦਹਾਜੂ ਹੈ।”
ਵਾਬੀ ਇਹ ਸੁਣ ਕੇ ਤੜਫ ਉੱਠੀ। “ਮੈਂ ਇਹਨਾਂ ਦਾ ਪੁੱਤ ਪਾਲ਼ ਸਕਦੀਆਂ ਪਰ ਇਹ .…। ਮੇਰੀ ਧੀ ਦੇ ਆਉਣ ਨਾਲ਼ ਇਹਨਾਂ ਦੇ ਸ਼ਾਨ ਚ’ ਫਰਕ ਪੈਂਦਾ।”
ਮੈਂ ਸੋਚਦੀ ਸੀ ਇਹਨਾਂ ਨੂੰ ਮੇਰੀ ਕਦਰ ਐ ਪਰ ਨਹੀਂ, ਇਹ ਤਾਂ ਬਸ ਅਪਦਾ ਬੱਚਾ ਪਾਲ਼ਣ ਲਈ ਤੇ ਘਰ ਦੇ ਕੰਮਾਂ ਲਈ ਹੀ ਲੈਕੇ ਆਏ ਨੇ ਮੈਨੂੰ। ਇਹਨਾਂ ਨੂੰ ਮੇਰੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ। ਮੇਰਾ ਤਾਂ ਹੁਣ ਭੋਰਾ ਵੀ ਜੀਅ ਨਹੀਂ ਕਰਦਾ ਇੱਥੇ ਰਹਿਣ ਨੂੰ। ਮੈਂ ਚਲੀ ਜਾਵਾਂਗੀ ਇੱਥੋਂ। ਪਰ ਕਿੱਥੇ? ਪੇਕੇ ਤਾਂ ਤਾਂ ਨਹੀਂ ਜਾਵਾਂਗੀ। ਉੱਥੇ ਮੇਰੇ ਲਈ ਕੋਈ ਥਾਂ ਨਹੀਂ। ਉਹ ਤਾਂ ਮੈਨੂੰ ਤੇ ਮੇਰੀ ਧੀ ਨੂੰ ਉਦੋਂ ਨਹੀਂ ਰੱਖ ਸਕੇ। ਮੇਰੀ ਧੀ ਹੁਣ ਮੈਨੂੰ ਕਦੇ ਨਹੀਂ ਮਿਲੇਗੀ। ਮੈਨੂੰ ਤਾਂ ਮਰ ਹੀ ਜਾਣਾ ਚਾਹਿਦਾ।” ਵਾਬੀ ਸਾਰੀ ਰਾਤ ਸੋ ਨਾ ਸਕੀ, ਭਰੀਆਂ ਅੱਖਾਂ ਨਾਲ਼ ਇਹ ਸਭ ਕੁਝ ਸੋਚ ਰਹੀ ਸੀ ਤੇ ਨਾਲ਼ ਪਏ ਬੱਬੂ ਨੇ ਮਾਂ ਨੂੰ ਘੁੱਟਕੇ ਜੱਫੀ ਪਾ ਲਈ। ਉਸ ਨੇ ਵੀ ਬੱਬੂ ਦਾ ਮੱਥਾ ਚੁੰਮਿਆ ਤੇ ਕਲਾਵੇ ਵਿੱਚ ਲੈ ਲਿਆ। ਕਹਿੰਦੀ, “ਮੈਂ ਮੇਰੇ ਪੁੱਤ ਨੂੰ ਛੱਡਕੇ ਕਿਤੇ ਨਹੀਂ ਜਾਵਾਂਗੀ। ਮੈਂ ਹੁਣ ਦੁਵਾਰਾ ਇੱਕ ਮਾਸੂਮ ਨੂੰ ਮਾਂ ਵਾਰਾ ਨਹੀਂ ਹੋਣ ਦਿਆਗੀਂ।
ਗੁਰਜੀਤ ਕੌਰ ਸਿੱਧੂ

Leave a Reply

Your email address will not be published. Required fields are marked *