ਜੋ ਸਾਡੇ ਹਿੱਸੇ ਆਈਆਂ ਮਾਵਾਂ | jo saade hisse aayian maava

ਅਸੀਂ ਜੋ 1980-85 ਤੋਂ 90 ਦੇ ਵਿੱਚ ਵਿਚਾਲੇ ਜੇ ਜੰਮੇ ਆਂ, ਅਸੀਂ ਓਹ ਪੀੜ੍ਹੀ ਹਾਂ ਜਿੰਨ੍ਹਾਂ ਨੂੰ ਬਹੁਤ ਸਾਧਾਰਨ ਤੇ ਸਾਦਗੀ ਭਰੀਆਂ ਮਾਵਾਂ ਨਸ਼ੀਬ ਹੋਈਆਂ..ਵੱਡੇ ਤੜਕੇ ਸਿੱਖ ਬੋਲਦੇ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਸਾਰਾ ਦਿਨ ਕੰਮ ‘ਚ ਰੁਲੇ-ਖੁਲੇ ਰਹਿਣਾ..ਸਾਡੀਆਂ ਮਾਵਾਂ ਕੋਲ਼ ਅੱਜ ਵਾਂਗ ਅਨੇਕਾਂ ਮਨੋਰੰਜਨ ਦੇ ਜਾਂ ਟਾਈਮ ਪਾਸ ਕਰਨ ਦੇ ਸਾਧਨ ਨਹੀਂ ਸਨ, ਅਸੀਂ ਆਪਣੀਆਂ ਮਾਂਵਾਂ ਨੂੰ ਹੱਥੀਂ ਹਾੜੀ ਵੱਢਦੇ, ਨਰਮਾ ਚੁਗਦੇ, ਤਿੱਥ ਤਿਉਹਾਰ ਵੇਲੇ ਘਰੇ ਤਲੀ ਫੇਰਦੇ, ਕੰਧੋਲੀਆਂ ਤੇ ਮੋਰ ਬਣਾਉਂਦੇ ਤੇ ਪਾਂਡੋ ਮਿੱਟੀ ਨਾਲ ਕੱਚੇ ਕੋਠੇ ਵੀ ਲਿਪਦੇ ਵੇਖਿਆ, ਤੇ ਸ਼ਾਇਦ ਅਸੀਂ ਆਖ਼ਰੀ ਪੀੜ੍ਹੀ ਹਾਂ ਜਿੰਨ੍ਹਾਂ ਨੇ ਮਾਂ ਦੀ ਏਸ ਸਾਦਗੀ ਭਰੀ ਜ਼ਿੰਦਗੀ ਤੇ ਕਲਾਕਰੀ ਨੂੰ ਵੇਖਿਆ, ਕਿਉਂਕਿ ਸਾਡੇ ਤੋਂ ਬਾਅਦ ਵਾਲੀ ਜਾਣੀ ਕਿ 1990-95 ਤੋਂ ਬਾਅਦ ਵਾਲੀ ਪੀੜ੍ਹੀ ਨੇ ਆਪਣੀਆਂ ਮਾਵਾਂ ਨੂੰ ਨਾ ਤਲੀ ਫੇਰਦੇ, ਨਾ ਕਧੋਲੀਆਂ ਤੇ ਮੋਰ ਬਣਾਉਂਦੇ, ਨਾ ਹੀ ਪਾਂਡੋ ਮਿੱਟੀ ਨਾਲ ਕੱਚੇ ਕੋਠੇ ਲਿਪਦੇ ਵੇਖਿਆ..ਮੌਜੂਦਾ ਪੀੜ੍ਹੀ ਅੱਗੇ ਜਾ ਕੇ ਦੱਸਿਆ ਕਰੇਗੀ ਕਿ ਅਸੀਂ ਆਪਣੀ ਮਾਂ ਨੂੰ ਚੈਟਿੰਗ ਕਰਦੇ ਵੇਖਿਆ, ਸਾਡੀ ਮੰਮਾ ਨੇ ਕਿੱਟੀ ਪਾਰਟੀ ‘ਚ ਬਹੁਤ ਸੋਹਣਾ ਡਾਂਸ ਕੀਤਾ ਸੀ, ਸਾਡੀ ਮੰਮਾ ਦੇ ਇੰਸਟਾ ਤੇ ਐਨੇ ਸਾਰੇ ਫਾਲੋਅਰਜ਼ ਸਨ, ਅਸੀਂ ਮੰਮਾ ਨਾਲ ਮਾਲ ‘ਚ ਸ਼ੌਪਿੰਗ ਕਰਨ ਜਾਂਦੇ ਹੁੰਦੇ ਸਾਂ ਬਗੈਰਾ ਬਗੈਰਾ…
ਵੇਲੇ ਦੇ ਨਾਲ ਸਭ ਕੁਝ ਕਿੰਨੇ ਜਲਦੀ ਬਦਲ ਗਿਆ, ਅੱਜ ਵਾਂਗ ਨੀਂ ਵੀ ਜੋ ਚੀਜ਼ ਚਾਹੀਦੀ ਆ ਝੱਟ ਫੋਨ ਤੇ ਆਡਰ ਕਰੋ ਤੇ ਘਰੇ ਆਜੇ, ਐਵੇਂ ਨੀ ਸੀ…ਮੇਰੇ ਧੁੰਦਲਾ ਧੁੰਦਲਾ ਜਿਹਾ ਯਾਦ ਆ, ਬਹੁਤੀ ਸੁਰਤ ਤਾਂ ਸੰਭਲੀ ਨੀਂ ਸੀ, ਸਾਡੇ ਗੁਆਂਢ ‘ਚ ਬੰਦੇ ਨੇ ਆਪਣੀ ਤੀਵੀਂ ਨੂੰ ਕੁਟਿਆ, ਪਤਾ ਲੱਗਿਆ ਕਿ ਓਹਦੀ ਘਰਵਾਲੀ ਨੇ ਸਿਰਫ਼ ਐਨਾ ਕਿਹਾ ਸੀ ਕਿ ਮੈਂ ਘਰੇ ਸਾਰਾ ਦਿਨ ਵਿਹਲੀ ਹੁੰਨੀ ਆਂ ਤੇ ਮੇਰਾ ਜੀ ਨੀਂ ਲਗਦਾ, ਮੈਨੂੰ ਰੇਡੀਓ ਲਿਆ ਕੇ ਦੇ, ਬਸ ਐਨੀ ਗੱਲ ਤੇ ਓਹਨੂੰ ਕੁਟਿਆ..ਮਾਂ ਹੋਰਾਂ ਨੂੰ ਲੀੜੇ ਜੋੜੇ ਵੀ ਛੇ ਮਹੀਨੇ ਤੋਂ ਹਾੜੀ ਵੇਲੇ ਜਾਂ ਨਰਮੇ ਵਾਲੇ ਮਿਲਦੇ ਸੀ, ਓਹ ਵੀ ਜਦੋਂ ਬਾਪੂ ਸ਼ਹਿਰ ਜਾਂਦਾ ਤਾਂ ਓਦੋਂ, ਨਾਲ ਈ ਸਾਨੂੰ ਵੀ ਬਣ ਜਾਂਦੇ, ਮਾਂ ਦੇ ਸੂਟ ‘ਚੋਂ ਜੇ ਕੱਪੜਾ ਬਚ ਜਾਂਦਾ ਤਾਂ ਓਹਦੇ ਚੋਂ ਮੇਰੀ ਨੀਕਰ ਵੀ ਬਣ ਜਾਂਦੀ……ਸਾਡੇ ਵੇਲੇ ਦੀਆਂ ਮਾਵਾਂ ਆਪਣੇ ਘਰਵਾਲੇ ਦੇ ਨਾਲ ਨੀਂ ਤੁਰਦੀਆਂ ਹਨ, ਮੇਰੇ ਪਿੰਡ ਇੱਕੋ ਹੀ ਮਿੰਨੀ ਬੱਸ ਆਉਂਦੀ ਹੁੰਦੀ ਸੀ, ਜਦੋਂ ਕਿਤੇ ਮਰਗ ਗਰਾਂ ਜਾਣਾ ਹੁੰਦਾ ਤਾਂ ਬੱਸ ਚੜ੍ਹਨ ਲਈ ਬਾਪੂ ਮੂਹਰੇ ਮੂਹਰੇ ਪਹਿਲਾਂ ਬੱਸ ਅੱਡੇ ਪਹੁੰਚ ਜਾਂਦਾ ਤੇ ਮਾਂ ਪੰਦਰਾਂ ਵੀਹ ਕਰਮਾਂ ਪਿੱਛੇ ਤੁਰਦੀ ਦਸ ਬਾਰਾਂ ਮਿੰਟ ਮਗਰੋਂ ਜਾਂਦੀ..ਆਪਣੇ ਬੰਦੇ ਦੀ ਐਨੀ ਝੇਪ ਹੁੰਦੀ ਸੀ ਮਾਂਵਾਂ ਨੂੰ…ਆਪਣੇ ਬੰਦੇ ਦਾ ਨਾਮ ਲੈਣਾ ਜਾਂ ਅੱਜ ਵਾਂਗ ਡਾਰਲਿੰਗ, ਜਾਨੂ, ਮੋਟੂ ਕਹਿਣਾ ਸਾਡੀਆਂ ਮਾਵਾਂ ਦੇ ਹਿੱਸੇ ਨੀਂ ਆਇਆ, ਸਾਡੀਆਂ ਮਾਵਾਂ ਦਾ ਆਪਣਾ ਅਲੱਗ ਲਹਿਜ਼ਾ ਸੀ, ਮਾਂ ਸਾਡਾ ਨਾਮ ਲੈ ਕੇ ਬਾਪੂ ਨੂੰ ਬੁਲਾਉਂਦੀ ਸੀ…..ਆਹ ਮੀਤੋ ਦੇ ਬਾਪੂ, ਜਿੰਦੇ ਦੇ ਬਾਪੂ ਗੱਲ ਸੁਣੀ…..ਤੇ ਬਾਪੂ ਨੇ ਅੱਗੋਂ ਕਹਿਣਾ, ‘ ਹੁੰਅ ਨੰਬਰਦਾਰਨੀਏਂ ਕੀਆ……………….।।।
ਕਹਿ ਰਹੇ ਆ ਅੱਜ ਮਾਂ ਦਿਵਸ ਐ ਤਾਂ ਮੇਰੇ ਜ਼ਹਿਨ ‘ਚ ਓਹ ਵੇਲੇ ਘੁੰਮਣ ਲੱਗ ਪਏ ਜਦੋਂ ਤੋਂ ਮੇਰੇ ਅਵਚੇਤਨ ‘ਚ ਮਾਂ ਦਾ ਇੱਕ ਇੱਕ ਦਿਨ, ਇੱਕ ਇੱਕ ਪਲ ਵਸਿਆ ਹੋਇਆ ਐ..ਮਾਂ ਸ਼ਬਦ ਤਾਂ ਦੁਨੀਆਂ ਦੇ ਵੱਡੇ ਤੋਂ ਵੱਡੇ ਸਮੁੰਦਰ ਤੋਂ ਵੀ ਕਿਤੇ ਵੱਡਾ ਐ..ਮਾਂ ਕਿਸੇ ਇੱਕ ਦਿਨ ਦੀ ਮੁਹਤਾਜ਼ ਨੀਂ ਐ…
ਸੋਚਦਾਂ ਹਾਂ ਕਿ ਜਦੋਂ ਅਸੀਂ ਜਾਂ ਸਾਡੀ ਹਾਣੀ ਇਹ ਪੀੜ੍ਹੀ ਨਾ ਰਹੀ ਤਾਂ ਆਉਣ ਵਾਲੇ ਬੱਚੇ, ਜੋ ਆਪਣੀ ਦਾਦੀ, ਪੜਦਾਦੀ ਜਾਂ ਨਾਨੀ ਸਿਰਫ਼ ਇੱਕ ਸ਼ਬਦ ਗ੍ਰੈਂਡਮਦਰ ‘ਚ ਹੀ ਸਮੇਟ ਦਿੰਦੇ ਨੇ, ਬਾਰੇ ਕਿੱਥੋਂ ਜਾਨਣਗੇ ਤੇ ਕੀ ਕਲਪਣਾ ਕਰਨਗੇ….?
ਮਾਂ ਬਾਰੇ ਲਿਖਣ ਲਈ ਤਾਂ ਸ਼ਬਦਾਂ ਦਾ ਅੰਬਾਰ ਚਾਹੀਦੈ, ਸ਼ਾਲਾ ਦੁਨੀਆਂ ਦੀ ਹਰ ਮਾਂ ਨੂੰ ਮਾਲਿਕ ਖੁਸ਼ ਰੱਖੇ, ਸਲਾਮਤ ਰੱਖੇ।
ਤੇਰਾ ਹਰ ਦਿਨ ਮੁਬਾਰਕ ਮਾਂ…ਬਹੁਤ ਪਿਆਰ ਤੇ ਦੁਆਵਾਂ।
……..ਹਰਜਿੰਦਰ ਸਿੱਧੂ
97807 00329

Leave a Reply

Your email address will not be published. Required fields are marked *