ਅੱਬਿਆਂ ‘ਤੇ ਕੀ ਬੀਤਦੀ ?? | abbeya te kii beetdi hai ?

ਮੈਂ ਅੱਜ ਫੇਸ ਬੁੱਕ ‘ਤੇ ਇੱਕ ਵਿਚਾਰ ਪੜ੍ਹਿਆ,,,ਕਿ ਮੈਂ ਆਪਣੇ ਅੱਬਾ ਨੂੰ ਕਿਹਾ ,ਔਰਤ ਨੂੰ ਪੈਰ ਦੀ ਜੁੱਤੀ ਕਹਿਣ ਵਾਲੇ ਨਾਲ ਮੈਂ ਨਹੀਂ ਰਹਿਣਾ ,,,ਮੈਨੂੰ ਲੈ ਜਾ ,,,ਉਸ ਤੋਂ ਬਾਦ ਅੱਬਾ ਮੈਨੂੰ ਮਿਲਣ ਨਹੀਂ ਆਇਆ ,,,,ਇਹ ਵਿਚਾਰ ਪੜ੍ਹ ਕੇ ਮੈਨੂੰ ਕਈ ਸਾਲ ਪਹਿਲਾਂ ਇੱਕ ਬਹੁਤ ਹੀ ਸੁਲਝੀ,ਪੜ੍ਹੀ ਲਿਖੀ ,ਸੋਹਣੀ ਕੁੜੀ ਦੀ ਗੱਲ ਜੋ ਉਸਨੇ ਇੱਕ ਪਿੰਡ ਵਿੱਚ ਸਿਹਤ ਸੰਭਾਲ ਸੈਮੀਨਾਰ ਕਰਨ ਗਿਆਂ ਨੂੰ ਸੁਣਾਈ ਸੀ ,,,ਉਸਦਾ ਉਦਾਸ ਤੇ ਸੋਹਣਾ ਮੂੰਹ ਦੇਖ ਮੈਂ ਇਕੱਲੀ ਨੂੰ ਕਮਰੇ ‘ਚ ਬੁਲਾ ਕੇ ਕੋਈ ਸਰੀਰਕ ਤਕਲੀਫ਼ ਪੁੱਛਣੀ ਚਾਹੀ ,,ਮੈਂ ਉਸ ਨੂੰ ਉਸਦਾ ਪਿਛੋਕੜ ਤੇ ਘਰ ਵਾਲੇ ਦਾ ਕੰਮ ਕਾਰ ਪੁੱਛਣ ਦੇ ਬਹਾਨੇ ਹੌਲੀ -ਹੌਲੀ ਅਸਲ ਕਾਰਨ ਵੱਲ ਲਿਆ ਰਹੀ ਸੀ ਤਾਂ ਜੋ ਉਸਦੇ ਇਸ ਤਰਾਂ ਬਹੁਤ ਉਦਾਸ ਤੇ ਬਿਮਾਰ ਲੱਗ ਰਹੀ ਸਿਹਤ ਬਾਰੇ ਜਾਣਿਆ ਜਾ ਸਕੇ ,,
ਜਦੋਂ ਉਹ ਆਪਣੀਆਂ ਗੱਲਾਂ ਦੱਸ ਰਹੀ ਸੀ ਤਾਂ ਅਚਾਨਕ ਹੀ ਉਸ ਦਾ ਗਲਾ ਭਰ ਗਿਆ ਤੇ ਉਹ ਚੁੰਨੀ ‘ਚ ਮੂੰਹ ਦੇ ਕੇ ਹੁਬਕੀਆਂ ਲੈਣ ਲੱਗੀ ,ਮੈਂ ਉਸ ਨੂੰ ਪਿਆਰ ਨਾਲ ਹੌਂਸਲਾ ਦਿੱਤਾ ਤੇ ਉਸਨੂੰ ਮਨ ਦਾ ਹੋਰ ਬੋਝ ਹਲਕਾ ਕਰਨ ਲਈ ਪ੍ਰੇਰਿਤ ਕੀਤਾ ,,,ਉਸ ਕੁੜੀ ਨੇ ਮੈਨੂੰ ਦੱਸਿਆ ਕਿ ਮੈਂ ਕਾਤਿਲ ਹਾਂ ,ਪਰ ਅੱਜ ਤੱਕ ਕਿਸੇ ਨੂੰ ਨਹੀਂ ਦੱਸਿਆ ਤੇ ਅੰਦਰ ਹੀ ਘੁਲ ਰਹੀ ਆਂ ,,,ਦੋ ਸਾਲ ਦੀ ਗੱਲ ਆ, ਮੇਰੇ ਪਾਪਾ ਮੈਨੂੰ ਮਿਲਣ ਆਏ ,,ਉਹ ਬਾਹਰ ਬਰਾਂਡੇ ‘ਚ ਬੈਠੇ ਸੀ ,,ਕਮਰੇ ‘ਚ ਮੇਰੇ ਘਰ ਵਾਲਾ ਕਿਸੇ ਚੀਜ਼ ਦੇ ਨਾ ਲੱਭਣ ਤੋੰ ਬੜੇ ਗੁੱਸੇ ‘ਚ ਆ ਕੇ ਮੈਨੂੰ ਉਲਟਾ- ਸੁਲਟਾ ਬੋਲਣ ਲੱਗ ਪਿਆ ,,,ਭਾਵੇਂ ਇਹ ਸਿਲਸਿਲਾ ਅਕਸਰ ਸੀ ਪਰ ਮੈਂ ਉਸਨੂੰ ਅੱਜ ਪਾਪਾ ਨੂੰ ਨਾ ਸੁਣਾਉਣ ਦਾ ਵਾਸਤਾ ਪਾਇਆ ,, ਸ਼ਾਇਦ ਪਾਪਾ ਸੁਣ ਤੇ ਵੇਖ ਵੀ ਰਹੇ ਸਨ ਸਾਹਮਣੇ ,,ਮੇਰੇ ਘਰ ਵਾਲੇ ਨੇ ਗੁੱਸੇ ਵਿੱਚ ਆ ਕੇ ਪੂਰੇ ਜ਼ੋਰਦੀ ਮੇਰੇ ਮੂੰਹ ‘ਤੇ ਥੱਪੜ ਮਾਰਿਆ ਜੋ ਮੇਰੇ ਪਾਪਾ ਨੇ ਦੇਖ ਲਿਆ ,ਪਰ ਉਹਨਾਂ ਫਟਾਫਟ ਕੋਲ ਪਈ ਮੇਰੇ ਬੇਟੇ ਦੀ ਖੇਡ ਚੁੱਕ ਕੇ ਆਪਣੀਆਂ ਨਜ਼ਰਾਂ ਉਸ ਤੇ ਇਉਂ ਗੱਡ ਲਈਆਂ ਜਿਵੇਂ ਕਿ ਉਨ੍ਹਾਂ ਨੂੰ ਕੁੱਝ ਪਤਾ ਨਹੀਂ ਲੱਗਿਆ ,,ਮੈਂ ਦੇਖਿਆ,,, ਉਹਨਾਂ ਦੇ ਅੱਥਰੂ ਉਸ ਖਿਲੌਣੇ ‘ਤੇ ਡਿੱਗ ਰਹੇ ਸਨ ,,,ਮੈਂ ਸਾਰਾ ਦਰਦ ਅੰਦਰ ਹੀ ਪੀ ਲਿਆ ਤੇ ਬਾਹਰ ਆ ਕੇ ਬਣਾਉਟੀ ਹਾਸਾ ਹੱਸਦਿਆਂ ਗੱਲ ਟਾਲੀ ,,ਪਾਪਾ ਉੱਠ ਕੇ ਬਾਥਰੂਮ ‘ ਚਲੇ ਗਏ ਤੇ ਕਿੰਨੀ ਦੇਰ ਬਾਥਰੂਮ ‘ਚੋਂ ਨਾ ਨਿਕਲੇ ,ਸ਼ਾਇਦ ਮਨ ਹੌਲਾ ਕਰ ਰਹੇ ਸੀ,, ਮੈਂ ਰਸੋਈ ‘ਚ ਮੂੰਹ ਧੋਣ ਦੇ ਬਹਾਨੇ ਆਪਣਾ ਦਰਦ ਹੌਲਾ ਕਰ ਰਹੀ ਸੀ ,,,ਅਸੀਂ ਦੋਵੇਂ ਪਿਓ ਧੀ ਇਕ ਦੂਜੇ ਤੋਂ ਆਪਣਾ ਆਪ ਲੁਕਾ ਰਹੇ ਸੀ ,,ਇਹ ਬਾਹਰ ਮੋਟਰਸਾਈਕਲ ਸਟਾਰਟ ਕਰ ਪਾਪਾ ਨੂੰ ਜਲਦੀ ਆਉਣ ਦੀਆਂ ਅਵਾਜ਼ਾਂ ਦੇ ਰਹੇ ਸੀ ,ਪਾਪਾ ਮੇਰੇ ਨਾਲ ਬਿਨਾ ਅੱਖਾਂ ਮਿਲਾਏ ਮੈਨੂੰ ਚੰਗਾ ਪੁੱਤ ਫੇਰ ਆਉਨਾ ਮੈਂ ,ਕਹਿ ਕੇ ਬਾਹਰੋਂ ਹੀ ਚਲੇ ਗਏ , ਮੈਂ ਮਹਿਸੂਸ ਕੀਤਾ ਕਿ ਉਹ ਇਹ ਵੀ ਮਸਾਂ ਬੋਲ ਸਕੇ ,,ਪਰ ਮੁੜ ਕਦੇ ਨਾ ਆਏ ।
ਉਨ੍ਹਾਂ ਮੇਰੇ ਥੱਪੜ ਦੀ ਗੱਲ ਘਰ ਆ ਕੇ ਸ਼ਾਇਦ ਕਿਸੇ ਨੂੰ ਨਹੀਂ ਦੱਸੀ ਸੀ ,,ਉਨ੍ਹਾ ਨੂੰ ਬੀਪੀ ਵਧਣ ਨਾਲ ਅਧਰੰਗ ਦਾ ਅਟੈੱਕ ਆਇਆ ਜਿਸ ਨਾਲ ਉਹ ਨਾ ਜਿਓਂਦਿਆਂ ‘ਚ ਰਹੇ ਨਾ ਮਰਿਆਂ ‘ਚ ,,,,ਉਹਨਾਂ ਤੋਂ ਬੋਲਿਆ ਵੀ ਨਹੀਂ ਜਾਂਦਾ ਸੀ ,ਇੱਕ ਬਾਂਹ ਤੇ ਲੱਤ ਬਿਲਕੁੱਲ ਹੀ ਕੰਮ ਕਰਨੋਂ ਬੰਦ ਹੋਗੀ ,,ਮੈਂ ਜਦੋਂ ਵੀ ਮਿਲਣ ਜਾਂਦੀ ਉਹ ਇੱਕ ਬਾਂਹ ਨਾਲ ਮੈਨੂੰ ਆਪਣੀ ਛਾਤੀ ਨਾਲ ਲਾ ਕੇ ਬੁੱਕ- ਬੁੱਕ ਹੰਝੂ ਡੋਲ੍ਹਦੇ ਤੇ ਮੇਰੇ ਵੱਲ ਹੱਥ ਜੋੜਨ ਦੀ ਕੋਸ਼ਿਸ਼ ਕਰਦੇ,,ਮੈਂ ਉਨ੍ਹਾਂ ਨੂੰ ਆਪਣੀ ਖੁਸ਼ ਜ਼ਿੰਦਗੀ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਦੀ ਪਰ ਸ਼ਾਇਦ ਮਾਪੇ ਤਾਂ ਆਪਣੇ ਬੱਚੇ ਦਾ ਚਿਹਰਾ ਪੜ੍ਹ ਲੈਂਦੇ ਆ,,,ਪਾਪਾ ਛੇ ਮਹੀਨੇ ਰੋਜ਼ ਦੀਆਂ ਹਜ਼ਾਰਾਂ ਮੌਤਾਂ ਮਰਦੇ, ਆਖ਼ਰ ਸਦਾ ਲਈ ਚਲੇ ਗਏ ,,ਪਰ ਮੈਂ ਰੋਜ਼ ਮਰਦੀ ਆਂ ,,,ਮੈਨੂੰ ਹਮੇਸ਼ਾ ਲੱਗਦਾ ਰਹਿੰਦਾ ਕਿ ਮੈਂ ਹੀ ਪਾਪਾ ਦੀ ਕਾਤਲ ਆਂ ,,ਮੈਂ ਹੁਣ ਸਿਰਫ਼ ਆਪਣੇ ਚਾਰ ਸਾਲ ਦੇ ਬੇਟੇ ਲਈ ਜਿਓਂ ਰਹੀ ਆਂ ,,,ਮੇਰੇ ਪਾਪਾ ਨੇ ਮੈਨੂੰ ਦੋ ਕਿੱਲੇ ਜ਼ਮੀਨ ਵੇਚ ਕੇ ਆਪਣੇ ਤੋਂ ਉੱਚੇ ਘਰ ਵਿਆਹਿਆ ਸੀ , ਉਹ ਵੀ ਆਪਣੇ ਅੰਦਰ ਇਸ ਦਰਦ ਨਾਲ ਘੁਲਦੇ ਰਹੇ ਕਿ ਮੈਂ ਧੀ ਦਾ ਦੋਸ਼ੀ ਆਂ ,,
ਅੱਜ ਵੀ ਉਸ ਕੁੜੀ ਦੀ ਕਹਾਣੀ ਮੇਰੇ ਲੂੰ ਕੰਡੇ ਖੜੇ ਕਰ ਦਿੰਦੀ ਆ ਤੇ ਮੇਰਾ ਮਨ ਭਰ ਜਾਂਦਾ ,,ਮਾਪੇ ਬੜੇ ਮਜ਼ਬੂਰ ਹੁੰਦੇ ਆ ,ਪਰ ਅੰਦਰੋਂ ਖੁਰ ਜਾਂਦੇ ਆ ਧੀਆਂ ਦੇ ਦੁੱਖ ਨਾਲ ,,ਸੋ,ਅੱਬੇ ਵਿਚਾਰੇ ਦੀ ਮਜ਼ਬੂਰੀ ਵੀ ਓਹਦਾ ਦਿਲ ਹੀ ਜਾਣਦਾ ਸੀ 😭😭
( ਅੰਮ੍ਰਿਤਾ ਸਰਾਂ ) 12 ਮਈ,2023

One comment

Leave a Reply

Your email address will not be published. Required fields are marked *