ਪੱਗ ਵਾਲਾ | pagg wala

ਏਧਰ ਆਏ ਨੂੰ ਅਜੇ ਕੁਝ ਹਫਤੇ ਹੀ ਹੋਏ ਸਨ..ਸਾਰੀ ਟੇਕ ਵਾਕਿਫਕਾਰਾਂ ਅਤੇ ਦੋਸਤੋਂ ਮਿੱਤਰਾਂ ਦੀ ਮਰਜੀ ਤੇ ਹੀ ਨਿਰਭਰ ਸੀ..ਜਿੱਧਰ ਨੂੰ ਆਖਦੇ ਤੁਰ ਪੈਂਦਾ..ਨਵਾਂ ਮਾਹੌਲ..ਨਵੇਂ ਤੌਰ ਤਰੀਕੇ..!
ਕੇਰਾਂ ਐਤਵਾਰ ਦਾ ਦਿਨ..ਆਖਣ ਲੱਗੇ ਸੱਦਾ ਪੱਤਰ ਆਇਆ..ਜਾਣਾ ਪੈਣਾ ਤੇ ਅਗਲਿਆਂ ਇਹ ਵੀ ਪੱਕੀ ਕੀਤੀ ਕੇ ਮੈਨੂੰ ਨਾਲ ਜਰੂਰ ਲਿਆਂਦਾ ਜਾਵੇ..!
ਮੈਂ ਸੱਤ ਬਚਨ ਆਖ ਗੱਡੀ ਅੰਦਰ ਬੈਠ ਗਿਆ..ਅੰਦਰ ਬੈਠੇ ਨੂੰ ਇੰਝ ਜਰੂਰ ਲੱਗਿਆ ਜਿੱਦਾਂ ਕੁਝ ਮੈਨੂੰ ਵੇਖ ਮੱਲੋ-ਮੱਲੀ ਨਿੱਕਲੀ ਜਾਂਦੀ ਇੱਕ ਅਜੀਬ ਜਿਹੀ ਹਾਸੀ ਰੋਕਣ ਦੀ ਕੋਸ਼ਿਸ਼ ਵਿਚ ਸਨ..ਖੈਰ ਮੈਨੂੰ ਕੋਈ ਬਹੁਤੀ ਸਮਝ ਜਿਹੀ ਨਾ ਆਈ..!
ਅਖੀਰ ਇੱਕ ਵੱਡੇ ਸਾਰੇ ਹੋਟਲ ਅੰਦਰ ਜਾ ਵੜੇ..ਓਥੇ ਬਹੁਤੇ ਸਾਰੇ ਗੋਰੇ ਸਨ..ਬੀਅਰ ਸ਼ਰਾਬ ਅਤੇ ਸਿਗਟਾਂ ਦੇ ਦੌਰ ਜੋਬਨ ਤੇ ਸਨ..ਘੜੀ ਕੂ ਮਗਰੋਂ ਸੰਖੇਪ ਜਿਹੇ ਵਸਤਰ ਪਾਈ ਇੱਕ ਬੀਬੀ ਸਟੇਜ ਤੇ ਆਈ ਤੇ ਨੱਚਣਾ ਸ਼ੁਰੂ ਕਰ ਦਿੱਤਾ..ਸਮੇਂ ਦੇ ਨਾਲ ਵਸਤਰ ਘਟਦੇ ਗਏ ਤੇ ਕੰਨ ਪਾੜਵਾਂ ਸੰਗੀਤ ਵਧਦਾ ਗਿਆ..!
ਏਧਰ ਓਧਰ ਵੇਖਿਆ ਪੱਗ ਵਾਲਾ ਮੈਂ ਕੱਲਾ ਠੱਗਿਆ ਗਿਆ ਮਹਿਸੂਸ ਕਰਨ ਲੱਗਾ..ਖੈਰ ਹਿੰਮਤ ਕਰਕੇ ਉੱਠ ਖਲੋਤਾ ਤੇ ਆਖਿਆ ਕੇ ਬਾਹਰ ਇੰਤਜਾਰ ਕਰਦਾ ਹਾਂ..ਜਦੋਂ ਵੇਹਲੇ ਹੋਏ ਤਾਂ ਆ ਜਾਇਓ..!
ਇੱਕ ਨੇ ਹਾਵ ਭਾਵ ਪੜ ਲਏ ਤੇ ਆਖਣ ਲੱਗਾ ਘਬਰਾ ਨਾ ਦੋਸਤਾਂ..ਨਾ ਤੇ ਘਰੇ ਪਤਾ ਲੱਗੂ ਤੇ ਨਾ ਹੀ ਇਥੇ ਇਹ ਸਭ ਕੁਝ ਗੈਰ ਕਨੂੰਨੀ ਹੀ ਮੰਨਿਆ ਜਾਂਦਾ..ਸਭ ਕੁਝ ਲਾਈਸੇਂਸ ਸ਼ੂਦਾ ਤਰੀਕੇ ਨਾਲ ਹੀ ਨੇਪਰੇ ਚੜ੍ਹਦਾ..ਨਾਲੇ ਜੇ ਇੰਝ ਅੱਧ ਵਿਚਾਲੇ ਗਿਆ ਤਾਂ ਜਿਸ ਨੇ ਸੱਦਾ ਦਿੱਤਾ ਉਹ ਜਰੂਰ ਬੁਰਾ ਮਨਾ ਜਾਊ.!
ਪਿੱਛੇ ਵੀ ਹੋਟਲ ਦੀ ਨੌਕਰੀ ਕਰਦਾ ਆਇਆਂ ਸਾਂ..ਕਿਸੇ ਨਾ ਕਿਸੇ ਰੂਪ ਵਿਚ ਇਹ ਸਭ ਕੁਝ ਓਥੇ ਵੀ ਹੁੰਦਾ ਸੀ ਪਰ ਇਸ ਸਾਰੇ ਵਰਤਾਰੇ ਅੰਦਰ ਬਤੌਰ ਕਰਮਚਾਰੀ ਵਿਚਰਨਾ ਅਤੇ ਉਚੇਚਾ ਪੈਸੇ ਖਰਚ ਕੇ ਵੇਖਣ ਵਿਚ ਜਮੀਨ ਆਸਮਾਨ ਦਾ ਫਰਕ..!
ਖੈਰ ਕਿੰਨੀਆਂ ਸਾਰੀਆਂ ਦਲੀਲਾਂ ਦਰਕਿਨਾਰ ਕਰਦਾ ਹੋਇਆ ਮੈਂ ਬਾਹਰ ਆ ਗਿਆ..ਮੇਰੇ ਦਾਅ ਤੇ ਕਿੰਨੇ ਕੁਝ ਲੱਗੇ ਹੋਏ ਦੀ ਲਿਸਟ ਕਾਫੀ ਲੰਮੀਂ ਸੀ ਤੇ ਉਸ ਲਿਸਟ ਵਿਚ ਦਸਮ ਪਿਤਾ ਦੀ ਬਖਸ਼ੀ ਹੋਈ ਦਸਤਾਰ ਸਭ ਤੋਂ ਉੱਤੇ ਸੀ..ਸਭ ਤੋਂ ਵੱਧ ਓਸੇ ਦਾ ਹੀ ਫਿਕਰ ਸੀ..ਕੋਈ ਵੇਖੂ ਤੇ ਕੀ ਆਖੂ..ਦਸਤਾਰ ਦੀ ਵੀ ਸ਼ਰਮ ਨਾ ਕੀਤੀ..ਉੱਤੋਂ ਬਾਪੂ ਹੂਰੀ ਆਖਿਆ ਕਰਦੇ ਪੁੱਤਰ ਗਲਤੀ ਇੱਕ ਦਸਤਾਰ ਕਰਦੀ ਏ ਪਰ ਝੁਕਣਾ ਹਜਾਰਾਂ ਨੂੰ ਪੈਂਦਾ..!
ਬਾਹਰ ਆਇਆ ਤਾਂ ਇੰਝ ਲੱਗਾ ਅਚਨਚੇਤ ਪਾ ਦਿੱਤੇ ਵੱਡੇ ਇਮਿਤਿਹਾਨ ਵਿਚ ਮਸੀਂ ਕੰਢੇ ਤੇ ਪਾਸ ਹੋਇਆਂ ਹੋਵਾਂ..!
ਸੋ ਰੋਜ ਮਰਾ ਦੀ ਜਿੰਦਗੀ ਵਿਚ ਸੱਦੇ ਪੱਤਰ ਤੇ ਅਕਸਰ ਹੀ ਕਿੰਨਿਆਂ ਥਾਵਾਂ ਤੋਂ ਆਉਂਦੇ ਹੀ ਰਹਿੰਦੇ ਪਰ ਇਹ ਫੈਸਲਾ ਕਰਨਾ ਖੁਦ ਤੇ ਨਿਰਭਰ ਏ ਕੇ ਆਏ ਹੋਏ ਤੇ ਗਿਆਂ ਸਿਰ ਤੇ ਸਜਾਈ ਹੋਈ ਤੇ ਕਿਧਰੇ ਕੋਈ ਧੱਬਾ ਤੇ ਜਾਂ ਫੇਰ ਕੋਈ ਸਵਾਲ ਤੇ ਨਹੀਂ ਚੁੱਕਿਆ ਜਾਵੇਗਾ..!
ਤੇ ਜਿਥੇ ਸਵਾਲ ਉਸ ਸਿਰਮੌਰ ਤਖ਼ਤ ਦਾ ਹੋਵੇ ਜਿਹੜਾ ਦਿੱਲੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਉਸ ਨੂੰ ਲਲਕਾਰਨ ਦੀ ਸਮਰੱਥਾ ਰੱਖਦਾ ਹੋਵੇ..ਓਥੇ ਤੇ ਗੱਲ ਹੀ ਬੜੀ ਉੱਚੇ ਪੱਧਰ ਦੀ ਹੈ..ਹਰ ਕਦਮ ਕਦਮ ਫੂਕ ਫੂਕ ਕੇ ਰੱਖਣ ਦੀ ਲੋੜ ਹੁੰਦੀ..!
ਦੋਸਤੋ ਇੱਕ ਬਿੱਪਰਵਾਦ ਤਕਨੀਕ ਏ..ਪਹਿਲੋਂ ਆਪਣੇ ਤੋਂ ਬਹੁਤ ਉੱਚੀ ਬੈਠੀ ਵਿਰੋਧੀ ਧਿਰ ਨੂੰ ਆਪਣੇ ਬਰੋਬਰ ਲਿਆ ਕੇ ਕਿਸੇ ਤਰਾਂ ਕਾਣਾ ਅਤੇ ਜਲੀਲ ਕੀਤਾ ਜਾਵੇ ਤੇ ਫੇਰ ਉਸਨੂੰ ਖੁਦ ਆਪਣਿਆਂ ਦੀਆਂ ਹੀ ਨਜਰਾਂ ਵਿਚੋਂ ਇੰਝ ਡੇਗਿਆ ਜਾਵੇ ਕੇ ਉਹ ਨਾ ਤੇ ਘਰ ਦਾ ਹੀ ਰਵੇ ਤੇ ਨਾ ਘਾਟ ਦਾ!
(ਖੁਦ ਨਾਲ ਵਾਪਰਿਆ ਅਸਲ ਵਰਤਾਰਾ)
ਹਰਪ੍ਰੀਤ ਸਿੰਘ ਜਵੰਦਾ

One comment

Leave a Reply

Your email address will not be published. Required fields are marked *